Monday, January 06, 2014

ਸਰਕਾਰਾਂ ਨੇ ਸ਼ਹੀਦ ਸਰਾਭੇ ਦੀ ਕੁਰਬਾਨੀ ਦਾ ਕੌਡੀ ਮੁੱਲ ਨਹੀਂ ਪਾਇਆ--ਸੁਖਦੇਵ ਕੌਰ

Mon, Jan 6, 2014 at 3:43 PM
ਸਰਾਬ ਪੀ ਕੇ ਮਰਨ ਵਾਲਿਆਂ ਨੂੰ ਤਾਂ 66 ਘੰਟਿਆਂ 'ਚ ਹੀ ਸ਼ਹੀਦ ਬਣਾ ਸਕਦੀਆਂ  
ਪਰ ਅਜ਼ਾਦੀ ਦੇ ਪਰਵਾਨਿਆ ਦੀ 66 ਸਾਲ ਬੀਤ ਜਾਣ  ਤੇ ਵੀ ਯਾਦ ਨਹੀਂ ਆਈ
ਬੀਬੀ ਸੁਖਦੇਵ ਕੌਰ ਮੀਟਿੰਗ ਦੌਰਾਨ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨਾਲ
ਲੁਧਿਆਣਾ, 6 ਜਨਵਰੀ ( ਸਤਪਾਲ ਸੋਨੀ//ਪੰਜਾਬ ਸਕਰੀਨ):
ਪੰਜਾਬੀ ਭਵਨ ਲੁਧਿਆਣਾ ਵਿਖੇ ਅਜ਼ਾਦੀ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਹੋਏ 99 ਸਾਲ ਸਾਲ ਬੀਤ ਜਾਣ ਤੇ ਹਾਲੇ ਤੱਕ ਉਸ ਨੂੰ ਸ਼ਹੀਦ ਨਾ ਮਨ ਕੇ ਉਸ ਦੀ ਭਰ ਜਵਾਨੀ ‘ਚ ਦਿੱਤੀ ਕੁਰਬਾਨੀ ਦਾ ਕੌਡੀ ਮੁੱਲ ਵੀ ਨਹੀਂ ਪਾਇਆ । । ਇਹ ਵਿਚਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਭੈਣ ਧੰਨ ਕੌਰ ਦੀ ਪੋਤਰੀ ਸੁਖਦੇਵ ਕੌਰ ਨੇ ਮੀਟਿੰਗ ਦੌਰਾਨ ਆਖੇ।ਉਹਨਾਂ ਕਿਹਾ ਕਿ ਅੱਜ ਸਾਡੀਆਂ ਸਰਕਾਰਾਂ ਸਰਾਬੀਆਂ ਨੂੰ ਤਾਂ ਸ਼ਹੀਦ ਮਨ ਸਕਦੀਆ ਹਨ ਪਰ ਦੇਸ਼ ਕੌਮ ਦੀ ਖਾਤਰ ਆਪਣਾ ਸਾਰਾ ਕੁਝ ਵਾਰਨ ਵਾਲਿਆਂ ਨੂੰ ਹਾਲੇ ਤੱਕ ਸ਼ਹੀਦ ਮੰਨਣ ਲਈ ਤਿਆਰ ਨਹੀਂ ਹਨ। । ਇਸ ਮੌਕੇ ਵੱਖ ਵੱਖ ਜੱਥੇਬੰਦੀਆਂ ਜਿੰਨਾਂ ਵਿੱਚ ਸ਼ਹੀਦ ਭਗਤ ਸਿੰਘ ਸੱਭਿਆਚਾਰ ਕੇਂਦਰ ਲੁਧਿਆਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਲੀਲ, ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰ ਕਮੇਟੀ ਦੇ ਆਗੂ ਬਲਦੇਵ ਸਿੰਘ ਸਰਾਭਾ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਅਰੁਣ ਕੁਮਾਰ, ਡੀ. ਈ . ਐਫ ਦੇ ਪ੍ਰਧਾਨ ਰਮਨਜੀਤ ਸੰਧੂ, ਪਰਮਜੀਤ ਸਿੰਘ ਕੈਲੇ, ਅੰਮ੍ਰਿਤ ਸਿੰਘ ਸਰਾਭਾ, ਸਨੀ ਦੌਰਾਹਾ, ਦਵਿੰਦਰ ਸਿੰਘ ਕੋਟਕਪੂਰਾ ਸਤਿੰਦਰ ਖੰਡੂਰ ਅਤੇ ਦੀਪਕ ਖੰਡੂਰ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਇੱਕ ਬਹੁਤ ਹੀ ਸੋਚੀ ਸਮਝੀ ਸਾਜਿਸ ਅਧੀਨ ਹੀ ਸਾਡੇ ਦੇਸ਼ ਦੀਆਂ ਸਰਕਾਰਾਂ ਵੱਲੋਂ ਸਾਡੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ  ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿਤਾ ਜਾ ਸਕਿਆ।।  ਉਹਨਾਂ ਅੱਗੇ ਕਿਹਾ ਕਿ ਇਹ ਸਰਕਾਰਾਂ ਸਰਾਬ ਪੀ ਕੇ ਮਰਨ ਵਾਲਿਆ ਨੂੰ ਤਾਂ 66 ਘੰਟਿਆਂ ਵਿੱਚ ਹੀ ਸ਼ਹੀਦ ਬਣਾ ਸਕਦੀਆ ਪਰ ਸਾਡੇ ਦੇਸ਼ ਦੀ ਅਜ਼ਾਦੀ ਦੇ ਪਰਵਾਨਿਆ ਦੀ 66 ਸਾਲ ਬੀਤ ਜਾਣ ਬਾਅਦ ਵੀ ਯਾਦ ਨਹੀਂ ਆਈ । ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ 26 ਜਨਵਰੀ ਤੱਕ ਸ਼ਹੀਦ ਸਰਾਭਾ ਨੂੰ ਕੌਮੀ ਸ਼ਹੀਦ ਮੰਨਣ, ਸ਼ਹੀਦ ਸਰਾਭਾ ਮਾਰਗ ਨੂੰ ਸਖਤੀ ਨਾਲ ਲਾਗੂ ਕਰਨ, ਸ਼ਹੀਦ ਸਰਾਭੇ ਦੇ ਘਰ ਦੇ ਕੰਮ ਨੂੰ ਜਲਦੀ ਸੁਰੂ ਕਰਨ ਅਤੇ 16 ਨਵੰਬਰ ਦੀ ਸਰਕਾਰੀ ਛੁੱਟੀ ਦਾ ਐਲਾਨ ਕਰਨ  ਵਰਗੀਆਂ ਹੱਕੀ ਮੰਗਾਂ ਵੱਲ ਨਾ ਧਿਆਨ ਦਿੱਤਾ ਤਾਂ 12 ਜਨਵਰੀ ਨੂੰ ਸ਼ਹੀਦ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਸਵੇਰੇ 11 ਵਜੇ ਰੱਖੀ ਗਈ ਸਮੂਹ ਜੱਥੇਬੰਦੀਆਂ ਦੀ ਮੀਟਿੰਗ ਕਰਨ ਉਪਰੰਤ ਸ਼ਹੀਦ ਸਰਾਭਾ ਸੰਘਰਸ਼ ਕਮੇਟੀ ਦੀ ਚੋਣ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ।

No comments: