Saturday, October 19, 2013

ਅਪਰਾਧਾਂ ਤੇ ਨਸ਼ਿਆਂ ਦੇ ਖ਼ਿਲਾਫ਼ ਜਨ ਅੰਦੋਲਨ ਦੀ ਲੋੜ

ਲੁਧਿਆਣਾ ਸੈਮੀਨਾਰ ਦੌਰਾਨ ਸਾਹਮਣੇ ਆਈਆਂ ਕਈ ਕੌੜੀਆਂ ਹਕੀਕਤਾਂ 

ਸ਼੍ਰੀ ਸ਼ਸ਼ੀ ਕਾਂਤ
ਲੁਧਿਆਣਾ19ਅਕਤੂਬਰ2013:(ਰੈਕਟਰ ਕਥੂਰੀਆ//ਪੰਜਾਬ ਸਕਰੀਨ):ਸੋਸ਼ਲ ਥਿੰਕਰਜ਼ ਫ਼ੋਰਮ ਅਤੇ ਲੋਕ ਸਾਹਿਤ ਮੰਚ ਵਲੋਂ "ਵੱਧ ਰਹੇ ਅਪਰਾਧ-ਕਾਰਣ ਅਤੇ ਹੱਲ" ਵਿਸ਼ੇ ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਸੈਮੀਨਾਰ ਵਿੱਚ ਸ਼ਾਮਲ ਲੋਕਾਂ ਨੇ ਦਿਨੋਂ ਦਿਨ ਵਧ ਰਹੀ ਅਪਰਾਧ ਦੀ ਦਰ ਤੇ ਚਿੰਤਾ ਪਰਗਟ ਕਰਦਿਆਂ ਕਿਹਾ ਕਿ ਪੰਜਾਬ ਪ੍ਰਾਂਤ ਅਸੁਰਖਿਅਤ ਹੁੰਦਾ ਜਾ ਰਿਹਾ ਹੈ। ਲੁੱਟਾਂ-ਖੋਹਾਂ, ਚੋਰੀਆਂ ਅਤੇ ਡਕੈਤੀਆਂ ਦੇ ਨਾਲ-ਨਾਲ ਔਰਤਾਂ ਤੇ ਬੱਚਿਆਂ ਦੇ ਵਿਰੁੱਧ ਹੁੰਦੇ ਜੁਰਮਾਂ ਵਿੱਚ ਵੀ ਤੇਜੀ ਨਾਲ ਵਾਧਾ ਹੋ ਰਿਹਾ ਹੈ। ਕੁੱਝ ਰਾਜਨੇਤਾਵਾਂ, ਪੁਲਿਸ ਅਤੇ ਅਫ਼ਸਰਸ਼ਾਹੀ ਦੀ ਸਰਪਰਸਤੀ ਕਰਕੇ ਮਾਫ਼ੀਏ ਦੇ ਪੈਰ ਜੰਮ ਗਏ ਹਨ। ਇਸ ਮੌਕੇ ਤੇ ਬੋਲਦਿਆਂ ਸਾਬਕਾ ਡੀ ਜੀ ਪੀ ਜੇਲ੍ਹ ਪੰਜਾਬ ਸ਼੍ਰੀ ਸ਼ਸ਼ੀ ਕਾਂਤ ਨੇ ਚੇਤਾਵਨੀ ਦਿੱਤੀ ਕਿ ਮਾਫ਼ੀਆ ਖਾਸ ਕਰ ਕੇ ਡਰਗ ਮਾਫ਼ੀਆ ਬਹੁਤ ਮਜ਼ਬੂਤ ਹੋ ਚੁੱਕਾ ਹੈ ਅਤੇ ਇਸਨੇ ਬੜੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਲਾ ਕੇ ਬਰਬਾਦ ਕਰ ਦਿੱਤਾ ਹੈ ਜੋ ਕਿ ਪੰਜਾਬ ਵਿੱਚ ਅਪਰਾਧਾਂ ਦੀ ਦਰ ਵਧਣ ਦਾ ਇੱਕ ਵੱਡਾ ਕਾਰਣ ਬਣ ਗਿਆ ਹੈ। ਉਹਨਾ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰਾਂ ਦਾ ਮਾਫ਼ੀਆ ਰਾਜਨੀਤਿਕ ਸ਼ਹਿ ਅਤੇ ਸਰਪ੍ਰਸਤੀ ਤੋਂ ਬਿਨਾ ਵੱਧ ਫ਼ੁੱਲ ਨਹੀਂ ਸਕਦਾ। ਅਪਰਾਧੀ ਪ੍ਰਵਿਰਤੀ ਦੇ ਲੋਕਾਂ ਦੇ ਵਲੋਂ ਤਾਕਤ ਅਤੇ ਪੈਸੇ ਦੀ ਦੁਰਵਰਤੋਂ ਕਰਕੇ, ਜਾਤ ਪਾਤ ਅਤੇ ਫ਼ਿਰਕੂ ਨਾਅਰਿਆਂ ਕਰਕੇ ਚੋਣਾਂ ਜਿੱਤ ਕੇ ਸੰਸਦ ਅਤੇ ਅਸੈਂਬਲੀਆਂ ਵਿੱਚ ਆਉਣ ਦੇ ਕਾਰਣ ਲੋਕਤੰਤ੍ਰਿਕ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ਲੋਕਾਂ ਦਾ ਇਹਨਾਂ ਸੰਸਥਾਵਾਂ ਵਿੱਚ ਵਿਸ਼ਵਾਸ ਡੋਲਦਾ ਜਾ ਰਿਹਾ ਹੈ। ਇਹ ਦੇਸ਼ ਅਤੇ ਸਮਾਜ ਦੇ ਲਈ ਘਾਤਕ ਹੈ।
ਸ਼੍ਰੀ ਵਿਜੈ ਸਿਮਹਾ
ਤਹਿਲਕਾ ਡਾਟ ਕਾਮ ਦੇ ਸਾਬਕਾ ਕਾਰਜਕਾਰੀ ਸੰਪਾਦਕ ਸ਼੍ਰੀ ਵਿਜੈ ਸਿਮਹਾ ਜੋ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਹਨ, ਦਿੱਲੀ ਤੋਂ ਉਚੇਚੇ ਤੌਰ ਤੇ ਇਸ ਗੋਸ਼ਟੀ ਵਿੱਚ ਸ਼ਾਮਲ ਹੋਏ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਨਸ਼ਿਆਂ ਵੱਲ ਵਧਣ ਦਾ ਪ੍ਰਮੁੱਖ ਕਾਰਨ ਹੈ ਕਿ ਉਹਨਾਂ ਦੇ ਸਾ੍ਹਮਣੇ ਕੋਈ ਰੋਲ ਮਾਡਲ ਨਹੀਂ ਤੇ ਨਸ਼ੇ ਅਸਾਨੀ ਨਾਲ ਮੁੱਹਈਆ ਹੋਣ ਕਰਕੇ ਉਹ ਇਹਨਾਂ ਦਾ ਸ਼ਿਕਾਰ ਬਣ ਜਾਂਦਾ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਸੂਬਾਈ ਸਰਕਾਰ ਨਸ਼ਿਆਂ ਦੇ ਮਾਫ਼ੀਆ ਦੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਨਿਸ਼ਾਨਾਂ ਬਣਾ ਰਹੀ ਹੈ ਅਤੇ ਉਹਨਾਂ ਨੂੰ ਮਰਵਾਇਆ ਵੀ ਜਾ ਸਕਦਾ ਹੈ, ਉਹਨਾਂ ਨੇ ਕਿਹਾ। ਸ਼੍ਰੀ ਸਿਮਹਾ ਨੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੁਝ ਨੁਕਤੇ ਸੁਝਾਏ। ਜਿਵੇਂ ਕਿ ਨਸ਼ਿਆਂ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਸਮਾਜ ਦਾ ਦੁਸ਼ਮਣ ਸਮਝਿਆ ਜਾਵੇ। ਇਹ ਵਿਸ਼ਾ ਕਿਤਾਬਾਂ ਵਿੱਚ ਹੋਣਾ ਚਾਹੀਦਾ ਹੈ ਅਤੇ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਇਸਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਸਮਝਾਣਾ ਚਾਹੀਦਾ ਹੈ। ਮਾਪਿਆਂ ਨੂੰ ਬੱਚਿਆਂ ਦੇ ਵਰਤਾਉ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਸੂਬੇ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਦੇ ਧੰਦਿਆਂ ਦੇ ਨੈਟਵਰਕ ਨੂੰ ਤਹਿਸ ਨਹਿਸ ਕਰੇ ਭਾਵੇਂ ਉਸ ਵਿੱਚ ਜਿੱਨੇਂ ਮਰਜ਼ੀ ਅਸਰ ਰਸੂਖ ਵਾਲੇ ਲੋਕ ਸ਼ਾਮਲ ਹੋਣ।
ਸ਼੍ਰੀ ਮਿੱਤਰ ਸੈਨ ਮੀਤ
ਸ਼੍ਰੀ ਮਿੱਤਰ ਸੈਨ ਮੀਤ, ਸਾਬਕਾ ਜ਼ਿਲ੍ਹਾ ਅਟਾਰਨੀ ਲੁਧਿਆਣਾ ਨੇ ਬੋਲਦਿਆਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਵਿੱਚ ਚੋਰ ਮੋਰੀਆਂ ਹੋਣ ਕਰਕੇ ਮੁਜਰਮ ਗਵਾਹਾਂ ਦੀ ਅਣਹੋਂਦ ਕਰਕੇ ਬਚ ਜਾਂਦੇ ਹਨ। ਨਸ਼ਾਖੋਰੀ ਦੇ ਕੋਹੜ ਨੂੰ ਰੋਕਣ ਲਈ ਕਾਨੂੰਨੀ ਪ੍ਰਕਿਰਿਆ ਬਾਰੇ ਬੋਲਦਿਆਂ ਉਹਨਾ ਕਿਹਾ ਕਿ ਇਸ ਪ੍ਰਕਿਰਿਆ ਦੀ ਪਹਿਲੀ ਕੜੀ ਪੁਲਿਸ ਹੈ ਜੋ ਮੁੱਢਲੇ ਕਾਨੂੰਨਾਂ ਦੀ ਪੂਰੀ ਜਾਣਕਾਰੀ ਨਾਂ ਹੋਣ ਕਰਕੇ ਕੋਰਟਾਂ ਵਿੱਚ ਕਮਜ਼ੋਰ ਚਾਰਜਸ਼ੀਟ ਦਾਇਰ ਕਰਦੀ ਹੈ। ਗੈਰ ਵਿਗਿਆਨਿਕ ਤਰੀਕੇ ਨਾਲ ਕੀਤੀ ਤਫ਼ਤੀਸ਼ ਕਰਕੇ ਮੁਜਰਮ ਫ਼ਾਇਦਾ ਲੈ ਜਾਂਦੇ ਹਨ ਤੇ ਬਰੀ ਹੋ ਜਾਂਦੇ ਹਨ। ਦੂਸਰੀ ਕੜੀ ਹੈ ਕਚਿਹਰੀ ਅਤੇ ਇੱਥੇ ਵੀ ਬਹੁਤ ਵੇਰ ਤਕਨੀਕੀ ਕਾਰਨਾ ਕਰਕੇ ਸੰਗੀਨ ਜੁਰਮ ਕਰਣ ਵਾਲੇ ਅਪਰਾਧੀ ਵੀ ਛੁੱਟ ਜਾਂਦੇ ਹਨ। ਇਸ ਤਰਾਂ ਪੇਸ਼ੇਵਰ ਅਪਰਾਧੀਆਂ ਦੇ ਹੌਸਲੇ ਵਧਦੇ ਹਨ ਅਤੇ ਉਹ ਹੋਰ ਜੁਰਮ ਕਰਦੇ ਹਨ। ਤੀਜੀ ਕੜੀ ਜੇਲ ਵੀ ਆਪਣੀ ਜੁੰਮੇਵਾਰੀ ਠੀਕ ਢੰਗ ਨਾਲ ਨਿਭਾਉਣ ਵਿੱਚ ਅਸਫ਼ਲ ਰਹੀ ਹੈ। ਅਮੀਰ ਤੇ ਅਸਰ ਰਸੂਖ ਵਾਲੇ ਅਤੇ ਅਪਰਾਧੀ ਰਾਜਨੇਤਾਵਾਂ ਨੂੰ ਵੀ ਆਈ ਪੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜੋ ਕੈਦ ਵਿੱਚ ਰੱਖਣ ਦੇ ਮਕਸਦ ਨੂੰ ਹੀ ਨਕਾਰ ਦਿੰਦੀਆਂ ਹਨ।
ਡਾ ਅਰੁਣ ਮਿੱਤਰਾ 
ਡਾ ਅਰੁਣ ਮਿੱਤਰਾ ਨੇ ਕਿਹਾ ਕਿ ਨਵ ਉਦਾਰਵਾਦੀ ਆਰਥਿਕ ਨੀਤੀਆਂ ਕਰਕੇ ਹਰ ਖੇਤਰ ਵਿੱਚ ਹੋਏ ਨਿੱਜੀਕਰਨ ਕਾਰਣ ਤੇਜੀ ਨਾਲ ਪੈਸਾ ਕਮਾਉਣ ਦੀ ਦੌੜ ਵਿੱਚ ਵਾਧਾ ਹੋਇਆ ਹੈ। ਇਸ ਨਾਲ ਕਿਸੇ ਵੀ ਚੰਗੇ ਭੈੜੇ ਤਰੀਕੇ ਨਾਲ ਵੱਧੋ ਵੱਧ ਮੁਨਾਫ਼ਾ ਕਮਾਉਣ ਦੀ ਲਾਲਸਾ ਵੱਧ ਰਹੀ ਹੈ। ਆਰਥਿਕ ਜੁਰਮਾਂ ਤੇ ਅਧਾਰਿਤ ਹੋਰ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ। ਅੱਜ ਕੱਲ ਸਾਰੀ ਦੁਨੀਆਂ ਵਿੱਚ ਨਸ਼ੇ ਦਾ ਵਪਾਰ ਸਭ ਤੋਂ ਵੱਡਾ ਵਪਾਰ ਬਣ ਗਿਆ ਹੈ। ਅਤੀ ਅਮੀਰ ਸ਼੍ਰੇਣੀ ਵਿੱਚ ਅੱਤ ਦਾ ਲੋਭ ਪੈਦਾ ਹੋ ਗਿਆ ਹੈ ਅਤੇ ਪੈਸੇ ਦੀ ਹੱਵਸ ਵਧ ਗਈ ਹੈ। ਮੱਧ ਵਰਗ ਅਮੀਰ ਬਣਨ ਦੇ ਸੁਪਨੇ ਲੈਂਦਾ ਹੈ ਤੇ ਕੇਵਲ ਭਰਮ ਪਾਲਦਾ ਰਹਿੰਦਾ ਹੈ । ਅਮੀਰ ਸ਼੍ਰੇਣੀ ਆਪਣੇ ਲਾਲਚ ਨੂੰ ਪੂਰਾ ਕਰਨ ਲਈ ਜੁਰਮ ਕਰਦੀ ਹੈ ਜਦੋਂ ਕਿ ਗਰੀਬ ਸ਼੍ਰੇਣੀ ਹੱਢ ਭੰਨਵੀਂ ਮਿਹਨਤ ਦੇ ਬਾਵਜੂਦ ਆਪਣੀਆਂ ਮੁੱਢਲੀਆਂ ਲੋੜਾਂ ਪੂਰੀਆਂ ਨਾਂ ਹੋਣ ਤੇ ਕਈ ਵੇਰ ਜੁਰਮ ਕਰਨ ਲਈ ਮਜਬੂਰ ਹੋ ਜਾਂਦੀ ਹੈ।
ਸ਼੍ਰੀ ਐਮ ਐਸ ਭਾਟੀਆ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਵਿਸ਼ੇ ਤੇ ਆਮ ਬਹਿਸ ਨੂੰ ਅਰੰਭਿਆ ਜਿਸ ਵਿੰਚ ਅਨੇਕਾਂ ਲੋਕ ਸ਼ਾਮਲ ਹੋਏ।
ਡਾ ਐਲ ਐਸ ਚਾਵਲਾ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਸੰਸਥਾਪਕ ਉਪ ਕੁਲਪਤੀ ਨੇ ਪਰਬੰਧਕਾਂ ਦੇ ਇਸ ਉਦੱਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਪਰਾਧ ਇੱਕ ਗੰਭੀਰ ਮੈਡੀਕਲ ਸਮੱਸਿਆ ਵੀ ਹਨ।
ਅੰਤ ਵਿੱਚ ਜੁਰਮਾਂ ਨੂੰ ਰੋਕਣ ਦੇ ਲਈ ਹੇਠ ਲਿਖੇ ਸੁਝਾਅ ਦਿੱਤੇ ਗਏ।
1. ਪੁਰਾਣੇ ਕਾਨੂੰਨਾਂ ਨੂੰ ਬਦਲ ਕੇ ਨਵੇਂ ਕਾਨੂੰਨ ਬਣਾਏ ਜਾਣ ਦੀ ਲੋੜ ਹੈ ਤਾਂ ਜੋ ਮੁਕੱਦਮਿਆਂ ਦੇ ਨਿਪਟਾਰੇ ਵਿੱਚ ਸਮਾਂ ਬਰਬਾਦ ਨਾ ਹੋਵੇ ਤੇ ਦੋਸ਼ੀਆਂ ਨੂੰ ਤੁਰੰਤ ਸਜਾਵਾਂ ਹੋਣ ।
2. ਤਫਤੀਸ਼ ਵਿਗਿਆਨਕ ਢੰਗ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਦੋਸ਼ੀ ਨੂੰ ਬਰੀ ਹੋਣ ਦੇ ਮੌਕੇ ਨਾ ਮਿਲਣ ।
3. ਪੁਲਸ, ਖਾਸ ਕਰ ਤਫਤੀਸ਼ ਕਰਨ ਵਾਲੀ ਸ਼ਾਖਾ ਪੂਰੀ ਤਰ੍ਹਾਂ ਸਿਆਸੀ ਦਖ਼ਲ ਤੋਂ ਮੁਕਤ ਹੋਣੀ ਚਾਹੀਦੀ ਹੈ ।
4. ਚੋਣ ਪ੍ਰਕਿਰਿਆ ਵਿੱਚ ਪੈਸੇ ਅਤੇ ਤਾਕਤ ਦੀ ਦੁਰਵਰਤੋਂ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ । ਇਸ ਉਦੇਸ਼ ਦੀ ਪ੍ਰਾਪਤੀ ਲਈ ਚੋਣ ਪ੍ਰਕਿਰਿਆ ਸਬੰਧੀ ਨਿਯਮਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ ।
5. ਆਰਥਿਕ ਨੀਤੀਆਂ ਲੋਕ ਪੱਖੀ ਹੋਣੀਆਂ ਚਾਹੀਦੀਆਂ ਹਨ ਨਾ ਕਿ ਮੁਨਾਫ਼ਾ ਪੱਖੀ ।
6. ਅਖੌਤੀ ਵੀ ਆਈ ਪੀਆਂ ਨਾਲ ਲਗਿੱਆ ਅਮਲਾ ਫ਼ੈਲਾ ਹਟਾ ਕੇ ਆਮ ਲੋਕਾਂ ਦੀ ਸੇਵਾ ਵਿੱਚ ਲਾਇਆ ਜਾਣਾ ਚਾਹੀਦਾ ਹੈ।
7. ਨਾਗਰਿਕਾਂ ਨੂੰ ਹਥਿਆਰਾਂ ਦੇ ਲਾਇਸੰਸ ਦੇਣੇ ਬੰਦ ਕੀਤੇ ਚਾਹੀਦੇ ਹਨ। ਆਮ ਨਾਗਰਿਕਾਂ ਦੀ ਸੁੱਰਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ।
ਬਹਿਸ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਪ੍ਰਮੁੱਖ ਸਨ ਨਵਲ ਛਿੱਬੜ ਐਡਵੋਕੇਟ, ਡੀ ਪੀ ਮੌੜ, ਮੇਜਰ ਰਿਟਾ ਸ਼ੇਰ ਸਿੰਘ ਔਲਖ, ਡਾ ਰਾਜਿੰਦਰ ਪਾਲ ਸਿੰਘ ਔਲਖ, ਗੁਰਚਰਨ ਕੌਰ ਕੋਚਰ, ਰਮੇਸ਼ ਰਤਨ, ਮਨਜੀਤ ਸਿੰਘ ਬੂਟਾ, ਕੁਲਦੀਪ ਸਿੰਘ ਬਿੰਦਰ ਅਦਿ।

No comments: