Saturday, November 16, 2013

ਸੀਪੀਆਈ ਅਤੇ ਸੀਪੀਐਮ ਵੱਲੋਂ ਸ਼ਹੀਦ ਸਰਾਭਾ ਨੂੰ ਸ਼ਰਧਾਂਜਲੀ

Sat, Nov 16, 2013 at 3:39 PM
ਮਾਡਲ ਗ੍ਰਾਮ ਸਟੇਸ਼ਨ ਦਾ ਨਾਮ ਸ਼ਹੀਦ ਸਰਾਭਾ ਦੇ ਨਾਮ ਤੇ ਰੱਖਣ ਦੀ ਮੰਗ 
ਲੁਧਿਆਣਾ: 16 ਨਵੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਭਾਰਤੀ ਕਮਿਉਨਿਸਟ ਪਾਰਟੀ ਅਤੇ ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਨੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਤੇ ਮਾਡਲ ਗਰਾਮ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਡਲ ਗਰਾਮ ਰੇਲਵੇ ਸਟੇਸ਼ਨ ਲੁਧਿਆਣਾ ਰੱਖਣ ਦੀ ਮੰਗ ਕੀਤੀ। ਗ਼ਦਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਕੀਤੇ ਜਨਤਕ ਸਮਾਗਮ ਵਿੱਚ ਬੋਲਦੇ ਵੱਖ ਵੱਖ ਬੁਲਾਰਿਆਂ ਨੇ ਗ਼ਦਰੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਗਏ ਬਹੁਤ ਸਾਰੇ ਨੌਜਵਾਨਾਂ ਨੇ ਉਹਨਾਂ ਦੇਸ਼ਾਂ ਵਿੱਚ ਜਾ ਕੇ ਅਜ਼ਾਦ ਹਵਾ ਦਾ ਆਨੰਦ ਮਾਣਿਆ ਤੇ ਇਸਤੋਂ ਉਤਸ਼ਾਹਿਤ ਹੋ ਕੇ ਭਾਰਤ ਵਿੱਚ ਆ ਕੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਦਾ ਬਿਗੁਲ ਵਜਾਇਆ ਅਤੇ ਕੁਰਬਾਨੀਆਂ ਦਿੱਤੀਆਂ। ਉਹਨਾਂ ਨੇ ਧਰਮ ਨਿਰਪੱਖ ਅਤੇ ਸਭਨਾਂ ਦੇ ਲਈ ਬਰਾਬਰ ਦੇ ਅਵਸਰ ਵਾਲਾ ਭਾਰਤ ਸਿਰਜਣ ਦਾ ਸੁਪਨਾ ਲਿਆ ਸੀ। ਬੁਲਾਰਿਆਂ ਨੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਧਰਮ ਨਿਰਪੱਖਤਾ, ਲੋਕਤੰਤਰ ਅਤੇ ਲੋਕ ਪੱਖੀ ਆਰਥਿਕ ਨੀਤੀਆਂ ਦੇ ਲਈ ਲੋਕਾਂ ਨੂੰ ਇੱਕ ਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਤਾਂ ਜੋ ਸਰਕਾਰਾਂ ਵਲੋਂ ਅਪਣਾਈਆਂ ਜਾ ਰਹੀਆਂ ਆਰਥਿਕ ਨੀਤੀਆਂ ਰਾਹੀਂ ਦੇਸ਼ ਨੂੰ ਵਿਦੇਸ਼ੀ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਨੂੰ ਗਹਿਣੇ ਪਾਣ ਤੋਂ ਰੋਕਿਆ ਜਾ ਸਕੇ। ਕਰਤਾਰ ਸਿੰਘ ਸਰਾਭਾ ਜਿਹਨਾ ਨੇ ਭਰ ਜਵਾਨੀ ਵਿੱਚ ਦੇਸ਼ ਦੀ ਅਜ਼ਾਦੀ ਦੇ ਲਈ ਆਪਣਾ ਜੀਵਨ ਬਲਿਦਾਨ ਕਰ ਦਿੱਤਾ, ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਕਮਿਉਨਿਸਟ ਪਾਰਟੀਆਂ ਵਲੋਂ ਆਯੋਜਿਤ ਇਸ ਸਮਾਗਮ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਕਾਰਕੁਨ ਸ਼ਾਮਲ ਹੋਏ ਜਿਹਨਾ ਨੇ ਸਾਮਰਾਜ, ਫ਼ਿਰਕਾਪਰਸਤੀ, ਭਾਰਤ ਅਮਰੀਕਾ ਕੂਟਨੀਤਿਕ ਸਾਂਝ, ਵੱਧ ਰਹੀ ਮਹਿੰਗਾਈ ਅਤੇ ਸੂਬੇ ਵਿੱਚ ਅਮਨ ਕਾਨੂੰਨ ਦੀ ਮੰਦੀ ਹਾਲਤ ਦੇ ਵਿਰੋਧ ਵਿੱਚ ਅਵਾਜ਼ ਬੁਲੰਦ ਕੀਤੀ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਅਜ਼ਾਦੀ ਦੇ ਸੰਘਰਸ਼ ਵਿੱਚ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਤੇ ਚਾਨਣ ਪਾਇਆ। ਉਹਨਾ ਦੇ ਵਿਚਾਰਾਂ ਦੀ ਮਹੱਤਤਾ ਬਾਰੇ ਵੇਰਵਾ ਦਿੰਦੇ ਹੋਏ ਬੁਲਾਰਿਆਂ ਨੇ ਕਿਹਾ ਕੀ ਅਥਾਹ ਕੁਰਬਾਨੀਆਂ ਦੇ ਨਾਲ ਲਿਆਂਦੀ ਅਜ਼ਾਦੀ ਨੂੰ ਬਰਕਰਾਰ ਰੱਖਣਾ ਅਤੇ ਮਜ਼ਬੂਤ ਕਰਨਾ ਸਾਡੀ ਸਭ ਦੀ ਜ਼ੁੰਮੇਵਾਰੀ ਹੈ। ਬੁਲਾਰਿਆਂ ਨੇ ਉਹਨਾ ਕੱਟੜਪੰਥੀ ਸ਼ਕਤੀਆਂ ਤੋਂ ਸੁਚੇਤ ਰਹਿਣ ਤੇ ਜ਼ੋਰ ਦਿੱਤਾ ਜੋ ਸਮਾਜ ਨੂੰ ਧਰਮ, ਜਾਤ ਅਤੇ ਇਲਾਕਾਵਾਦ ਦੇਨਾਂ ਤੇ ਵੰਡ ਕੇ ਆਪਣੇ ਸੌੜੇ ਹਿੱਤ ਪੂਰੇ ਕਰਨਾ ਚਾਹੁੰਦੀਆਂ ਹਨ ਜਿਸਦੇ ਕਾਰਣ ਸਾਡੇ ਦੇਸ਼ ਅਤੇ ਸਮਾਜ ਦਾ ਭਾਈਚਾਰੇ ਅਤੇ ਧਰਮ ਨਿਰਪੱਖਤਾ ਦਾ ਮੁੱਢਲਾ ਢਾਂਚਾ ਖੇਰੂ ਖੇਰੂ ਹੋਣ ਦਾ ਖ਼ਦਸ਼ਾ ਹੈ। ਕਈ ਕਿਸਮ ਦਾ ਫ਼ੈਲਿਆ ਅੱਤਵਾਦ ਅੱਜ ਸਾਡੇ ਲਈ ਇੱਕ ਗੰਭੀਰ ਖਤਰਾ ਹੈ ਜਿਸਦਾ ਮੁਕਾਬਲਾ ਰਲ ਮਿਲ ਕੇ ਕੀਤਾ ਜਾ ਸਕਦਾ ਹੈ। ਦੇਸ਼ ਅੰਦਰ ਹੋ ਰਹੇ ਆਰਥਿਕ ਵਿਕਾਸ ਦਾ ਲਾਭ ਸਭ ਨੂੰ ਪੁਚਾਉਣ ਦੇ ਲਈ ਆਰਥਿਕ ਨੀਤੀਆਂ ਵਿੱਚ ਪਰੀਵਰਤਨ ਅਤੇ ਇਹਨਾ ਨੂੰ ਲੋਕ ਪੱਖੀ ਬਨਾਉਣ ਦੀ ਲੋੜ ਹੈ। ਵਿੱਦਿਆ ਦੇ ਵਪਾਰੀਕਰਨ ਨੂੰ ਬੰਦ ਕੀਤਾ ਜਾਏ। ਵਿੱਦਿਆ ਤੇ ਸਿਹਤ ਸੇਵਾਵਾਂ ਲੋਕਾਂ ਦੀ ਪਹੁੰਚ ਤੋਂ ਪਰੇ ਹੁੰਦੀਆਂ ਜਾ ਰਹੀਆਂ ਹਨ। ਇਹਨਾ ਨੂੰ ਲੋਕਾਂ ਦੀ ਪਹੁੰਚ ਅੰਦਰ ਲਿਆਂਦਾ ਜਾਏ। ਬੁਲਾਰਿਆਂ ਨੇ ਕਿਹਾ ਕਿ ਇਸਦੇ ਲਈ ਲਗਾਤਾਰ ਜਨਤਕ ਸੰਘਰਸ਼ਾਂ ਦੀ ਲੋੜ ਹੈ ਨਹੀਂਂ ਤਾਂ ਸਾਡੇ ਦੇਸ਼ ਤੇ ਸਾਮਰਾਜ ਦੀ ਜਕੜ ਭਾਰਤ ਅਮਰੀਕਾ ਪਰਮਾਣੂ ਸਮਝੌਤੇ ਵਰਗੇ ਸਮਝੌਤਿਆਂ ਰਾਹੀਂ ਵਧਦੀ ਜਾਏਗੀ ਅਤੇ ਅਸੀਂ ਉਹਨਾ ਦੇ ਮਨਸੂਬਿਆਂ ਨੂੰ ਪੂਰਾ ਕਰਨ ਦੇ ਲਈ ਅਮਰੀਕਾ ਦੇ ਦੋ ਨੰਬਰ ਦੇ ਕੂਟਨੀਤਿਕ ਸਹਿਯੋਗੀ ਬਣ ਜਾਵਾਂਗੇ। ਬੁਲਾਰਿਆਂ ਨੇ ਆÀਂਦੀਆਂ ਚੋਣਾ ਵਿੱਚ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਦੋਨਾਂ ਨੂੰ ਹਰਾ ਕੇ ਲੋਕਤੰਤਰਿਕ ਤੇ ਲੋਕ ਪੱਖੀ ਸ਼ਕਤੀਆਂ ਨੂੰ ਜਿਤਾਉਣ ਦਾ ਸੱਦਾ ਦਿੱਤਾ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ ਭਾਰਤੀ ਕਮਿਉਨਿਸਟ ਪਾਰਟੀ (ਭਾ ਕ ਪਾ) ਦੇ ਜ਼੍ਹਿਲਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ, ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ (ਮਾ ਕ ਪਾ) ਦੇ ਸੂਬਾ ਕਮੇਟੀ ਮੈਂਬਰ ਕਾ ਸੁਖਵਿੰਦਰ ਸੇਖੋਂ, ਜ਼ਿਲਾ ਸਕੱਤਰ ਕਾ ਅਮਰਜੀਤ ਮੱਟੂ, ਕਾ ਓ ਪੀ ਮਹਿਤਾ, ਕਾ ਡਾ: ਅਰੁਣ ਮਿੱਤਰਾ-ਸਹਾਇਕ ਸਕੱਤਰ ਭਾਰਤੀ ਕਮਿਉਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ, ਕਾ ਡੀ ਪੀ ਮੌੜ, ਕਾ ਰਮੇਸ਼ ਰਤਨ, ਸ਼ਹਿਰੀ ਸਕੱਤਰ ਕਾ ਸੁਖਵਿੰਦਰ ਲੋਟੇ, ਕਾ ਜਤਿੰਦਰ ਪਾਲ, ਕਾ ਗੁਰਨਾਮ ਸਿੰਘ ਸਿੱਧੂ, ਕਾ ਜਗਦੀਸ਼, ਕਾ ਸਮਰ ਬਹਾਦੁਰ, ਕਾ ਰਾਮਾਧਾਰ ਸਿੰਘ, ਕਾ ਗੁਰਨਾਮ ਸਿੰਘ ਗਿੱਲ, ਕਾ ਰਘਬੀਰ ਸਿੰਘ, ਕਾ ਮਨਜੀਤ ਸਿੰਘ, ਕਾ ਕੁਲਦੀਪ ਸਿੰਘ ਬਿੰਦਰ, ਕਾ ਕੇਵਲ ਸਿੰਘ ਬਨਵੈਤ, ਕਾ ਪਰਦੀਪ ਸਿੰਘ, ਕਾ ਗੁਲਜ਼ਾਰ ਸਿੰਘ, ਕਾ ਰਾਮ ਲਾਲ। ਕਾ ਸੁਰਿੰਦਰ ਨੇ ਇਨਕਲਾਬੀ ਕਵਿਤਾਵਾਂ ਪੜ੍ਹੀਆਂ। 

No comments: