Wednesday, October 01, 2014

ਸੂਬੇ ਭਰ 'ਚ ਚਾਲੂ ਵਿਕਾਸ ਪ੍ਰੋਜੈਕਟ ਦੋ ਸਾਲਾਂ 'ਚ ਹੋ ਜਾਣਗੇ ਮੁਕੰਮਲ-ਢਿੱਲੋਂ

Wed, Oct 1, 2014 at 4:17 PM
ਧੂਰੀ ਰੇਲਵੇ ਲਾਈਨ ਪੁੱਲ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ
ਪੁੱਲ ਚਾਲੂ ਹੋਣ ਨਾਲ ਆਵਾਜਾਈ ਵਿਵਸਥਾ 'ਚ ਹੋਵੇਗਾ ਵੱਡਾ ਸੁਧਾਰ

ਲੁਧਿਆਣਾ:1 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਦਾਅਵੇ ਨਾਲ ਕਿਹਾ ਹੈ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਸੂਬੇ ਭਰ ਵਿੱਚ ਅਰਬਾਂ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਵਿਕਾਸ ਪ੍ਰੋਜੈਕਟ ਅਗਲੇ ਦੋ ਸਾਲਾਂ ਵਿੱਚ ਮੁਕੰਮਲ ਕਰ ਲਏ ਜਾਣਗੇ, ਜੋ ਕਿ ਚਹੁੰ ਮੁੱਖੀ ਵਿਕਾਸ ਦਾ ਇੱਕ ਸੁਨਿਹਰੀ ਅਧਿਆਏ ਸਾਬਿਤ ਹੋਵੇਗਾ। ਜਦਕਿ ਸ਼ਹਿਰ ਦੇ ਬਾਹਰਵਾਰ ਦੀ ਲੰਘਦਾ ਦੱਖਣੀ ਬਾਈਪਾਸ 31 ਦਸੰਬਰ ਤੱਕ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤਾ ਜਾਵੇਗਾ।
ਅੱਜ ਸਥਾਨਕ ਦੱਖਣੀ ਬਾਈਪਾਸ ਤਹਿਤ ਧੂਰੀ ਰੇਲਵੇ ਲਾਈਨ ਉੱਪਰ ਦੀ ਉਸਾਰੇ ਗਏ ਪੁੱਲ ਨੂੰ ਲੋਕਾਂ ਦੀ ਸਹੂਲਤ ਲਈ ਫੀਤਾ ਕੱਟ ਕੇ ਚਾਲੂ ਕਰਨ (ਖੋਲ੍ਹਣ) ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਹਰੇਕ ਵਿਅਕਤੀ ਨੂੰ ਸਿੱਖਿਆ, ਸਿਹਤ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਸਿਰਤੋਡ਼ ਯਤਨ ਕੀਤੇ ਜਾ ਰਹੇ ਹਨ। ਸ਼ਹਿਰਾਂ ਵਿੱਚੋਂ ਆਵਾਜਾਈ ਸਮੱਸਿਆ ਨੂੰ ਪੱਕੇ ਤੌਰ 'ਤੇ ਹੱਲ ਕਰਨ ਲਈ ਪੁੱਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸੇ ਲਡ਼ੀ ਤਹਿਤ ਹੀ ਸ਼ਹਿਰ ਲੁਧਿਆਣਾ ਦੇ ਬਾਹਰਵਾਰ (ਦੋਰਾਹਾ ਤੋਂ ਲੁਧਿਆਣਾ ਤੋਂ ਫਿਰੋਜ਼ਪੁਰ ਸਡ਼ਕ) ਦੱਖਣੀ ਬਾਈਪਾਸ ਬਣਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ 'ਤੇ ਕੁੱਲ 328 ਕਰੋਡ਼ ਰੁਪਏ ਖਰਚ ਹੋਣੇ ਹਨ।
ਉਨ੍ਹਾਂ ਦੱਸਿਆ ਕਿ ਭਾਵੇਂਕਿ ਇਸ ਪੂਰੇ ਬਾਈਪਾਸ ਨੂੰ ਖੋਲ੍ਹਣ ਲਈ 31 ਦਸੰਬਰ ਤੱਕ ਦਾ ਸਮਾਂ ਲੱਗੇਗਾ ਪਰ ਲੋਕਾਂ ਦੀ ਸਹੂਲਤ ਦੀ ਮੁੱਖ ਰੱਖਦਿਆਂ ਅੱਜ ਧੂਰੀ ਰੇਲਵੇ ਲਾਈਨ ਵਾਲਾ ਪੁੱਲ ਖੋਲ੍ਹਿਆ ਜਾ ਰਿਹਾ ਹੈ। ਇਸ ਪੁੱਲ ਦੇ ਖੁੱਲਣ ਨਾਲ ਜਿੱਥੇ ਲੋਕਾਂ ਨੂੰ ਸਾਰਾ ਸ਼ਹਿਰ ਘੁੰਮ ਕੇ ਦੁੱਗਰੀ ਜਾਂ ਫਿਰੋਜ਼ਪੁਰ ਸਡ਼ਕ 'ਤੇ ਜਾਣ ਦੀ ਲੋਡ਼ ਨਹੀਂ ਪਵੇਗੀ, ਉਥੇ ਸ਼ਹਿਰ ਵਿੱਚਲੀ ਭਾਰੀ ਆਵਾਜਾਈ ਵਿੱਚ ਵੀ ਕਮੀ ਆਵੇਗੀ। ਇਸਦਾ ਇਕੱਲੇ ਸ਼ਹਿਰ ਲੁਧਿਆਣਾ ਨੂੰ ਹੀ ਨਹੀਂ ਸਗੋਂ ਸਾਰੇ ਪੰਜਾਬ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਕਿਉਂਕਿ ਇਹ ਪੰਜਾਬ ਦਾ ਬਹੁਤ ਅਹਿਮ ਰਸਤਾ ਹੈ। ਇਸ ਤੋਂ ਬਾਅਦ ਫਿਰੋਜ਼ਪੁਰ ਸਡ਼ਕ ਦਾ ਅੰਡਰਪੈਥ (ਜ਼ਮੀਨਦੋਜ਼ ਰਸਤਾ) ਵੀ ਬਡ਼ੀ ਜਲਦੀ ਹੀ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤਾ ਜਾਵੇਗਾ। ਜਦਕਿ ਸਾਹਨੇਵਾਲ ਵਾਲਾ ਪੁੱਲ (ਫਲਾਈਓਵਰ) ਵੀ ਨਵੰਬਰ ਦੇ ਅਖ਼ੀਰਲੇ ਹਫ਼ਤੇ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਮੇਅਰ ਸ੍ਰ. ਹਰਚਰਨ ਸਿੰਘ ਗੋਹਲਵਡ਼ੀਆ, ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਸ੍ਰੀ ਮਦਨ ਲਾਲ ਬੱਗਾ ਤੇ ਸ੍ਰ. ਹਰਭਜਨ ਸਿੰਘ ਡੰਗ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰ. ਭਾਗ ਸਿੰਘ ਮਾਨਗਡ਼੍ਹ, ਐੱਸ. ਈ. ਲੋਕ ਨਿਰਮਾਣ ਵਿਭਾਗ ਸ੍ਰ. ਵਰਿੰਦਰਜੀਤ ਸਿੰਘ ਢੀਂਡਸਾ, ਯੂਥ ਅਕਾਲੀ ਆਗੂ ਸ੍ਰ. ਸਿਮਰਨਜੀਤ ਸਿੰਘ ਢਿੱਲੋਂ, ਸ੍ਰ. ਜਤਿੰਦਰਪਾਲ ਸਿੰਘ ਸਲੂਜਾ, ਪੀ. ਏ. ਸ੍ਰ. ਸਹਿਜਪ੍ਰੀਤ ਸਿੰਘ ਮਾਂਗਟ, ਸ੍ਰ. ਰਖਵਿੰਦਰ ਸਿੰਘ ਗਾਬਡ਼ੀਆ, ਸ੍ਰ. ਹਰਪਾਲ ਸਿੰਘ ਕੋਹਲੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।
ਤਸਵੀਰ – ਏ
ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਧੂਰੀ ਰੇਲਵੇ ਲਾਈਨ ਪੁੱਲ ਨੂੰ ਫੀਤਾ ਕੱਟ ਕੇ ਚਾਲੂ ਕਰਦੇ ਹੋਏ। ਨਾਲ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਨਜ਼ਰ ਆ ਰਹੀਆਂ ਹਨ। 

No comments: