Monday, June 09, 2014

CU ਨੇ ਲੁਧਿਆਣੇ ’ਚ ਖੋਲਿਆ ਆਪਣਾ ਨਵਾਂ ਖੇਤਰੀ ਦਫ਼ਤਰ

 Mon, Jun 9, 2014 at 3:33 PM
ਵਿਦਿਅਕ ਖੇਤਰ ਵਿੱਚ ਲੁਧਿਆਣਾ ਲਈ ਇੱਕ ਹੋਰ ਅਹਿਮ ਪ੍ਰਾਪਤੀ 
ਚੰਡੀਗੜ ਯੂਨੀਵਰਸਿਟੀ ਘੜੂੰਆਂ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਕੀਤੇ ਅਹਿਮ ਐਲਾਨ   
ਵੱਖਵੱਖ ਵਜ਼ੀਫ਼ਾ ਯੋਜਨਾਵਾਂ ਤਹਿਤ ਹੋਣਹਾਰ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਸਕਾਲਰਸ਼ਿਪ ਦੇਣ ਦਾ ਵੀ ਐਲਾਨ
ਚੰਡੀਗੜ ’ਵਰਸਿਟੀ ਘੜੂੰਆਂ ਦੇ ਉਪ-ਕੁਲਪਤੀ ਡਾ. ਆਰ. ਐੱਸ. ਬਾਵਾ ਲੁਧਿਆਣਾ ਵਿਖੇ ’ਵਰਸਿਟੀ ਦੇ ਨਵੇਂ ਖੇਤਰੀ ਦਫ਼ਤਰ  ਦਾ ਉਦਘਾਟਨ ਕਰਦੇ ਹੋਏ
ਲੁਧਿਆਣਾ: 9 ਜੂਨ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
 ਮੈਂ ਹਰ  ਸਹਾਇਤਾ ਲਈ ਹਰ ਵੇਲੇ ਹਾਜ਼ਰ ਰਹਾਂਗਾ- ਡਾ. ਬਾਵਾ 

ਲੁਧਿਆਣਾ ਦੇ ਵਿਦਿਅਕ ਖੇਤਰ ਵਿੱਚ ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਸੀ। ਅੱਜ ਫਿਰ ਸਾਬਿਤ ਹੋਇਆ ਕਿ ਲੁਧਿਆਣਾ ਵਿਦਿਅਕ ਮਾਮਲੇ ਵਿੱਚ ਲਗਾਤਾਰ ਪੁਲਾਂਘਾਂ ਪੁੱਟ  ਰਿਹਾ ਹੈ।ਅੱਜ ਅੰਤਰਰਾਸ਼ਟਰੀ ਪੱਧਰ ਦੀ ਉਚੇਰੀ ਸਿੱਖਿਆ ਲਈ ਚੰਡੀਗੜ ਟ੍ਰਾਈਸਿਟੀ ਦਾ ਖੇਤਰ ਉੱਤਰੀ ਭਾਰਤ ਦੇ ਵਿਦਿਆਰਥੀਆਂ ਲਈ ਮੁੱਖ ਆਕਰਸ਼ਣ ਬਣਦਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਲੁਧਿਆਣਾ ਤੇ ਇਸਦੇ ਨੇੜਲੇ ਇਲਾਕਿਆਂ ਨਾਲ ਸਬੰਧਿਤ ਵਿਦਿਆਰਥੀ ਮਿਆਰੀ ਪ੍ਰੋਫੈਸ਼ਨਲ ਸਿੱਖਿਆ ਤੇ ਟ੍ਰਾਈਸਿਟੀ ’ਚ ਇੰਡਸਟਰੀ ਦੀ ਭਾਰੀ ਮੌਜੂਦਗੀ ਨੂੰ ਵੇਖਦਿਆਂ ਪੰਜਾਬ ’ਵਰਸਿਟੀ ਤੋਂ ਬਾਅਦ ਚੰਡੀਗੜ ’ਵਰਸਿਟੀ ਘੜੂੰਆਂ ਨੂੰ ਵਿਸ਼ੇਸ਼ ਤਰਜੀਹ ਦੇ ਰਹੇ ਹਨ। ਇਨਾਂ ਵਿਚਾਰਾਂ ਦਾ ਪ੍ਰਗਵਾਵਾ ਚੰਡੀਗੜ ’ਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ  ਡਾ. ਆਰ. ਐਸ. ਬਾਵਾ ਨੇ ਅੱਜ ਇੱਥੇ ਲੁਧਿਆਣਾ ਵਿਖੇ ਬੁਲਾਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਡਾ. ਬਾਵਾ ਅੱਜ ਇੱਥੇ ਚੰਡੀਗੜ ’ਵਰਸਿਟੀ ਵੱਲੋਂ ਮਾਡਲ ਟਾਊਨ ਐਕਸਟੈਸ਼ਨ ਮਾਰਕੀਟ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਖੋਲੇ ’ਵਰਸਿਟੀ ਦੇ ਨਵੇਂ ਖੇਤਰੀ ਦਫ਼ਤਰ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਿਤ ਹੁੰਦਿਆਂ ਡਾ. ਬਾਵਾ ਨੇ ਆਖਿਆ ਕਿ ਇਸ ਸਮੇਂ ਚੰਡੀਗੜ ’ਵਰਸਿਟੀ ’ਚ ਲੁਧਿਆਣਾ ਖੇਤਰ ਨਾਲ ਸਬੰਧਿਤ 900 ਤੋਂ ਉੱਪਰ ਵਿਦਿਆਰਥੀ  ਸਿੱਖਿਆ ਹਾਸਲ ਕਰ ਰਹੇ ਹਨ। ਇਨਾਂ ਵਿਦਿਆਰਥੀਆਂ ਦੀ ਚਿਰੋਕੀ ਮੰਗ ਤੇ ਸਹੂਲਤ ਨੂੰ ਧਿਆਨ ’ਚ  ਰੱਖਦਿਆਂ ’ਵਰਸਿਟੀ ਨੇ ਲੁਧਿਆਣਾ ਵਿਖੇ ਆਪਣਾ ਖੇਤਰੀ ਦਫ਼ਤਰ ਖੋਲਿਆ ਹੈ। ਉਨਾਂ ਕਿਹਾ ਕਿ ਇਸ ਖੇਤਰੀ ਦਫ਼ਤਰ ’ਚ ਵਿਦਿਆਰਥੀਆਂ ਨੂੰ ’ਵਰਸਿਟੀ ਨਾਲ ਜੁੜੀ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਤੇ ’ਵਰਸਿਟੀ ਵੱਲੋਂ ਇੱਥੇ ਉੱਚ-ਕੋਟੀ ਦੇ ਕੈਰੀਅਰ ਕੌਂਸਿਗ ਦੇ ਮਾਹਿਰ ਨਿਯੁਕਤ ਕੀਤੇ ਗਏ ਹਨ, ਜੋ ਨਵੇਂ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਉਨਾਂ ਦੀ ਕਾਬਲੀਅਤ ਤੇ ਰੁਚੀ ਦੇ ਮੁਤਾਬਕ ਸਹੀ ਵਿਸ਼ਿਆਂ ਦੀ ਚੋਣ ਕਰਨ ’ਚ ਢੁੱਕਵੀਂ ਸਲਾਹ ਦੇਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਵੀ ਇਸ ਦਫ਼ਤਰ ਰਾਹੀਂ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ।  
ਡਾ. ਬਾਵਾ ਨੇ ਇਸ ਮੌਕੇ ਆਖਿਆ ਕਿ ਇਸ ਵਾਰ ਬਾਰਵੀਂ ਦੇ ਨਤੀਜਿਆਂ ’ਚ ਲੁਧਿਆਣੇ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਚੰਡੀਗੜ ’ਵਰਸਿਟੀ ਨੇ ਬਾਰਵੀਂ ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਨਾਂ ਹੋਣਹਾਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵੱਲ ਪ੍ਰੋਤਸਾਹਿਤ ਕਰਨ ਲਈ ਵੱਖਵੱਖ ਵਜ਼ੀਫ਼ਾ ਯੋਜਨਾਵਾਂ ਤਹਿਤ 100 ਫੀਸਦੀ ਤੱਕ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ ਹੈ। ਇਨਾਂ ਵਜ਼ੀਫ਼ਾ ਯੋਜਨਾਵਾਂ ਤਹਿਤ ’ਵਰਸਿਟੀ ਵੱਲੋਂ ਡਿਗਰੀ ਪੱਧਰ ਦੇ ਵੱਖ-ਵੱਖ ਇੰਜੀਨੀਅਰਿੰਗ ਕੋਰਸਾਂ ’ਚ 300 ਵਿਦਿਆਰਥੀਆਂ ਨੂੰ 150 ਸੀਟਾਂ ਉੱਤੇ 100 ਫੀਸਦੀ ਤੇ ਦੂਜੀਆਂ 150 ਸੀਟਾਂ 75 ਫੀਸਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਸੇ ਤਰਾਂ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਕੈਟ ਤੇ ਸੀਮੈਟ ਦੇ ਆਧਾਰ ’ਤੇ ਜਦਕਿ ਹੋਟਲ ਮੈਨੇਜਮੈਂਟ, ਐਨੀਮੇਸ਼ਨ ਐਂਡ ਮਲਟੀਮੀਡੀਆ, ਆਰਕੀਟੈਕਟ ਤੇ ਬਾਇਓਟੈਕਨਾਲੌਜੀ  ਜਿਹੇ ਗ਼ੈਰ-ਇੰਜੀਨੀਅਰਿੰਗ  ਵਿਸ਼ਿਆਂ ’ਚ 75 ਪ੍ਰਤੀਸ਼ਤ ਤੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ 10 ਤੋਂ 75 ਫੀਸਦੀ ਤੱਕ ਦੇ ਵਜ਼ੀਫ਼ਿਆਂ ਦਾ ਘੋਸ਼ਣਾ ਕੀਤੀ ਹੈ। ਇਸ ਤੋਂ ਇਲਾਵਾ ’ਵਰਸਿਟੀ ਵੱਲੋਂ ਹੋਰ ਵੱਖਵੱਖ ਸਕੀਮਾਂ ਤਹਿਤ ਵੀ ਵਿਭਿੰਨ ਵਜ਼ੀਫ਼ਾ ਯੋਜਨਾਵਾਂ ਤਹਿਤ 100 ਫੀਸਦੀ ਤੱਕ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। 
ਉਪ-ਕੁਲਪਤੀ ਨੇ ਦੱਸਿਆ ਕਿ ਇੰਜੀਨੀਅਰਿੰਗ, ਮੈਨੇਜਮੈਂਟ ਤੇ ਹੋਰ ਵੱਖਵੱਖ ਵਿਸ਼ਿਆਂ ਲਈ ਦਿੱਤੇ ਜਾਣ ਵਾਲੇ ਇਨਾਂ ਵਜ਼ੀਫ਼ਿਆਂ ’ਤੇ ’ਵਰਸਿਟੀ ਹਰ ਸਾਲ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕਰੇਗੀ। ਦੇਸ਼ ਭਰ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ’ਚੋਂ ਇਹ ਪਹਿਲੀ ਸੰਸਥਾ ਹੈ, ਜਿਸਨੇ ਏਨੇ ਵੱਡੇ ਪੱਧਰ ’ਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ। ਡਾ. ਬਾਵਾ ਨੇ ਕਿਹਾ ਕਿ ਇਸ ਵਜ਼ੀਫ਼ਾ ਯੋਜਨਾ ਤਹਿਤ ਹਰੇਕ ਵਿਦਿਆਰਥੀ ਨੂੰ ਪੂਰੇ ਕੋਰਸ ਦੌਰਾਨ ਤਿੰਨ ਲੱਖ ਤੋਂ ਵੱਧ ਦੀ ਰਕਮ ਵਜ਼ੀਫ਼ੇ ਦੇ ਰੂਪ ’ਚ ਮਿਲੇਗੀ। ਇਸ ਸਕਾਲਰਸ਼ਿਪ ਸਕੀਮ ਅਧੀਨ ਦਾਖ਼ਲਾ ਲੈਣ ਦੇ ਇਛੁੱਕ ਵਿਦਿਆਰਥੀ 25 ਜੂਨ ਤੱਕ ’ਵਰਸਿਟੀ ਦੀ ਵੈੱਬਸਾਈਟ www.chandigarhuniversity.ac.in ਉੱਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਸੁਨਹਿਰੀ ਮੌਕੇ ਦਾ ਫ਼ਾਇਦਾ ਲੈ ਸਕਦੇ ਹਨ। 

ਚੰਡੀਗੜ ’ਵਰਸਿਟੀ ਦੀਆਂ ਵਿਸ਼ਵਪੱਧਰੀ ਉਪਲਬਧੀਆਂ ਬਾਰੇ ਜਾਣਕਾਰੀ ਦਿੰਦਿਆਂ ਉਪ-ਕੁਲਪਤੀ ਨੇ ਆਖਿਆ ਕਿ ਪ੍ਰਸਿੱਧ ਅੰਤਰਰਾਸ਼ਟਰੀ ਸੰਸਥਾ ‘ਵਰਲਡ ਕੰਸਲਟਿੰਗ ਐਂਡ ਰਿਸਰਚ ਕਾਰਪੋਰੇਸ਼ਨ’ ਨੇ ਚੰਡੀਗੜ ’ਵਰਸਿਟੀ ਘੜੂੰਆਂ ਨੂੰ ਏਸ਼ੀਆ ਦੀ ਤੇਜ਼ ਵਿਕਾਸਸ਼ੀਲ ਸੰਸਥਾ ਐਲਾਨਿਆ ਹੈ। ਉਨਾਂ ਕਿਹਾ ਕਿ ’ਵਰਸਿਟੀ ਨੇ ਜਿੱਥੇ ਆਈ. ਆਈ. ਟੀ. ਵਰਗੇ ਵਕਾਰੀ ਅਦਾਰਿਆਂ ਦੇ ਉੱਚ ਕੋਟੀ ਦੇ ਸਿੱਖਿਆ ਮਾਡਲ ਦੇ ਅਨੁਸਾਰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤੇ ਅਤਿਆਧੁਨਿਕ ਖੋਜ ਵਿਕਾਸ ਕੇਂਦਰਾਂ ਦੀ ਸਥਾਪਨਾ ਕੀਤੀ ਹੈ, ਉੱਥੇ ਹੀ ਇੰਡਸਟਰੀ ਨਾਲ ਆਪਣੇ ਮਜ਼ਬੂਤ ਸਬੰਧਾਂ ਦੀ ਬਦੌਲਤ ਥੋੜੇ ਸਮੇਂ ਵਿਚ ਹੀ ਆਈ. ਬੀ. ਐਮ, ਓ. ਐੱਨ. ਜੀ. ਸੀ., ਵਿਪਰੋ, ਓਰੈਕਲ ਤੇ ਟੈੱਕ ਮਹਿੰਦਰਾ ਜਿਹੀਆਂ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਦੇ ਨਾਲਨਾਲ ਮਾਈਕਰੋਸਾਫਟ ਦਾ ਉੱਤਰੀ ਭਾਰਤ ਦਾ ਪਹਿਲਾ ਵਕਾਰੀ ਖੋਜ ਕੇਂਦਰ ਸਥਾਪਤ ਕਰਨ ’ਚ ਵੀ ਸਫਲਤਾ ਹਾਸਲ ਕੀਤੀ ਹੈ।
ਉਪਕੁਲਪਤੀ ਨੇ ਆਖਿਆ ਕਿ ਚੰਡੀਗੜ ਯੂਨੀਵਰਸਿਟੀ ਦੇ ਵਿਦਿਆਰਥੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ। ’ਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਖੋਜ ਕਾਬਲੀਅਤ ਦਾ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਦੂਜੇ ਸਾਲ ਏਸ਼ੀਆ ’ਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਪਿਛਲੇ ਸਾਲ ਨਾਸਾ ਵੱਲੋਂ ਅਮਰੀਕਾ ’ਚ ਕਰਵਾਈ ਗਈ 20ਵੀਂ ਮੂਨਬੱਘੀ ਦੌੜ  ’ਚ ’ਵਰਸਿਟੀ ਨੂੰ ਏਸ਼ੀਆ ’ਚੋਂ ਪਹਿਲਾ ਸਥਾਨ ਮਿਲਿਆ ਤੇ ਇਸ ਸਾਲ ਅਮਰੀਕਨ ਸੋਸਾਇਟੀ ਆਫ ਮਕੈਨੀਕਲ ਇੰਜੀਨੀਅਰਿੰਗ ਵੱਲੋਂ ਯੂਨੀਵਰਸਿਟੀ ਆਫ ਸੈਂਟਰਲ ਫਲੋਰੀਡਾ ਵਿਖੇ ਮਨੁੱਖੀ ਸ਼ਕਤੀ ਨਾਲ ਚੱਲਣ ਵਾਲੇ ਵਾਹਨ ਦੇ ਅੰਤਰਰਾਸ਼ਟਰੀ ਖੋਜ ਮੁਕਾਬਲੇ ’ਚ ਵੀ ’ਵਰਸਿਟੀ ਦੇ ਪ੍ਰੋਜੈਕਟ ‘ਫਤਿਹ’ ਦੀ ਟੀਮ ਏਸ਼ੀਆ ਦੀਆਂ ਸਾਰੀਆਂ ਵਕਾਰੀ ਸੰਸਥਾਵਾਂ ਦੇ ਮੁਕਾਬਲੇ ਅੱਵਲ ਰਹੀ। ਇਸ ਤੋਂ ਇਲਾਵਾ ਆਈ. ਆਈ. ਟੀ. ਦਿੱਲੀ ਵਿਖੇ ਹੋਏ ਰਾਸ਼ਟਰੀ ਖੋਜ ਮੁਕਾਬਲੇ ’ਚ ਵੀ ’ਵਰਸਿਟੀ ਦੇ ਪ੍ਰੋਜੈਕਟ ‘ਪ੍ਰੋਟੋਨ’ ਦੇ ਡਿਜ਼ਾਈਨ ਨੂੰ ਪੂਰੇ ਭਾਰਤ ਦਾ ਸਰਵੋਤਮ ਡਿਜ਼ਾਈਨ ਕਰਾਰ ਦਿੱਤਾ ਗਿਆ ਹੈ।
 ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ ’ਵਰਸਿਟੀ ਘੜੂੰਆਂ ਨੇ ਕੈਂਪਸ ਪਲੇਸਮੈਂਟ ਪੱਖੋਂ ਵੀ ਵੱਖਰੀ ਮਿਸਾਲ ਕਾਇਮ ਕੀਤੀ ਹੈ। ਉਨਾਂ ਦੱਸਿਆ ਕਿ 2014 ਬੈਚ ਦੇ ਵਿਦਿਆਰਥੀਆਂ ਲਈ ਹੁਣ ਤੱਕ ਇੰਜੀਨੀਅਰਿੰਗ ਦੀਆਂ 144, ਹੋਟਲ ਮੈਨੇਜਮੈਂਟ ਦੀਆਂ 54 ਤੇ ਐਮ. ਬੀ. ਏ. ਦੀਆਂ 102 ਬਹੁਕੌਮੀ ਕੰਪਨੀਆਂ ਕੈਂਪਸ ਪਲੇਸਮੈਂਟ ਲਈ ’ਵਰਸਿਟੀ ਵਿਖੇ ਆਪਣੀ ਹਾਜ਼ਰੀ ਲਵਾ ਚੁੱਕੀਆਂ ਹਨ, ਜਿਨਾਂ ਵੱਲੋਂ ’ਵਰਸਿਟੀ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਸਭ ਤੋਂ ਵੱਧ 24 ਲੱਖ ਸਾਲਾਨਾ ਤੱਕ ਦੇ ਤਨਖਾਹ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਹੈ। ਉਨਾਂ ਦੱਸਿਆ ਕਿ ’ਵਰਸਿਟੀ ਨੇ ਪੈਟਰੋਲੀਅਮ, ਆਟੋਮੋਬਾਇਲ, ਕੈਮੀਕਲ, ਐਨੀਮੇਸ਼ਨ ਐਂਡ ਮਲਟੀਮੀਡੀਆ, ਬਿੱਗ ਡਾਟਾ, ਸਾਈਬਰ ਸਕਿਓਰਟੀ ਤੇ ਕਲਾਊਡ ਕੰਪਿਊਟਿੰਗ ਜਿਹੇ ਨਵੀਨ ਤਕਨਾਲੌਜੀ ’ਤੇ ਆਧਾਰਿਤ ਭਵਿੱਖਮੁਖੀ ਕੋਰਸ ਸ਼ੁਰੂ ਕਰਕੇ ਪ੍ਰੋਫੈਸ਼ਨਲ ਤੇ ਤਕਨੀਕੀ ਸਿੱਖਿਆ ਦੇ ਖੇਤਰ ’ਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਉਨਾਂ ਕਿਹਾ ਕਿ ’ਵਰਸਿਟੀ ਦੇ ਇਨਾਂ ਮਿਆਰੀ ਪ੍ਰਬੰਧਾਂ ਦੀ ਬਦੌਲਤ ਹੀ ਇੱਥੇ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਾਰਾਂ ਹਜ਼ਾਰ ਦੇ ਅੰਕੜੇ ਨੂੰ ਪਾਰ ਚੁੱਕੀ ਹੈ।   ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਟੀ ਸਕੂਲ ਆਫ ਬਿਜ਼ਨਸ ਦੇ ਡਾਇਰੈਕਟਰ ਡਾ. ਪੀ. ਪੀ. ਸਿੰਘ ਵੀ ਮੌਜੂਦ ਸਨ।  

No comments: