Saturday, November 16, 2013

ਭਾਈ ਦਲਜੀਤ ਸਿੰਘ ਬਿੱਟੂ ਸਮੇਤ 11 ਬਰੀ

ਹੁਣ ਕੇਵਲ 4 ਕੇਸ ਬਾਕੀ: ਇਹਨਾਂ ਕੇਸਾਂ ਵਿਚ ਵੀ ਕੋਈ ਦਮ ਨਹੀਂ
ਸਰਦੂਲਗੜ੍ਹ, 15 ਨਵੰਬਰ, 2013 (ਮੰਝਪੁਰ): ਅੱਜ ਇੱਥੇ 2008 ਦੇ ਇਕ ਕੇਸ ਵਿਚ ਸ੍ਰੀ ਅਸ਼ੀਸ਼ ਕੁਮਾਰ ਬਾਂਸਲ ਦੀ ਮਾਨਯੋਗ ਅਦਾਲਤ ਵਲੋਂ ਭਾਈ ਦਲਜੀਤ ਸਿੰਘ ਬਿੱਟੂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਖ਼ਾਲਸਾ, ਏਕ ਨੂਰ ਖ਼ਾਲਸਾ ਫੌਜ ਦੇ  ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਖ਼ਾਲਸਾ ਸਮੇਤ 11 ਸਿੰਘਾਂ ਨੂੰ ਬਰੀ ਕਰ ਦਿੱਤਾ।
ਇਹ ਕੇਸ ਥਾਣਾ ਕੋਟ ਧਰਮੂੰ (ਮਾਨਸਾ) ਦੀ ਪੁਲਿਸ ਵਲੋਂ ਪਿੰਡ ਨੰਗਲ ਖੁਰਦ ਵਿਚ ਡੇਰਾ ਸਿਰਸਾ ਦੀ ਬਰਾਂਚ ਖੋਲਣ ਦੇ ਵਿਰੋਧ ਵਿਚ ਲਾਏ ਮੋਰਚੇ ਖਿਲਾਫ ਭਾਰਤੀ ਢੰਡਾਵਲੀ ਦੀ ਧਾਰਾ 148 ਤੇ 341 ਅਧੀਨ ਦਰਜ਼ ਕੀਤਾ ਗਿਆ ਸੀ। ਇਸ ਮੌਕੇ ਸਫਾਈ ਧਿਰ ਵਲੋਂ ਐਡਵੋਕੇਟ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਮਾਨਯੋਗ ਕੋਰਟ ਵਲੋਂ ਕੋਈ ਠੋਸ ਸਬੂਤ ਜਾਂ ਗਵਾਹ ਦੀ ਅਣਹੋਂਦ ਅਤੇ ਸਫਾਈ ਧਿਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅੱਜ ਇਹ ਕੇਸ ਬਰੀ ਕਰ ਦਿੱਤਾ।
ਇਸ ਮੌਕੇ ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈੱਸ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਦਲਜੀਤ ਸਿੰਘ ਬਿੱਟੂ ਉਪਰ ਹੁਣ ਕੇਵਲ 4 ਕੇਸ ਬਾਕੀ ਰਹਿ ਗਏ ਹਨ ਜਿਹਨਾਂ ਵਿਚ 2 ਲੁਧਿਆਣਾ, 1 ਜਲੰਧਰ ਤੇ 1 ਮਾਨਸਾ ਵਿਚ ਵਿਚਾਰਧੀਨ ਹਨ ਅਤੇ ਇਹਨਾਂ 4 ਕੇਸਾਂ ਵਿਚ ਵੀ ਸਰਕਾਰੀ ਪੱਖ ਤੋਂ ਕੋਈ ਦਮ ਨਹੀਂ ਹੈ ਅਤੇ ਇਹ ਵੀ ਆਉਂਦੇ ਸਮੇਂ ਵਿਚ ਬਰੀ ਹੋ ਜਾਣੇ ਹਨ। ਉਹਨਾਂ ਕਿਹਾ ਕਿ ਸਰਕਾਰ ਵਲੋਂ ਇਹ ਸਾਰੇ ਕੇਸ ਭਾਈ ਸਾਹਿਬ ਨੂੰ ਲੰਮਾ ਸਮਾਂ ਜੇਲ੍ਹ ਵਿਚ ਰੱਖਣ ਲਈ ਪਾਏ ਗਏ ਹਨ।

No comments: