Sunday, September 20, 2015

ਫਿਲਮ ਦਾ ਮਾਮਲਾ ਬਣਿਆ ਅੰਦੋਲਨ ਦਾ ਹਥਿਆਰ

ਡੇਰਾ ਪ੍ਰੇਮੀਆਂ ਨੇ ਬਾਰਿਸ਼ ਦੇ ਬਾਵਜੂਦ ਕੀਤਾ ਕਈ ਥਾਈਂ ਸ਼ਕਤੀ ਦਾ ਵਖਾਵਾ 
ਲੁਧਿਆਣਾ: 20 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀਆਂ ਦਾ ਅੰਦੋਲਨ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਸਰਕਾਰ ਬੜੀ ਬੇਬਸ ਜਿਹੀ ਨਜ਼ਰ ਆ ਰਹੀ ਹੈ। ਆਵਾਜਾਈ ਠੱਪ ਕਰਨਾ ਇਹਨਾਂ ਸ਼ਰਧਾਲੂਆਂ ਲਈ  ਆਮ ਜਿਹੀ ਗੱਲ ਹੈ।  
ਐਮ.ਐਸ.ਜੀ. 2 ਫ਼ਿਲਮ ਦੀ ਰਿਲੀਜ਼ ਦੀ ਮੰਗ ਨੂੰ ਲੈ ਕੇ ਪੰਜਾਬ 'ਚ ਡੇਰਾ ਸਿਰਸਾ ਸਮਰਥਕਾਂ ਨੇ ਆਪਣਾ ਸੰਘਰਸ਼ ਹੁਣ ਬਠਿੰਡਾ ਮੁਕਤਸਰ ਤੋਂ ਬਾਅਦ ਪੰਜਾਬ ਦੇ ਦੂਸਰੇ ਹਿੱਸਿਆਂ 'ਚ ਵੀ ਫੈਲਾ ਦਿੱਤਾ ਹੈ। ਅੱਜ ਵੀ 200 ਦੇ ਕਰੀਬ ਡੇਰਾ ਸਮਰਥਕਾਂ ਨੇ ਭਾਰੀ ਬਾਰਸ਼ ਦੇ ਬਾਵਜੂਦ ਸੰਗਰੂਰ ਰੇਲਵੇ ਸਟੇਸ਼ਨ 'ਤੇ ਬੈਠ ਕੇ ਫਿਰੋਜ਼ਪੁਰ-ਹਿਸਾਰ ਪੈਸੇਂਜਰ ਟਰੇਨ ਨੂੰ ਰੋਕ ਲਿਆ। ਇਸੇ ਤਰ੍ਹਾਂ  ਦਿੱਲੀ-ਲੁਧਿਆਣਾ ਰੇਲ ਟਰੈਕ 'ਤੇ ਬੈਠ ਕੇ ਅਨਿਸ਼ਚਿਤ ਸਮੇਂ ਲਈ ਰੂਟ ਨੂੰ ਠੱਪ ਕਰ ਦਿੱਤਾ। ਡੇਰਾ ਸਮਰਥਕ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ਤੇ ਪੰਜਾਬ 'ਚ ਫ਼ਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ, ਡੇਰਾ ਸਿਰਸਾ ਮੁਖੀ ਦੀ ਐਮ.ਐਸ.ਜੀ. 2 ਫਿਲਮ ਨੂੰ ਪੰਜਾਬ 'ਚ ਰਿਲੀਜ਼ ਨਾ ਕਰਨ ਤੋਂ ਨਿਰਾਸ਼ ਡੇਰਾ ਸਮਰਥਕਾਂ ਨੇ ਅੱਜ ਫਿਰੋਜ਼ਪੁਰ-ਫਾਜਿਲਕਾ ਰੇਲ ਮਾਰਗ ਨੂੰ ਬਲਾਕ ਕਰ ਦਿੱਤਾ ਹੈ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਲੜਕੀਆਂ ਨਾਲ ਨਿੱਤ ਦਿਹਾੜੇ ਹੋ ਰਹੇ ਬਲਾਤਕਾਰਾਂ ਦੇ ਖਿਲਾਫ਼ ਹੋ ਰਹੇ ਖੱਬੇ ਪੱਖੀ ਸੰਘਰਸ਼ਾਂ ਨੂੰ ਡੇਰਾ ਪ੍ਰੇਮੀਆਂ ਦੇ ਇਸ ਫਿਲਮ ਦਿਖਾਓ ਅੰਦੋਲਨ ਨੇ ਕਾਫੀ ਸੱਤ ਮਾਰੀ ਹੈ।  ਇਸ ਨਾਲ ਲੋਕਾਂ ਦਾ ਧੀਆਂ ਵੀ ਵੰਡਿਆ ਗਿਆ ਹੈ ਜਿਸਦਾ ਫਾਇਦਾ ਆਖਿਰ ਲੋਕ ਦੁਸ਼ਮਨਾਂ ਨੂੰ ਜਾਣਾ ਹੈ। ਹੁਣ ਦੇਖਣਾ ਹੈ ਕਿ ਸਰਕਾਰ ਆਪਣੇ ਵੋਟ ਬੈਂਕ ਦੀ ਚਿੰਤਾ ਕਰਦੀ ਹੈ ਜਾਂ ਫਿਰ ਰਾਜ ਧਰਮ ਨਿਭਾ ਕੇ ਉਹਨਾਂ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਦੀ ਹੈ ਜਿਹਨਾਂ ਨੇ ਨਾ ਫਿਲਮਾਂ ਤੋਂ ਕੁਝ ਲੈਣਾ ਦੇਣਾ ਹੈ ਅਤੇ ਨਾ ਹੀ ਸਿਆਸਤ ਤੋਂ।
ਗਿੱਦੜਬਾਹਾ: ਡੇਰਾ ਪ੍ਰੇਮੀਆਂ ਨੇ ਪੰਜਾਬ ਦੇ ਕਈ ਹਿੱਸਿਆਂ ਵਿਚ੍ਚ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਸ੍ਰੀ ਗੰਗਾਨਗਰ-ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗ ਨੰਬਰ 15 'ਤੇ ਗਿੱਦੜਬਾਹਾ ਵਿਖੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਲੰਬੀ, ਮਲੋਟ ਤੇ ਗਿੱਦੜਬਾਹਾ ਦੇ ਡੇਰਾ ਪ੍ਰੇਮੀਆਂ ਨੇ ਡੇਰਾ ਸਿਰਸਾ ਮੁਖੀ ਵੱਲੋਂ ਬਣਾਈ ਗਈ ਫ਼ਿਲਮ ਐਮ.ਐਸ. ਜੀ. 2 'ਤੇ ਪੰਜਾਬ 'ਚ ਪਾਬੰਦੀ ਦੇ ਚੱਲਦਿਆਂ ਸਵੇਰੇ 4 ਵਜੇ ਤੋਂ ਅਣਮਿਥੇ ਸਮੇਂ ਲਈ ਸੜਕੀ ਆਵਾਜਾਈ ਠੱਪ ਕੀਤੀ। ਇਸ ਨਾਲ ਸਾਰਾ ਆਮ ਜਨਜੀਵਨ ਠੱਪ ਰਿਹਾ।  ਇਸ ਮੌਕੇ ਡੇਰਾ ਪ੍ਰੇਮੀਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਤਿੱਖੀ ਨਾਅਰੇਬਾਜ਼ੀ ਵੀ ਕੀਤੀ। ਵ੍ਖਾਵਾਕਾਰੀਆਂ ਦੇ ਇੱਕ ਆਗੂ  ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਸੈਂਸਰ ਬੋਰਡ ਵੱਲੋਂ ਫ਼ਿਲਮ ਨੂੰ ਚਲਾਉਣ ਲਈ ਮਨਜ਼ੂਰੀ ਦਿੱਤੀ ਹੋਈ ਹੈ ਪਰ ਪੰਜਾਬ ਸਰਕਾਰ ਦੋਹਰੀ ਨੀਤੀ ਅਪਣਾ ਰਹੀ ਹੈ। ਇਸ ਨੀਤੀ ਦੇ ਤਹਿਤ ਪ੍ਰੇਮੀਆਂ ਨੂੰ ਤਾਂ ਫ਼ਿਲਮ ਚੱਲਣ ਬਾਰੇ ਕਹਿ ਰਹੀ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਸਿਨੇਮਾ ਮਾਲਕਾਂ ਨੂੰ ਡਰਾ ਧਮਕਾ ਕੇ ਫ਼ਿਲਮ ਨਾ ਚਲਾਉਣ ਦੇ ਜ਼ੁਬਾਨੀ ਆਦੇਸ਼ ਦੇ ਰਹੀ ਹੈ। ਇਸ ਮੌਕੇ ਨਰਿੰਦਰਪਾਲ ਸਿੰਘ ਸਿੱਧੂ ਐਸ. ਪੀ. ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਿਲਮ 'ਤੇ ਕੋਈ ਪਾਬੰਦੀ ਨਹੀਂ ਹੈ ਤੇ ਨਾ ਹੀ ਸਿਨੇਮਾ ਮਾਲਕਾਂ ਨੂੰ ਫ਼ਿਲਮ ਨਾ ਚਲਾਉਣ ਦੇ ਹੁਕਮ ਜਾਰੀ ਕੀਤੇ ਹਨ। ਧਰਨੇ ਦੌਰਾਨ ਐਸ.ਪੀ. ਨਰਿੰਦਰਪਾਲ ਸਿੰਘ ਸਿੱਧੂ, ਨਰਿੰਦਰ ਸਿੰਘ ਅੰਡਰ ਟ੍ਰੇਨਿੰਗ ਡੀ.ਐਸ.ਪੀ.ਤੇ ਐਸ.ਐਚ.ਓ ਗਿੱਦੜਬਾਹਾ, ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਮੌਕੇ ਤੇ ਇਸ ਮਸਲੇ ਨੂੰ ਸੁਲਝਾਉਣ 'ਚ ਲੱਗੇ ਹੋਏ ਸਨ। ਇਸ ਮੌਕੇ ਵੱਡੀ ਗਿਣਤੀ 'ਚ ਡੇਰਾ ਪ੍ਰੇਮੀ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਫਿਲਮ ਦਾ ਇਹ ਵਿਵਾਦ ਕੀ ਰੁੱਖ ਅਖਤਿਆਰ ਕਰਦਾ ਹੈ। 

No comments: