Friday, May 08, 2015

ਓਰਬਿਟ ਬਸ ਕਾਂਡ ਹੋਰ ਭਖਿਆ-DC ਲੁਧਿਆਣਾ ਦਾ ਘੇਰਾਓ 12 ਮਈ ਨੂੰ

Fri, May 8, 2015 at 5:48 PM
ਓਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸਖਤ ਐਕਸ਼ਨ ਦਾ ਸੱਦਾ
ਲੁਧਿਆਣਾ8 ਮਈ 2015: (ਲਖਵਿੰਦਰ//ਪੰਜਾਬ ਸਕਰੀਨ):
ਔਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਦੇ ਸੱਦੇ ਉੱਤੇ ਅੱਜ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜਮਾਂ ਆਦਿ ਤਬਕਿਆਂ ਦੀਆਂ ਜਨਤਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੀਆਂ ਜਿਲਾ ਪੱਧਰਾਂ ਉੱਤੇ ਮੀਟਿੰਗਾਂ ਹੋਈਆਂ ਹਨ। ਲੁਧਿਆਣੇ ਜਿਲੇ ਦੀ ਮੀਟਿੰਗ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਿਸ ਤਰਾਂ 12 ਮਈ ਨੂੰ ਪੰਜਾਬ ਭਰ ਦੇ ਜਿਲਿਆਂ ਦੇ ਡੀ.ਸੀ. ਦਫ਼ਤਰਾਂ ਉੱਤੇ ਧਰਨੇ-ਮੁਜਾਹਰੇ ਤੇ ਘਿਰਾਓ ਕੀਤੇ ਜਾ ਰਹੇ ਹਨ ਉਸੇ ਤਰਾਂ ਲੁਧਿਆਣੇ ਵਿਖੇ ਵੀ ਧਰਨਾ-ਮੁਜਾਹਰਾ ਤੇ ਡਿਪਟੀ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ। ਔਰਬਿਟ ਬਸ ਕਾਂਡ ਵਿਰੋਧੀ ਸੰਘਰਸ਼ ਕਮੇਟੀ, ਪੰਜਾਬ ਨੇ ਮੰਗ ਕੀਤੀ ਹੈ ਕਿ ਔਰਬਿਟ ਬਸ ਕੰਪਨੀ ਦੇ ਮਾਲਕਾਂ ਖਿਲਾਫ਼ ਪਰਚਾ ਦਰਜ ਹੋਵੇ, ਔਰਬਿਟ ਬਸ ਕੰਪਨੀ ਦੇ ਸਾਰੇ ਰੂਟ ਰੱਦ ਕਰਕੇ ਪੰਜਾਬ ਰੋਡਵੇਜ ਨੂੰ ਦਿੱਤੇ ਜਾਣ, ਪੰਜਾਬ ਦਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਜੋ ਔਰਬਿਟ ਕੰਪਨੀ ਦੇ ਮਾਲਕਾਂ ਚ ਵੀ ਸ਼ਾਮਲ ਹੈ ਅਸਤੀਫਾ ਦੇਵੇ, ਇਸ ਮਸਲੇ ਸਬੰਧੀ ਸੰਸਦ ਵਿੱਚ ਝੂਠਾ ਬਿਆਨ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਵੇ, ਸਮੁੱਚੇ ਬਾਦਲ ਪਰਿਵਾਰ ਦੀ ਜਾਇਦਾਦ ਦੀ ਜਾਂਚ-ਪਡ਼ਤਾਲ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਪ੍ਰਾਈਵੇਟ ਬਸ ਕੰਪਨੀਆਂ ਵੱਲੋਂ ਸਟਾਫ਼ ਦੇ ਨਾਂ ਉੱਤੇ ਗੁੰਡੇ ਭਰਤੀ ਕਰਨ ਉੱਤੇ ਰੋਕ ਲਾਉਣ, ਬਸਾਂ ਦੀਆਂ ਸਵਾਰੀਆਂ ਖਾਸਕਰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ, ਕਾਲ਼ੇ ਸ਼ੀਸੇ, ਪਰਦੇ ਲਾਉਣ ਤੇ ਪਾਬੰਦੀ ਲਾਗੂ ਕਰਨ, ਲੱਚਰ ਗੀਤ, ਫਿਲਮਾਂ, ਕੰਨਪਾੜੂ ਹੌਰਨਾਂ ਨਾਲ਼ ਹੋਣ ਵਾਲੇ ਧੁਨੀ ਪ੍ਰਦੂਸ਼ਣ ਉੱਤੇ ਰੋਕ ਲਾਉਣ ਦੀਆਂ ਮੰਗਾਂ ਵੀ ਉਠਾਈਆਂ ਗਈਆਂ ਹਨ। ਔਰਬਿਟ ਬਸ ਕੰਪਨੀ ਵਿਰੋਧੀ ਸੰਘਰਸ਼ ਕਮੇਟੀ, ਪੰਜਾਬ ਨੇ ਸਾਰੇ ਲੋਕਾਂ ਨੂੰ 12 ਮਈ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਘਿਰਾਓ, ਧਰਨੇ-ਮੁਜਾਰਿਆਂ ਵਿੱਚ ਸ਼ਾਮਲ ਹੋਣ ਦੀ ਜੋਰਦਾਰ ਅਪੀਲ ਕੀਤੀ ਹੈ।
          ਸਰਕਾਰਾਂ ਦੀਆਂ ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਜਿਵੇਂ-ਜਿਵੇਂ ਜੋਰ ਫਡ਼ਦੀਆਂ ਗਈਆਂ ਹਨ ਤਿਵੇਂ-ਤਿਵੇਂ ਪੂਰੇ ਦੇਸ਼ ਵਾਂਗ ਪੰਜਾਬ ਵਿੱਚ ਵੀ ਸਰਮਾਏਦਾਰ-ਸਿਆਸੀ ਘਰਾਣਿਆਂ ਦੀ ਗੁੰਡਾਗਰਦੀ, ਆਮ ਲੋਕਾਂ,ਔਰਤਾਂ ਦੀ ਅਸੁਰੱਖਿਆ ਵੀ ਵੱਧਦੀ ਹੀ ਗਈ ਹੈ। ਲੋਕਾਂ ਦੀ ਲੁੱਟ-ਖਸੁੱਟ ਕਰਨ ਲਈ, ਚੋਣਾਂ ਲਡ਼ਨ ਤੇ ਜਿੱਤਣ ਲਈ, ਲੋਕਾਂ ਨੂੰ ਧਰਮਾਂ-ਜਾਤਾਂ ਦੇ ਨਾਂ ਉੱਤੇ ਲੜਾਉਣ ਲਈ,  ਹੱਕਾਂ ਲਈ ਸੰਘਰਸ਼ ਕਰਨ ਰਹੇ ਲੋਕਾਂ ਦਾ ਵਿਰੋਧ ਕੁਚਲਣ ਲਈ ਬਾਦਲ ਪਰਿਵਾਰ ਨੇ ਵੀ ਰੱਜ ਕੇ ਗੁੰਡਾਗਰਦੀ ਦਾ ਸਹਾਰਾ ਲਿਆ ਹੈ। ਮੋਗਾ ਵਿੱਚ ਚਲਦੀ ਬਸ ਚੋਂ ਧੱਕੇ ਮਾਰ ਕੇ ਸਡ਼ਕ ਉੱਤੇ ਮਾਂ-ਧੀ ਨੂੰ ਸੁੱਟਣ ਦੀ ਘਟਨਾ ਵੀ ਬਾਦਲ ਪਰਿਵਾਰ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦਾ ਹੀ ਨਤੀਜਾ ਹੈ।
          ਔਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਦੇ ਸੱਦੇ ਉੱਤੇ ਅੱਜ ਲੁਧਿਆਣੇ ਵਿਖੇ ਹੋਈ ਮੀਟਿੰਗ ਵਿੱਚ ਉਪਰੋਕਤ ਮੰਗਾਂ-ਮਸਲਿਆਂ ਉੱਤੇ ਡਟ ਕੇ ਘੋਲ਼ ਕਰਨ ਦਾ ਤਹੱਈਆ ਕੀਤਾ ਗਿਆ ਹੈ ਤੇ ਲੁਧਿਆਣੇ ਜਿਲੇ ਦੇ ਲੋਕਾਂ ਨੂੰ 12 ਮਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਉੱਤੇ ਹੋਣ ਵਾਲੇ ਮੁਜਾਹਰੇ-ਘਿਰਾਓ ਵਿੱਚ ਸ਼ਾਮਲ ਹੋਣ ਲਈ ਜੋਰਦਾਰ ਅਪੀਲ ਕੀਤੀ ਹੈ।
         ਅੱਜ ਦੀ ਮੀਟਿੰਗ ਵਿੱਚ ਲਖਵਿੰਦਰ (ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ), ਕੁਲਵਿੰਦਰ (ਨੌਜਵਾਨ ਭਾਰਤ ਸਭਾ), ਦਰਸ਼ਨ ਕੂਹਲੀ (ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ), ਅਮਰੀਕ ਸਿੰਘ (ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ (ਅਜਾਦ), ਹਰਜਿੰਦਰ ਸਿੰਘ ਅਤੇ ਵਿਜੇ ਨਾਰਾਇਣ (ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ),  ਤਰਲੋਚਨ ਸਿੰਘ  ( ਕਿਰਤੀ ਕਿਸਾਨ ਯੂਨੀਅਨ), ਅਵਤਾਰ ਸਿੰਘ ਰਸੂਲਪੁਰ (ਪੇਂਡੂ ਮਜ਼ਦੂਰ ਯੂਨੀਅਨ), ਗੁਰਦੀਪ ਕਲਸੀ ( ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ), ਗੱਲਰ ਚੌਹਾਨ (ਲੋਕ ਏਕਤਾ ਸੰਗਠਨ), ਦਰਸ਼ਨ ਸਿੰਘ (ਭਾਰਤੀ ਕਿਸਾਨ ਯੂਨੀਅਨ-ਢਕੌਂਦਾ), ਮਹਿੰਦਰ ਸਿੰਘ ਅੱਚਰਵਾਲ (ਜਮਹੂਰੀ ਕਿਸਾਨ ਸਭਾ), ਰਾਜਵਿੰਦਰ ( ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ), ਹਰਬੰਸ ਸਿੰਘ ਲੋਹਟਬੱਧੀ ( ਦਿਹਾਤੀ ਮਜ਼ਦੂਰ ਸਭਾ), ਪ੍ਰੋ. ਏ. ਕੇ. ਮਲੇਰੀ ( ਜਮਹੂਰੀ ਅਧਿਕਾਰ ਸਭਾ), ਟੈਕਨੀਕਲ ਸਰਵਿਸਜ ਯੂਨੀਅਨ, ਸੁਖਵਿੰਦਰ ਲੀਲ੍ਹ ( ਡੈਮੋਕ੍ਰੇਟਿਕ ਇੰਪਲਾਈਜ ਫਰੰਟ), ਪਰਮਜੀਤ ਸਿੰਘ (ਐਨ.ਆਰ.ਐਮ. ਯੂ.), ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਆਦਿ ਸ਼ਾਮਲ ਸਨ। 12 ਮਈ ਦੇ ਧਰਨੇ-ਮੁਜਾਹਰੇ-ਘਿਰਾਓ ਵਿੱਚ ਹੋਰ ਵੀ ਇਨਸਾਫਪੰਸਦ ਜੱਥੇਬੰਦੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਲਖਵਿੰਦਰ, ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਸੀਨੀਅਰ ਆਗੂ ਹਨ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ: 9646150249

No comments: