Wednesday, May 07, 2014

ਜਮਾਨਤ 'ਤੇ ਆਇਆ ਦੋਸ਼ੀ 100 ਗਰਾਮ ਹੈਰੋਇਨ ਸਮੇਤ ਕਾਬੂ

Wed, May 7, 2014 at 5:01 PM
ਫੜੀ ਗਈ ਹੈਰੋਇਨ ਦੀ ਅੰਤਰ-ਰਾਸ਼ਟਰੀ ਬਜ਼ਾਰ ਦੀ ਕੀਮਤ 50 ਲੱਖ ਰੁਪਏ
ਲੁਧਿਆਣਾ 7 ਮਈ (ਰੈਕਟਰ ਕਥੂਰੀਆ//ਸਤਪਾਲ ਸੋਨੀ//ਪੰਜਾਬ ਸਕਰੀਨ):
ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਨੂੰ  ਨਹੀਂ ਕਿਸ ਦੁਸ਼ਮਣ ਦੀ ਨਜ਼ਰ ਲੱਗੀ ਕਿ ਸ਼ਰਾਬ, ਅਫੀਮ, ਭੁੱਕੀ ਅਤੇ ਪੋਸਤ ਤੋਂ ਬਾਅਦ ਹੁਣ ਹੈਰੋਇਨ, ਚਰਸ ਅਤੇ  ਗਾਂਜੇ ਵਰਗੇ ਨਸ਼ੇ ਵੀ ਪੰਜਾਬ ਦੀ ਰਹਿੰਦੀ ਸਹਿੰਦੀ ਜੁਆਨੀ ਨੂੰ ਖੋਖਲਾ ਬਣਾਉਣ ਵਿੱਚ ਨਹੀਂ ਛੱਡ ਰਹੇ। ਨਸ਼ਿਆਂ ਦੇ ਸੁਆਦ ਇਹ ਸ਼ੁਰੂ ਕਰਦੇ ਨੇ ਦੇਖਾ ਦੇਖੀ ਜਾਂ ਫੇਰ ਸ਼ੋਂਕ ਸ਼ੋਂਕ ਵਿੱਚ ਤੇ ਪਤਾ ਉਦੋਂ ਲੱਗਦਾ ਹੈ ਜਦੋਂ ਨਸ਼ੇ ਦੇ ਚੁੰਗਲ ਵਿੱਚ ਬੁਰੀ ਤਰ੍ਹਾਂ ਫਸ ਜਾਂਦੇ ਹਨ। ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਹੀ ਸ਼ੁਰੂ ਹੁੰਦੀ ਹੈ ਇਸ ਨੂੰ ਵੇਚਣ ਦੇ ਧੰਦੇ ਦੀ ਸ਼ੁਰੁਆਤ।   
ਅਜਿਹੇ ਹੀ ਇੱਕ ਨਵੇਂ ਮਾਮਲੇ ਦਾ ਪਤਾ ਲਾਇਆ ਹੈ ਲੁਧਿਆਣਾ ਪੁਲਿਸ ਨੇ। ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ਼ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਸਮੇਤ ਪੁਲਿਸ ਪਾਰਟੀ ਵਲੋਂ ਟੀ.ਪੁਆਇੰਟ ਪਿੰਡ ਜਗੀਰਪੁੱਰ ਵਿੱਖੇ ਨਾਕਾਬੰਦੀ ਦੌਰਾਨ ਜਦੋਂ ਦੋਸ਼ੀ ਅਵਤਾਰ ਸਿੰਘ ਉਰਫ ਗੋਲਾ ਵਾਸੀ ਪਿੰਡ ਹਵਾਸ ਥਾਨਾ ਮੇਹਰਬਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਗਿਆ ਅਤੇ ਪਿੱਛੇ ਮੁੱੜਕੇ ਭੱਜਣ ਲਗਿਆ ਜਿਸ ਨੂੰ ਕਾਬੂ ਕਰਕੇ ਤਲਾਸ਼ੀ ਲੈਣ ਤੇ ਉਸ ਦੇ ਕਬਜ਼ੇ 'ਚੋਂ 100 ਗਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਅੰਤਰ-ਰਾਸ਼ਟਰੀ ਬਜ਼ਾਰ ਦੀ ਕੀਮਤ 50 ਲੱਖ ਰੁਪਏ ਬਣਦੀ ਹੈ। 
ਦੋਸ਼ੀ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਅਧੀਨ ਥਾਨਾ ਮੇਹਰਬਾਨ ਜਿਲਾ ਲੁਧਿਆਣਾ ਵਿੱਖੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਆਰੋਪੀ ਅਵਤਾਰ ਸਿੰਘ ਉਰਫ ਗੋਲੇ  ਲਾਡੀ ਨੇ ਦਸਿਆ ਕਿ ਉਹ ਭਰਤ ਪਾਉਣ ਦਾ ਕੰਮ ਕਰਦਾ ਸੀ ਜਿਸ ਦੌਰਾਨ ਉਸ ਨੂੰ ਨਸ਼ਾ ਕਰਨ ਦੀ ਆਦਤ ਲੱਗ ਗਈ ਅਤੇ ਨਸ਼ਾ ਕਰਨ ਦੇ ਨਾਲ ਨਾਲ ਉਸ ਨੇ ਹੈਰੋਇਨ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ । ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸ ਇਹ ਹੈਰੋਇਨ ਮੋਗੇ ਦੇ ਪਿੰਡ ਦੋਲੇਵਾਲ ਤੋਂ ਅੰਟੀ ਨਾਮ ਦੀ ਇੱਕ ਔਰਤ ਪਾਸੋਂ ਖਰੀਦ ਕੇ ਲੁਧਿਆਣੇ ਦੇ ਨਜਦੀਕ ਦੇ ਪਿੰਡਾਂ ਵਿੱਚ ਪ੍ਰਚੂਨ ਦੇ ਭਾਅ ਵੇਚਦਾ ਸੀ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਹੈਰੋਇਨ ਦੀ ਸਮਗਲਿੰਗ ਦੇ ਮੁੱਕਦਮੇ ਥਾਨਾ ਸਦਰ ਅਤੇ ਜਗਰਾਓ ਵਿੱਖੇ ਚਲ ਰਹੇ ਹਨ ਅਤੇ ਦੋਸ਼ੀ 2-3 ਮਹੀਨੇ ਪਹਿਲਾਂ ਹੀ ਸੈਂਟਰਲ ਜੇਲ ਲੁਧਿਆਣਾ ਤੋਂ ਜਮਾਨਤ ਤੇ ਆਇਆ ਹੈ।
ਆਰੋਪੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਿਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਦੋਸ਼ੀ  ਨੇ ਇਹ ਹੈਰੋਇਨ ਕਿਹੜੇ-ਕਿਹੜੇ ਵਿਅਕਤੀ ਨੂੰ ਸਪਲਾਈ  ਕਰਨੀ ਸੀ ਅਤੇ ਉਸ ਨਾਲ ਇਸ ਧੰਦੇ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹੈ। ਪੁੱਛ-ਗਿੱਛ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

No comments: