Thursday, August 14, 2014

ਸੰਤ ਜਗਤਾਰ ਸਿੰਘ ਦੀ DC ਕੋਲ ਫੇਰੀ ਤੋਂ ਬਾਅਦ ਸੰਗਤਾਂ ਵਿੱਚ ਗੁੱਸਾ

Thu, Aug 14, 2014 at 5:29 PM
ਭੁੱਖੀ ਪਿਆਸੀ ਬੈਠੀ ਸੰਗਤ ਨਾਲੋਂ ਝੂਠੀ ਸ਼ੋਹਰਤ ਨੂੰ ਤਰਜੀਹ ਦੇਣ ਦਾ ਦੋਸ਼ 
ਲੁਧਿਆਣਾ: 14 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਸੰਤ ਜਗਤਾਰ ਸਿੰਘ ਵੱਲੋਂ DC ਦਫਤਰ ਤੱਕ ਆਉਣਾ ਪਰ  DC ਦਫਤਰ ਦੇ ਐਨ ਬਾਹਰ ਫਿਰੋਜ਼ਪੁਰ ਰੋਡ 'ਤੇ ਬੈਠੀ ਸੰਗਤ ਕੋਲ ਦੁਨੀਆਦਾਰੀ ਨਿਭਾਉਣ ਲਈ ਵੀ ਨਾ ਆਉਣਾ ਭੁੱਖ ਹੜਤਾਲ ਤੇ ਬੈਠੀ ਸੰਗਤ ਦੇ ਗੁੱਸੇ ਨੂੰ ਹੋਰ ਵਧਾ ਗਿਆ ਹੈ। ਐਕਸ਼ਨ ਕਮੇਟੀ ਦਾ ਕਹਿਣ ਹੈ ਕਿ ਜੇ ਭੈਣੀ ਸਾਹਿਬ ਤੋਂ ਉਹ ਜਾਂ ਕੋਈ ਵੀ ਹੋਰ ਇਥੇ ਆਉਂਦਾ ਤਾਂ ਅਸੀਂ ਪਿਆਰ ਅਤੇ ਨਿਮਰਤਾ ਨਾਲ ਉਹਨਾਂ ਦਾ ਸਤਿਕਾਰ ਹੀ ਕਰਨਾ ਸੀ। ਉਹਨਾਂ ਦਾ ਇਸ ਤਰਾਂ ਆ ਕੇ ਬੇਗਾਨਿਆਂ ਵਾਂਗ ਚਲੇ ਜਾਣਾ ਸਾਡੇ ਲੈ ਕਿਸੇ ਸਦਮੇ ਤੋਂ ਘੱਟ ਨਹੀਂ। ਸੰਤ ਅਖਵਾਉਣ ਵਾਲੀਆਂ ਨੂੰ ਸ਼ਰੀਕਾਂ ਵਾਲੇ ਢੰਗ ਤਰੀਕੇ ਨਹੀਂ ਅਪਨਾਉਣੇ ਚਾਹੀਦੇ। ਪੰਥਕ ਏਕਤਾ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਨੇ ਸੰਤ ਜਗਤਾਰ ਸਿੰਘ ਦੇ ਇਸ ਰਵਈਏ ਦੀ ਨਿਖੇਧੀ ਕੀਤੀ ਹੈ। 
ਕਮੇਟੀ ਦੇ ਬੁਲਾਰੇ ਸੂਬਾ ਦਰਸ਼ਨ ਸਿੰਘ ਰਾਏਸਰ ਨੇ ਕਿਹਾ ਕਿ ਪੰਥਕ ਏਕਤਾ ਵਾਸਤੇ ਕੀਤੀ ਜਾ ਰਹੀ ਭੁੱਖ ਹੜਤਾਲ ਅਜ 14ਵੇਂ ਦਿਨ ਵਿੱਚ ਸ਼ਾਮਿਲ ਹੋ ਗਈ ਹੈ ਪਰ ਅਜੇ ਤਕ ਭੈਣੀ ਸਾਹਿਬ ਦੇ ਪੁਜਾਰੀ ਧੜੇ ਵਲੋਂ ਕਿਸੇ ਨੇ ਇਥੇ ਆਉਣ ਦੀ ਖੇਚਲ ਨਹੀਂ ਕੀਤੀ। ਸੰਤ ਜਗਤਾਰ ਸਿੰਘ ਡੀ.ਸੀ. ਦਫਤਰ ਆਕੇ ਚਲੇ ਗਏ ਪਰ ਡੀ.ਸੀ. ਦਫਤਰ ਦੇ ਬਾਹਰ ਗਰਮੀ ਵਿੱਚ ਬੈਠੀ ਭੁੱਖੀ ਸੰਗਤ ਨੂੰ ਮਿਲਣ ਦੀ ਲੋੜ ਨਹੀਂ ਸਮਝੀ। ਉਸ ਤਰ੍ਹਾਂ ਸੰਤ ਜੀ ਨਾਮਧਾਰੀ ਪੰਥ ਦੀਆਂ ਜਾਇਦਾਦਾਂ ਅਤੇ ਹਰ ਚੀਜ਼ ਤੇ ਕਬਜਾ ਕਰਕੇ ਆਪਣੇ ਆਪ ਨੂੰ ਸਭ ਕੁਛ ਦੇ ਮਾਲਕ ਸਮਝਦੇ ਨੇ। ਪਰ ਨਾਮਧਾਰੀ ਏਕਤਾ ਲਈ ਬੈਠੇ ਭੁੱਖੇ ਸਿਖਾਂ ਨੂੰ ਮਿਲਣ ਦੀ ਲੋੜ ਨਹੀਂ ਸਮਝਦੇ। ਇਥੇ ਆਕੇ ਆਪਣੇ ਭੁੱਖੇ ਬਚਿਆਂ ਨੂੰ ਵੇਖਣ ਦੀ ਸ੍ਰੀ ਮਾਤਾ ਜੀ ਨੇ ਵੀ ਨਹੀਂ ਲੋੜ ਸਮਝੀ ਅਤੇ ਠਾਕੁਰ ਉਦੈ ਸਿੰਘ ਜੀ ਨੇ ਤਾਂ ਅਉਣਾ ਹੀ ਕੀ ਸੀ। ਠਾਕੁਰ ਉਦੈ ਸਿੰਘ ਜੀ ਨੂੰ ਗੁਰੂ ਬਣ ਕੇ ਚੌਰ ਝੁਲਾਉਣ ਤੱਕ ਹੀ ਇਛਾ ਸੀ, ਜਿਸ ਕਰਕੇ ਉਹਨਾਂ ਆਪਣੇ ਮਾਂ ਪਿਉ ਨੂੰ ਕੱਢਿਆ ਸੀ, ਉਹ ਉਹਨਾਂ ਪੂਰੀ ਕਰ ਲਈ। ਹੁਣ ਭਾਵੇਂ ਸਿੱਖ ਭੁੱਖੇ ਪਿਆਸੇ ਰਹਿਣ, ਪੰਥ ਕਿਤੇ ਵੀ ਜਾਵੇ, ਉਹਨਾਂ ਨੂੰ ਕੋਈ ਮਤਲਬ ਨਹੀਂ। ਹੁਣ ਤਕ ਦੀ ਸਾਰੀ ਕਾਰਵਾਈ ਤੋਂ ਇਹ ਪਰਤੱਖ ਹੋ ਚੁਕਿਆ ਹੈ।  
ਪੰਥ ਦੇ ਇਹਨਾਂ ਨਾਮਧਾਰੀ ਅਖੌਤੀ  ਆਗੂਆਂ ਅਤੇ ਪੁਜਾਰੀ ਧੜੇ ਦਾ ਅਸਲੀ ਰੂਪ ਅੱਜ ਉਸ ਸਮੇਂ ਪ੍ਰਤੱਖ ਹੋ ਚੁੱਕਿਆ ਹੈ ਕਿ ਉਹਨਾਂ ਨੂੰ ਸੰਗਤ ਨਾਲ  ਕੋਈ ਮਤਲਬ ਨਹੀਂ, ਸਿਰਫ ਆਪਣੀਆਂ ਪਦਵੀਆਂ ਤੇ ਜਾਇਦਾਦਾਂ ਦਾ ਖਿਆਲ ਹੈ। ਉਹ ਭੈਣੀ ਸਾਹਿਬ ਬੈਠੇ ਹੋਏ ਵੀ,  ਲੁਧਿਆਣੇ ਵਿੱਚ ਭੁੱਖੀ, ਤਿਹਾਈ ਸੰਗਤ ਕੋਲ ਨਹੀਂ ਆ ਸਕਦੇ ਪਰ ਕੋਲੋਂ ਦੀ ਲੰਘਕੇ ਡੀ.ਸੀ. ਦਫਤਰ ਵੱਲ ਜਰੂਰ ਜਾ ਸਕਦੇ ਨੇ। ਇਸੇ ਤਰ੍ਹਾਂ ਹੋਰ ਥੋੜੇ ਦਿਨਾਂ ਵਿਚ ਇਹ ਸਾਰੇ ਹੀ ਥਾਈਲੈਂਡ ਦੀ ਸੈਰ ਕਰਨ ਚਲੇ ਜਾਣਗੇ ਪਰ ਭੁੱਖੀ ਸੰਗਤ ਕੋਲ ਨਹੀਂ ਆਉਣਗੇ। ਇਹ ਪੰਥ ਦਾ ਕੀ ਸਵਾਰਣਗੇ?
ਭੈਣੀ ਸਾਹਿਬ ਵਾਲਾ ਪੁਜਾਰੀ ਧੜਾ ਕਹਿੰਦਾ ਹੈ ਕਿ ਠਾਕੁਰ ਉਦੈ ਸਿੰਘ ਨੂੰ ਗੁਰੂ ਮੰਨ ਲੈਣ, ਆਪੇ ਏਕਤਾ ਹੋ ਜਾਵੇਗੀ। ਪੰਥ ਹਿਤੈਸ਼ੀ ਸੰਗਤ ਪੁਛਦੀ ਹੈ ਜਿਸ ਠਾਕੁਰ ਉਦੈ ਸਿੰਘ ਨੂੰ ਤੁਸੀਂ ਗੁਰੂ ਮੰਨਣ ਲਈ ਕਹਿੰਦੇ ਹੋ, ਉਹਨਾਂ ਨੂੰ ਭੁੱਖੀ ਬੈਠੀ ਸੰਗਤ ਨਹੀਂ ਦਿਖੀ,  ਤੁਹਾਨੂੰ ਵੀ ਨਹੀਂ ਦਿਖੀ ਅਤੇ ਤੁਸੀਂ ਕੋਲੋਂ ਲੰਗ ਕੇ ਕਚਿਰੀਆਂ ਨੂੰ ਚਲੇ ਗਏ , ਸੰਗਤ ਕੋਲ ਆਕੇ ਪਾਣੀ ਦਾ ਗਿਲਾਸ ਹੀ ਪਿਆ ਦੇਂਦੇ। ਭਾਵੇਂ  ਗੱਲ ਕੋਈ ਨਾ ਮੰਨਦੇ। ਠਾਕੁਰ ਉਦੈ ਸਿੰਘ ਨੂੰ ਤਾਂ ਗੁਰੂ ਬਣਾਕੇ ਭਰਾ ਨਾਲ ਲੜਾਉਣ ਲਈ ਰੱਖਿਆ ਹੋਇਆ ਹੈ ਪਰ ਅਸਲ ਵਿਚ ਤੁਸੀ ਆਪ ਸਾਰਾ ਕੁਝ ਸਾਂਭ ਕੇ ਬੈਠੇ ਹੋ। ਉਹਨਾਂ ਦੀ ਤਾਂ ਭੈਣੀ ਸਾਹਿਬ ਵਿਚ ਚਲਣ  ਹੀ ਨਹੀਂ ਦਿੰਦੇ, ਤੁਸੀਂ ਕਹਿੰਦੇ ਹੋ ਕਿ ਸੰਗਤ ਉਹਨਾਂ ਨੂੰ ਗੁਰੂ ਮੰਨ ਲਵੇ। ਇਸਦਾ ਮਤਲਬ ਹੈ ਕਿ ਸੰਗਤ ਤੁਹਾਨੂੰ ਗੁਰੁ ਮੰਨ ਲਵੇ। ਤੁਸੀਂ ਨਾਮਧਾਰੀ ਧਰਮਸਾਲਾ ਵਿੱਚੋਂ ਨਾਮਧਾਰੀਆਂ ਨੂੰ ਹੀ ਪਾਣੀ ਲੈਣਾ ਵੀ ਬੰਦ ਕਰ ਦਿੱਤਾ ਹੈ। ਸੰਗਤ ਤੁਹਾਨੂੰ ਕਿਵੇਂ ਗੁਰੂ ਮੰਨ ਲਵੇ, ਤੁਸੀ ਤਾਂ ਸੰਗਤ ਨੂੰ ਪਾਣੀ ਵੀ ਨਹੀਂ ਦੇ ਸਕਦੇ ਪੀਣ ਨੂੰ। ਹਾਂ, ਤੁਸੀਂ ਸੰਗਤ ਦੀਆਂ ਬਣਾਈਆਂ ਜਾਇਦਾਦਾ ਤੇ ਕਬਜਾ ਜਰੂਰ ਕਰ ਸਕਦੇ ਹੋ।
ਸੰਗਤ ਵਿੱਚ ਭੁੱਖ ਹੜਤਾਲ ਦੇ ਸਮਰਥਨ ਵਾਸਤੇ ਉਤਸ਼ਾਹ ਦਿਨੋ-ਦਿਨ ਵੱਧ ਕੇ ਦੁਗਨਾ ਹੋ ਰਿਹਾ ਹੈ। ਸੂਬਾ ਦਰਸ਼ਨ ਸਿੰਘ ਰਾਏਸਰ, ਇੰਦਰਜੀਤ ਸਿੰਘ ਕਲਾਂਨੋਰ, ਮਹਿੰਦਰ ਸਿੰਘ, ਮੋਹਨ ਸਿੰਘ ਸਮਾਨਾ, ਰਤਨ ਸਿੰਘ ਨਗਰ, ਅਵਤਾਰ ਸਿੰਘ ਨਗਰ ਨਿਰੰਦਰ ਕੋਰ ਝੱਲ, ਬੇਅੰਤ ਕੌਰ ਝੱਲ,ਅਮਰਜੀਤ ਕੌਰ ਲੁਧਿਆਣਾ, ਦਲਜੀਤ ਕੌਰ ਲੁਧਿਆਣਾ, ਬਲਜਿੰਦਰ ਕੌਰ ਸ੍ਰੀ ਭੈਣੀ ਸਾਹਿਬ, ਸੁਖਜੀਤ ਕੋਰ ਕਿਲਾ ਦੇਸਾ ਸਿੰਘ, ਸੁਖਵਿੰਦਰ ਕੌਰ ਕਿਲਾ ਦੇਸਾ ਸਿੰਘ, ਬਲਵਿੰਦਰ ਕੌਰ ਗੁਰਦਾਸਪੁਰ  ਆਦਿ ਹਾਜ਼ਰ ਸਨ।  
ਕਾਬਿਲੇ-ਜ਼ਿਕਰ ਹੈ ਕਿ ਸੰਗਤਾਂ ਦਿਨ ਰਾਤ ਇਥੇ ਹੀ ਦਾਤਿਆਂ ਰਹਿੰਦੀਆਂ ਹਨ।  ਮੀਂਹ ਹੋਵੇ ਜਾਂ ਹਨੇਰੀ ਇਹ ਸੰਘਰਸ਼ ਲਗਾਤਾਰ ਜਾਰੀ ਹੈ। ਭੁੱਖ ਹੜਤਾਲੀ ਨਾਮਧਾਰੀਆਂ ਨੂੰ ਛੱਡ ਕੇ ਦੂਰੋ ਦੁਰਾਡਿਓਂ ਆਈ ਸੰਗਤ ਅਤੇ ਆਲੇ ਦੁਆਲਿਓਂ ਲੰਘਦੇ ਰਾਹੀ ਪਾਂਧੀ ਵੀ ਬੜੇ ਸੁੱਚਮ ਨਾਲ ਤਿਆਰ ਕੀਤਾ ਗਿਆ ਸਾਤਵਿਕ ਲੰਗਰ ਛਕਦੇ ਹਨ।  

No comments: