Saturday, March 09, 2013

ਸੂਹੀ ਸਵੇਰ ਸ਼ਾਹਮੁਖੀ ਦਾ ਲੋਕ ਅਰਪਣ ਸਮਾਗਮ ਦਸ ਮਾਰਚ ਨੂੰ

ਮੀਡੀਆ ਦੀ ਮਹੱਤਤਾ ਬਾਰੇ ਚਰਚਾ ਕਰਨਗੇ ਅਨਿਲ  ਚਮੜੀਆ
ਗੱਲ ਬਸ ਕੁਝ ਕੁ ਵਰ੍ਹੇ ਪਹਿਲਾਂ ਦੀ ਹੈ। ਜਦੋਂ ਕੁਝ ਬਾਜ਼ਮੀਰ ਪੱਤਰਕਾਰ ਨਿਰਾਸ਼ ਹੋ ਗਏ ਸਨ, ਉਦਾਸ ਵੀ ਅਤੇ ਪਰੇਸ਼ਾਨ ਵੀ। ਸਚ ਨੂੰ ਟੁਕੜਿਆਂ ਵਿੱਚ ਦੇਖਣਾ ਉਹਨਾਂ ਦੀ ਅੰਤਰ ਆਤਮਾ ਤੇ ਬੋਝ ਬਣਦਾ ਜਾ ਰਿਹਾ ਸੀ। ਓਹ ਉਹੀ ਸਚ ਆਪਣੀਆਂ ਰਿਪੋਰਟਾਂ ਵਿੱਚ ਲਿਆਉਣ ਚਾਹੁੰਦੇ ਸਨ ਜਿਹੜਾ ਓਹ ਪੂਰੀ ਮਿਹਨਤ ਮਗਰੋਂ ਦੇਖਦੇ ਸਨ। ਪਰ ਉਹਨਾਂ ਦੀਆਂ ਅਖਬਾਰਾਂ ਅਤੇ ਚੈਨਲਾਂ ਦੇ ਮਾਲਿਕ ਕੇਵਲ ਉਹ ਸਚ ਪੇਸ਼ ਕਰਨਾ ਚਾਹੁੰਦੇ ਸਨ ਜਿਹੜਾ ਉਹਨਾਂ ਨੂੰ ਚਾਹੀਦਾ ਸੀ। ਆਖਿਰ ਘੁਟਣ ਅਤੇ ਮਜਬੂਰੀ ਦੇ ਇਸ ਉਦਾਸ ਮਾਹੌਲ ਵਿੱਚ  ਵੈਬ ਪੱਤਰਕਾਰਿਤਾ ਦਾ ਰੁਝਾਣ ਕਿਸੇ ਤਾਜ਼ੀ ਅਤੇ ਮਹਿਕਦੀ ਹਵਾ ਦੇ ਬੁੱਲੇ ਵਾਂਗ ਇੱਕ ਨਵਾਂ ਉਤਸ਼ਾਹ ਲੈ ਕੇ ਆਇਆ। ਦੁਨੀਆ ਦੇ ਹੋਰਨਾਂ ਹਿੱਸਿਆਂ ਵਾਂਗ ਭਾਰਤ ਦੇ ਪੱਤਰਕਾਰਾਂ ਨੇ ਵੀ ਇਸ ਨੂੰ ਜੀ ਆਇਆਂ ਆਖਿਆ ਪਰ ਇਹਨਾਂ ਪੱਤਰਕਾਰਾਂ ਦੀ ਗਿਣਤੀ  ਉਸ ਵੇਲੇ ਬੜੀ ਥੋਹੜੀ ਸੀ। ਨੌਕਰੀ ਛੱਡਣਾ ਸੌਖਾ ਨਹੀਂ ਹੁੰਦਾ ਪਰ ਇਹਨਾਂ ਨੇ ਛੱਡੀਆਂ। ਮਜ਼ਾਕ ਸੁਣਨੇ ਵੀ ਸੌਖੇ ਨਹੀਂ ਹੁੰਦੇ ਪਰ ਇਹਨਾਂ ਨੇ ਸੁਣੇ। ਤਨਖਾਹਾਂ ਬਿਨਾ ਗੁਜ਼ਾਰੇ ਨਹੀਂ ਹੁੰਦੇ ਪਰ ਇਹਨਾਂ ਨੇ ਔਖੇ ਸੌਖੇ ਹੋ ਕੇ ਕੀਤੇ। ਤਹਿਲਕਾ ਅਤੇ  ਕੋਬਰਾ ਪੋਸਟ ਦੇ ਸਟਿੰਗ ਆਪਰੇਸ਼ਨਾਂ  ਨੇ ਕਲਮ ਦੇ ਮੁੱਕ ਚੁੱਕੇ ਡਰ ਨੂੰ ਇੱਕ ਵਾਰ ਫੇਰ ਸਥਾਪਿਤ ਕਰ ਦਿੱਤਾ ਸੀ। ਡਾਟ ਕਾਮ ਵਾਲੀ ਪੱਤਰਕਾਰੀ ਇੱਕ ਨਵਾਂ ਉਤਸ਼ਾਹ ਲੈ ਕੇ ਆਈ। ਦਿੱਲੀ, ਭੋਪਾਲ, ਮੁੰਬਈ ਅਤੇ ਚੰਡੀਗੜ੍ਹ ਸਮੇਤ ਕਈ ਭਾਗਾਂ ਵਿੱਚ ਚੰਗੇ ਤਜਰਬੇਕਾਰ ਪੱਤਰਕਾਰ  ਨੌਕਰੀਆਂ ਛੱਡ ਕੇ ਮੀਡੀਆ ਦੀ ਇਸ ਨਵੀਂ ਦੁਨੀਆ ਵਿੱਚ ਆ ਗਏ ਸਨ। ਹਿੰਦੀ ਵਿੱਚ ਮੁਹੱਲਾ, ਵਿਸਫੋਟ , ਕਾਫ਼ਿਲਾ ਅਤੇ ਕਈ ਹੋਰਾਂ ਨੇ ਇਸ ਦਿਸ਼ਾ ਵਿੱਚ ਕਾਫੀ ਕੁਝ ਕੀਤਾ।  ਦੇਖਾਦੇਖੀ ਪੰਜਾਬੀ ਵਿੱਚ ਵੀ ਬਲਾਗ ਮੀਡੀਆ, ਵੈਬ ਮੀਡੀਆ ਜਾਂ ਸਾਈਬਰ ਮੀਡੀਆ ਸਰਗਰਮ ਹੋ ਗਿਆ।  ਇੱਕ ਵਾਰ ਗੁਲਾਮ ਕਲਮ ਦੇ ਸੰਚਾਲਕ ਯਾਦਵਿੰਦਰ ਕਰਫਿਊ ਨਾਲ ਗੱਲ ਹੋਈ ਤਾਂ ਮੈਂ ਸਾਫ਼ ਸਾਫ਼ ਪੁਛਿਆ ਕਿ ਆਖਿਰ ਉਸਨੇ ਚੰਗੀ ਭਲੀ ਤਨਖਾਹ ਵਾਲੀ ਨੌਕਰੀ ਨੂੰ ਤਰਜੀਹ ਕਿਓਂ ਨਾ ਦਿੱਤੀ? ਜਵਾਬ ਵੀ ਬੜਾ ਸਿਧਾ ਸੀ--ਕਿ ਮੈਂ ਪੈਸੇ ਲਈ  ਕਲਮ ਕਦੇ ਨਹੀਂ ਚਲਾਈ। ਗੁਲਾਮ ਕਲਮ ਨੇ ਥੋੜੇ ਜਹੇ ਅਰਸੇ ਵਿੱਚ ਦਿਖਾਇਆ ਕਿ ਪ੍ਰਤਿਬਧ ਪੱਤਰਕਾਰੀ ਕੀ ਹੁੰਦੀ ਹੈ।  ਇਹ ਸੀ ਸਚ ਨਾਲ ਲਗਾਓ, ਲੋਕਾਂ ਨਾਲ ਪ੍ਰਤਿਬਧਤਾ। ਇਸ ਨਵੀਂ ਤਕਨੀਕ ਦੇ ਆਰੰਭਿਕ ਦੌਰ ਵਿੱਚ ਪਾਠਕਾਂ ਦੀ ਗਿਣਤੀ ਥੋਹੜੀ ਹੋ ਸਕਦੀ ਹੈ ਪਰ ਆਖੀ ਜਾਣ ਵਾਲੀ ਗੱਲ ਕਦੇ ਵੀ ਨਿਰਥਰਕ , ਖੋਖਲੀ ਜਾਂ  ਬੇਅਸਰ ਨਹੀਂ ਹੋਈ। ਇਸੇ ਸਿਲਸਿਲੇ ਵਿੱਚ ਪੰਜਾਬੀ ਦੇ ਕਈ ਬਲਾਗ ਅਤੇ ਕਈ ਵੈਬਸਾਈਟਾਂ  ਪਾਠਕਾਂ ਸਾਹਮਣੇ ਆਈਆਂ। ਇਹਨਾਂ ਦਾ ਜ਼ਿਕਰ ਕਿਸੇ ਵੱਖਰੀ ਪੋਸਟ ਵਿੱਚ ਜਲਦੀ ਹੀ ਕੀਤਾ ਜਾਵੇਗਾ। ਫਿਲਹਾਲ ਚਰਚਾ ਕਰਦੇ ਹਾਂ ਸ਼ਿਵ ਇੰਦਰ ਵਾਲੀ ਸੂਹੀ ਸਵੇਰ ਦੀ। ਸ਼ਿਵਿੰਦਰ ਦੀ ਘਾਲਣਾ ਨੂੰ ਦੇਖ ਕੇ ਸਵਰਗੀ ਸ਼ਾਇਰ ਡਾਕਟਰ ਰਣਧੀਰ ਸਿੰਘ ਚੰਦ ਦਾ ਉਹ ਸ਼ਿਅਰ ਯਾਦ ਆ ਜਾਂਦਾ ਹੈ--
ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ 
ਤੇਰਾ ਗਮ ਕਤਰੇ ਜਿਹਾ ਸੀ ਹੁਣ ਸਮੁੰਦਰ ਹੋ ਗਿਆ।
ਸ਼ਿਵ ਇੰਦਰ ਨੇ ਵੀ ਸੂਹੀ ਸਵੇਰ ਰਾਹੀਂ ਪ੍ਰਤੀਬਧ  ਪੱਤਰਕਾਰਿਤਾ ਦੇ ਖੇਤਰ ਵਿੱਚ ਨਵੀਂ ਮਿਸਾਲ ਪੈਦਾ ਕੀਤੀ ਹੈ। ਉਚ ਕੋਟੀ ਦੇ ਪ੍ਰਮੁਖ ਕਲਮਕਾਰਾਂ ਦੀਆਂ  ਲਿਖਤਾਂ ਲਿਖਵਾਉਣਾ, ਉਹਨਾਂ ਨੂੰ ਮੰਗਵਾਉਣਾ ਅਤੇ ਫਿਰ ਆਪਣੇ ਪਾਠਕਾਂ ਸਾਹਮਣੇ ਰੱਖਣਾ ਇਹ ਸਭ ਆਸਾਨ ਨਹੀਂ ਹੁੰਦਾ। ਪਰ ਸ਼ਿਵ ਇੰਦਰ ਲਗਾਤਾਰ ਜਤਨਸ਼ੀਲ ਹੈ। ਉਸ ਦੀ ਇਸ ਕੁਆਲਿਟੀ ਅਤੇ ਤੇਜ਼ ਰਫਤਾਰੀ ਨੂੰ ਦੇਖ ਕੇ ਕਈ ਵਾਰ ਮੈਂ ਸੋਚਦਾਂ ਕਿ ਸ਼ਿਵ ਇੰਦਰ ਸੌਂਦਾ ਕਿਹੜੇ ਵੇਲੇ ਹੈ ਤੇ ਖਾਂਦਾ ਪੀਂਦਾ ਕੇਹੜੇ ਵੇਲੇ? ਅਜਿਹੇ ਕਈ ਸੁਆਲ ਪੁਛਣ ਦਾ ਮੌਕਾ ਉਸਨੇ ਖੁਦ ਹੀ ਦੇ ਦਿੱਤਾ ਹੈ-ਦਸ ਮਾਰਚ ਨੂੰ। ਉਸ ਦਿਨ ਸੂਹੀ ਸਵੇਰ ਸ਼ਾਹਮੁਖੀ ਦਾ ਲੋਕ-ਅਰਪਣ ਹੋਣਾ ਹੈ। ਜ਼ਿਲਾ ਲੁਧਿਆਣਾ ਦੇ ਪਿੰਡ ਪੱਖੋਵਾਲ ਦੀ ਪਬਲਿਕ ਲਾਇਬ੍ਰੇਰੀ ਵਿਕ੍ਚ ਇਹ ਸਮਾਗਮ ਸਵੇਰੇ ਦਸ ਵਜੇ ਸ਼ੁਰੂ ਹੋ ਜਾਵੇਗਾ ਅਤੇ ਸ਼ਾਮੀ ਤਿੰਨ ਵਜੇ ਤੱਕ ਚੱਲੇਗਾ। ਪ੍ਰੋਗਰਾਮ ਦੇ ਪ੍ਰਬੰਧਕ ਹਰੀਸ਼ ਮੌਦਗਿਲ ਮੁਤਾਬਿਕ ਸਾਈਟ ਦੇ ਮੁੱਖ ਸੰਪਾਦਕ ਅਰਥਾਤ ਖੁਦ ਸ਼ਿਵ ਇੰਦਰ ਸ ਉਪਰਾਲੇ ਬਾਰੇ ਸੰਖੇਪ ਵਿੱਚ ਦੱਸਣਗੇ ਅਤੇ ਉਸਤੋਂ ਬਾਅਦ ਨਾਮਵਰ ਪੱਤਰਕਾਰ ਅਨਿਲ ਚਮੜੀਆ ਆਪਣਾ ਪਰਚਾ "ਮੀਡੀਆ ਦੀ ਮਹੱਤਤਾ ਅਤੇ ਕਾਰਪੋਰੇਟ ਮੀਡੀਆ" ਪੜ੍ਹਨਗੇ। ਸਮਾਗਮ ਦੇ ਅੰਤਿਮ ਪੜਾਅ  ਵਿੱਚ  ਸੂਹੀ ਸਵੇਰ ਨੂੰ ਸ਼ਾਹਮੁਖੀ ਵਿੱਚ ਲੋਕ-ਅਰਪਣ ਕੀਤਾ ਜਾਵੇਗਾ। ਮਾਮਲਾ ਇਕੱਲੇ ਮੀਡੀਆ ਦਾ ਨਹੀਂ। ਪੂਰੇ ਸਮਾਜ ਦਾ ਹੈ, ਸਮਾਜ ਦੇ ਸਰੋਕਾਰਾਂ ਦਾ ਹੈ, ਆਪਣਾ ਸਭ ਦਾ ਹੈ। ਸੋ ਸਾਰੇ ਪੁੱਜੋ ਤਾਂਕਿ ਸਿਹਤਮੰਦ ਅਤੇ ਉਸਾਰੂ ਸੰਵਾਦ ਰਚਾਇਆ ਜਾ ਸਕੇ। --ਰੈਕਟਰ ਕਥੂਰੀਆ ਸੂਹੀ ਸਵੇਰ ਸ਼ਾਹਮੁਖੀ ਦਾ ਲੋਕ ਅਰਪਣ ਸਮਾਗਮ ਦਸ ਮਾਰਚ ਨੂੰ 

ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ






No comments: