Sunday, May 29, 2011

ਹੁਣ ਵਿਵਾਦ ਭਗਤ ਰਵਿਦਾਸ ਜੀ ਦੀ ਤਸਵੀਰ ਬਾਰੇ

 ੴ  ਸਤਿਨਾਮ ਸ੍ਰੀ ਵਾਹਿਗੁਰੂ !

ਸਾਡੇ ਭਾਰਤ ਦੇਸ਼ ਵਿੱਚ ਬ੍ਰਾਹਮਣੀ ਰਾਜ ਬਹੁਤ ਲੰਮਾਂ ਸਮਾਂ ਰਿਹਾ। ਜਿਸ ਦੌਰਾਨ ਇਹਨਾਂ ਨੇ ਮਨ-ਆਈਆਂ ਕੀਤੀਆਂ (ਚੰਮ ਦੀਆਂ ਚਲਾਈਆਂ) ਕਿਸੇ ਸਮੇਂ ਦੌਰਾਨ ਮਨੁੱਖਾਂ ਨੂੰ ਜਾਤ-ਪਾਤ ਵਿੱਚ ਵੰਡਕੇ ਮਨੁੱਖਤਾਂ ਦੇ ਮੱਥੇ ਤੇ ਬਹੁਤ ਵੱਡਾ (ਜਾਤੀਵਾਦ) ਕਲੰਕ ਲਗਾ ਦਿੱਤਾ। ਇਸ ਦੌਰਾਨ ਕਈ ਵਾਰ ਜਦੋਂ ਇਸਲਾਮੀ ਰਾਜ ਆਇਆ ਉਸ ਮੱਤ ਵਿੱਚ ਜਾਤੀ ਵਿਤਕਰਾ ਘੱਟ ਸੀ।
ਇਸ ਕਰਕੇ ਬਹੁਤ ਸਾਰੇ ਲੋਕ ਮੁਸਲਮਾਨ ਬਣ ਗਏ ਅਤੇ ਉਹਨਾਂ ਦੀ ਬਹੁਗਿਣਤੀ ਕਾਰਨ ਹਿੰਦੂ, ਮੁਸਲਮਾਨਾਂ ਦੇ ਗੁਲਾਮ ਹੋ ਗਏ ਅਤੇ ਮੁਸਲਮਾਨਾਂ ਨੇ ਹਿੰਦੂ ਲੋਕਾਂ ਦੇ ਸਿਰੋਂ ਪੱਗ ਲਾਹ ਕੇ ਅਪਮਾਨਤ ਕੀਤਾ ਅਤੇ ਨੰਗੇ ਸਿਰ ਰਹਿਣ ਦਾ ਹੁਕਮ ਕੀਤਾ। ਹਿੰਦੂਆਂ ਨੇ ਮੁਸਲਮਾਨਾਂ ਦੀ ਗੁਲਾਮੀ ਹੰਢਾਈ ਅਤੇ ਜੋ ਗੁਲਾਮੀ ਆਪ ਭੋਗੀ ਉਸ ਗੁਲਾਮੀ ਦਾ ਜੂਲਾ ਕਨੂੰਨ ਬਣਾਕੇ ਆਪਣੇ ਅਧੀਨ ਲੋਕਾਂ ਦੇ ਸਿਰ ਤੇ ਰੱਖ ਦਿੱਤਾ। ਅਖੌਤੀ ਨੀਵੀਂ ਜਾਤ ਵਾਲਿਆਂ ਤੋਂ ਸਿਰ ਤੇ ਪੱਗ ਬੰਨਣ ਦਾ, ਸਿਰ ਤੇ ਕੇਸ ਰੱਖਣ ਦਾ, ਧਰਮ ਦਾ ਉਪਦੇਸ਼ ਕਰਨ ਸੁਣਨ ਦਾ ਅਧਿਕਾਰ ਖੋਹ ਲਿਆ ਜੋ ਬ੍ਰਾਹਮਣੀ ਕਨੂੰਨ ਨਾ ਮੰਨਦਾ ਉਸਨੂੰ ਤਸੀਹੇ ਦਿੱਤੇ ਜਾਂਦੇ। ਇਸ ਦੇ ਅਸਰ ਤੋਂ ਕਹੇ ਜਾਂਦੇ ਅਵਤਾਰ ਰਾਮ ਚੰਦਰ ਵੀ ਮੁਕਤ ਨਾ ਹੋ ਸਕੇ। ਇਸੇ ਕਰਕੇ ਉਹਨਾਂ  ਨੇ ਅਖੌਤੀ ਸੂਦਰ ਸੰਭੂਕ ਨਾਂ ਦੇ ਭਗਤ ਦਾ ਕਤਲ ਕਰ ਦਿੱਤਾ ਸੀ, ਪਰ ਇਸ ਗੁਲਾਮੀ ਦੇ ਜੂਲੇ ਨੂੰ ਗਲੋਂ ਲਾਉਣਾ ਜਰੂਰੀ ਸੀ। ਇਸ ਲਈ ਜਰੂਰਤ ਸੀ ਨਿਡਰ ਕ੍ਰਾਂਤੀਕਾਰੀ ਯੋਧਿਆਂ ਦੀ। ਇਹਨਾਂ ਭਗਤ ਗਿਆਨੀ ਯੋਧਿਆਂ ਵਿਚੋਂ 15 ਭਗਤਾਂ ਦਾ ਖਾਸ ਕਰਕੇ ਜ਼ਿਕਰ ਆਉਦਾ ਹੈ ਜਿਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ। ਜਿਹਨਾਂ ਵਿਚੋਂ ਕੁੱਝ ਭਗਤ ਕਹੀਆਂ ਜਾਂਦੀਆਂ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਸਨ। ਜਿਹਨਾਂ ਦੇ ਪ੍ਰਤਾਪ ਪ੍ਰਚਾਰ ਨੂੰ ਬ੍ਰਾਹਮਣੀ ਤਾਕਤਾਂ ਨਾ ਰੋਕ ਸਕੀਆਂ। ਉਹਨਾਂ  ਵਿੱਚੋਂ ਜ਼ਿਕਰ ਕਰਦੇ ਹਾਂ ਭਗਤ ਰਵਿਦਾਸ ਜੀ ਦਾ।
ਭਗਤ ਰਵਿਦਾਸ ਜੀ ਵਲੋਂ ਬ੍ਰਾਹਮਣਵਾਦ ਤੇ ਪਹਿਲੀ ਸੱਟ ਸਾਬਤ ਸੂਰਤ ਹੋਣਾਦੂਜੀ ਚੋਟ ਸੀ ਸਿਰ ਤੇ ਸੋਹਣੀ ਦਸਤਾਰ ਸਜਾਉਣਾ ਤੇ ਤੀਜੀ ਸੀ ਪ੍ਰਭੂ ਸਿਮਰਨ ਕਰਨਾ। ਇਸ ਤੋਂ ਇਲਾਵਾ ਧਰਮ ਦੇ ਉਪਦੇਸ਼ ਕਰਨੇ। ਸਤਿ ਸੰਗਤ ਕਰਨੀ, ਬ੍ਰਾਹਮਣਾਂ ਦੇ ਕਨੂੰਨ ਨੂੰ ਨਾ ਮੰਨਣਾ। ਇਹ ਗੱਲਾਂ ਕਹਿਣ ਸੁਣਨ ਨੂੰ ਤਾਂ ਬਹੁਤ ਆਮ ਲੱਗਦੀਆਂ ਹਨ ਅਤੇ ਹੰਢਾਉਣੀਆਂ ਕਿੰਨੀਆਂ ਮੁਸ਼ਕਲ ਹਨ, ਇਹ ਤਾਂ ਉਹੀ ਜਾਣਦੇ ਸਨ। ''ਜਿਸ ਤਨ ਲਾਗੇ ਸੋਈ ਜਾਣੇ'' ਉਸ ਤੋਂ ਬਾਅਦ ਭਗਤ ਰਵਿਦਾਸ ਜੀ ਦੇ ਆਪਣੇ ਵਚਨ ਹਨ '' ਸੋ ਕਤ ਜਾਨੈ ਪੀਰ ਪਰਾਈ£ ਜਾਕੈ ਅੰਤਰਿ ਦਰਦੁ ਨ ਪਾਈ£ ਭਗਤ ਰਵਿਦਾਸ ਜੀ ਸੰਬੰਧੀ ਬ੍ਰਾਹਮਣੀ ਸਾਜ਼ਿਸ਼ਾਂ ਦਾ ਖੁਲਾਸਾ ਮੇਰੀ ਕੈਸਟ ''ਸਤਿ ਭਾਖੈ ਰਵਿਦਾਸ'' ਵਿੱਚ ਵਿਸਤਾਰ ਸਹਿਤ ਹੈ। ਬ੍ਰਾਹਮਣੀ ਲੋਕਾਂ ਨੇ ਰਵਿਦਾਸ ਜੀ ਤੇ ਕਲਮੀ ਵਾਰ ਕੀਤਾ ਤੇ ਉਹਨਾਂ ਦੀ ਸੋਹਣੀ ਦਸਤਾਰ ਵਾਲੀ ਤਸਵੀਰ ਦੀ ਥਾਂ ਤੇ ਨੰਗੇ ਸਿਰ ਤਸਵੀਰ ਪ੍ਰਚਲਿਤ ਕਰਕੇ ਉਹਨਾਂ  ਦੀ ਸ਼ਖਸ਼ੀਅਤ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਅਤੇ ਇਹ ਸਾਰਾ ਬ੍ਰਾਹਮਣੀ ਸਾਜ਼ਿਸ ਦਾ ਹੀ ਹਿੱਸਾ ਸੀ ਕਿ ਹਰ ਪਿੰਡ ਦੇ ਗੁਰੁਦੁਆਰੇ ਵਿੱਚ ਵਿਤਕਰੇ ਬਾਜੀ ਹੋਣਾ। ਜੇਕਰ ਕੋਈ ਇਸ ਬਿਰਾਦਰੀ ਵਿਚੋਂ ਅੰਮ੍ਰਿਤ ਛੱਕਕੇ ਗੁਰੁਦੁਆਰਾ ਸਾਹਿਬ ਸੇਵਾ ਕਰਨ ਲੱਗ ਜਾਵੇ ਤਾਂ ਉਸਦੇ ਹੱਥੋਂ ਦੂਸਰੀ ਜਾਤਾਂ ਦੇ ਸ਼ਰਧਾਲੂਆਂ ਨੇ ਪ੍ਰਸ਼ਾਦ ਆਦਿ ਨਾ ਲੈਣਾ। ਛੋਟੀਆਂ ਜਾਤਾਂ ਵਾਲੇਆਂ ਨੂੰ ਜਾਤੀਸੂਚਕ ਸ਼ਬਦ ਕਹਿਣੇ ਅਤੇ ਪਿੰਡ ਚੋਂ ਬਾਹਰ ਵੱਸਣ ਲਈ ਮਜਬੂਰ ਕਰਨਾ ਅਤੇ ਉਹਨਾਂ ਦੀ ਵਸੋਂ ਨੂੰ ਚਮਾਰੜੀ, ਝ੍ੜੋਕੀ ਜਾਂ ਵੇਹੜਾ, ਜਿਸ ਦਾ ਅਸਰ ਅਜੇ ਵੀ ਕਈ ਥਾਂਈ ਕਾਇਮ ਹੈ। ਗੁਰੂ ਸਾਹਿਬਾਂ ਵਲੋਂ ਜਾਤ-ਪਾਤ ਦਾ ਭਰਵਾਂ ਖੰਡਨ ਕੀਤਾ ਅਤੇ ਸਾਰਿਆਂ ਨੂੰ ਇਕੋਂ ਬਾਟੇ ਵਿੱਚ ਅੰਮ੍ਰਿਤ ਛਕਾਉਣਾ, ਸਰੋਵਰ ਬਣਾਉਣੇ ਲੰਗਰ ਪ੍ਰਥਾ
ਕਾਇਮ ਕਰਨੀ, ਇਹ ਸਾਰੇ ਜਾਤੀ ਤੋੜ ਪ੍ਰੋਗ੍ਰਾਮ ਹੀ ਸਨ। ''ਭਾਈ ਜੀਵਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗ਼ਲ ਨਾਲ ਲਾਉਣਾ ਅਤੇ ''ਰੰਘਰੇਟਾ ਗੁਰੂ ਕਾ ਬੇਟਾ'' ਕਹਿਣਾ ਅਤੇ ਭਾਈ ਸੰਗਤ ਸਿੰਘ ਨੂੰ ਕਲਗੀ ਸਜਾਉਣੀ ਅਤੇ ਵਾਕ ਕਹਿਣੇ ''ਜਿਨੁ ਕੀ ਜਾਤ ਔਰ ਕੁੱਲ ਮਾਹੀ, ਸਰਦਾਰੀ ਨ ਭਈ ਕਤਾਹੀ, ਤਿਨੁ ਹੀ ਕੋ ਸਰਦਾਰ ਬਨਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊੰ'' ਬੰਦਾ ਸਿੰਘ ਬਹਾਦਰ ਵਲੋਂ ਜਮੀਨਾਂ ਦੇ ਮਾਲਕ ਬਣਾਉਣਾਂ ਅਤੇ ਜਾਤੀ ਸੂਚਕ ਸ਼ਬਦ ਕਹਿਣ ਵਾਲਿਆਂ ਤੋਂ ਸਿੰਘਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਵਾਉਣੇ ਅਤੇ ਪਿੰਡ ਵਾਸੀਆਂ ਤੋਂ ਪਿੰਡ ਤੱਕ ਢੋਲ ਢਮੁੱਕੇ ਨਾਲ ਲੈਕੇ ਆਉਣਾ ਇਹ ਜਾਤ ਤੋੜੂ ਸੰਘਰਸ਼ ਦੀਆਂ ਨਿਸ਼ਾਨੀਆਂ ਸਨ ਪਰ ਬ੍ਰਾਹਮਣਾਂ ਨੂੰ ਜਦੋਂ ਵੀ ਸਮਾਂ ਮਿਲਦਾ ਫਿਰ ਹਾਵੀ ਹੋ ਜਾਂਦੇ। ਜਾਤੀਵਾਦ,ਊਚ-ਨੀਚ ਦੀਆਂ ਇਹਨਾਂ ਜੰਜੀਰਾਂ ਨੂੰ ਤੋੜਨ  ਲਈ ਜਿੱਥੇ ਸਿੱਖ ਆਗੂਆਂ (ਗਿਣੇ-ਚੁਣੇ) ਨੇ ਸੰਘਰਸ਼ ਕੀਤਾ ਉਥੇ ਹੋਰ ਆਗੂਆਂ ਤੋਂ ਇਲਾਵਾ ਡਾਕਟਰ ਸਾਹਿਬ ਭੀਮ ਰਾਓ ਦਾ ਸੰਘਰਸ਼ ਨਾਂ ਭੁਲਾਇਆ ਜਾਣ ਵਾਲਾ ਹੈ ਅਤੇ ਸਿੱਖੀ ਖੱਲ 'ਚ ਬੈਠੇ ਮਾਸਟਰ ਤਾਰਾ ਸਿੰਘ ਵਰਗੇ ਭੇੜੀਏ (ਬ੍ਰਾਹਮਣ) ਦੀ ਭੇਂਟ ਚੜ ਜਾਣਾ ਉਹਨਾਂ ਤੋਂ ਬਾਅਦ ਦਲਿਤਾਂ ਦੀ ਆਜ਼ਾਦੀ ਲਈ ਸੰਘਰਸ਼ ਦਾ ਆਗਾਜ਼ ਕੀਤਾ। ਬਾਬੂ ਕਾਂਸ਼ੀ ਰਾਮ ਜੀ ਨੇ ਜੋ ਕਿ ਰਵਿਦਾਸ ਜੀ ਦੀ ਜਾਤਿ ਵਿਚੋਂ ਸਨ, ਨੇ ਮਿਤੀ 6 ਦਸੰਬਰ 1973 ਵਿੱਚ ਉਹਨਾਂ  ਤੋਂ ਸੰਘਰਸ਼ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਪੜ੍ਹੇ -ਲਿਖੇ ਲੋਕ ਜਿਹਨਾਂ ਵਿੱਚ ਪੀ.ਐਚ.ਡੀ, ਡਾਕਟਰ, ਸਾਇੰਸਦਾਨ, ਗ੍ਰੈਜੂਏਟ, ਪੋਸਟ ਗ੍ਰੈਜੂਏਟ ਜਿਹਨਾਂ ਦੀ ਗਿਣਤੀ ਕੁੱਲ ਮਿਲਾਕੇ 2 ਲੱਖ ਸੀ ਦੇ ਸਹਿਯੋਗ ਨਾਲ ਡੀ.ਐਸੱ.4, ਪਾਰਟੀ ਬਣਾਈ ਅਤੇ ਘਰ-ਘਰ ਜਾਕੇ ਲੋਕਾਂ ਨੂੰ ਜਾਗਰੂਕ ਕੀਤਾ।
ਇਹ ਗੱਲ ਸੰਨ 1981 ਦੀ ਹੈ ਜਦੋਂ ਬਾਬੂ ਕਾਂਸ਼ੀ ਰਾਮ ਮੇਰੇ ਪਿੰਡ ''ਚੱਕ ਫੁੱਲੂ'' ਮੇਰੇ ਘਰ ਆਏ ਸਨ ਤਾਂ ਉਹਨਾਂ  ਦਾ ਧਿਆਨ ਦੀਵਾਰ ਤੇ ਲਟਕੀ ਭਗਤ ਰਵਿਦਾਸ ਜੀ ਦੀ ਫੋਟੋ ਤੇ ਗਿਆ ਅਤੇ ਉਹ ਦੇਖ਼ਕੇ ਕਹਿਣ ਲੱਗੇ ਆਹ! ਜਿਹੜੀ ਫੋਟੋ ਲੱਗੀ ਹੋਈ ਹੈ ਇਹ ਅਸਲੀ ਨਹੀਂ।
ਇਹ ਬ੍ਰਾਹਮਣੀ ਤਸਵੀਰ ਹੈ, ਅਸਲੀ ਤਸਵੀਰ ਤਾਂ ਪੱਗ ਵਾਲੀ ਹੈ ਜੋ ਯੂਪੀ ਵਿੱਚ ਕਈਂ ਘਰਾਂ ਵਿੱਚ ਲੱਗੀ ਹੋਈ ਹੈ।  ਉਸ ਵਕਤ ਉਹਨਾਂ ਦੇ ਨਾਲ ਐਡਵੋਕੇਟ ਹਰੀਕ੍ਰਿਸ਼ਨ ਜੀ ਵੀ ਸਨ।
ਇਸ ਤੋਂ ਬਾਦ ਚੰਡੀਗੜ ਵਿੱਚ ਸੰਨ 1982 ਵਿੱਚ ਗੁਰੂ ਰਵਿਦਾਸ ਟਰੱਸਟ ਬਣਿਆ ਜਿਸਨੇ ਭਗਤ ਰਵਿਦਾਸ ਜੀ ਦੀ ਪੱਗ ਵਾਲੀ ਫੋਟੋ ਜਾਰੀ ਕੀਤੀ ਅਤੇ ਇਸ ਲਹਿਰ ਤਹਿਤ ਹਰ ਪਿੰਡ ਵਿੱਚ ਗੁਰੁਦੁਆਰਾ ਸਾਹਿਬ ਬਣਾਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਵਾਏ ਅਤੇ ਲੋਕਾਂ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਵੀ ਕੀਤਾ। ਉਸ ਘਟਨਾਂ ਤੋਂ ਬਾਦ ਮੇਰੇ ਮਨ ਅੰਦਰ ਭਗਤ ਰਵਿਦਾਸ ਜੀ ਦੀ ਤਸਵੀਰ ਦੇਖਣ ਦੀ ਇੱਛਾ ਬਣ ਗਈ ਅਤੇ ਸਮੇਂ ਦੇ ਨਾਲ ਇਹ ਇੱਛਾਂ ਵੱਧਦੀ ਗਈ। ਸੰਨ 1995-96 ਵਿੱਚ ਮੈਂ ਸਿੱਖ ਧਰਮ ਦਾ ਅਧਿਐਨ ਕੀਤਾ ਅਤੇ ਸੰਨ 2004 ਵਿੱਚ ਭਗਤ ਰਵਿਦਾਸ ਜੀ ਦੀ ਜੀਵਨ ਕਥਾ ਦੀ ਕੈਸਟ ਜਾਰੀ ਕੀਤੀ ਅਤੇ ਕੈਸਟ ਦੀ ਐਡ ਵਿੱਚ ''ਫਤਹਿਨਾਮਾ'' ਮੈਗਜ਼ੀਨ ਵਲੋਂ ਕੀਤੀ ਗਈ ਜਿਸ ਵਿੱਚ ਭਗਤ ਰਵਿਦਾਸ ਜੀ ਦੀ ਪੱਗ ਵਾਲੀ ਫੋਟੋ ਲਾਈ ਅਤੇ ਲੱਖਾਂ ਲੋਕਾਂ ਨੇ ਪਸੰਦ ਕੀਤੀ ਅਤੇ ਬਹੁਤ ਸਾਰੇ ਲੋਕਾਂ ਦੇ ਫੋਨ ਆਏ। ਹੁਣ ਕੁੱਝ ਦਿਨ ਪਹਿਲਾ ਦੀ ਗੱਲ ਹੈ ਕਿ ਬਾਬਾ ਹਰਚਰਨ ਸਿੰਘ ਰਮਦਾਸਪੁਰ ਵਾਲਿਆਂ ਨੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਅਤੇ ਬਹੁਤ ਸਾਰੀਆਂ ਭਗਤ ਰਵਿਦਾਸ ਜੀ ਦੀਆਂ ਫੋਟੋਆਂ ਵੰਡੀਆਂ। ਜਿਸਦੀ ਸਿਫ਼ਤ ਬਹੁਤ ਲੋਕਾਂ ਨੇ ਕੀਤੀ ਪਰ ਸ਼ਰਾਰਤੀ ਲੋਕਾਂ ਨੂੰ ਇਹ ਗੱਲ ਕਿਵੇਂ ਪਚ ਸਕਦੀ ਸੀ । ਇਹ ਭਗਤ ਰਵਿਦਾਸ ਜੀ ਦੇ ਸਿਰ ਤੇ ਪੱਗ ਕਿਸ ਤਰਾਂ  ਬਰਦਾਸ਼ਤ ਕਰ ਸਕਦੇ ਸਨ ਇਸ ਲਈ ਉਹਨਾਂ ਨੇ ਰੌਲਾ ਪਾਇਆ ਅਤੇ ਕੇਸ ਕਰਨ ਦੀ ਗੱਲ ਵੀ ਕੀਤੀ। ਮੈਨੂੰ
ਇਹ ਸੁਣਕੇ ਅਜੀਬ ਲੱਗਾ ਅਤੇ ਲੋਕਾਂ ਦੀ ਬੇਅਕਲੀ ਤੇ ਹੈਰਾਨੀ ਹੋਈ ਇਸ ਲਈ ਮੈਂ ਭਗਤ ਰਵਿਦਾਸ ਜੀ ਦੀ ਪੱਗ ਸਬੰਧੀ ਸੰਗਤ ਦੀ ਕਚਹਿਰੀ ਵਿੱਚ ਸੱਚ ਪੇਸ਼ ਕਰਨਾ ਚਾਹੁੰਦਾ ਹਾਂ।
ਭਗਤ ਰਵਿਦਾਸ ਜੀ ਨੇ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਐਸਾ ਭੂਚਾਲ ਲਿਆਂਦਾ ਕਿ ਉਹਨਾਂ  ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਪੱਗ ਸਿਰ ਤੇ ਨਾ ਹੋਣਾ ਗੁਲਾਮੀ ਦੀ ਨਿਸ਼ਾਨੀ ਹੈ ਜੋ ਭਗਤ ਰਵਿਦਾਸ ਜੀ (ਗੁਲਾਮੀ) ਕਦੀ ਵੀ ਸਵੀਕਾਰ ਨਹੀਂ ਸੀ ਕਰਦੇ ਦੂਜੀ ਗੱਲ ਉਹਨਾਂ  ਦੀ ਬਾਣੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਪੱਗ ਦਾ ਜਿਕਰ ਵੀ ਹੈ।
ਬੰਕੇ ਬਾਲ ਪਾਗ ਸਿਰ ਡੇਰੀ
ਇਹੁ ਤਨ ਹੋਇਗੋ ਭਸਮ ਕੀ ਢੇਰੀ£ 659

ਗੁਰੂ ਕਾਲ ਸਮੇਂ ਸਾਰੇ ਲੋਕੀ ਦਸਤਾਰ ਸਜਾਉਣ ਲੱਗ ਪਏ ਸਨ ਅਤੇ ਪੁਰਾਤਨਤਾ ਲਾਗੂ ਹੋ ਗਈ ਸੀ। ਪਰ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਸਿਰੋਂ ਫੇਰ ਦਸਤਾਰ ਗਾਇਬ ਹੋ ਗਈ। ਘਟਨਾ ਔਰੰਗਜੇਬ ਦੇ ਸਮੇਂ ਦੀ ਹੈ। ਔਰੰਗਜੇਬ ਕਾਜੀਆ ਦਾ ਬਹੁਤ ਸਤਿਕਾਰ ਕਰਦੀ ਸੀ। ਇਕ ਬਾਰ ਇਕ ਸਾਬਤ ਸੂਰਤ ਦਸਤਾਰਧਾਰੀ ਆਦਮੀ ਨੂੰ ਜਾਂਦਾ ਦੇਖ਼ਕੇ ਔਰੰਗਜੇਬ ਸਤਿਕਾਰ ਲਈ ਖਤਰਾ ਹੋ ਗਿਆ। ਜਦੋਂ ਪਤਾ ਲੱਗਾ ਕਿ ਇਹ ਕਾਜ਼ੀ ਨਹੀਂ ਤਾਂ ਉਸਨੇ ਹੁਕਮ ਕਰ ਦਿੱਤਾ ਕਿ ਗੈਰ ਮੁਸਲਮਾਨ ਕੇਸ ਨਹੀ ਰੱਖਣਗੇ ਅਤੇ ਪੱਗ ਵੀ ਨਹੀਂ ਸਜਾ ਸਕਦੇ। ਇਸ ਲਈ ਬਸ਼ਰਤੇ ਲੋਕਾਂ ਵਿੱਚ ਕੇਸ ਕਟਵਾਉਣ ਦੀ ਪ੍ਰਥਾ ਪ੍ਰਚੱਲਿਤ ਹੋ ਗਈ। ਜਿਸ ਦਾ ਸਿੱਟਾ ਅੱਜ-ਤੱਕ ਪ੍ਰਤੱਖ ਹੈ। ਇਸ ਲਈ ਆਪਣੀ ਬੇਗੈਰਤ ਨੂੰ ਸ਼ੌਂਕ, ਰਿਵਾਜ਼ ਬਣਾ ਲਿਆ ਇਸ ਦਾ ਅਸਰ ਐਸਾ ਹੋਇਆ ਕਿ ਅਸੀਂ ਅੱਜ ਆਪਣੇ ਗੁਰੂਆਂ ਪੀਰਾਂ ਨੂੰ ਵੀ ਕੇਸਹੀਣ ਪੱਗਹੀਣ ਸਾਬਤ ਕਰਨ ਤੇ ਲੱਗੇ ਹੋਏ ਹਾਂ। ਮਲਾਰ ਰਾਗ 'ਚ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ''ਇਲਤਿ ਕਾ ਨਾਓ ਚਧਰੀ ਕੂੜੀ ਪੂਰੇ ਥਾਊ'' ਜਿਹੜੇ ਲੋਕ ਸਿਧਾਂਤ ਤੋਂ ਡਿੱਗ ਪੈਂਦੇ ਹਨ ਉਹ ਹੋਰਨਾਂ ਨੂੰ ਵੀ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਸੰਬੰਧੀ ਕਿਸੇ ਸ਼ਰਾਰਤੀ ਨੇ ਸੰਤਾਂ ਵਰਗੀ ਭਾਸ਼ਾਂ 'ਚ ਸ਼ਰਾਰਤੀ ਸ਼ੇਅਰ ਲਿਖਿਆ ਹੈ 
''ਜੋ ਨਰ ਸ਼ਰਾਬ ਨਾ ਪੀਤ ਹੈ, ਮਾਸ ਸੰਗ ਨਹੀਂ ਹੇਤ, 
ਤੇ ਨਰ ਨਰਕ ਕੋ ਜਾਏਗੇ, ਮਾਤਾ ਪਿਤਾ ਸਮੇਤ£

ਸਿਰੋਂ ਨੰਗਾ ਹੋਣਾ ਔਰਤ ਜਾਂ ਮਰਦ ਲਈ ਮੌਤ ਦਾ ਸੰਕੇਤ ਹੈ। ਜਿਸਦਾ ਮੁਹਾਵਰੇ ਅਖਾਣ ''ਸਿਰੋਂ ਨੰਗੀ ਹੋ ਜਾਣਾ'' ਭਾਵ ਪਤੀ ਦਾ ਮਰ ਜਾਣਾ ਵਿਅਕਤੀ ਦਾ ਸਿਰੋਂ ਨੰਗਾਂ ਹੋਣਾਂ ਕਿਸੇ ਦੀ ਮੌਤ ਦਾ ਸੰਕੇਤ ਹੈ। ਇਸਦੀ ਉਦਾਹਰਣ ਭਾਈ ਗੁਰਦਾਸ ਜੀ ਦੀ ਵਾਕ ਵਿਚੋਂ ਮਿਲਦੀ ਹੈ।
''ਠੰਢੇ ਖੂਹਹੁ ਨਾਇ ਕੈ ਪਗ ਵਿਸਾਰਿ ਆਇਆ ਸਿਰ ਨੰਗੈ''
ਘਰ ਵਿੱਚ ਰੰਨਾ ਕਮਲੀਆਂ ਧੁਸੀ ਦਿੱਤੀ ਦੇਖ ਕੁਢੇਗੈ£
ਰੰਨਾ ਦੇਖ ਪਿਟਦੀਆਂ ਧਾਹਾਂ ਮਾਰੈ ਹੋਇ ਨਿਸੰਗੈ''
ਲੋਕ ਸਿਆਪੇ ਆਇਆ ਰੰਨਾ ਪੁਰਸ ਜੁੜੇ ਲੈ ਪੰਗੈ£
ਨਾਇਣ ਪੁਛਦੀ ਪਿਟਦੀਆ ਕਿਸਦੈ ਨਾਇ ਅਲਾਣੀ ਅੰਗੈ£
ਸਹੁਰੇ ਪੁਛਹੁ ਜਾਇਕੈ ਕਉਣ ਮੂਆ ਨੂਹ ਉਤਰ ਮੰਗੈ£ ਕਾਵਾਂ ਰੌਲੀ ਮੂਰਖ ਸੰਗੈ£ ੧੯

ਭਗਤ ਰਵਿਦਾਸ ਜੀ ਦੀ ਦਸਤਾਰ ਸੰਬੰਧੀ ਬਹੁਜਨ ਸਮਾਜ ਦੇ ਅਤੇ ਸਿੱਖ ਧਰਮ ਦੇ ਆਗੂਆਂ ਦੇ ਵਿਚਾਰ —
(1) ਚਮਨ ਲਾਲ ਚਣਕੋਆ ਦੇ ਵਿਚਾਰ-

ਸਾਨੂੰ ਆਪਣੀ ਕੌਮ ਦੇ ਰਹਿਬਰਾਂ ਦੀ ਸ਼ਾਨ ਦੀ ਕਹੀ ਗੱਲ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਬ੍ਰਾਹਮਣ ਨੇ ਰਵਿਦਾਸ ਮਹਾਰਾਜ ਦੀ ਜੋ ਤਸਵੀਰ ਪੇਸ਼ ਕੀਤੀ ਸੀ। ਮੱਥੇ ਤੇ ਬਿੰਦੀ ਖੁੱਲੇ ਕੇਸ ਅਤੇ ਅੱਗੇ ਜੁੱਤੀਆ ਰੱਖੀਆ ਹੋਈਆਂ ਝੌਪੜੀ ਤੇ ਭਗਵਾਨ ਕ੍ਰਿਸ਼ਨ ਦੀ ਫੋਟੋ ਦੀ ਥਾਂ ਤੇ ''ਕੀ ਉਹ ਮਨੁੱਖਤਾ ਦੇ ਰਹਿਬਰ ਦੀ ਫੋਟੋ ਸਾਜਾਂ ਨਾਲ, ਕੀਰਤਨ ਕਰਦਿਆਂ ਨਹੀਂ ਹੋ
ਸਕਦੀ ਕੀ ਉਪਦੇਸ਼ ਕਰਦਿਆਂ ਨਹੀਂ ਹੋ ਸਕਦੀ? ਜਦੋਂ ਕਾਂਸ਼ੀ ਰਾਮ ਜੀ ਨੇ ਕਿਹਾ ਤਾਂ ਲੋਕਾਂ ਨੇ ਉਹਨਾਂ ਦੀਆਂ ਹੋਰ ਵਧੀਆ ਤਸਵੀਰਾਂ ਸਵੀਕਾਰ ਕੀਤੀਆਂ, ਜਦੋਂ ਲੋਕ ਸਾਨੂੰ ਹਰੀਜਨ ਕਹਿੰਦੇ ਸਨ ਜੋ ਨਾਮ ਬ੍ਰਾਹਮਣ ਨੇ ਦਿੱਤਾ ਹੋਇਆ ਸੀ। ਕਾਂਸ਼ੀ ਰਾਮ ਜੀ ਦੇ ਵਿਰੋਧ ਨਾਲ ਲੋਕ ਇਹ ਕਹਿਣੋਂ ਵੀ ਹੱਟ ਗਏ ਹਰੀਜਨ ਸ਼ਬਦ ਗਾਇਬ ਹੋ ਗਿਆ। ਹੁਣ ਜਦੋਂ ਗੁਰੂ ਰਵਿਦਾਸ ਜੀ ਦੀ ਇਹ ਅਸਲੀ ਫੋਟੋ ਜੋ ਪੱਗ ਵਾਲੀ ਹੈ ਲੋਕਾਂ ਤੱਕ ਪਹੁੰਚੇਗੀ ਤਾਂ ਲੋਕ ਇਸਨੂੰ ਵੀ ਸਵੀਕਾਰ ਕਰਨਗੇ।
ਚਮਨ ਲਾਲ ਚਣਕੋਆ
ਸਾਬਕਾ ਤਹਿਸੀਲ ਪ੍ਰਧਾਨ (ਬਸਪਾ)
ਮੌਜੂਦਾ ਸਰਪੰਚ ਪਿੰਡ ਚਣਕੋਆ

(2) ਸ਼ਿੰਗਾਰਾ ਰਾਮ ਸਹੂੰਗੜਾ ਮੁਤਾਬਕ

ਗੁਰੂ ਰਵਿਦਾਸ ਜੀ ਇਕ ਅਣਖੀ ਸੰਤ ਅਤੇ ਕ੍ਰਾਂਤੀਕਾਰੀ ਬੇਖੌਫ਼ ਸੂਰਮੇ ਵੀ ਸਨ। ਉਹ ਕਿਸ ਤਰਾਂ  ਕਿਸੇ ਦੀ ਗੁਲਾਮੀ ਸਵੀਕਾਰ ਕਰ ਸਕਦੇ ਸਨ। ਸਾਡੇ ਬਜੁਰਗ ਪਿਓ ਦਾਦਾ ਭਾਂਵੇ ਮੋਨੇ ਸਨ। ਪਰ ਨੰਗੇ ਸਿਰ ਕਦੇ ਨਹੀ ਰਹੇ ਹਮੇਸ਼ਾਂ ਸਿਰ ਤੇ ਪੱਗ ਬੰਨਦੇ ਸਨ। ਫਿਰ ਗੁਰੂ ਰਵਿਦਾਸ ਜੀ ਕਿਸ ਤਰਾਂ ਨੰਗੇ ਸਿਰ ਹੋ ਸਕਦੇ ਸਨ। ਜੇਕਰ ਕੋਈ ਤੁਹਾਡੇ ਸਿਰ ਤੋਂ ਪੱਗ
ਲਾਹਕੇ ਸਿਰ ਦੇ ਕੇਸ ਗਲ 'ਚ ਖਿਲਾਰ ਦੇਵੇ ਤਾਂ ਕੀ ਤੁਸੀ ਉਸ ਨੂੰ ਇੱਜ਼ਤ ਸਮਝੋਗੇ। ਸਾਡੇ ਗੁਰੂ ਪੱਗ ਵਾਲੇ ਸਨ। ਇਹ ਬਿਨਾ ਪੱਗ ਵਾਲੀਆਂ ਤਸਵੀਰਾਂ ਬ੍ਰਾਹਮਣ ਦੀਆਂ ਬਣਾਈਆ ਹੋਈਆ ਹਨ।
ਜਿਸ ਦਾ ਮੈਂ ਹਮੇਸ਼ਾ ਵਿਰੋਧ ਕਰਦਾ ਹਾਂ। ਇਹ ਸਭ ਗੱਲਾਂ ਸਾਡੀ ਕੌਮ 'ਚ
ਏਕਤਾ ਨਾ ਹੋਣ ਕਰਕੇ ਹਨ। ਸਾਡੀ ਗਿਣਤੀ ਭਾਰਤ 'ਚ 18 ਕਰੋੜ ਹੈ। ਸਾਡੇ ਏਕੇ 'ਚ ਨਾ ਹੋਣ ਕਰਕੇ ਚੰਦ ਕੁ ਲੋਕ ਸਾਡੇ ਤੇ ਰਾਜ਼ ਕਰ ਰਹੇ ਹਨ।
ਸ਼ਿੰਗਾਰਾ ਰਾਮ ਸਹੂੰਗੜਾ,
ਸਾਬਕਾ (ਐਮ.ਐਲ.ਏ) ਬਸਪਾ

(3) ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਵਿਚਾਰ
ਭਗਤ ਰਵਿਦਾਸ ਜੀ, ਗੈਰਤ ਵਾਲੇ ਨਿਡਰ ਰੱਬੀਨੂਰ ਦੇ ਮੁਜਸਮੇ ਸਨ। ਗੁਰਬਾਣੀ, ਇਤਿਹਾਸ ਅਤੇ ਸਮਾਜ ਮੁਤਾਬਕ ਭਗਤ ਰਵਿਦਾਸ ਜੀ ਦਸਤਾਰਧਾਰੀ ਸਾਬਿਤ ਹੁੰਦੇ ਹਨ। ਉਹ ਬ੍ਰਾਹਮਣੀ ਗੁਲਾਮੀ ਦੀ ਨਿਸ਼ਾਨੀ ਨੰਗਾ ਸਿਰ ਕਦੇ ਵੀ ਨਹੀਂ ਰੱਖ ਸਕਦੇ ਸਨ। ਉਹਨਾਂ  ਦੀ ਅਸਲ ਫੋਟੋ ਦਸਤਾਰ ਵਾਲੀ ਹੀ ਹੈ। ਅਸੀਂ ਉਸੇ ਨੂੰ ਹੀ ਮਾਨਤਾ ਦਿੰਦੇ ਹਾਂ।
ਗਿਆਨੀ ਸੁਰਿੰਦਰ ਸਿੰਘ
ਸਿੱਖ ਮਿਸ਼ਨਰੀ ਕਾਲਜ਼
ਸ਼੍ਰੀ ਅਨੰਦਪੁਰ ਸਾਹਿਬ

ਜ਼ਿਲਾ ਰੋਪੜ।

(4) ਕੇਵਲ ਕ੍ਰਿਸ਼ਨ ਮੁਤਾਬਕ-
ਗੁਰੂ ਰਵਿਦਾਸ ਜੀ ਦੀ ਅਸਲ ਤਸਵੀਰ ਪੱਗ ਵਾਲੀ ਹੀ ਹੈ। ਜਿਹੜੇ ਲੋਕ ਇਸ ਦਾ ਪ੍ਰਚਾਰ ਕਰਨ ਵਾਲਿਆਂ ਦੇ ਕੇਸ ਕਰਨ ਦੀ ਗੱਲ ਦੇ ਹਾਮੀ ਹਨ, ''ਮੈਂ ਕਹਿੰਦਾ ਹਾਂ ਕਿ ਜੇਕਰ ਕਿਸੇ ਨੇ ਸਾਡੇ ਗੁਰੂ ਦੇ ਸਿਰ ਤੇ ਪੱਗ ਵਾਲੀ ਫੋਟੋ ਨੂੰ ਪ੍ਰਕਾਸ਼ਤ ਕੀਤਾ ਹੈ ਤਾਂ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ''। ਕਿਸੇ ਦੇ ਸਿਰ ਤੋਂ ਪੱਗ ਲਾਹੁਣ ਦਾ ਤਾਂ ਕੇਸ ਬਣਦਾ ਹੈ। ਪਰ ਸਿਰ ਤੇ
ਪੱਗ ਰੱਖਣ ਦਾ ਕੇਸ ਨਹੀਂ ਬਣਦਾ।
ਕੇਵਲ ਕ੍ਰਿਸ਼ਨ,
ਇੰਜੀਨੀਅਰ, ਚੰਡੀਗੜ
ਸਰਗਰਮ ਵਰਕਰ, (ਬਸਪਾ)

(5) ਹਰੀ ਕ੍ਰਿਸ਼ਨ ਮੁਤਾਬਕ ਜੋ ਕਿ ਬਾਬੂ ਕਾਂਸ਼ੀ ਰਾਮ ਜੀ ਦੇ ਹਮੇਸ਼ਾ ਨਾਲ ਰਿਹਾ ਕਰਦੇ ਸੀ:
ਗੁਰੂ ਰਵਿਦਾਸ ਜੀ ਜਦੋਂ ਚਿਤੌੜ ਦੇ ਰਾਜੇ ਦੇ ਮਹਿਲਾਂ ਵਿੱਚ ਗਏ, ਉਦੋਂ ਵੀ ਉਹਨਾਂ ਦੇ ਸਿਰ ਤੇ ਪੱਗ ਦਾ ਜਿਕਰ ਹੈ। ਜਦੋਂ ਬ੍ਰਾਹਮਣਾਂ ਨਾਲ ਬੈਠ ਕੇ ਭੋਜਨ ਕਰਿਆ ਉਦੋਂ ਵੀ ਉਹਨਾਂ ਦੇ ਸਿਰ ਤੇ ਪੱਗ ਦਾ ਜਿਕਰ ਆਉਂਦਾ ਹੈ।
ਹਰੀ ਕ੍ਰਿਸ਼ਨ ਸੈਂਪਲੇ,
ਐੱਮ.ਏ.ਐਲ.ਐਲ.ਬੀ, ਐਡਵੋਕੇਟ, ਹਾਈਕੋਰਟ
ਚੰਡੀਗੜ


ਨੂਰਪੂਰ ਬੇਦੀ ਦੇ ਨੇੜੇ ਭਗਤ ਰਵਿਦਾਸ ਜੀ ਦਾ ਰਾਮਗੜ ਨਗਰ ਦੇ ਨਾਂ ਤੇ ਗੁਰਦੁਆਰਾ ਸੁਸ਼ੋਭਿਤ ਹੈ। ਗੁ. ਸਾਹਿਬ ਜੀ ਦੀ ਸੇਵਾ ਸੰਭਾਲ ਕਰਨ ਵਾਲੇ ਸੁਰਿੰਦਰ ਪਾਲ ਜੀ ਅਤੇ ਉਸਦੇ ਮਾਤਾ ਜੀ ਮੁਤਾਬਕ ਰਾਮਗੜ ਇਕ ਬਹੁਤ ਵੱਡਾ ਸ਼ਹਿਰ ਵੱਸਦਾ ਸੀ ਜੋ ਹੋਲੀ-ਹੋਲੀ ਘੱਟਦਾ ਗਿਆ ਲੋਕ ਹੋਰ ਕਿਤੇ ਜਾ ਕੇ ਵੱਸਣ ਲੱਗ ਪਏ ਅਤੇ ਹੁਣ ਕੇਵਲ ਗੁ. ਭਗਤ ਰਵਿਦਾਸ
ਜੀ ਦਾ ਹੀ ਰਹਿ ਗਿਆ ਹੈ। ਜੋ ਪਿੰਡ ਰਾਮਗੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬ ਤਾਂ ਕੀ ਪੂਰੇ ਭਾਰਤ ਵਿੱਚ ਸ਼ਾਇਦ ਐਸਾ ਕੋਈ ਪਿੰਡ ਹੋਵੇਗਾ ਜਿਸਦਾ ਕੇਵਲ ਇਕੋ ਹੀ ਮਕਾਨ ਦੇ ਨਾਂ ਤੇ ਪਿੰਡ ਦਾ ਨਾਂ ਬੋਲਦਾ ਹੈ। ਉਹ ਭਗਤ ਰਵਿਦਾਸ ਜੀ ਦਾ ਹੀ ਗੁਰਦੁਆਰਾ ਹੈ ਰਾਮਗੜ ਇੱਥੇ ਕਰੀਬ 150 ਸਾਲ ਪਹਿਲਾਂ ਬਾਬਾ ਕੌਲ ਦਾਸ ਜੀ ਨੇ ਭਗਤ ਰਵਿਦਾਸ ਜੀ ਦੀ ਮੂਰਤੀ ਬਣਾਈ ਜਿਸਤੇ ਭਗਤ ਰਵਿਦਾਸ ਜੀ ਦੇ ਸਿਰ ਤੇ ਦਸਤਾਰ ਸਜਾਈ ਹੋਈ ਹੈ। ਜੋ ਅੱਜ ਵੀ ਮੌਜੂਦ ਹੈ। ਇਸ ਤੋਂ ਇਲਾਵਾ ਇੱਥੋਂ ਕੁੱਝ ਮੀਲ ਦੀ ਦੂਰੀ ਤੇ ਪਿੰਡ ਹੈ ਟਿੱਬਾ ਨੰਗਲ ਉੱਥੇ ਵੀ ਇਸੇ ਤਰਾਂ ਹੀ ਗੁਰਦੁਆਰਾ ਸਾਹਿਬ ਦੀ ਹੱਦ ਅੰਦਰ ਅਲੱਗ ਕਮਰੇ 'ਚ ਭਗਤ ਰਵਿਦਾਸ ਜੀ ਦੀ ਮੂਰਤੀ ਬਣੀ ਹੋਈ ਹੈ। ਜਿਨ੍ਹਾਂ ਦੇ ਸਿਰ ਤੇ ਪੱਗ ਸਜੀ ਹੋਈ ਹੈ। ਜੋ
ਬਾਬਾ ਜਵਾਲਾ ਦਾਸ ਨੇ ਬਣਵਾਈ ਹੋਈ ਹੈ। ਇੱਥੋਂ ਦੇ ਪ੍ਰਬੰਧਕ ਸ.ਦੀਵਾਨ ਸਿੰਘ ਹਨ। ਉਹਨਾਂ ਦੀ ਧਰਮਪਤਨੀ ਮਾਤਾ ਨਸੀਬ ਕੌਰ ਜੀ ਦਾ ਕਹਿਣਾ ਹੈ ਕਿ ਕਈ ਲੋਕ ਸਾਨੂੰ ਕਹਿੰਦੇ ਹਨ ''ਕਿ ਤੁਸੀ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਕਿਉ ਰੱਖਿਆ ਹੋਇਆ ਹੈ ਅਤੇ ਖੰਡੇ ਦਾ ਨਿਸ਼ਾਨ ਸਾਹਿਬ ਕਿਉਂ ਰੱਖਿਆ ਹੋਇਆ ਹੈ' ਤਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ''ਕਿ
ਬਾਬਾ ਸੰਗਤ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਲਗੀ ਬਖ਼ਸ਼ੀ ਸੀ ਅਸੀਂ ਤਾਂ ਉਸ ਗੁਰੂ ਦਾ ਖੰਡਾ ਹੀ ਲਾਉਣਾ ਹੈ'' ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਬਖ਼ਸ਼ੀ ਹੈ ਅਸੀਂ ਤਾਂ ਉਸਨੂੰ ਹੀ ਪ੍ਰਕਾਸ਼ ਕਰਨਾ ਹੈ। ਤੁਸੀ ਚਾਹੇ ਜਿੰਨੇ ਮਰਜ਼ੀ ਗ੍ਰੰਥ ਬਣਾਈ ਜਾਉ ਅਸੀਂ ਨਹੀਂ ਹੋਰ ਕਿਸੇ ਗ੍ਰੰਥ ਨੂੰ ਮਾਨਤਾ ਦਿੰਦੇ।
ਮਾਤਾ ਨਸੀਬ ਕੌਰ ਪਤਨੀ ਸ. ਦੀਵਾਨ ਸਿੰਘ
ਪਿੰਡ ਟਿੱਬਾ ਨੰਗਲ ਅਨੰਦਪੁਰ ਸਾਹਿਬ
ਰੋਪੜ।

ਭਗਤ ਰਵਿਦਾਸ ਜੀ ਦੀ ਇਕ ਤਸਵੀਰ ਹੋਰ ਪ੍ਰਾਪਤ ਹੋਈ ਹੈ ਸਾਨੂੰ ਜੋ ਸੰਨ 1982 ਦੀ ਪ੍ਰਕਾਸ਼ਤ ਕੀਤੀ ਹੋਈ ਹੈ ਜੋ ਪਿੰਡ ਘੁਵੱਦੀ ਡਾਕਖਾਨਾ ਡੇਹਲੋ ਜ਼ਿਲਾ ਲੁਧਿਆਣਾ ਦੇ ਗੁਰਦੁਆਰਾ ਸ਼੍ਰੀ ਰਵਿਦਾਸ ਪੁਰਾ ਦੀ ਹੈ। ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਇੱਥੇ ਭਗਤ ਰਵਿਦਾਸ ਜੀ ਦਾ ਗੁਰਦੁਆਰਾ ਸਾਹਿਬ ਚੌਕ 'ਚ ਹੀ ਬਣਿਆ ਹੋਇਆ ਹੈ ਉਹਨਾਂ ਨੇ ਵੀ ਦਸਤਾਰ ਵਾਲੀ ਫੋਟੋ ਅਪ੍ਰੈਲ 2011'ਚ ਪ੍ਰਕਾਸ਼ਤ ਕੀਤੀ ਹੋਈ ਹੈ।
ਇਹਨਾਂ ਸਾਰੇ ਤੱਥਾਂ ਤੇ ਭਗਤ ਰਵਿਦਾਸ ਜੀ ਦੇ ਪੱਗ ਬੰਨੀ ਹੋਣ ਦਾ ਸੰਕੇਤ ਮਿਲਦਾ ਹੈ। ਸੋ ਸਾਡੀ ਸਮੂਹ ਵੀਰਾਂ ਨੂੰ ਬੇਨਤੀ ਹੈ ਕਿ ਇਹ ਫੋਟੋ ਪ੍ਰਕਾਸ਼ਤ ਹੋਣ ਤੇ ਸਾਰੇ ਹੀ ਭਗਤ ਰਵਿਦਾਸ ਜੀ ਦੀ ਇਸ ਫੋਟੋ ਨੂੰ ਮਾਨਤਾ ਦਿਉ।

ਲਖਵੀਰ ਸਿੰਘ (ਪੱਤਰਕਾਰ)
ਜਿਹੜੇ ਲੋਕ ਭਗਤ ਰਵਿਦਾਸ ਜੀ ਦੇ ਵਾਰਿਸ ਹੋਣ ਦਾ ਦਾਅਵਾ ਕਰਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ''ਸੰਤ ਭਗਤ ਸਭਦੇ ਸਾਂਝੇ ਹੁੰਦੇ ਹਨ, ਉਨ•ਾਂ ਦੀ ਜਾਤ 'ਚ ਪੈਦਾ ਹੋਣ ਨਾਲ ਅਸੀਂ ਉਹਨਾਂ ਦੇ ਅਨੁਆਈ ਨਹੀਂ ਬਣ ਸਕਦੇ ਜਦੋਂ ਗੁਰੂ ਅਮਰਦਾਸ ਜੀ ਨੂੰ ਡੱਲੇ ਵਾਸੀ ਪ੍ਰਿਥਾ ਮੱਲ ਤੇ ਤੁਲਸਾ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਗੋਤੀ (ਭੱਲੇ) ਹਾਂ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ
''ਜਾਤ-ਪਾਤ ਗੁਰੂ ਕੀ ਨਹਿ ਕੋਈ''
ਭਗਤ ਰਵਿਦਾਸ ਜੀ ਵੀ ਆਖਦੇ ਹਨ…. . .
''ਆਪ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ''
ਪਰਮਾਤਮਾ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ ਉਹ ਤਾਂ ਭਾਵਨਾ ਦਾ ਭੁੱਖਾ ਹੈ।
                                    --------------------------------
ਮਨਜੀਤ ਸਿੰਘ ਡੱਲਾ                                                                    
ਹੈਡ ਗ੍ਰੰਥੀ ਗੁਰਦੁਆਰਾ ਪਾਤਸ਼ਾਹੀ ਛੇਂਵੀ,        

ਮੰਡੀ ਗੋਬਿੰਦਗੜ
ਜ਼ਿਲਾ ਫਤਹਿਗੜ ਸਾਹਿਬ।
ਪੰਜਾਬ।
ਮੋ.94177-48124

No comments: