Monday, February 10, 2014

ਦੇਸ਼ ਭਰ ਦੇ ਬੈਂਕਾਂ ਵਿੱਚ ਦੋ ਦਿਨਾਂ ਹੜਤਾਲ ਸ਼ੁਰੂ

ਲੁਧਿਆਣਾ ਰੈਲੀ ਵਿੱਚ ਵੀ ਹੋਈਆਂ ਜੋਸ਼ੀਲੀਆਂ ਤਕਰੀਰਾਂ
ਲੁਧਿਆਣਾ: 10 ਫਰਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ//ਕੈਮਰਾ-ਰਵੀ ਨੰਦਾ):
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ਤੇ ਅੱਜ ਦੇਸ਼ ਭਰ ਦੇ 10 ਲੱਖ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ 2 ਦਿਨ ਦੀ ਹੜਤਾਲ ਸ਼ੁਰੂ ਕੀਤੀ । ਦੇਸ਼ ਦੀਆਂ ਨੌ ਜੱਥੇਬੰਦੀਆਂ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ.), ਆਲ ਇੰਡੀਆ ਬੈਂਕ ਆਫੀਸਰਜ਼ ਕਨਫਰਡੇਸ਼ਨ (ਏ.ਆਈ.ਬੀ.ਓ.ਸੀ.), ਨੈਸ਼ਨਲ ਕਨਫਰਡੇਸ਼ਨ ਆਫ ਬੈਂਕ ਇੰਪਲਾਈਜ਼ (ਐਨ.ਸੀ.ਬੀ.ਈ.), ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ (ਏ.ਆਈ.ਬੀ.ਓ.ਏ.), ਬੈਂਕ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ (ਬੈਫੀ), ਆਲ ਇੰਡੀਆ ਬੈਂਕ ਇੰਪਲਾਈਜ਼ ਫੈਡਰੇਸ਼ਨ (ਏ.ਆਈ.ਬੀ.ਈ. ਐਫ.), ਐਨ.ਓ.ਬੀ.ਡਬਲਯੂ., ਐਨ.ਓ.ਬੀ.ਓ. ਨੇ ਮਿਲਕੇ ਹੜ੍ਹਤਾਲ ਦਾ ਸੱਦਾ ਦਿੱਤਾ ਹੈ । ਬੈਂਕ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਤਨਖਾਹ ਸੋਧ ਜਲਦੀ ਕਰਨ ਅਤੇ ਬੈਂਕਿੰਗ ਉਦਯੋਗ ਵਿੱਚ ਰਿਫਾਰਮਜ਼ ਰੋਕਣਾ ਸ਼ਾਮਲ ਹਨ । ਲੁਧਿਆਣਾ ਵਿਖੇ ਬੈਂਕ ਮੁਲਾਜ਼ਮਾਂ ਨੇ ਭਾਰਤ ਨਗਰ ਚੌਂਕ ਸਥਿਤ ਕੈਨਰਾ ਬੈਂਕ ਦੇ ਸਾਹਮਣੇ ਇੱਕਠੇ ਹੋ ਕੇ ਭਰਵੀਂ ਰੈਲੀ ਕੀਤੀ । ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਤਨਖਾਹ ਸੋਧ 1 ਨਵੰਬਰ 2012 ਤੋਂ ਹੋਣੀ ਬਣਦੀ ਹੈ । 15 ਮਹੀਨੇ ਬੀਤਣ ਦੇ ਬਾਅਦ ਵੀ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ.) ਵੱਲੋਂ ਟਾਲ-ਮਟੋਲ ਕੀਤੀ ਜਾ ਰਹੀ ਹੈ । ਜਦੋਂ ਕਿ ਰਸਮੀ ਗੱਲਬਾਤ ਫਰਵਰੀ 2013 ਵਿੱਚ ਸ਼ੁਰੂ ਹੋ ਗਈ ਸੀ । ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ 18 ਦਸੰਬਰ 2013 ਨੂੰ ਇੱਕ ਦਿਨ ਦੀ ਹੜਤਾਲ ਕੀਤੀ ਸੀ । ਆਈ.ਬੀ.ਏ. ਵੱਲੋਂ
ਪੇ-ਸਲਿੱਪ ਵਿੱਚ 5% ਦਾ ਵਾਧਾ ਕਰਨ ਦੀ ਗੱਲ ਕਰਕੇ ਕੋਝਾ ਮਜ਼ਾਕ ਕੀਤਾ ਗਿਆ ਸੀ ਜੋ ਕਿ ਬਾਅਦ ਵਿੱਚ ਵਧਾ ਕੇ 9.5% ਅਤੇ ਫਿਰ 10% ਤੱਕ ਕਿਹਾ ਗਿਆ । ਇੱਥੇ ਇਹ ਗੱਲ ਵਰਨਣਯੋਗ ਹੈ ਕਿ ਲਗਾਤਾਰ ਬੇਰੋਕ ਵੱਧ ਰਹੀ ਮਹਿੰਗਾਈ ਦੀ ਦਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਖੋਰਾ ਲਾ ਦਿੱਤਾ ਹੈ ਜਿਸ ਕਰਕੇ ਤਨਖਾਹਾਂ ਵਿੱਚ ਸੋਧ ਕਰਨੀ ਜ਼ਰੂਰੀ ਹੋ ਗਈ ਹੈ । ਨਵੰਬਰ 2007 ਤੋਂ ਦਿਸੰਬਰ 2013 ਤੱਕ ਉਪ-ਭੋਗਤਾ ਸੂਚਕ ਅੰਕ ਵਿੱਚ 2400 ਪੁਆਇੰਟ ਦਾ ਵਾਧਾ ਹੋਇਆ ਹੈ । ਬੁਲਾਰਿਆਂ ਨੇ ਅੱਗੇ ਕਿਹਾ ਕਿ ਬੈਂਕ ਦੇ ਕੰਮਕਾਜ ਵਿੱਚ ਅਥਾਹ ਵਾਧਾ ਹੋਇਆ ਹੈ ਪਰ ਉਸ ਦੇ ਮੁਕਾਬਲੇ ਸਟਾਫ ਦੀ ਭਰਤੀ ਨਹੀਂ ਕੀਤੀ ਗਈ । ਭਾਵੇਂ ਸਬਸਿਡੀ ਦੇਣ ਲਈ ਅਧਾਰ ਕਾਰਡ ਨੂੰ ਲੋਕਾਂ ਦੇ ਬੈਂਕ ਖਾਤਿਆਂ ਨਾਲ ਜੋੜਨਾ ਇੱਕ ਚੰਗਾ ਕਦਮ ਹੈ । ਪਰ ਇਸ ਨਾਲ ਬੈਂਕ ਕਰਮਚਾਰੀਆਂ ਦੇ ਕੰਮ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ । ਰੈਲੀ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਬੈਂਕ ਇੰਪਲਾਇਜ਼ ਫੈਡਰੇਸ਼ਨ ਦੇ ਚੇਅਰਮੈਨ ਕਾਮਰੇਡ ਸੁਦੇਸ਼ ਕੁਮਾਰ ਜੁਆਇੰਟ ਕੌਂਸਲ ਆਫ ਟ੍ਰੇਡ ਯੂਨੀਅਨਜ਼ ਦੇ ਜਨਰਲ ਸਕੱਤਰ ਕਾਮਰੇਡ ਡੀ.ਪੀ. ਮੋੜ, ਯੂ.ਐਫ.ਬੀ.ਯੂ. ਲੁਧਿਆਣਾ ਦੇ ਕਨਵੀਨਰ ਕਾਮਰੇਡ ਨਰੇਸ਼ ਗੌੜ, ਕਾਮਰੇਡ ਗੁਲਸ਼ਨ ਚੌਹਾਨ, ਕਾਮਰੇਡ ਰਾਕੇਸ਼ ਖੰਨਾ, ਕਾਮਰੇਡ ਬਲਜਿੰਦਰ ਸਿੰਘ, ਕਾਮਰੇਡ ਜੇ.ਪੀ. ਕਾਲਰਾ, ਕਾਮਰੇਡ ਡੀ.ਸੀ. ਲਾਂਡਰਾ, ਕਾਮਰੇਡ ਗੁਰਬਚਨ ਸਿੰਘ ਆਦਿ ਸ਼ਾਮਲ ਸਨ ।

देश भर में बैंक हड़ताल से कामकाज ठप्प रहा Video

No comments: