Sunday, August 11, 2013

ਟੈਕਸਟਾਈਲਜ਼-ਹੌਜ਼ਰੀ ਮਜ਼ਦੂਰਾਂ ਨੇ ਕੀਤੀ ਮਜ਼ਦੂਰ ਪੰਚਾਇਤ

ਮਜ਼ਦੂਰਾਂ ਨੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਕੀਤਾ ਸ਼ੰਘਰਸ਼ ਦਾ ਅਹਿਦ 
ਲੁਧਿਆਣਾ। 11 ਅਗਸਤ 2013: (ਵਿਸ਼ਵਨਾਥ*): ਅੱਜ ਟੈਕਸਟਾਈਲਜ਼-ਹੌਜ਼ਰੀ ਕਾਮਗਾਰ ਯੂਨੀਅਨ ਦੇ ਸੱਦੇ ’ਤੇ ਮਜ਼ਦੂਰਾਂ ਨੇ ਚੰਡੀਗੜ ਰੋਡ ਸਥਿਤ ਪੁੱਡਾ (ਗਲਾਡਾ) ਮੈਦਾਨ ਵਿਖੇ ਮਜ਼ਦੂਰ ਪੰਚਾਇਤ ਕੀਤੀ। ਇਸ ਵਿੱਚ ਸ਼ਹਿਰ ਦੇ ਸੈਂਕੜਿਆਂ ਹੀ ਮਜ਼ਦੂਰਾਂ ਨੇ ਸ਼ਾਮਿਲ ਹੋ ਕੇ ਆਪਣੇ ਮੰਗਾਂ-ਮਸਲਿਆਂ ਬਾਰੇ ਚਰਚਾ ਕੀਤੀ। ਮਜ਼ਦੂਰ ਨੁਮਾਇੰਦਿਆਂ ਨੇ ਸ਼ਹਿਰ ਦੀਆਂ ਫੈਕਟਰੀਆਂ ਅੰਦਰ ਮਜ਼ਦੂਰਾਂ ਦੀ ਹੋ ਰਹੀ ਲੁੱਟ ਬਾਰੇ ਬੋਲਦੇ ਹੋਏ ਕਿਹਾ ਕਿ ਕਿਰਤ ਕਾਨੂੰਨਾਂ ਅਨੁਸਾਰ ਸਹੂਲਤਾਂ ਦੇਣਾ ਤਾਂ ਦੂਰ ਦੀ ਗੱਲ ਮਾਲਕ ਤਾਂ ਸਾਲਾਂ ਬੱਧੀ ਕੰਮ ਕਰਨ ਤੋਂ ਬਾਅਦ ਵੀ ਵੱਡੀ ਗਿਣਤੀ ਮਜ਼ਦੂਰਾਂ ਨੂੰ ਫੈਕਟਰੀਆਂ ਅੰਦਰ ਕੰਮ ਕਰਨ ਦਾ ਕੋਈ ਸਬੂਤ ਤੱਕ ਨਹੀਂ ਦਿੰਦੇ। ਜਿਸ ਕਾਰਨ ਮਾਲਕ ਜਦੋਂ ਚਾਹੁਣ ਮਜ਼ਦੂਰਾਂ ਨੂੰ ਕੰਮ ਤੋਂ ਹਟਾ ਦਿੰਦੇ ਹਨ, ਇਸ ਸਬੰਧੀ ਜੇਕਰ ਮਜ਼ਦੂਰ ਕਿਰਤ ਵਿਭਾਗ ਕੋਲ ਸਿਕਾਇਤ ਕਰਦੇ ਹਨ ਤਾਂ ਕੋਈ ਕਾਰਵਾਈ ਨਹੀਂ ਹੁੰਦੀ। ਮਾਲਕਾਂ ਅਤੇ ਕਿਰਤ ਵਿਭਾਗ ਦੇ ਇਸ ਰਵੱਈਏ ਪ੍ਰਤੀ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਹਿੰਗਾਈ ਵਿੱਚ ਭਾਰੀ ਵਾਧਾ ਹੋ ਚੁੱਕਾ ਹੈ। ਜਿਸ ਕਾਰਨ ਮਜ਼ਦੂਰਾਂ ਲਈ ਪਰਿਵਾਰ ਦਾ ਢਿੱਡ ਭਰਨਾ ਵੀ ਮੁਸ਼ਕਿਲ ਹੋ ਚੁੱਕਾ ਹੈ ਅਤੇ ਮਜ਼ਦੂਰ 12-12, 14-14 ਘੰਟੇ ਬਿਨਾਂ ਕਿਸੇ ਹਫਤਾਵਾਰੀ ਛੁੱਟੀ ਦੇ ਕੰਮ ਕਰਨ ਲਈ ਮਜ਼ਬੂਰ ਹਨ। ਜਦੋਂ ਕਿ ਮਾਲਕਾਂ ਦੇ ਆਪਣੇ ਐਸ਼ੋ-ਆਰਾਮ ਵਿੱਚ ਕੋਈ ਕਮੀ ਨਹੀਂ ਆਈ ਹੈ। ਉਹਨਾਂ ਦੀਆਂ ਫੈਕਟਰੀਆਂ, ਗੱਡੀਆਂ ਅਤੇ ਕੋਠੀਆਂ ਦੀ ਸੰਖਿਆਂ ਹਰ ਸਾਲ ਵਧਦੀ ਹੀ ਜਾ ਰਹੀ ਹੈ। ਪਰ ਫਿਰ ਵੀ ਫੈਕਟਰੀ ਮਾਲਕ ਮਜ਼ਦੂਰਾਂ ਦੀਆਂ ਤਨਖਾਹਾਂ ਅਤੇ ਪੀਸ ਰੇਟ ਵਧਾਉਣ ਲਈ ਤਿਆਰ ਨਹੀਂ ਹਨ। ਇਸ ਲਈ ਹੀ ਮਜ਼ਦੂਰਾਂ ਨੇ ਮਜ਼ਬੂਰ ਹੋ ਕੇ ਸ਼ੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੈ।
ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸ਼ਹਿਰ ਅੰਦਰ ਟੈਕਸਟਾਇਲ-ਹੌਜ਼ਰੀ ਮਜ਼ਦੂਰਾਂ ਨੇ ਆਪਣੀ ਜੱਥੇਬੰਦੀ ਕਾਇਮ ਕਰਕੇ ਸ਼ੰਘਰਸ਼ ਦਾ ਰਾਹ ਅਪਣਾਇਆ ਹੈ, ਜਿਸ ਦੇ ਦਮ ’ਤੇ ਪਿਛਲੇ ਤਿੰਨਾਂ ਸਾਲਾਂ ਤੋਂ ਕੁਝ ਕਾਰਖਾਨਿਆਂ ਅੰਦਰ ਮਜ਼ਦੂਰਾਂ ਨੇ ਕੁਝ ਅਧਿਕਾਰ ਵੀ ਹਾਸਿਲ ਕੀਤੇ ਹਨ ਅਤੇ ਵਧੀ ਮਹਿੰਗਾਈ ਅਨੁਸਾਰ ਤਨਖਾਹਾਂ ਅਤੇ ਪੀਸ ਰੇਟ ਵਧਾਉਣ ਲਈ ਮਾਲਕਾਂ ਨੂੰ ਮਜ਼ਬੂਰ ਵੀ ਕੀਤਾ ਹੈ। ਪਰ ਜੋ ਹਾਸਿਲ ਕੀਤਾ ਹੈ ਉਹ ਕੁਝ ਕਾਰਖਾਨਿਆਂ ਵਿੱਚ ਹੀ ਲਾਗੂ ਹੋਇਆ ਹੈ ਅਤੇ ਬਹੁਤ ਸੀਮਤ ਹੈ। ਇਸ ਲਈ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਸ਼ਹਿਰ ਦੇ ਮਜ਼ਦੂਰਾਂ ਦੀ ਇੱਕ ਮਜ਼ਬੂਤ ਜੱਥੇਬੰਦੀ ਉਸਾਰਨਾ ਅੱਜ ਸਮੇਂ ਦੀ ਅਣਸਰਦੀ ਲੋੜ ਹੈ। ਜਥੇਬੰਦੀ ਦਾ ਜਮਹੂਰੀ ਢਾਂਚਾ ਅਤੇ ਫੈਸਲਿਆਂ-ਫੰਡਾਂ ਸਬੰਧੀ ਪਾਰਦਰਸ਼ਤਾ ਅਪਣਾ ਕੇ ਹੀ ਜਥੇਬੰਦੀ ਨੂੰ ਸੁਚਾਰੂ ਰੂਪ ਵਿੱਚ ਚਲਾਇਆ ਜਾ ਸਕਦਾ ਹੈ। ਇਸ ਲਈ ਹੀ ਜਥੇਬੰਦੀ ਨੇ ਸਮੂਹਿਕ ਫੈਸਲੇ ਲੈਣ ਸਬੰਧੀ ਮਜ਼ਦੂਰ ਪੰਚਾਇਤ ਬੁਲਾਉਣ ਦੀ ਪਿਰਤ ਪਾਈ ਹੈ।
ਇਸ ਸਮੇਂ ਯੂਨੀਅਨ ਕਮੇਟੀ ਵੱਲੋਂ ਘਨਸ਼ਿਆਮ, ਗੋਪਾਲ, ਹੀਰਾਮਨ, ਵਿਸ਼ਵਨਾਥ ਤੋਂ ਇਲਾਵਾ ਵੱਖ-ਵੱਖ ਕਾਰਖਾਨਿਆਂ ਤੋਂ ਆਏ ਮਜ਼ਦੂਰਾਂ ਨੇ ਆਪਣੀਆਂ ਕੰਮ ਹਾਲਤਾਂ ਬਾਰੇ ਚਰਚਾ ਕੀਤੀ ਅਤੇ ਨਾਲ ਹੀ ਜਥੇਬੰਦੀ ਵੱਲੋਂ ਸੁਝਾਈਆਂ ਮੰਗਾਂ ਨੂੰ ਦਰੁਸਤ ਦੱਸਿਆ ਅਤੇ ਇਹਨਾਂ ਮੰਗਾਂ ਨੂੰ ਹਾਸਿਲ ਕਰਨ ਲਈ ਜੀ-ਜਾਨ ਲਗਾ ਦੇਣ ਦਾ ਨਿਸ਼ਚਾ ਵੀ ਪ੍ਰਗਟ ਕੀਤਾ, ਕਿਉਂਕਿ ਜੇਕਰ ਅੱਜ ਹੱਕ ਲਈ ਨਹੀਂ ਬੋਲਦੇ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਗੁਲਾਮਾਂ ਦੀ ਤਰਾਂ 18-18 ਘੰਟੇ ਕੰਮ ਕਰਨਾ ਪਵੇਗਾ।
ਮਜ਼ਦੂਰ ਪੰਚਾਇਤ ਵਿੱਚ ਇਹਨਾਂ ਮੰਗਾਂ ਉੱਪਰ ਚਰਚਾ ਹੋਈਵਧੀ ਮਹਿੰਗਾਈ ਅਨੁਸਾਰ ਚਾਲੂ ਰੇਟਾਂ ਉੱਪਰ 30% ਦਾ ਵਾਧਾ, 10 ਜਾਂ 10 ਤੋਂ ਵੱਧ ਮਜ਼ਦੂਰਾਂ ਵਾਲੇ ਕਾਰਖਾਨਿਆਂ ਵਿੱਚ ਸਾਰੇ ਮਜ਼ਦੂਰਾਂ ਦਾ ਈ.ਐਸ.ਆਈ. ਕਾਰਡ ਬਣਾਇਆ ਜਾਵੇ, ਸਾਰੇ ਮਜ਼ਦੂਰਾਂ ਨੂੰ 8.33% ਦੀ ਦਰ ਨਾਲ ਸਲਾਨਾ ਬੋਨਸ ਦਿੱਤਾ ਜਾਵੇ, 20 ਜਾਂ 20 ਤੋਂ ਵੱਧ ਮਜ਼ਦੂਰਾਂ ਵਾਲੇ ਕਾਰਖਾਨਿਆਂ ਵਿੱਚ ਸਾਰੇ ਮਜ਼ਦੂਰਾਂ ਦਾ ਈ.ਪੀ.ਐਫ. ਲਾਗੂ ਕੀਤਾ ਜਾਵੇ, ਤਨਖਾਹ ਸਹਿਤ ਸਲਾਨਾ ਛੁੱਟੀਆਂ ਦਿੱਤੀਆਂ ਜਾਣ ਅਤੇ ਇੱਕ ਮਈ ਦੀ ਕੌਮਾਂਤਰੀ ਛੁੱਟੀ ਲਾਗੂ ਕੀਤੀ ਜਾਵੇ, ਸਾਰੇ ਮਜ਼ਦੂਰਾਂ ਦੇ ਫੈਕਟਰੀ ਪਹਿਚਾਣ ਕਾਰਡ ਬਣਾਏ ਜਾਣ, ਰਾਤ ਨੂੰ ਚਲਦੇ ਕੰਮ ਸਮੇਂ ਕਾਰਖਾਨਿਆਂ ਨੂੰ ਜਿੰਦਰੇ ਲਗਾਉਣਾ ਬੰਦ ਕੀਤਾ ਜਾਵੇ ਇਸ ਦੀ ਥਾਂ ਤੇ ਚੌਂਕੀਦਾਰ ਦੀ ਨਿਯੁਕਤੀ ਕੀਤੀ ਜਾਵੇ, ਕਾਰਖਾਨਿਆਂ ਵਿੱਚ ਸਾਫ ਪੀਣ ਵਾਲ਼ਾ ਪਾਣੀ, ਸਾਫ ਗੁਸਲਖਾਨਾ-ਪਖਾਨਾ ਅਤੇ ਆਰਾਮ-ਘਰ ਦਾ ਪ੍ਰਬੰਧ ਕੀਤਾ ਜਾਵੇ, ਤਨਖਾਹ ਅਤੇ ਪੇਸ਼ਗੀ 7 ਅਤੇ 12 ਤਰੀਕ ਤੱਕ ਅਤੇ ਦਿਨ ਸਮੇਂ ਦਿੱਤੀ ਜਾਵੇ ਤਾਂ ਕਿ ਰਾਤ ਨੂੰ ਹੋਣ ਵਾਲ਼ੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਬਚਾਅ ਹੋ ਸਕੇ, ਔਰਤ ਮਜ਼ਦੂਰਾਂ ਨੂੰ ਪੁਰਸ਼ਾਂ ਦੇ ਬਰਾਬਰ ਕੰਮ ਦੀ ਬਰਾਬਰ ਤਨਖਾਹ ਦਿੱਤੀ ਜਾਵੇ ਅਤੇ ਬੱਚਿਆਂ ਸਮੇਤ ਕੰਮ ਤੇ ਆਉਣ ਵਾਲ਼ੀਆਂ ਔਰਤਾਂ ਦੇ ਬੱਚਿਆਂ ਨੂੰ ਸੰਭਾਲਣ ਲਈ ਬੱਚਾ-ਘਰ ਅਤੇ ਸਾਂਭ-ਸੰਭਾਲ ਲਈ ਸਿੱਖਿਅਤ ਔਰਤ ਰੱਖੀ ਜਾਵੇ, ਸ਼ਹਿਰੋਂ ਬਾਹਰੀ ਇਲਾਕਿਆਂ ਵਿੱਚ ਕੰਮ ਕਰਨ ਵਾਲ਼ੇ ਮਜ਼ਦੂਰਾਂ ਨੂੰ ਫੈਕਟਰੀ ਲਿਜਾਣ ਅਤੇ ਕਮਰੇ ਤੱਕ ਛੱਡਣ ਲਈ ਮਾਲਕ ਬੱਸਾਂ ਆਦਿ ਦਾ ਪ੍ਰਬੰਧ ਕਰਨ, ਕਾਰਖਾਨਿਆਂ ਵਿੱਚ ਮਜ਼ਦੂਰਾਂ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਅਤੇ ਹਾਦਸਾ ਹੋਣ ਦੀ ਸੂਰਤ ਵਿੱਚ ਮੁਆਵਜਾ ਮਿਲਣਾ ਯਕੀਨੀ ਬਣਾਇਆ ਜਾਵੇ, ਮਜ਼ਦੂਰਾਂ ਨੂੰ ਜੱਥੇਬੰਦੀ ਬਣਾਉਣ ਦਾ ਸੰਵਿਧਾਨਿਕ ਹੱਕ ਦਿੱਤਾ ਜਾਵੇ, ਆਗੂ ਮਜ਼ਦੂਰਾਂ ਨੂੰ ਕਾਰਖਾਨਿਆਂ ਵਿੱਚੋਂ ਗੈਰਕਾਨੂੰਨੀ ਕੱਢਿਆ ਜਾਣਾ ਬੰਦ ਕੀਤਾ ਜਾਵੇ ਅਤੇ ਇਹਨਾਂ ਸਮੇਤ ਬਾਕੀ ਕਿਰਤ ਕਾਨੂੰਨ ਲਾਗੂ ਕੀਤੇ ਜਾਣ। ਇਹਨਾਂ ਮੰਗਾਂ ਉੱਪਰ ਵਿਚਾਰ-ਚਰਚਾ ਦੌਰਾਨ ਸਾਹਮਣੇ ਆਏ ਸੁਝਾਵਾਂ ਨੂੰ ਧਿਆਨ ਵਿੱਚ ਰੱਖ ਕੇ ਯੂਨੀਅਨ ਕਮੇਟੀ ਵੱਲੋਂ ਇੱਕ ਮੰਗ-ਪੱਤਰ ਤਿਆਰ ਕਰਕੇ ਕਾਰਖਾਨਾਂ ਮਾਲਕਾਂ ਅਤੇ ਕਿਰਤ ਵਿਭਾਗ ਨੂੰ ਸੌਂਪਿਆ ਜਾਵੇਗਾ। ਇੱਕ ਹਫਤੇ ਦੇ ਅੰਦਰ-ਅੰਦਰ ਜੇਕਰ ਮਾਲਕਾਂ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਸ਼ੰਘਰਸ਼ ਦਾ ਰਾਹ ਅਖਤਿਆਰ ਕਰੇਗੀ।
ਮੰਚ ਸੰਚਾਲਨ ਦੀ ਜੁੰਮੇਵਾਰੀ ਤਾਜ ਮੁਹੰਮਦ ਨੇ ਨਿਭਾਈ। ਮਜ਼ਦੂਰਾਂ ਨੇ ਗਰਜਵੇ ਨਾਹਰਿਆਂ ਨਾਲ ਪੰਚਾਇਤ ਦੀ ਸਮਾਪਤੀ ਕੀਤੀ ਅਤੇ ਇੱਕ ਹਫਤੇ ਬਾਅਦ ਫਿਰ ਤੋਂ ਇਕੱਤਰਤ ਹੋਣ ਦੀ ਸਹਿਮਤੀ ਬਣੀ ਜਿਸ ਵਿੱਚ ਸ਼ੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।

*ਵਿਸ਼ਵਨਾਥ ਟੈਕਸਟਾਈਲਜ਼-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਜਨਰਲ ਸਕੱਤਰ ਵੱਜੋਂ ਮਜਦੂਰਾਂ ਲਈ ਸਰਗਰਮ ਹਨ। ਉਹਨਾਂ ਨਾਲ ਫੋਨ ਤੇ ਸੰਪਰਕ ਕਰਨ ਲਈ  ਉਹਨਾਂ ਦਾ ਨੰਬਰ ਹੈ---9888655663

No comments: