Monday, September 07, 2015

ਬਸਤੀ ਜੋਧੇਵਾਲ਼ ਥਾਣੇ 'ਤੇ ਜ਼ੋਰਦਾਰ ਰੋਸ ਮੁਜ਼ਾਹਰਾ

ਰੋਸ ਵਖਾਵਾ ਕੀਤਾ ਵਿਸ਼ਾਲ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ 
ਲੁਧਿਆਣਾ: 06 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਅੱਜ ਵਿਸ਼ਾਲ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਟਿੱਬਾ ਰੋਡ ਲੁੱਟ-ਮਾਰ ਕਾਂਡ ਅਤੇ ਲੁਧਿਆਣੇ ਵਿੱਚ ਵੱਧਦੀ ਗੁੰਡਾਗਰਦੀ ਖਿਲਾਫ਼ ਤਿੰਨ ਜੁਝਾਰੂ ਜਨਤਕ ਜੱਥੇਬੰਦੀਆਂ ਨੌਜਵਾਨ ਭਾਰਤ ਸਭਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਬਸਤੀ ਜੋਧੇਵਾਲ਼ ਥਾਣੇ 'ਤੇ ਜ਼ੋਰਦਾਰ ਰੋਸ ਮੁਜਾਹਰਾ ਕੀਤਾ। ''ਲੋਕਾਂ ਦੀ ਸੁਰੱਖਿਆ ਦੀ ਗਰੰਟੀ ਕਰੋ!'', ''ਟਿੱਬਾ ਰੋਡ ਲੁੱਟ-ਮਾਰ ਕਾਂਡ ਦੇ ਦੋਸ਼ੀਆਂ ਬਿੱਲਾ-ਹੈਪੀ ਨੂੰ ਜੇਲ 'ਚ ਡੱਕੋ!'', ''ਬਸਤੀ ਜੋਧੇਵਾਲ਼ ਪੁਲੀਸ ਮੁਰਦਾਬਾਦ!'', ''ਲੋਕ ਏਕਤਾ ਜ਼ਿੰਦਾਬਾਦ!'' ਆਦਿ ਅਸਮਾਨ ਗੂੰਜਵੇਂ ਨਾਅਰੇ ਬੁਲੰਦ ਕਰਦੇ ਹੋਏ ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਟਿੱਬਾ ਰੋਡ ਲੁੱਟ ਮਾਰ ਕਾਂਡ ਦੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਜੇਲ 'ਚ ਡੱਕਿਆ ਜਾਵੇ ਅਤੇ ਲੁਧਿਆਣੇ ਵਿੱਚ ਵੱਧਦੀ ਜਾ ਰਹੀ ਗੁੰਡਾਗਰਦੀ, ਲੁੱਟ-ਮਾਰ, ਛੁਰੇਬਾਜ਼ੀ, ਔਰਤਾਂ ਨਾਲ਼ ਛੇੜਛਾੜ, ਅਗਵਾ, ਬਲਾਤਕਾਰ ਆਦਿ ਅਪਰਾਧ ਨੂੰ ਠੱਲ ਪਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣ।
ਧਿਆਨ ਦੇਣ ਯੋਗ ਹੈ ਕਿ ਟਿੱਬਾ ਰੋਡ ਲੁੱਟ-ਮਾਰ ਕਾਂਡ ਦੇ ਮਾਮਲੇ ਵਿੱਚ ਧਾਰਾ 382, 34, 323 ਤਹਿਤ ਐਫ.ਆਈ.ਆਰ. ਦਰਜ਼ ਹੋ ਚੁੱਕੀ ਹੈ। ਇਹ ਐਫ਼.ਆਈ.ਆਰ. ਵੀ ਥਾਣੇ 'ਤੇ ਰੋਸ ਮੁਜ਼ਾਹਰੇ ਤੋਂ ਬਾਅਦ ਹੀ ਦਰਜ਼ ਹੋਈ ਸੀ। ਪੁਲਿਸ ਨੇ ਐਫ਼.ਆਈ.ਆਰ. ਦਰਜ਼ ਹੋਣ ਤੋਂ ਬਾਅਦ ਦੋਸ਼ੀ ਗੁੰਡਾ ਗਿਰੋਹ ਨੂੰ ਫੜ ਤਾਂ ਲਿਆ ਪਰ ਬਿਨਾਂ ਅਦਾਲਤ ਵਿੱਚ ਪੇਸ਼ ਕੀਤਿਆਂ ਅਤੇ ਬਿਨਾਂ ਜਮਾਨਤ ਤੋਂ ਉਹਨਾਂ ਨੂੰ ਛੱਡ ਦਿੱਤਾ। ਪੁਲੀਸ ਸ਼ਰੇਆਮ ਗੁੰਡਾਗਰਦੀ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਸ ਖਿਲਾਫ਼ ਲੋਕਾਂ ਵਿੱਚ ਭਾਰੀ ਰੋਹ ਹੈ ਅਤੇ ਅੱਜ ਵਿਸ਼ਾਲ ਗਿਣਤੀ ਵਿੱਚ ਇਕੱਠੇ ਹਏ ਲੋਕਾਂ ਨੇ ਪੁਲੀਸ-ਗੁੰਡਾ ਗਠਜੋੜ ਖਿਲਾਫ਼ ਜ਼ੋਰਦਾਰ ਅਵਾਜ਼ ਬੁਲੰਦ ਕੀਤੀ।
ਅੱਜ ਦੇ ਮੁਜਾਹਰੇ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਟੈਕਸਟਾਈਲ  ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ, ਨੌਜਵਾਨ ਭਾਰਤ ਸਭਾ ਦੇ ਨਵਕਰਨ, ਵਿਸ਼ਵਨਾਥ, ਵਿਸ਼ਾਲ ਆਦਿ ਨੇ ਸੰਬੋਧਿਤ ਕੀਤਾ।
ਬੁਲਾਰਿਆਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੂਰੇ ਲੁਧਿਆਣੇ ਦੀ ਤਰਾਂ ਬਸਤੀ ਜੋਧੇਵਾਲ਼ ਥਾਣਾ ਖੇਤਰ ਵਿੱਚ ਵੀ ਗੁੰਡਾਗਰਦੀ, ਲੁੱਟ-ਮਾਰ, ਔਰਤਾਂ ਨਾਲ਼ ਛੇੜਛਾੜ, ਅਗਵਾ, ਬਲਾਤਕਾਰ ਜਿਹੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਰ ਪੁਲੀਸ ਅਪਰਾਧੀਆਂ ਖਿਲਾਫ਼ ਨਾ ਸਿਰਫ਼ ਬਣਦੀ ਕਾਰਵਾਈ ਨਹੀਂ ਕਰਦੀ ਸਗੋਂ ਅਪਰਾਧੀਆਂ ਦਾ ਸਾਥ ਦਿੱਤਾ ਜਾ ਰਿਹਾ ਹੈ। ਪਿਛਲੇ ਦਿਨੀਂ 27 ਅਗਸਤ ਨੂੰ ਬਿੱਲਾ ਅਤੇ ਹੈਪੀ ਨਾਂ ਦੇ ਦੋ ਗੁੰਡਿਆਂ ਨੇ ਦੋ ਮਜ਼ਦੂਰਾਂ (ਸ਼ੰਭੂ ਅਤੇ ਕੇਦਾਰਨਾਥ) ਨਾਲ਼ ਲੁੱਟ-ਮਾਰ ਕੀਤੀ। ਇਸ ਮਾਮਲੇ ਵਿੱਚ ਲੋਕਾਂ ਨੇ ਜਦੋਂ ਥਾਣੇ 'ਤੇ ਮੁਜਾਹਰਾ ਕੀਤਾ ਤਾਂ ਧਾਰਾ 382, 34, 323 ਤਹਿਤ ਐਫ.ਆਈ.ਆਰ. (ਨੰ. 300) ਵੀ ਦਰਜ ਹੋਈ। ਪਹਿਲਾਂ ਤਾਂ ਦੋਸ਼ੀਆਂ ਨੂੰ ਫੜਿਆ ਹੀ ਨਹੀਂ ਗਿਆ ਪਰ ਚਾਰ ਦਿਨ ਬਾਅਦ ਲੋਕਾਂ ਦੇ ਦਬਾਅ ਕਾਰਨ ਦੋਸ਼ੀ ਫੜੇ ਗਏ। ਪਰ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕੀਤੇ ਬਿਨਾਂ ਹੀ ਦੋਸ਼ੀਆਂ ਨੂੰ ਛੱਡ ਦਿੱਤਾ। ਬਿੱਲਾ ਅਤੇ ਹੈਪੀ ਨੂੰ ਪੁਲੀਸ ਦੀ ਮਿਲੀਭੁਗਤ ਨਾਲ਼ ਅਜ਼ਾਦ ਘੁੰਮ ਰਹੇ ਹਨ। 
ਬੁਲਾਰਿਆਂ ਨੇ ਕਿਹਾ ਕਿ ਲੁੱਟ-ਮਾਰ ਦਾ ਸ਼ਿਕਾਰ ਮਜ਼ਦੂਰਾਂ ਨੂੰ ਕੇਸ ਵਾਪਿਸ ਲੈਣ ਲਈ ਲਗਾਤਾਰ ਡਰਾਇਆ ਥਮਕਾਇਆ ਜਾ ਰਿਹਾ ਹੈ। ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਥਾਣੇ ਵਿੱਚ ਸ਼ਿਕਾਇਤ ਹੋਣ ਤੋਂ ਬਾਅਦ ਵੀ ਸ਼ੰਭੂ 'ਤੇ ਗੁੰਡਾ ਗਿਰੋਹ ਵੱਲੋਂ ਦੋ ਜਾਨਲੇਵਾ ਹਮਲੇ ਹੋ ਚੁੱਕੇ ਹਨ। ਸ਼ੰਭੂ ਦੇ ਬੱਚਿਆਂ ਨੂੰ ਡਰ ਕਾਰਨ ਸਕੂਲ ਛੱਡਣਾ ਪਿਆ ਹੈ। ਬਸਤੀ ਜੋਧੇਵਾਲ ਪੁਲੀਸ ਦੀ ਇਸ ਘਟੀਆ ਕਾਰਗੁਜ਼ਾਰੀ ਬਾਰੇ ਏ.ਡੀ.ਸੀ.ਪੀ. - 4 ਸਤਪਾਲ ਸਿੰਘ ਅਟਵਾਲ਼ ਨੂੰ ਮਿਲਕੇ ਸੂਚਿਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਇਸ ਸਬੰਧੀ ਲਿਖਿਤ ਸ਼ਿਕਾਇਤ ਵੀ ਕੀਤੀ ਗਈ ਹੈ। ਪਰ ਇਸ ਸਬੰਧੀ ਹੁਣ ਤੱਕ ਕੋਈ ਕਾਰਵਾਈ ਸਾਹਮਣੇ ਨਹੀਂ ਆਈ ਹੈ।
ਬੁਲਾਰਿਆਂ ਨੇ ਕਿਹਾ ਟਿੱਬਾ ਰੋਡ ਲੁੱਟ-ਮਾਰ ਕਾਂਡ ਦੇ ਸਬੰਧ ਵਿੱਚ ਬਸਤੀ ਜੋਧੇਵਾਲ਼ ਪੁਲੀਸ ਦੀ ਅਪਰਾਧੀਆਂ ਨਾਲ਼ ਮਿਲੀਭੁਗਤ ਤੋਂ ਸਮਝਿਆ ਜਾ ਸਕਦਾ ਹੈ ਕਿ ਕਿਉਂ ਲੁਧਿਆਣੇ ਵਿੱਚ ਆਮ ਲੋਕਾਂ, ਗਰੀਬਾਂ-ਔਰਤਾਂ ਨਾਲ਼ ਅਪਰਾਧ ਲਗਾਤਾਰ ਵਧਦੇ ਜਾ ਰਹੇ ਹਨ। ਕਿ ਕਿਉਂ ਗੁੰਡਾ ਗਿਰੋਹ ਏਨੇ ਬੇਖੌਫ਼ ਹਨ। ਸ਼ਹਿਰ ਵਿੱਚ ਗੁੰਡਾ-ਪੁਲੀਸ-ਸਿਆਸੀ ਨਾਪਾਕ ਗਠਜੋੜ ਕਾਇਮ ਹੈ ਜਿਸ ਖਿਲਾਫ਼ ਲੋਕਾਂ ਨੂੰ ਅੱਗੇ ਆਉਣ ਹੀ ਪਵੇਗਾ। 
ਹੋਰ ਵੇਰਵੇ ਲਈ ਸੰਪਰਕ ਕਰੋ ਲਖਵਿੰਦਰ ਨਾਲ ਜੋ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਹਨ। ਮੋਬਾਈਲ ਨੰਬਰ ਹੈ:ਫੋਨ ਨੰ.- 9646150249 

No comments: