Sunday, February 02, 2014

ਮੁੱਖ ਮੰਤਰੀ ਬਾਦਲ ਵੱਲੋਂ ਜੱਥੇਦਾਰ ਤਲਵੰਡੀ ਨਾਲ ਅਹਿਮ ਮੁਲਾਕਾਤ

Sun, Feb 2, 2014 at 6:12 PM
ਲੋਕਸਭਾ ਚੋਣਾਂ ਮੌਕੇ ਰਾਜਸੀ ਵਿਚਾਰਾਂ-ਨਾਲ ਹੀ ਪੁਛਿਆ ਸਿਹਤ ਦਾ ਹਾਲਚਾਲ 
ਲੁਧਿਆਣਾ: 2 ਫਰਵਰੀ (ਸਤਪਾਲ ਸੋਨੀ//ਪੰਜਾਬ ਸਕਰੀਨ):
ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਬੀਤੀ ਦੇਰ ਸ਼ਾਮ ਆਪਣੀ ਲੁਧਿਆਣਾ ਫੇਰੀ ਦੌਰਾਨ ਅਚਾਨਕ ਆਪਣੇ ਪੁਰਾਣੇ ਸਾਥੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਗ੍ਰਹਿ ਵਿਖੇ ਉਹਨਾਂ ਨੂੰ ਮਿਲਣ ਲਈ ਪਹੁੰਚੇ। ਜਿਥੇ ਉਹਨਾਂ ਤਕਰੀਬਨ 30 ਮਿੰਟ ਜੱਥੇ: ਤਲਵੰਡੀ ਨਾਲ ਬੰਦ ਕਮਰਾ ਮੀਟਿੰਗ ਕਰਕੇ ਜਿੱਥੇ ਉਹਨਾਂ ਦੀ ਸਿਹਤ ਦਾ ਹਾਲ ਚਾਲ ਜਾਣਿਆ, ਉਥੇ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਜਸੀ ਵਿਚਾਰਾਂ ਵੀ ਕੀਤੀਆਂ।
ਉਹਨਾਂ ਪ੍ਰਮਾਤਮਾ ਅੱਗੇ ਜੱਥੇ: ਤਲਵੰਡੀ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਆਖਿਆ ਕਿ ਤਲਵੰਡੀ ਪਰਿਵਾਰ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਬਲਕਿ ਰਾਜਨੀਤਕ ਖੇਤਰ ਵਿੱਚ ਤਲਵੰਡੀ ਪਰਿਵਾਰ ਦੀ ਇੱਕ ਵਿਲੱਖਣ ਪਛਾਣ ਹੈ ਅਤੇ ਜਥੇਦਾਰ ਤਲਵੰਡੀ ਕਿਸੇ ਇੱਕ ਹਲਕੇ ਦੇ ਆਗੂ ਨਹੀਂ ਬਲਕਿ ਪੂਰੀ ਕੌਮ ਦੇ ਆਗੂ ਹਨ।ਉਹਨਾਂ ਕਿਹਾ ਕਿ ਜੱਥੇਦਾਰ ਤਲਵੰਡੀ ਨੇ ਔਖੇ ਸਮੇਂ ਪਾਰਟੀ ਦੀ ਅਗਵਾਈ ਕੀਤੀ ਹੈ।ਇਸ ਪਰਿਵਾਰ ਨੇ ਬਿਨਾਂ ਕਿਸੇ ਅਹੁਦੇ ਦੇ ਲਾਲਚ ਦੇ ਪਾਰਟੀ ਦੀ ਅੱਗੇ ਹੋ ਕੇ ਸੇਵਾ ਕੀਤੀ ਹੈ ਅਤੇ ਪੰਜਾਬ ਦੀ ਬਿਹਤਰੀ ਲਈ ਯੋਗਦਾਨ ਪਾਇਆ।
ਇਸ ਮੌਕੇ ਸ੍ਰ. ਬਾਦਲ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਟਕਸਾਲੀ ਆਗੂਆਂ ਨੂੰ ਪੂਰਾ ਮਾਣ ਸਤਿਕਾਰ ਦੇਣ। ਇਸ ਮੌਕੇ ਮੌਜੂਦ ਜੱਥੇਦਾਰ ਤਲਵੰਡੀ ਦੇ ਛੋਟੇ ਸਪੁੱਤਰ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਕੋਲੋਂ ਸ੍ਰ. ਬਾਦਲ ਨੇ ਵਿਧਾਨ ਸਭਾ ਹਲਕਾ ਰਾਏਕੋਟ ਨਾਲ ਸਬੰਧਿਤ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਲਈ। ਉਹਨਾਂ ਨੇ ਸਿੱਖ ਰਾਜ ਦੇ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿੱਚ ਪਿੰਡ ਬੱਸੀਆਂ ਵਿੱਚ ਬਣਾਈ ਜਾ ਰਹੀ ਯਾਦਗਾਰ ਅਤੇ ਉੱਥੇ ਉਸਾਰੇ ਜਾਣ ਵਾਲੇ ਟੈਕਨੀਕਲ ਕਾਲਜ ਬਣਾਉਣ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਰਾਏਕੋਟ ਵਿਖੇ ਰੁਕੇ ਹੋਏ ਸਨਅਤੀ ਫੋਕਲ ਪੁਆਇੰਟ ਅਤੇ ਰਾਏਕੋਟ ਦੇ ਸਰਬਪੱਖੀ ਵਿਕਾਸ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਉਹਨਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਡੀ.ਸੀ.ਪੀ ਹਰਸ਼ ਬਾਂਸਲ, ਜ਼ਿਲ•ਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਗੁਰਜੀਤ ਸਿੰਘ ਛਾਬੜਾ, ਗੁਰਪ੍ਰੀਤ ਸਿੰਘ ਕੋਕਰੀ, ਗੁਰਚਰਨ ਸਿੰਘ ਪੀ.ਏ. ਮੁੱਖ ਮੰਤਰੀ, ਪੀ.ਏ. ਜੱਥੇਦਾਰ ਤਲਵੰਡੀ ਸੁਖਵਿੰਦਰ ਸਿੰਘ ਬੜੈਚ ਆਦਿ ਹਾਜ਼ਰ ਸਨ।

No comments: