Friday, February 10, 2012

ਆਖਰ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮਿਲੀ ਜ਼ਮਾਨਤ

ਦਾਸਤਾਨ ਜ਼ੁਲਮ ਵਿਰੁਧ ਖੜੇ ਹੋਣ ਬਦਲੇ ਮਿਲੀਆਂ ਖੱਜਲ ਖੁਆਰੀਆਂ ਦੀ
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਜਿੰਦਗੀ ਬਹੁਤ ਹੀ ਵਧੀਆ ਲੰਘ ਰਹੀ ਸੀ.ਵਧੀਆ ਨੌਕਰੀ,ਵਧੀਆ ਤਨਖਾਹ ਅਤੇ ਜਿੰਦਗੀ ਦਾ ਹਰ ਸੁੱਖ ਆਰਾਮ ਜਿਹੜਾ ਉਸਨੂੰ ਬੜੀ ਹੀ ਮਿਹਨਤ ਮੁਸ਼ੱਕਤ ਮਗਰੋਂ ਨਸੀਬ ਹੋਇਆ ਸੀ. ਅਚਾਨਕ ਹੀ ਅਜਿਹਾ ਕੀ ਵਾਪਰਿਆ ਕਿ ਉਸ ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ. ਇਹ ਸਭ ਕੁਝ ਜਾਨਣ ਲਈ ਹੇਠਾਂ ਦਿੱਤੀ ਦਾਸਤਾਨ ਨੂੰ ਪੜ੍ਹਨਾ ਜਰੂਰੀ ਹੈ ਜਿਹੜੀ ਇੱਕ ਵਾਰ ਫੇਰ ਯਾਦ ਕਰਾਉਂਦੀ ਹੈ ਕਿ  ਸਚ ਨੂੰ ਸਚ ਆਖਣ ਦੀ ਕੀਮਤ ਹਮੇਸ਼ਾਂ ਅਦਾ ਕਰਨੀ ਪੈਂਦੀ ਹੈ. ਈਮੇਲ ਰਾਹੀਂ ਮਿਲੀ ਇਸ ਦਾਸਤਾਨ ਨੂੰ ਜਿਊਂ ਦਾ ਤਿਊਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ.--ਰੈਕਟਰ ਕਥੂਰੀਆ 
ਮੈਨੇ ਆਵਾਜ਼ ਉਠਾਈ ਥੀ ਰਿਵਾਜੋੰ ਕੇ ਖਿਲਾਫ਼, 
ਬਰਛੀਆਂ ਲੇਕਰ ਘਰੋਂ ਸੇ ਨਿਕਲ ਆਏ ਕੁਛ ਲੋਗ ! 
                                    (ਕਤੀਲ ਸ਼ਿਫਾਈ)
ਲਓ ਜੀ ! ਆਖਰ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਚ ਅਦਾਲਤ ‘ਚੋ ਅਗਾਊ ਜਮਾਨਤ ਮਿਲ਼ ਗਈ।
ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਇਕ ਬੇਹੱਦ ਗਰੀਬ ਪਰਿਵਾਰ ਵਿੱਚ ਪਲ਼ਿਆ–ਪਡ਼ਿਆ ਅੰਮ੍ਰਿਤਧਾਰੀ ਨੌਜਵਾਨ ਹੈ। ਨਿੰਟਿੰਗ ਟੈਕਨਾਲੋਜੀ ਦੇ ਡਿਪਲੋਮੇ ਤੋਂ ਬਾਅਦ ਵੀ ਪਡ਼੍ਹਦਾ ਰਿਹਾ ਅਤੇ ਆਪਣੀ ਬੋਲੀ ਵਿੱਚ ਪੋਸਟ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਆਪਣੇ ਪਿਤਾ ਜੀ ਪਾਸੋਂ ਗੁਰਮਤ ਸਿੱਖੀ। ਲੁਧਿਆਣੇ ਕਈ ਫਰਮਾਂ ਵਿੱਚ ਕੰਮ ਕੀਤਾ। ਪੰਜਾਬ ਦੇ ਹੌਜਰੀ ਵਾਲੇ ਬਾਬੂਆਂ ਨੂੰ ਇਹ ਅੰਮ੍ਰਿਤਧਾਰੀ ਨੌਜੁਵਾਨ ਰਾਸ ਨਾਂ ਆਇਆ। ਲੁਧਿਆਣੇ ਦੀ ਤਕਰੀਬਨ ਸਾਰੀ ਹੌਜਰੀ ਆਰ.ਐਸ.ਐਸ. ਵਾਲ਼ਿਆਂ ਦੇ ਹੱਥ ਵਿੱਚ ਹੈ। ਮਨਵਿੰਦਰ ਸਿੰਘ ਨੇ ਪੰਜਾਬ ਛੱਡ ਦਿਤਾ। ਹਰਿਆਣਾ ਦੇ ਗੁਡ਼ਗਾਵਾਂ ਸ਼ਹਿਰ ਵਿੱਚ ਇੰਟਰਵਿਊ ਦੇ ਆਇਆ। ਆਪਣੇ ਪਿਤਾ ਜੀ ਨੂੰ ਦੱਸਿਆ ਕਿ ਸਿਲੈਕਟ ਤਾਂ ਹੋ ਗਿਆ, ਤਨਖਾਹ ਵੀ ਜਿੰਨੀ ਮੰਗੀ ਉਹ ਮੰਨ ਗਏ ਪਰ ਇੱਕ ਗਲਤੀ ਹੋ ਗਈ। ਪਿਤਾ ਨੇ ਗਲਤੀ ਬਾਰੇ ਪੁਛਿਆ ਤਾਂ ਮਨਵਿੰਦਰ ਸਿੰਘ ਨੇ ਦੱਸਿਆ ਕਿ ਉਹਨੇ ਦਾਹਡ਼ੀ ਬੰਨ ਕੇ ਇੰਟਰਵਿਊ ਦਿਤੀ ਹੈ। ਪਿਤਾ ਨੇ ਬੁਰਾ ਮਨਾਇਆਤੇ ਕਿਹਾ ਕਿ ਹੁਣ ਦਾਹਡ਼ਾ ਪ੍ਰਕਾਸ਼ ਕਰਕੇ ਡਿਊਟੀ ਜੁਆਇੰਨ ਕਰੀਂ। ਜੋ ਕੁਝ ਹੋਏਗਾ ਦੇਖੀ ਜਾਊ। ਇੰਜੀ. ਮਨਵਿੰਦਰ ਸਿੰਘ ਨੇ ਇਵੇਂ ਹੀ ਕੀਤਾ। ਮਾਲਕਾਂ ਨੂੰ ਬਹੁਤ ਪਸੰਦ ਆਇਆ। ਮਨਵਿੰਦਰ ਸਿੰਘ ਕੋਲ਼ ਦੋ ਏਹੋ ਜਿਹੇ ਗੁਣ ਹਨ, ਜਿਹਨਾਂ ਕਰਕੇ ਜਿਹਨਾਂ ਕਰਕੇ ਇਹਨੂੰ ਹੁਣ ਤੱਕ ਮਾਨ ਸਨਮਾਨ ਮਿਲਦਾ ਹੈ। ਇਹ ਦੋ ਗੁਣ ਹਨ ਆਪਣੇ ਕੰਮ ਵਿੱਚ ਨਿਪੁਨਤਾ ਹਾਸਲ ਕਰਕੇ ਸਖਤ ਮਿਹਨਤ ਕਰਨੀ ਅਤੇ ਸੱਚਾ ਸੁੱਚਾ ਇਮਾਨਦਾਰ ਮਨੁੱਖ ਬਣਨਾ। ਇਹਨਾਂ ਗੁਣਾ ਕਰਕੇ ਗੁਡ਼ਗਾਵਾਂ ਵਿੱਚ ਮਨਵਿੰਦਰ ਸਿੰਘ ਦੀ ਚਡ਼੍ਹਤ ਹੋ ਗਈ। ਤੀਹ ਹਜਾਰ ਤਨਖਾਹ ਤੋਂ ਪੰਜਵੇਂ ਸਾਲ ਤੱਕ ਇਕ ਲੱਖ ਰੁਪੈ ਤਨਖਾਹ ਹੋ ਗਈ। ਮਨਵਿੰਦਰ ਸਿੰਘ ਨੇ ਆਪਣੇ ਕੰਮ ਵਿੱਚ ਹਰ ਜਿੰਮੇਵਾਰੀ ਨੂੰ ਠੀਕ ਠਾਕ ਨਿਭਾਇਆ ਅਤੇ ਮਾਲਕਾਂ ਦਾ ਭਰੋਸਾ ਹਸਲ ਕੀਤਾ। ਤਾਰੀਖ 22-01-2011 ਨੂੰ ਹਰਿਆਣਾ ਦੇ ਰਿਵਾਡ਼ੀ ਜਿਲੇ ਦੇ ਅਤੇ ਹੋਂਦ ਚਿੱਲਡ਼ ਪਿੰਡ ਦੇ ਲਾਗਲੇ ਪਿੰਡ ਦੇ ਇਕ ਨਿਵਾਸੀ ਨੇ ਮਨਵਿੰਦਰ ਸਿੰਘ ਨੂੰ ਆਮ ਗੱਲਬਾਤ ਦੌਰਾਨ ਕਿਹਾ, “ਸਰਦਾਰ ਜੀ, ਆਪ ਜੈਸੇ ਸਿੱਖ ਏਅਰ ਕੰਡੀਸ਼ਨ ਕਮਰੋ ਮੇਂ ਬੈਠ ਮੂਛੋ ਕੋ ਤਾਵ ਦੇਤੇ ਹੋ ਔਰ ਬਡ਼ੀ ਬਡ਼ੀ ਬਾਤੇ ਕਰਤੇ ਹੋ। ਹਮਾਰੇ ਗਾਵ ਕੇ ਪਾਸ 1984 ਸੇ ਪਹਿਲੇ ਏਕ ਬਹੁਤ ਖੁਸ਼ਹਾਲ ਗਾਵ ਹੋਤਾ ਥਾ। ਬਹ ਸਰਦਾਰੋ ਕਾ ਗਾਵ ਥਾ। ਲੋਗ ਬਡ਼ੇ ਅੱਛੇ ਥੇ । ਲੰਗਰ ਚਲਤਾ ਰਹਿਤਾ ਥਾ। ਉਸ ਵਕਤ ਸਮਾਂ ਹੀ ਐਸਾ ਥਾ ਕਿ ਭੀਡ਼ ਨੇ ਉਸ ਗਾਵ ਕੇ ਸਭੀ ਸਰਦਾਰੋ ਕੋ ਜਿੰਦਾ ਜਲਾ ਦੀਆ, ਲੂਟ ਲੀਆ ਅੰਤ ਸਭੀ ਸਰਦਾਰੋ ਕੋ ਆਗ ਲਗਾ ਦੀ। ਉਨਕੇ ਘਰ ਖੰਡਰਾਤ ਰੂਪ ਮੇ ਅਭੀ ਭੀ ਵੈਸੇ ਕੇ ਵੈਸੇ ਹੈ। ਆਜ ਤੱਕ ਉਸ ਗਾਵ ਮੇਂ ਕੋਈ ਨਹੀਂ ਗਿਆ। ਉਧਰ ਜਾਨੇ ਸੇ ਲੋਗ ਡਰਤੇ ਹੈਂ”। ਇੰਜੀਨੀਅਰ ਮਨਵਿੰਦਰ ਸਿੰਘ ਜੋ ਪੰਜ ਮਿੰਟ ਪਹਿਲਾਂ ਠਹਾਕੇ ਮਾਰ ਮਾਰ ਗੱਲਾਂ ਕਰ ਰਿਹਾ ਸੀ ਇਕ ਦਮ ਸੁੰਨ ਜਿਹਾ ਹੋ ਗਿਆ। ਸਿੱਖਾਂ ਦੇ ਕਤਲੇਆਮ ਬਾਰੇ ਤਾਂ ਪਹਿਲਾਂ ਭੀ ਸੁਣਿਆ ਸੀ ਕਿ ਦਿੱਲੀ ਵਿੱਚ ਸਿੱਕਾਂ ਦਾ ਕਤਲੇਆਮ ਹਇਆ ਸੀ। ਪੂਰੇ ਪਿੰਡ ਦੇ ਸਿੱਖਾਂ ਨੂੰ ਜਿੰਦਾ ਜਲਾ ਦੇਣਾ, ਉਹਨਾਂ ਦੇ ਘਰਾਂ ਨੂੰ ਲੁੱਟ ਲੈਣਾ ਉਪਰੰਤ ਸਾਡ਼ ਦੇਣਾ ਅਤੇ 27 ਸਾਲਾਂ ਬਾਅਦ ਭੀ ਉਸ ਪਿੰਡ ਦਾ ਉਵੇਂ ਦਾ ਉਵੇਂ ਹੋਣਾ ਇਹ ਨਹੀਂ ਸੀ ਸੁਣਿਆ। ਇੰਜੀ ਮਨਵਿੰਦਰ ਸਿੰਘ ਨੇ ਉਸ ਤੋਂ ਉਸ ਪਿੰਡ ਦਾ ਪੂਰਾ ਪਤਾ ਲਿਆ। ਸਾਰੀ ਰਾਤ ਨੀਂਦ ਨਹੀਂ ਆਈ। ਸਵੇਰੇ 23-01-2011 ਨੂੰ ਕਾਰ ਕੈਮਰਾ ਲੈ ਕੇ ਉਸ ਪਿੰਡ ਪਹੁੰਚ ਗਿਆ। ਜੋ ਦੇਖਿਆ ਉਹਦੀਆਂ ਫੋਟੋਆਂ ਖਿੱਚੀਆਂ। ਜੋ ਮਹਿਸੂਸ ਕੀਤਾ ਉਹਨੂੰ ਕਾਗਜ਼ ਤੇ ਉਤਾਰ ਲਿਆ। ਜਿਸ ਖੂਹ ਵਿੱਚ ਲਾਸਾਂ ਆਦਿ ਸੁੱਟੀਆਂ ਸਨ ਉਸ ਵਿੱਚ ਪਾਣੀ ਨਹੀਂ ਸੀ, ਉਸ ਦੀ ਮੌਣ ਤੇ ਖਡ਼੍ਹ ਕੇ ਉਸ ਖੂਹ ਵਿੱਚ ਆਪਣੇ ਹੰਝੂ ਸੁੱਟੇ। ਭਿਆਨਕਤਾ ਐਨੀ ਸੀ ਕਿ ਨੀਂਦ ਆਉਣੀ ਬੰਦ ਹੋ ਗਈ। ਗਿਆਸਪੁਰਾ ਆਪਣੇ ਪਿਤਾ ਜੀ ਨਾਲ਼ ਗੱਲ ਕਰਦੇ ਕਰਦੇ ਉੱਚੀ-ਉੱਚੀ ਰੋ ਪਏ। ਪਿਤਾ ਜੀ ਨੇ ਹੌਸਲਾ ਦਿਤਾ। ਸਾਰੇ ਕੁੱਝ ਦਾ ਇੱਕ ਲੇਖ ਬਣਾਉਣ ਲਈ ਪ੍ਰੇਰਿਆ। ਸਾਰੀ ਦੁਨੀਆ ਨੂੰ ਦੱਸਣ ਲਈ ਸਲਾਹ ਦਿਤੀ। ਮਨਵਿੰਦਰ ਸਿੰਘ ਨੇ ਬਹੁਤ ਧੀਰਜ ਤੋਂ ਕੰਮ ਲੈਂਦੇ ਹੋਏ ਲੇਖ ਲਿਖਿਆ। ਫੋਟੋਆਂ ਸੰਭਾਲ਼ੀਆਂ। ਅਖਬਾਰਾਂ ਵਿੱਚ ਲੇਖ ਭੇਜਿਆਂ, ਫੋਟੋਆਂ ਭੇਜੀਆਂ। ਇੰਟਰਨੈਟ ਰਾਹੀਂ ਬਡ਼ੇ ਤਰਕੇ ਨਾਲ਼ ਸਾਰੀ ਦੁਨੀਆ ਵਿੱਚ ਪਹੁੰਚਾ ਦਿਤਾ। ਬਾਹਰਲੀਆਂ ਅਖਬਾਰਾਂ ਵਾਲ਼ਿਆਂ ਨੇ ਤਾਂ ਲੇਖ ਛਾਪ ਦਿਤਾ, ਫੋਟੋਆਂ ਛਾਪ ਦਿਤੀਆਂ ਪਰ ਭਾਰਤ ਵਰਸ਼ ਦੇ ਕਿਸੇ ਅਖਬਾਰ ਨੇ ਇਹ ਲੇਖ ਆਦਿ ਨਹੀਂ ਛਾਪਿਆ। ਭਾਰਤ ਵਿੱਚ ਸੱਭ ਤੋਂ ਪਹਿਲਾਂ ‘ਫਤਿਹਨਾਮੇ’ ਹੁਣ ‘ਵੰਗਾਰ’ ਵਾਲੇ ਬਲਜੀਤ ਸਿੰਘ ਖਾਲਸਾ ਨੇ ਆਪਣਾ ਮੈਗਜੀਨ ‘ਫਤਿਹਨਾਮਾ’ ਲੇਟ ਕਰਕੇ ਭੀ ਇਹ ਲੇਖ ਛਾਪ ਦਿਤਾ। ਬੱਸ ! ਫਿਰ ਕੀ ਸੀ? ਸਾਰੇ ਸੰਸਾਰ ਵਿੱਚ ਗੱਲ ਫੈਲ ਗਈ। ਭਾਰਤ ਦੇ ਲੋਕਾਂ ਨੂੰ ਬਾਹਰਲੇ ਦੇਸ਼ਾਂ ਤੋਂ ਟੈਲੀਫੂਨ ਆਉਣ ਲੱਗ ਪਏ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰਮੁਹੰਮਦ ਅਤੇ ਸ: ਦਵਿੰਦਰ ਸਿੰਘ ਸੋਢੀ ਨੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨਾਲ਼ ਰਾਬਤਾ ਬਣਾਇਆ। ਸੱਭ ਤੋਂ ਪਹਿਲਾਂ ਮਨਵਿੰਦਰ ਸਿੰਘ ਕੋਲ਼ ਪਹੁੰਚੇ। ਕਈ ਦਿਨ ਉਸ ਦੇ ਘਰ ਰਹੇ। ਉਸ ਪਿੰਡ ਜਾਂਦੇ ਰਹੇ। ਗੱਲ ਸਾਰੇ ਅਖਬਾਰਾਂ ਵਿੱਚ ਫੈਲ ਗਈ । ਇਹਨਾਂ ਨੇ ਰਲ਼ ਕੇ ਉਸ ਪਿੰਡ ਵਿੱਚ ਸ਼ਹੀਦ ਹੋਏ ਸਾਰੇ ਸਿੰਘਾਂ ਦੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਦਾ ਫੈਸਲਾ ਲਿਆ। ਫੈਸਲਾ ਹੋਇਆ ਕਿ 04-03-2011 ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਜਾਪ ਸ਼ੁਰੂ ਹੋਵੇਗਾ । 06-03-2011 ਨੂੰ ਭੋਗ ਉਪਰੰਤ ਕੀਰਤਨ ਦਰਬਾਰ ਭੀ ਸਜੇਗਾ। ਇਸ ਫੈਸਲੇ ਨੂੰ ਅਖਬਾਰਾਂ ਵਿੱਚ ਦਿਤਾ ਅਤੇ ਰਾਜਨੀਤਕ ਲੀਡਰ ਉਥੇ ਪਹੁੰਚਣੇ ਸ਼ੁਰੂ ਹੋ ਗਏ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਵਤਾਰ ਸਿੰਘ ਮੱਕਡ਼ ਵੀ ਪਹੁੰਚੇ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਹੁੰਚੇ। ਅਖੰਡ ਜਾਪ ਅਤੇ ਕੀਰਤਨ ਦਾ ਫੈਸਲਾ ਤਾਂ ਕਰ ਲਿਆ ਪਰ ਇਸ ਅਲੱਗ ਥਲੱਗ ਡਰਾਵਣੇ ਪਿੰਡ ਇਹ ਸੱਭ ਕੁੱਝ ਕਰਨਾ ਬਹੁਤ ਮੁਸ਼ਕਿਲ ਸੀ। ਸਾਰੀਆਂ ਬਿਲਡਿੰਗਾਂ ਖੰਡਰ ਹੋਈਆਂ ਪਈਆਂ ਸਨ। ਸੱਪਾਂ ਬਿੱਛੂਆਂ ਦੀ ਭਰਮਾਰ ਸੀ। ਸਲਵਾਡ਼ ਉੱਗਿਆ ਹੋਇਆ ਸੀ। ਵਿਸ਼ਾਲ ਪਿੱਪਲ਼ ਦੇ ਦਰੱਖਤ ਤੇ ਉੱਲੂਆਂ ਦਾ ਵਾਸਾ ਸੀ। ਕਿਸੇ ਭੀ ਬਿਲਡਿੰਗ ਵਿੱਚ ਵਡ਼ਨਾ ਮੁਸ਼ਕਿਲ ਸੀ। ਜਲਾਣ ਵਾਸਤੇ ਲੱਕਡ਼ੀ ਨਹੀਂ ਸੀ। ਠੰਡ ਦਾ ਮੌਸਮ ਸੀ। ਮਾਰਚ ਵਿੱਚ ਬੱਦਲਵਾਈ ਭੀ ਆਮ ਹੀ ਰਹਿੰਦੀ ਹੈ। ਗੁਡ਼ਗਾਵਾਂ ਦੇ ਗੁਰਦਵਾਰਿਆਂ ਦੀਆਂ ਸਥਾਨਕ ਸੰਗਤਾਂ ਤੇ ਕਮੇਟੀਆਂ ਭੌਰ ਭੌਰ ਅਤੇ ਡਰੀਆਂ ਜਿਹੀਆਂ ਕਭੀ ਹਾਂ ਕਭੀ ਨਾਂ ਕਰ ਰਹੀਆਂ ਸਨ। ਬਾਹਰਲੇ ਸਿੰਘਾਂ ਖਾਸ ਕਰਕੇ ਗੁਰਪਤਵੰਤ ਸਿੰਘ ਪੰਨੂ ਨੇ ਤੇ ਹੋਰ ਸਿੰਘਾਂ ਨੇ ਹੌਸਲਾ ਵਧਾਇਆ ਖਰਚੇ ਵਲੋ ਬੇਫਿਕਰ ਕਰ ਦਿਤਾ। ਇੰਜੀ. ਮਨਵਿੰਦਰ ਸਿੰਘ ਗਿਆਸਪੁਰੇ ਦੇ ਮਾਤਾ ਪਿਤਾ ਜੋ ਗਿਆਸਪੁਰੇ ਰਹਿੰਦੇ ਸਨ ਆਪਣੇ ਘਰ ਨੂੰ ਤਾਲੇ ਲਗਾ ਕੇ ਮਨਵਿੰਦਰ ਸਿੰਘ ਕੋਲ਼ ਮੱਦਦ ਲਈ ਗੁਡ਼ਗਾਵਾਂ ਪਹੁੰਚ ਗਏ। ਹੋਂਦ ਚਿਲਡ਼ ਪਿੰਡ ਦੇ ਲਾਗੇ ਸ਼ਹਿਰ ਹੈ ਪਟੌਦੀ ਜੋ ਕਿ 20 ਕਿਲੋਮੀਟਰ ਦੀ ਵਿੱਥ ਤੇ ਹੈ। ਉਥੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਂਦਾ ਗਿਆ। ਸੰਗਤ ਪਹੁੰਚਣੀ ਸ਼ੁਰੂ ਹੋ ਗਈ। ਲੋਡ਼ੀਦਾ ਸਮਾਨ ਭੀ ਆਉਂਦਾ ਰਿਹਾ। ਗਿਆਸਪੁਰਾ ਦੇ ਮਾਤਾ ਪਿਤਾ ਨੇ ਇੱਟਾਂ ਪੱਥਰਾਂ ਦਾ ਆਰਜੀ ਚੁੱਲ੍ਹਾ ਬਣਾਇਆ। ਆਲ਼ੇ ਦੁਆਲਿਓ ਝਾਡ਼ੀਆਂ ਇਕੱਠੀਆਂ ਕੀਤੀਆਂ। ਅੱਗ ਬਾਲ਼ੀ ਅਤੇ ਕਡ਼ਾਹ ਪ੍ਰਸ਼ਾਦਿ ਦੀ ਦੇਗ ਬਣਾਉਣ ਵਾਸਤੇ ਚਾਸ ਵਾਸਤੇ ਪਾਣੀ ਰੱਖ ਦਿਤਾ । ਦੇਗ ਬਣਨੀ ਸ਼ੁਰੂ ਹੋ ਗਈ। ਪਿਤਾ ਖੁਰਚਣਾ ਚਲਾ ਰਿਹਾ ਅਤੇ ਪਾਠ ਕਰ ਰਿਹਾ ਸੀ ਅਤੇ ਮਨਵਿੰਦਰ ਸਿੰਘ ਦੀ ਮਾਤਾ ਝਾਡ਼ੀਆ ਜੋ ਕਿ ਕੰਡਿਆਲੀਆਂ ਸਨ ਨੂੰ ਤੋਡ਼ ਤੋਡ਼ ਕੇ ਅੱਗ ਬਾਲ਼ ਰਹੀ ਸੀ। ਅਚਾਨਕ ਖਬਰ ਮਿਲ਼ੀ ਕਿ ਗਿਆਸਪੁਰੇ ਵਾਲ਼ਾ ਘਰ ਲੁੱਟ ਲਿਆ ਗਿਆ। ਚੋਰੀ ਹੋ ਗਈ। ਮਾਂ ਦੇ ਹੱਥ ਵਿੱਚ ਕੰਡਿਆਲੀ ਝਾਡ਼ੀ ਦਾ ਕੰਡਾ ਖੁੱਭ ਗਿਆ। ਪਿਤਾ ਉੱਚੀ-ਉੱਚੀ ਪਾਠ ਕਰਨ ਲੱਗ ਪਿਆ। ਦੇਗ ਬਣਾਉਂਦਿਆਂ ਦੀ ਟੀ.ਵੀ. ਵਾਲ਼ੇ ਵੀਡੀਓ ਬਣਾ ਰਹੇ ਸਨ । ਟੀ.ਵੀ ਤੇ ਦੇਗ ਬਣਾਉਂਦਿਆਂ ਦੀ ਅਤੇ ਲੁੱਟੇ ਘਰ ਦੀ ਖਬਰ ਵੀਡੀਓ ਇਕੱਠੀ ਚੱਲ ਰਹੀ ਸੀ। ਦੇਗ ਬਣ ਗਈ। ਪਿਤਾ ਨੇ ਹੱਥ ਮੂੰਹ ਧੋਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ । ਪਾਠ ਆਰੰਭ ਹੋਇਆ। ਇੱਕ ਘਟਦੇ ਪਾਠੀ ਦੀ ਡਿਊਟੀ ਭੀ ਨਿਭਾਈ। ਇਸ ਤਰਾਂ ਸੇਵਾ ਵਿੱਚ ਜੁਟੇ ਰਹੇ ਜਿਵੇਂ ਘਰ ਕੁੱਝ ਹਇਆ ਹੀ ਨਾਂ ਹੋਵੇ। ਸ: ਜਗਦੀਸ਼ ਸਿੰਘ ਝੀਡਾ ਨੇ ਤਿੰਨੋ ਦਿਨ / ਰਾਤ ਸੇਵਾ ਦੀ ਡਿਊਟੀ ਨਿਭਾਈ।ਤਾਰੀਖ 06-03-2011 ਨੂੰ ਸਿੱਖ ਪੰਥ ਦੇ ਸਾਰੇ ਲੀਡਰ ਉਥੇ ਪਹੁੰਚੇ। ਭਾਰੀ ਇਕੱਠ ਹੋਇਆ। ਤਿੰਨੋ ਦਿਨ ਖੂਬ ਲੰਗਰ ਚੱਲਿਆ। ਆਲ਼ੇ ਦੁਆਲ਼ੇ ਦੀ ਗਰੀਬ ਜੰਨਤਾ ਨੇ ਖੂਬ ਲੰਗਰ ਛਕਿਆ। ਸਾਰਿਆਂ ਵਾਸਤੇ ਮਿਨਰਲ ਵਾਟਰ ਦਾ ਪ੍ਰਬੰਧ ਸੀ। ਵਿਸ਼ਾਲ ਸ਼ਾਮਿਆਨਾ ਲਗਾਇਆ ਗਿਆ। ਦਰੀਆਂ ਤੱਪਡ਼ਾ ਦਾ ਵਧੀਆ ਪ੍ਰਬੰਧ ਸੀ। ਮੋਬਾਈਲ ਗੱਡੀਆਂ ਵਿੱਚ ਟਾਇਲਟ ਜਾਣ ਦਾ ਪ੍ਰਬੰਧ ਸੀ। ਇਸ ਪ੍ਰੋਗਰਾਮ ਵਿੱਚ ਦੋ ਕੁਇੰਟਲ ਤਾਂ ਮਾਹ ਦੀ ਦਾਲ਼ ਲੱਗ ਗਈ। ਸਬਜੀ ਸਲਾਦ ਅਲੱਗ ਸੀ। ਮੇਂਬਰ ਪਾਰਲੀਮੈਂਟ ਢੀਡਸਾ ਸਾਹਿਬ 05 ਮਾਰਚ ਨੂੰ ਪਹੁੰਚੇ। ਸੰਤ ਬਲਜੀਤ ਸਿੰਘ ਦਾਦਵਾਲ਼, ਪ੍ਰਸਿੱਧ ਵਕੀਲ ਨਵਕਿਰਨ ਸਿੰਘ ਅਤੇ ਫੂਲਕਾ ਸਾਹਿਬ ਵੀ ਪਹੁੰਚੇ ਹੋਏ ਸਨ। ਸੰਗਤਾਂ ਨੇ ਇਥੇ ਜਲਿਆਂ ਵਾਲ਼ੇ ਬਾਗ ਦੀ ਤਰਾਂ ਸ਼ਹੀਦਾ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਸੀ। ਇਸ ਕੰਮ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 51 ਲੱਖ ਰੁਪਿਆ ਖਰਚਣ ਦਾ ਐਲਾਨ ਕੀਤਾ। ਸਿੱਖਸ ਫਾਰ ਜਸਟਿਸ ਵਲੋਂ 13 ਲੱਖ ਰੁਪਿਆ ਭੀ ਐਲਾਨ ਕੀਤਾ ਗਿਆ। ਸੰਤ ਦਾਦੂਵਾਲ ਸਾਹਿਬ ਨੇ ਇਕ ਲੱਖ ਰੁਪਿਆ ਇਸ ਕੰਮ ਵਾਸਤੇ ਐਲਾਨ ਕੀਤਾ ਗਿਆ। ਹੋਰ ਭੀ ਸੰਗਤਾਂ ਨੇ ਕੁੱਝ ਨਾਂ ਕੁੱਝ ਐਲਾਨ ਕੀਤਾ। ਪਿੰਡ ਚਿਲਡ਼ ਦੇ ਸਰਪੰਚ ਹਰ ਕਿਸਮ ਦੀ ਮਦਤ ਕਰਨ ਲਈ ਕਿਹਾ। ਹੋਂਦ ਚਿਲਡ਼ ਅਲੱਗ ਅਲੱਗ ਹਨ। ਇਹਨਾਂ ਦੀ ਪੰਚਾਇਤ ਇਕੱਠੀ ਹੁੰਦੀ ਸੀ। ਹੁਣ ਹੋਂਦ ਦੀ ਹੋਂਦ ਖਤਮ ਹੋਣ ਕਾਰਨ ਚਿਲਡ਼ ਰਹਿ ਗਿਆ ਹੈ। ਸ਼ਹੀਦ ਹੋਏ ਪਿੰਡ ਦੇ ਵਾਰਸਾਂ ਨੇ ਲਿਖਤੀ ਹਲਫੀਆ ਬਿਆਨ ਦਿਤਾ ਕਿ ਇਹ ਜਗ੍ਹਾਂ ਸਿੱਖ ਪੰਥ ਨੂੰ ਸੌਂਪ ਦਿਤੀ ਗਈ ਹੈ। ਸਿੱਖ ਪੰਥ ਜੋ ਮਰਜੀ ਇਥੇ ਬਣਾਵੇ ਉਹਨਾਂ ਨੂੰ ਕੋਈ ਇਤਰਾਜ ਨਹੀਂ ਹੋਵੇਗਾ। ਇਹ ਐਲਾਨ ਸਾਰੀ ਸੰਗਤ ਦੇ ਸਾਹਮਣੇ ਕੀਤਾ ਸੀ। ਅਖੀਰ ਉਸ ਪਿੰਡ ਦੀ ਮਿੱਟੀ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਨ ਦਾ ਫੈਸਲਾ ਭੀ ਹੋਇਆ। ਪ੍ਰੋਗਰਾਮ ਦੀ ਸਮਾਪਤੀ ਹੋ ਗਈ। ਸੱਭ ਸੰਗਤਾਂ ਆਪੋ ਆਪਣੇ ਘਰਾਂ ਨੂੰ ਚਲੇ ਗਈਆਂ। ਗੁਡ਼ਗਾਵਾਂ ੳਤੇ ਪਟੌਦੀ ਦੀ ਸੰਗਤ ਨੇ ਸਮਾਨ ਸਮੇਟਿਆ, ਜਿਥੇ ਜਿਥੇ ਪਹੁੰਚਾਣਾ ਸੀ ਪਹੁੰਚਾ ਦਿਤਾ ਗਿਆ। ਜਥੇਦਾਰ ਅਕਾਲ ਤਖਤ ਦੇ ਜਥੇਦਾਰ ਨੇ ‘ਸਿੱਖ ਨਸਲਕੁਸ਼ੀ’ ਦਾ ਇਕ ਯਾਦਗਾਰੀ ਪੱਥਰ ਭੀ ਲਗਵਾਇਆ। ਸ਼ਹੀਦਾਂ ਦੀ ਮਿੱਟੀ ਬਾਰੇ ਵੱਡੀਆਂ ਵੱਡੀਆਂ ਗੱਲਾਂ ਵੀ ਮਾਰੀਆਂ ਗਈਆਂ। ਕਦੇ ਕਹਿੰਦੇ ਇਹ ਮਿੱਟੀ ਪੂਰੇ ਪੰਜਾਬ ਵਿੱਚ ਘੁੰਮਾਉਣੀ ਚਾਹੀਦੀ ਹੈ । ਕਦੇ ਕਹਿੰਦੇ ਪਾਰਲੀਮੈਂਟ ਅਤੇ ਸੁਪਰੀਮ ਕੋਰਟ ਦੇ ਆਲ਼ੇ ਦੁਆਲ਼ੇ ਘੁਮਾਉਣੀ ਚਾਹੀਦੀ ਹੈ। ਸੰਗਤ ਵਿਛਡ਼ ਗਈ, ਮਿੱਟੀ ਦੀ ਥੈਲੀ ਇੰਜੀ. ਮਨਵਿੰਦਰ ਸਿੰਘ ਕੋਲ਼ ਰਹਿ ਗਈ। ਤਾਰੀਖ 08-03-2011 ਨੂੰ ਦੁਪਹਿਰੇ ਇਕ ਵਜੇ ਚੱਲੇ (ਮਿੱਟੀ ਨੂੰ ਕੀਰਤਪੁਰ ਸਾਹਿਬ ਪਾਉਣ ਵਾਸਤੇ) ਜਿਸ ਵਿੱਚ ਇੰਜੀ.ਮਨਵਿੰਦਰ ਸਿੰਘ ਦਾ ਪੂਰਾ ਪਰਿਵਾਰ ਅਤੇ ਚਾਰ ਹੋਰ ਸਿੰਘ ਸਨ। ਪਾਣੀਪਤ ਤੋਂ ਸ. ਜਗਦੀਸ਼ ਸਿੰਘ ਜੀ ਝੀਡਾ ਆਪਣੇ ਜਥੇ ਨਾਲ਼ ਸਾਮਿਲ ਹੋਏ। ਸ਼ਾਮ ਦੇ 9 ਵਜੇ ਸਾਰੇ ਮੋਹਾਲ਼ੀ ਦੇ ਗੁਰਦਵਾਰੇ ਸ੍ਰੀ ਅੰਬ ਸਾਹਿਬ ਪਹੁੰਚੇ। ਇਥੇ ਹੀ ਸ: ਕਰਨੈਲ ਸਿੰਘ ਪੀਰਮੁਹੰਮਦ ਸਾਹਿਬ ਆਪਣੇ ਸਿੰਘਾਂ ਨਾਲ਼ ਆ ਰਲ਼ੇ। ਤਾਰੀਖ 09-03-2011 ਨੂੰ ਕੀਰਤਪੁਰ ਸਾਹਿਬ ਪਹੁੰਚੇ, ਇਥੇ ਜਥੇਦਾਰ ਤਖਤ ਸ੍ਰੀ ਕੇਸਗਡ਼ ਜੀ ਨੇ ਅਰਦਾਸ ਕੀਤੀ ਅਤੇ ਸ਼ਹੀਦਾਂ ਦੀ ਮਿੱਟੀ ਨੂੰ ਜਲ ਪ੍ਰਵਾਹ ਕੀਤਾ ਗਿਆ। 09-03-2011 ਨੂੰ ਮਨਵਿੰਦਰ ਸਿੰਘ ਆਪਣੇ ਬੱਚਿਆਂ ਨਾਲ਼ ਗੁਡ਼ਗਾਵਾਂ ਨੂੰ ਚਲੇ ਗਿਆ ਅਤੇ ਮਾਤਾ ਪਿਤਾ ਲੁੱਟੇ ਪੁੱਟੇ ਘਰ ਗਿਆਸਪੁਰੇ ਨੂੰ ਆ ਗਏ। ਘਰ ਵਿੱਚ ਇੰਜੀ. ਮਨਵਿੰਦਰ ਸਿੰਘ ਗਿਆਸਪੁਰੇ ਦੇ ਮਾਤਾ ਪਿਤਾ ਵਡ਼੍ਹ ਤਾਂ ਗਏ ਪਰ ਰੋਣਾ ਨਾਂ ਰੋਕ ਸਕੇ। ਪਿਤਾ ਨੇ ਤਕਰੀਬਨ ਇੱਕ ਹਜਾਰ ਪੁਸਤਕਾਂ ਦੀ ਲਾਇਬ੍ਰੇਰੀ ਬਣਾਈ ਸੀ ਸੱਭ ਖਿਲਰੀ ਪਈ ਸੀ। ਸੈਂਚੀਆਂ ਉੱਥਲ਼-ਪੁੱਥਲ਼ ਪਈਆਂ ਸਨ। ਚੋਰਾਂ ਨੇ ਹਰ ਚੀਜ ਨੂੰ ਫੋਲ ਕੇ ਦੇਖਿਆ ਸੀ। ਜੋ ਉਹਨਾਂ ਨੂੰ ਮਿਲਿਆ ਸੱਭ ਲੈ ਗਏ। ਚਾਹ ਬਣਾਉਣ ਲਈ ਗੈਸ ਸਲੰਡਰ ਤੱਕ ਨਹੀਂ ਛੱਡਿਆ। ਪਿਤਾ ਜੀ ਦਾ ਸਾਈਕਲ ਤੱਕ ਲੈ ਗਏ। ਪਿਤਾ ਜੀ ਕਾਰ ਜਾਂ ਸਕੂਟਰ ਇਸ ਕਰਕੇ ਨਹੀਂ ਚਲਾਉਂਦੇ ਕਿਉਂ ਉਹ ਸੋਚਦੇ ਹਨ ਕਿ ਉਹ ਧਰਤੀ ਤੇ ਗੰਦ ਪਾ ਕੇ ਨਹੀਂ ਜਾਣਗੇ। ਸਕੂਟਰ, ਕਾਰ ਵਿੱਚੋਂ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਜੋ ਕਿ ਗਲਤ ਹੈ। ਉਧਰ ਮਨਵਿੰਦਰ ਸਿੰਘ 15 ਦਿਨਾਂ ਦੀ ਛੁੱਟੀ ਤੋਂ ਬਾਅਦ ਫੈਕਟਰੀ ਪਹੁੰਚਿਆ। ਫੈਕਟਰੀ ਮਾਲਕਾਂ ਨੇ ਕਿਹਾ ਮਨਵਿੰਦਰ ਸਿੰਘ ਤੂੰ ਫੈਕਟਰੀ ਛੱਡ ਦੇ। ਤੇਰੇ ਇਥੇ ਹੋਣ ਨਾਲ਼ ਤੈਨੂੰ ਭੀ ਖਤਰਾ ਤੇ ਸਾਨੂੰ ਭੀ ਖਤਰਾ। ਮਨਵਿੰਦਰ ਸਿੰਘ ਨੂੰ ਭੀ ਸਾਇਦ ਇਹ ਸੁਝਾਉ ਠੀਕ ਲੱਗਿਆ ਤਾਂ ਉਸ ਨੇ ਫੈਕਟਰੀ ਛੱਡ ਦਿਤੀ ਤੇ ਗਿਆਸਪੁਰੇ ਆ ਗਿਆ। ਆਪਣਾ ਕੰਮ ਸੁਰੂ ਕਰਨ ਦੀ ਕੋਸ਼ਿਸ਼ ਕਰਦਾ ਰਿਹਾ।ਤਾਰੀਖ 21-12-2011 ਨੂੰ ਸਿਵ ਸੈਨਾ ਦੇ ਪ੍ਰਧਾਨ ਬਲਜੀਤ ਜੱਸੀਆਂ ਨੇ ਇੰਜੀ ਮਨਵਿੰਦਰ ਸਿੰਘ ਦੇ ਖਿਲਾਫ ਐਵੇ ਹੀ ਇੱਕ ਕੇਸ ਧਾਰਾ 153 ਏ ਤਹਿਤ ਰਜਿਸ਼ਟਰਡ ਕਰਵਾ ਦਿਤਾ। ਕੋਈ ਵਿੱਕੀ ਗਾਰਮੈਂਟ ਤੋਂ ਕੁੱਝ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਛਪੀ ਫੋਟੋ ਵਾਲੀਆਂ ਟੀ ਸ਼ਰਟਾਂ ਪੁਲਿਸ ਤੋਂ ਜਪਤ ਕਰਵਾਈਆ ਤੇ ਦੋਸ਼ ਲਾਇਆ ਮਨਵਿੰਦਰ ਸਿੰਘ ਗਿਆਸਪੁਰਾ ਤੇ। ਪੁਲਿਸ ਨੇ ਇਥੋ ਤੱਕ ਕਿਹਾ ਕਿ ਵਿਕੀ ਗਾਰਮੈਂਟ ਇੰਜੀ. ਸਾਹਿਬ ਦੀ ਹੈ ਜਦੋਂ ਕਿ ਉਹ ਤਾਂ ਵਿਚਾਰਾ ਸੈਟ ਹੋਣ ਲਈ ਹੱਥ ਪੈਰ ਮਾਰ ਰਿਹਾ ਹੈ ਫੈਕਟਰੀ ਕਿਥੋ ਬਣਾ ਲਈ ?? ਜਦੋਂ ਇੰਜੀ. ਸਾਹਿਬ ਨਾਲ਼ ਗੱਲ ਕੀਤੀ ਤਾਂ ਹੱਸਦਾ ਕਹਿਣ ਲੱਗਾ ਕਿ ਫੈਕਟਰੀ ਨਾਮ ਕਰਵਾ ਦੇਣ, ਫਿਰ ਭਾਵੇਂ ਦੋ ਸਾਲ ਕੈਦ ਕਰ ਲੈਣ। ਇਹ ਇਸ ਪ੍ਰਕਾਰ ਦੀ ਧਾਰਾ ਕਈ ਸਿੱਖ ਨੌਜੁਵਾਨਾਂ ਤੇ ਲਗਾਉਂਦੇ ਹਨ, ਦੋ ਤਿੰਨ ਸਾਲ ਅੰਦਰ ਰੱਖਣ ਤੋਂ ਬਾਅਦ ਕਹਿ ਦਿੰਦੇ ਹਨ ਕਿ ਕੇਸ ਝੂਠਾ ਹੈ। ਭਾਈ ਦਲਜੀਤ ਸਿੰਘ ਬਿੱਟੂ ਇਸੇ ਤਰਾਂ ਦਾ ਹੀ ਇੱਕ ਸਿੰਘ ਹੈ। ਇਸੇ ਡਰ ਕਾਰਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ 21-12-2011 ਤੋਂ ਬਾਅਦ ਕਦੇ ਘਰ ਰਾਤ ਨਹੀਂ ਕੱਟੀ। ਕਦੇ ਭੂਆ ਦੇ ਘਰ, ਕਦੇ ਫੂੱਫੀ ਦੇ ਘਰ ਜਾਂ ਨਾਨਕੇ ਸਹੁਰੇ ਆਦਿ ਲੁਕਦਾ ਰਿਹਾ। ਪਿਛਲਾ ਸਿਆਲ਼ ਹੋਂਦ ਚਿੱਲਡ਼ ਦੇ ਖੰਡਰਾਂ ਨੂੰ ਖੋਜਦਾ ਰਿਹਾ। ਉਥੇ ਪ੍ਰੋਗਰਾਮ ਕਰਾਉਣ ਦੀਆਂ ਸਕੀਮਾਂ ਬਣਾਉਦਾ ਰਿਹਾ ਅਤੇ ਇਹ 2011-2012 ਦਾ ਸਿਆਲ਼ ਪੁਲਿਸ ਤੋਂ ਬਚਦੇ ਨੇ ਕੱਢਿਆ। ਅੱਜ 08-02-2012 ਨੂੰ ਚੰਗੀ ਖਬਰ ਮਿਲੀ ਕਿ ਇੰਜੀਨੀਅਰ ਮਨਵਿੰਦਰ ਸਿੰਘ ਗਿਆਂਸਪੁਰਾ ਦੀ ਉੱਚ ਅਦਾਲਤ ਤੋਂ ਅਗਾਊ ਜਮਾਨਤ ਹੋ ਗਈ। ਸਿੱਖ ਹੱਕਾਂ ਦੀ ਗੱਲ ਕਰਨ ਵਾਲ਼ੇ ਨਾਲ਼ ਲੋਕਤੰਤਰ ਦੇਸ਼ ਵਿੱਚ ਬਾਈ ਇਉਂ ਹੀ ਕਰਦੇ ਨੇ । 
ਗੁਰਮੇਲ ਸਿੰਘ ਖਾਲਸਾ
9914701469
ਪਿੰਡ ਗਿਆਸਪੁਰਾ
ਲੁਧਿਆਣਾ ॥ 


No comments: