Tuesday, March 15, 2011

ਕਦੋਂ ਆਏਗਾ ਸਮਾਜ ਦਾ ਮੁਆਫੀਨਾਮਾ.....???


ਕਈ ਵਾਰ ਕਈ ਲਿਖਤਾਂ ਪੜ੍ਹ ਕੇ ਦਿਲ ਉਦਾਸ ਵੀ ਹੁੰਦਾ ਹੈ, ਮਾਯੂਸੀ ਵੀ ਹੁੰਦੀ ਹੈ, ਕਦੇ ਕਦੇ ਗੁੱਸਾ ਵੀ ਆਉਂਦਾ ਹੈ ਪਰ ਇਸ ਦੇ ਬਾਵਜੂਦ ਆਮ ਤੌਰ ਤੇ ਮੈਂ ਕਦੇ ਵੀ ਕਲਮਕਾਰਾਂ ਨੂੰ ਕੋਈ ਗੰਭੀਰ ਕਿਸਮ ਦਾ ਗਿਲਾ ਸ਼ਿਕਵਾ ਨਹੀਂ ਕੀਤਾ. ਇਸ ਦੀ ਵਜ੍ਹਾ ਸਿਰਫ ਇਹੀ ਕਿ ਮੈਂ ਕਲਮਾਂ ਵਾਲਿਆਂ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਨੇੜਿਓਂ ਹੋ ਕੇ ਦੇਖੀਆਂ ਹਨ. ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਲਈ ਵੱਖ ਵੱਖ ਥਾਵਾਂ ਅਤੇ ਵੱਖ ਅਹੁਦਿਆਂ ਤੇ ਕੰਮ ਕਰਦਿਆਂ ਮੈਂ ਬੜੇ ਇਮਾਨਦਾਰ, ਜੋਸ਼ੀਲੇ ਅਤੇ ਸੂਝਵਾਨ ਨੌਜਵਾਨਾਂ ਤੇ ਮੁਟਿਆਰਾਂ ਨੂੰ ਇਸ ਖੇਤਰ ਵਿੱਚ ਆਉਂਦਿਆਂ ਦੇਖਿਆ. ਓਹ ਬੜੇ ਈ ਜੋਸ਼ ਨਾਲ ਇਸ ਖੇਤਰ ਵਿੱਚ ਦਾਖਿਲ ਹੁੰਦੇ, ਬੜੀ ਮੇਹਨਤ ਨਾਲ ਕੰਮ ਕਰਦੇ, ਪੂਰਾ ਖਤਰਾ ਉਠਾ ਕੇ ਅੰਦਰਲੀਆਂ ਖਬਰਾਂ ਵੀ ਲਭ ਕੇ ਲਿਆਉਂਦੇ,  ਹਰ ਤਰਾਂ ਦੇ ਲਾਲਚਾਂ ਅਤੇ ਸਵਾਰਥਾ ਤੋਂ ਉੱਪਰ ਉਠ ਕੇ ਆਪਣੀ ਰਿਪੋਰਟ ਤਿਆਰ ਕਰਦੇ ਅਤੇ ਫਿਰ ਉਸਨੂੰ ਨਿਊਜ਼ ਡੈਸਕ ਦੇ ਹਵਾਲੇ ਕਰ ਦੇਂਦੇ. ਜਿਵੇਂ ਕਿ ਮੈਨੂੰ ਬਹੁਤ ਪਹਿਲਾਂ ਹੀ ਪਤਾ  ਹੁੰਦਾ ਸੀ ਕਿ ਉਹਨਾਂ ਵਿੱਚੋਂ  ਬਹੁਤ ਸਾਰੀਆਂ ਰੀਪੋਰਟਾ ਸਿਰੇ ਤੋਂ ਹੀ ਖਾਰਿਜ ਹੋ ਜਾਂਦੀਆਂ ਜਾਂ ਫੇਰ ਉਹਨਾਂ ਵਿਚਲਾ ਸਚ ਵਾਲਾ ਸਾਹ ਸੱਤ ਨਿਚੋੜ ਕੇ ਪਹਿਲਾਂ ਹੀ ਬਾਹਰ ਕਢ ਦਿੱਤਾ ਜਾਂਦਾ ਅਤੇ ਖੋਖਲੀ ਜਿਹੀ ਰਿਪੋਰਟ ਲੋਕਾਂ ਸਾਹਮਣੇ ਆ ਜਾਂਦੀ. ਹੋਲੀ ਹੋਲੀ ਦੋ ਚਾਰ ਦਿਨਾਂ ਦੇ ਗੁਸੇ ਗਿਲੇ ਅਤੇ ਮਾਯੂਸੀਆਂ ਤੋਂ ਬਾਅਦ ਉਹਨਾਂ ਨਵੇਂ ਨਵੇਂ ਪਰ  ਜੋਸ਼ੀਲੇ ਪੱਤਰਕਾਰਾਂ ਨੂੰ ਵੀ ਅਹਿਸਾਸ ਹੋ ਜਾਂਦਾ ਕਿ ਅਸਲ ਵਿੱਚ ਹੁਣ ਉਹਨਾਂ ਨੇ ਆਪਣੀ ਡਿਊਟੀ ਮੁਤਾਬਿਕ ਕਿਹੜਾ ਸਚ ਲਭਣਾ ਹੈ ਅਤੇ ਫੇਰ ਉਸਨੂੰ ਮੀਡੀਆ ਦੀ ਖਾਸ ਖੋਜ ਰਿਪੋਰਟ ਬਣਾ ਕੇ ਕਿਵੇਂ ਪੇਸ਼ ਕਰਨਾ ਹੈ. ਫਿਰ ਉਹਨਾਂ ਨੂੰ ਮੇਰੀ ਦੱਸੀ ਗੱਲ ਵੀ ਸਮਝ ਆਉਣ ਲੱਗ ਪੈਂਦੀ ਕਿ ਸਚ ਬੋਲਣਾ ਅਸਲ ਵਿੱਚ ਕਿੰਨਾ ਮੁਸ਼ਕਿਲ ਹੈ. ਓਹ ਸਮਝ ਜਾਂਦੇ ਕਿ ਹੁਣ ਉਹਨਾਂ ਨੇ ਵੀ ਸਿਰਫ ਦੱਸਿਆ ਹੋਇਆ ਸਚ ਹੀ ਸਾਹਮਣੇ ਲਿਆਉਣ ਹੈ. ਇਹ ਅਕਸਰ ਉਹ ਸਚ ਹੁੰਦਾ ਜਿਸ ਸਚ ਨੂੰ ਆਮ ਤੌਰ ਤੇ ਅਖਬਾਰ ਜਾਂ ਚੈਨਲ ਦੇ ਮਾਲਿਕ ਆਪੋ ਆਪਣੇ ਆਕਾ ਦੇ ਹੁਕਮ ਮੁਤਾਬਿਕ ਦੱਸਦੇ. ਉਸ ਦੱਸੇ ਹੋਏ ਸਚ ਨੂੰ ਫੇਰ ਪੂਰੀ ਤਰਾਂ ਪਰਖ ਕੇ ਅਤੇ ਪੋਲਿਸ਼ ਕਰਕੇ ਪਾਠਕਾਂ ਜਾਂ ਦਰਸ਼ਕਾਂ ਸਾਹਮਣੇ  ਰਖਿਆ ਜਾਂਦਾ. ਇਸ ਤਰਾਂ ਕਰਦਿਆਂ ਕਰਦਿਆਂ ਓਹ ਜੋਸ਼ੀਲੇ ਅਤੇ ਖੋਜੀ ਪੱਤਰਕਾਰ ਹੋਲੀ ਹੋਲੀ ਇਹ ਗੱਲ ਪੂਰੀ ਤਰਾਂ ਭੁੱਲ ਜਾਂਦੇ ਕਿ ਸਮਾਜ ਦੇ ਸਰੋਕਾਰਾਂ ਪ੍ਰਤੀ ਉਹਨਾਂ ਦੇ ਵਿਚਾਰਾਂ ਦਾ ਕੀ ਬਣਿਆ ? ਉਹਨਾਂ ਦੇ ਸਟੈਂਡ ਦਾ ਕੀ ਬਣਿਆ ?  ਉਹਨਾਂ ਦੇ ਜੋਸ਼ ਦਾ ਕੀ ਬਣਿਆ ?  ਉਹਨਾਂ ਵੱਲੋਂ ਖਾਧੀਆਂ ਸੌਹਾਂ ਦਾ ਕੀ ਬਣਿਆ  ?

 ਸੁਰਜੀਤ ਗਾਮੀ

ਪਰ ਸਚ ਕਦੇ ਲੁਕਿਆ ਵੀ ਨਹੀਂ ਕਰਦਾ. ਇਹਨਾਂ ਨਿਰਾਸ਼ਾ ਜਨਕ ਹਾਲਤਾਂ ਦੇ ਬਾਵਜੂਦ ਵੀ ਕਦੇ ਕਦੇ ਸਚ ਲੋਕਾਂ ਸਾਹਮਣੇ ਆ ਹੀ ਜਾਂਦਾ ਹੈ ਜੋ ਕਿ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੁੰਦਾ. ਅਖਬਾਰ ਦੀ ਨੀਤੀ, ਚੈਨਲ ਦੀ ਨੀਤੀ, ਇਸ਼ਤਿਹਾਰੀ ਪਾਰਟੀਆਂ ਦਾ ਲਿਹਾਜ਼, ਸਕਿਓਰਟੀਆਂ  ਦੇ ਕੇ ਪੱਤਰਕਾਰ ਬਣੇ ਰਿਪੋਰਟਰਾਂ ਦਾ ਕਿਹਾ ਮੰਨਣ ਦੀ ਮਜਬੂਰੀ ਅਤੇ ਸਪਲੀਮੈਂਟ ਕਢਣ ਕਢਾਉਣ ਵਰਗੀਆਂ ਜ਼ਮੀਨੀ ਹਕੀਕਤਾਂ ਉਹਨਾਂ ਨੂੰ ਸਚ ਦੀ ਭਾਲ ਵਿੱਚ ਕੋਈ ਜ਼ਿਆਦਾ ਉੱਚੀਆਂ ਉਡਾਨਾਂ ਨਹੀਂ ਭਰਨ ਦੇਂਦੀਆਂ. ਇਸ ਸਭ ਕੁਝ ਦੇ ਨਾਲ ਨਾਲ ਉਹਨਾਂ ਨੂੰ ਆਪਣੀ ਦਾਲ ਰੋਟੀ ਦੀ ਵੀ ਚਿੰਤਾ ਹੁੰਦੀ ਹੈ. ਸਰਕਾਰੀ ਸਹੂਲਤਾਂ ਅਤੇ ਕਈ ਕਿਸਮ ਦੀਆਂ ਰਿਆਇਤਾਂ, ਆਏ ਦਿਨ ਮਿਲਦੀਆਂ ਸੌਗਾਤਾਂ, ਦਫਤਰਾਂ ਵਿੱਚ ਮਿਲਦੀ ਸਲਾਮੀ ਅਤੇ ਸਮਾਜ ਵਿੱਚ ਮਿਲਦਾ ਇਸ ਕਿਸਮ ਦਾ ਬਹੁਤ ਸਾਰਾ ਮਾਣ ਸਨਮਾਣ ਵੀ ਉਹਨਾਂ ਨੂੰ ਪ੍ਰਵਾਨਿਤ ਰਸਤੇ ਤੇ ਲੈ ਹੀ ਆਉਂਦਾ ਹੈ. ਕੁਝ ਸਾਲਾਂ ਬਾਅਦ ਉਹਨਾਂ ਨੂੰ ਸਿਰਫ ਆਪਣੀ ਨੌਕਰੀ ਵਾਲੀ ਡਿਊਟੀ ਯਾਦ ਰਹਿੰਦੀ ਹੈ, ਆਪਣੀ ਅਖਬਾਰ ਜਾਂ ਚੈਨਲ ਵਾਲੀ ਨੀਤੀ ਅਤੇ ਬਾਕੀ ਸਾਰੀਆਂ ਆਜ਼ਾਦ ਖਿਆਲਾਂ ਵਾਲੀਆਂ ਚਾਹਤਾਂ ਕਿਸੇ ਵਿਵਰਜਿਤ ਗੁਸਤਾਖੀ ਵਾਂਗ ਲੱਗਦੀਆਂ ਲੱਗਦੀਆਂ ਕਿਥੇ ਗੁਆਚ ਜਾਂਦੀਆਂ ਹਨ ਕੁਝ ਪਤਾ ਨਹੀਂ ਲੱਗਦਾ. ਜੇ ਕੋਈ ਯਾਦ ਕਰ ਵੀ ਦੇਵੇ ਤਾਂ ਓਹ ਕਹਿ ਦੇਂਦੇ ਹਨ ਛੱਡੋ ਜੀ ਬਚਪਨਾ ਸੀ ਉਹ ਤਾਂ. ਇਸ ਨਾਂਹ ਪੱਖੀ ਵਰਤਾਰੇ ਦੇ ਬਾਵਜੂਦ ਵੀ ਕੁਝ ਜਨੂੰਨੀ ਲੋਕ ਅੱਜ ਵੀ ਮੌਜੂਦ ਹਨ. ਓਹ ਸਚ ਬੋਲਣਾ ਨਹੀਂ ਛੱਡਦੇ. ਨਤੀਜਾ ਸਭ ਦੇ ਸਾਹਮਣੇ ਹੀ ਹੈ.  ਕਿਸੇ ਪੱਤਰਕਾਰ ਦਾ ਖੂਨ ਕਰ ਦਿੱਤਾ ਜਾਂਦਾ ਹੈ, ਕਿਸੇ ਨੂੰ ਨੌਕਰੀ ਤੋਂ ਜੁਆਬ ਮਿਲ ਜਾਂਦਾ ਹੈ, ਕਿਸੇ ਤੇ ਕੋਈ ਗੰਭੀਰ ਕਿਸਮ ਦਾ ਦੂਸ਼ਨ ਲੱਗ ਜਾਂਦਾ ਹੈ, ਕਿਸੇ ਨੂੰ ਕੋਈ ਗੰਭੀਰ ਬਿਮਾਰੀ ਨਿਗਲ ਜਾਂਦੀ ਹੈ ਅਤੇ  ਕਿਸੇ ਦੀ ਕਿਸੇ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ. ਚਾਰ ਦਿਨ ਅਫਸੋਸ ਫਿਰ ਉਸਦੀ ਨੌਕਰੀ ਉਸਦੇ ਬੇਟੇ ਜਾਂ ਬੇਟੀ ਨੂੰ ਦੇ ਦਿੱਤੀ ਜਾਂਦੀ ਹੈ ਤੇ ਇੱਕ ਵਾਰ ਫਿਰ ਸ਼ੁਰੂ ਹੋ ਜਾਂਦਾ ਹੈ ਉਹੀ ਸਿਲਸਿਲਾ ਇੱਕ ਨਵੇਂ ਜੋਸ਼ ਨਾਲ. ਸਚ ਬੋਲਣ ਵਾਲਾ  ਮੁੱਕ ਜਾਂਦਾ ਹੈ ਪਰ ਝੂਠ ਦਾ ਵਪਾਰ ਜਾਰੀ ਰਹਿੰਦਾ ਹੈ. ਜਿਹੜਾ ਕਲਮਕਾਰ ਸੱਤਰ, ਅੱਸੀ ਜਾਂ ਫੇਰ ਸੌ ਸਾਲਾਂ ਦੀ ਉਮਰ ਤੱਕ ਜੀ ਸਕਦਾ ਸੀ. ਹਰ ਰੋਜ਼ ਵੇਲੇ ਸਿਰ ਘਰ ਆ ਕੇ ਆਪਣੇ ਪਰਿਵਾਰ ਵਿੱਚ ਬੈਠ ਸਕਦਾ ਸੀ ਉਹ ਉਹ ਸਾਰਾ ਦਿਨ ਅਤੇ ਸਾਰੀ ਸਾਰੀ ਰਾਤ ਦੀਆਂ ਡਿਊਟੀਆਂ ਕਰਦਾ ਕਰਦਾ 25 , 35 ਜਾਂ 50 ਸਾਲਾਂ ਦੀ ਉਮਰ ਵਿੱਚ ਹੀ ਇਸ ਦੁਨੀਆ ਨੂ ਅਲਵਿਦਾ ਆਖ ਜਾਂਦਾ ਹੈ. ਇਹ ਉਹ ਆਜ਼ਾਦ ਗੁਲਾਮੀ ਹੈ ਜਿਹੜੀ ਆਮ ਤੌਰ ਤੇ ਨਜ਼ਰ ਨਹੀਂ ਆਉਂਦੀ. ਇਹਨਾਂ ਜ਼ੰਜੀਰਾਂ ਨੂੰ ਕੋਈ ਨਹੀਂ ਦੇਖਦਾ. ਯੂਨੀਅਨਾਂ  ਅਤੇ ਹੋਰ ਜਥੇਬੰਦੀਆਂ  ਆਪੋ ਆਪਣੀਆਂ ਲੀਡਰੀਆਂ, ਚੌਧਰਾਂ ਅਤੇ ਫੰਕਸ਼ਨਾਂ ਵਿੱਚ ਹੀ ਗੁਆਚ ਜਾਂਦੀਆਂ ਹਨ. ਸਚ ਤੋਂ ਲਾਂਭੇ ਕਰ ਦਿੱਤੀਆ ਗਈਆਂ ਇਹ ਕਲਮਾਂ ਕਿਹੋ ਜਿਹੇ ਸਮਾਜ ਦੀ ਸਿਰਜਨਾਂ ਕਰ ਸਕਦੀਆਂ ਹਨ ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ. ਸਮਾਜ ਨੇ ਕਦੇ ਇਹਨਾਂ ਦਾ ਦੁੱਖ ਸੁੱਖ ਪੁਛਣ ਦੀ ਖੇਚਲ ਵੀ ਨਹੀਂ ਕੀਤੀ. ਜੇ ਕਿਸੇ ਨੇ ਕਦੇ ਕੋਈ ਗੀਤ ਲਿਖਿਆ ਕਿ ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ ਤਾਂ ਸਮਾਜ ਨੇ ਬੜੇ ਈ ਸੁਆਦ ਨਾਲ ਇਸ ਦਾ ਸੁਆਦ ਲਿਆ. ਜੇ ਕਦੇ ਕਿਸੇ ਨੇ ਕਿਸੇ ਕਾਰਣ ਇਸਦਾ ਵਿਰੋਧ ਵੀ ਕੀਤਾ ਤਾਂ ਵੀ ਸਮਾਜ ਨੇ ਆਪਣਾ ਸੁਆਦ ਲਿਆ. ਸਿਰਫ ਦੋਗਲਾ ਹੁੰਦਾ ਤਾਂ ਵੀ ਗੱਲ ਚੱਲ ਜਾਣੀ ਸੀ ਪਰ ਇਸ ਸਮਾਜ ਦੇ ਅਸਲੀ ਚੇਹਰੇ ਉੱਪਰ ਤਾਂ ਕਈ ਕਈ ਮੁਖੌਟੇ ਹਨ. ਇਸ ਵਰਤਾਰੇ ਕਾਰਣ ਜੇ ਕਰ ਕੁਝ ਥੋਹੜੇ ਜਿਹੇ ਬੰਦੇ ਦੁਖੀ ਹਨ ਤਾਂ ਸਿਰਫ ਏਸ ਕਾਰਣ ਕਿ ਉਹਨਾਂ ਦੀ ਜ਼ਮੀਰ ਅਜੇ ਤੱਕ ਪੂਰੀ ਤਰਾਂ ਕਤਲ ਨਹੀਂ ਹੋਈ. ਜਾਗਦੀ ਜ਼ਮੀਰ ਵਾਲੇ ਬੰਦਿਆਂ ਨੇ ਹੀ ਸਮਾਜ ਬਦਲੇ ਹਨ ਅਤੇ ਹੁਣ ਵੀ ਓਹੀ ਅੱਗੇ ਆਉਣਗੇ. ਇਸ ਦੀ ਸ਼ੁਭ ਸ਼ੁਰੂਆਤ ਹੋ ਚੁੱਕੀ ਹੈ. ਹੁਣ ਇਸ ਵਿੱਚ ਆਪਣਾ ਹਿੱਸਾ ਪਾਇਆ ਹੈ ਸਾਡੇ ਹਰਮਨ ਪਿਆਰੇ ਗੀਤਕਾਰ ਅਮਰਦੀਪ ਗਿੱਲ ਨੇ. ਉਹਨਾਂ  ਇੱਕ ਲਿਖਤ ਲਿਖੀ ਹੈ. ਲਓ ਪਹਿਲਾਂ ਤੁਸੀਂ ਪੜ੍ਹੋ ਇਸ ਇਤਿਹਾਸਿਕ ਲਿਖਤ ਨੂੰ: 

ਮੇਰਾ ਮੁਆਫੀਨਾਮਾ ਸੂਝਵਾਨ , ਸੁਹਿਰਦ , ਸੱਚੇ ਪੰਜਾਬੀਆਂ ਦੇ ਚਰਨਾਂ 'ਚ !


ਮੈਂ ਅਮਰਦੀਪ ਗਿੱਲ ਆਪਣੇ ਪੂਰੇ ਹੋਸ਼ੋ-ਹਵਾਸ ਨਾਲ ਇਹ ਨੋਟ ਲਿਖ ਰਿਹਾ ਹਾਂ , ਕਿ ਮੈਂ ਹੀ ਉਹ ਲੇਖਕ ਹਾਂ ਜਿਸਨੇ 9 ਸਾਲ ਪਹਿਲਾਂ " ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ " ਗੀਤ ਲਿਖਿਆ ਸੀ । " ਕੁੜੀਆਂ ਤਾਂ ਕੁੜੀਆਂ ਨੇ " , "ਸਿੱਲੀ ਸਿੱਲੀ ਹਵਾ " , "ਦੁੱਖ ਬੋਲ ਕੇ ਜੇ ਦੱਸਿਆ " , "ਪਰਦੇਸਣ ਧੀਆਂ" , "ਇਹ ਪੰਜਾਬ ਵੀ ਮੇਰਾ ਏ.." ਵਰਗੇ ਹੋਰ ਅਨੇਕ ਗੀਤ ਵੀ ਮੈਂ ਲਿਖੇ ਤੇ ਹੰਸ ਰਾਜ ਹੰਸ ਨੇ ਗਾਏ ਨੇ.....ਪਰ ਬਹੁਤ ਸਾਰੇ "ਦੋਸਤ" ਸਿਰਫ "ਅੱਗ ਤੁਰੀ ਜਾਂਦੀ ਹੈ" ਦੀ ਗੱਲ ਹੀ ਕਰਦੇ ਨੇ...ਤਾਂ ਕਰਕੇ ਮੈਂ ਇਹ ਸ਼ਪਸ਼ਟੀਕਰਨ / ਮੁਆਫੀਨਾਮਾ ਲਿਖ ਰਿਹਾ ਹਾਂ ! "ਅੱਗ" ਗੀਤ 'ਚ ਮੈਂ "ਅੱਗ" ਦਾ ਬਿੰਬ ਉਸ ਤਰਾਂ ਵਰਤਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ "ਅੱਗ ਤੁਰੀ ਪਰਦੇਸ" 'ਚ ਵਰਤਿਆ ਸੀ ਇਹ ਬਿੰਬ...ਪਰ ਮੈਂ ਬੁਰੀ ਤਰਾਂ ਨਾਕਾਮ ਰਿਹਾ ..ਤੇ ਇਹ ਗੀਤ "ਲੱਚਰ" ਸਿੱਧ ਹੋ ਗਿਆ...ਇਸਦੇ ਪਿੱਛੇ ਹੋਰ ਵੀ ਕਈ ਕਾਰਨ ਸਨ ਕਿ ਸਿਰਫ ਇਸ ਗੀਤ ਤੇ ਹੀ ਕਿਉਂ ਐਨਾਂ ਤਵਾ ਲੱਗਿਆ....ਖੈਰ ਮੈਂ ਉਨਾਂ ਕਾਰਨਾਂ 'ਚ ਨਹੀਂ ਜਾਣਾ ਚਾਹੁੰਦਾ... ਮੈਂ ਸਿਰਫ ਇਹ ਦੱਸਣ ਲਈ ਇਹ ਨੋਟ ਲਿਖਿਆ ਹੈ ਕਿ ਮੈਂ ਇਸ ਗੀਤ ਨੂੰ ਲਿਖਣ ਦਾ ਗੁਨਾਹਗਾਰ ਹਾਂ ਤੇ ਆਪ ਸਭ ਪੰਜਾਬੀਆਂ ਤੋਂ ਇਸ ਲਈ ਮੁਆਫੀ ਮੰਗਦਾ ਹਾਂ , ਮੈਂ ਇਹ ਗੀਤ ਆਪਣੇ ਗੀਤ-ਸੰਗਰਿਹ "ਸਿੱਲੀ ਸਿੱਲੀ ਹਵਾ" 'ਚ ਵੀ ਸ਼ਾਮਿਲ ਨਹੀਂ ਕੀਤਾ , ਕੀ ਮੇਰੀ ਇੱਕ ਗਲਤੀ ਮੁਆਫ ਨਹੀਂ ਕੀਤੀ ਜਾ ਸਕਦੀ ? ਜੇ ਤੁਸੀਂ ਇਹ ਸਮਝਦੇ ਹੋ ਕਿ ਪੰਜਾਬੀ 'ਚ ਮੈਂ ਹੀ ਸਭ ਤੋਂ ਮਾੜਾ ਗੀਤ ਲਿਖਿਆ ਹੈ ਜਾਂ ਪੰਜਾਬੀ ਗੀਤਕਾਰੀ 'ਚ ਸਿਰਫ ਮੇਰੇ ਇਸ ਗੀਤ ਕਾਰਨ ਹੀ "ਗੰਦ" ਪਿਆਂ ਹੈ ਤਾਂ ਤੁਸੀਂ ਮੇਰੇ ਜੁੱਤੀਆਂ ਮਾਰ ਸਕਦੇ ਹੋ...ਮੈਨੂੰ ਗਾਲਾਂ ਕੱਢ ਸਕਦੇ ਹੋ..ਮੈਂ ਸੰਗਤ ਦਾ ਹਰ ਫੈਸਲਾ ਸਿਰ ਮੱਥੇ ਮੰਨਾਂਗਾ !
             ਮੇਰਾ ਨੰਬਰ 99882 62870 ਹੈ , ਮੈਂ ਪੰਜਾਬੀ ਮਾਂ ਬੋਲੀ ਦਾ ਜੁੰਮੇਵਾਰ ਪੁੱਤਰ ਹਾਂ , ਇੱਕ ਜੁੰਮੇਵਾਰ ਅਣਖੀ ਬਾਪ ਦਾ ਬੇਟਾ ਹਾਂ , ਮੈਂ ਜਾਣ ਬੁੱਝ ਕੇ ਲੱਚਰ ਗੀਤ ਕਿਉਂ ਲਿਖਾਂਗਾ ? ਮੇਰੇ ਕੋਲ ਤੁਹਾਡੇ ਹਰ ਇਮਾਨਦਾਰ ਸਵਾਲ ਦਾ ਇਮਾਨਦਾਰ ਜਵਾਬ ਹੈ !  ਮੇਰੇ ਤੋਂ ਜੋ ਗਲਤੀ ਹੋਈ ਹੈ ਅਣਜਾਣੇ 'ਚ ਹੋਈ ਹੈ ਉਸਦੀ ਮੈਂ 8 ਸਾਲ ਪਹਿਲਾਂ ਵੀ ਮਾਫੀ ਮੰਗ ਚੁੱਕਾ ਹਾਂ ਅੱਜ ਫੇਰ ਮੰਗਦਾ ਹਾਂ ਕਿਰਪਾ ਕਰਕੇ ਮੇਰੀ ਇੱਕ ਗਲਤੀ ਕਾਰਨ ਮੇਰੇ ਸਾਰੇ ਕੀਤੇ ਕਰਾਏ ਤੇ ਪਾਣੀ ਨਾ ਫੇਰੋ ਦੋਸਤੋ  ! ਇਹ ਇਨਸਾਫ ਨਹੀਂ ਹੈ....ਤੁਸੀਂ ਹਰ ਲੱਚਰ ਲਿਖਣ ਤੇ ਗਾਉਣ ਵਾਲੇ ਤੋਂ ਮੁਆਫੀਨਾਮਾ ਲਿਖਵਾਓ ਮੈਂ ਸਭ ਤੋਂ ਪਹਿਲਾਂ ਤੁਹਾਡੀ ਕਚਿਹਰੀ 'ਚ ਖੜਾ ਹੋਵਾਂਗਾ....ਇਨਸਾਫ ਕਰੋ ਦਾਨਿਸ਼ਵਰੋ....ਜਾਤੀ ਕਿੜ ਨਾ ਕੱਢੋ ! ਮੇਰੇ ਇਸ ਨੋਟ ਤੇ ਕੁਮੈਂਟ ਜਰੂਰ ਕਰਨਾ.....ਤੁਹਾਡਾ ਸਭ ਸੂਝਵਾਨ ਪੰਜਾਬੀਆਂ ਦਾ , ਪੰਜਾਬੀ ਮਾਂ ਬੋਲੀ ਦਾ ਗੁਨਾਹਗਾਰ : ਅਮਰਦੀਪ ਗਿੱਲ , ਬਠਿੰਡਾ
*post script :
*ਇੱਕ ਕੁੜੀ ਪੰਜਾਬ ਦੀ !
ਪੰਜ ਦਰਿਆ ਦੇ ਪਾਣੀ ਦੇ ਵਿੱਚ
ਗੁੰਨ ਪੰਜਾਬੀ ਮਿੱਟੀ ,
ਮੱਕੀ ਦਾ ਵਿੱਚ ਆਟਾ ਪਾ ਕੇ
ਕਰ ਲਓ ਗੋਰੀ ਚਿੱਟੀ ,
ਕੱਚੇ ਦੁੱਧ ਦਾ ਦੇ ਕੇ ਛਿੱਟਾ
ਹੁਸਨ ਦੀ ਭੱਠੀ ਪਾਓ ,
ਸਾਰੀ ਦੁਨੀਆ ਨਾਲੋਂ ਵੱਖਰਾ
ਇੱਕ ਕਲਬੂਤ ਬਣਾਓ ,
ਇੱਜ਼ਤ ਬਾਣਾ ਗਹਿਣਾ ਅਣਖ ਦਾ
ਰੂਹ ਵਿੱਚ ਰੱਬ ਵਸਾਇਓ ,
ਕਿੱਸੇ , ਵਾਰਾਂ , ਗੀਤ , ਬੋਲੀਆਂ
ਬਾਣੀ ਰੋਜ਼ ਸੁਣਾਇਓ ,
ਇੱਕ ਹੱਥ ਦੇ ਵਿੱਚ ਤੇਗ ਦੇ ਦਿਓ
ਇੱਕ ਵਿੱਚ ਕਲੀ ਗੁਲਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ .....!
ਹਰ ਥਾਂ ਖੜਦੀ ਪੁੱਤਾਂ ਬਰਾਬਰ
ਮਾਣ ਕਰੇਂਦੇ ਮਾਪੇ ,
ਜਿਹੜੀ ਵਹਿੰਗੀ ਫਰਜ਼ਾਂ ਦੀ ਨੂੰ
ਚੁੱਕ ਲੈਂਦੀ ਏ ਆਪੇ ,
ਖੇਤਾਂ ਦੇ ਵਿੱਚ ਜਿਹੜੀ
ਮੋਰਾਂ ਵਾਂਗੂ ਪੈਲਾਂ ਪਾਵੇ ,
ਨਾਲੇ ਮੋੜਦੀ ਨੱਕਾ ਖਾਲ ਦਾ
ਟਰੈਕਟਰ ਆਪ ਚਲਾਵੇ ,
ਜਿਹੜੀ ਆਪਣੇ ਹੱਥੀਂ ਵਾਹਵੇ
ਸੂਰਤ ਆਪਣੇ ਖਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ .....!
ਨਵੀਂ ਸੋਚ ਤੇ ਨਵਾ ਸਿਦਕ ਹੈ
ਨਵੇਂ ਪੂਰਨੇ ਪਾਵੇ ,
ਨਵੀਆਂ ਰਾਹਾਂ ਤੇ ਨਵੀਂ ਰੌਸ਼ਨੀ
ਨਵੇਂ ਚਿਰਾਗ ਜਗਾਵੇ ,
ਰਿਸ਼ਤੇ - ਨਾਤੇ ਮੋਹ ਦੀਆਂ ਤੰਦਾਂ
ਆਪਣੇ ਹੱਥੀਂ ਬੁਣਦੀ ,
ਜਿਹੜੀ ਆਪਣੀ ਰੂਹ ਦਾ ਹਾਣੀ
ਮਾਣ ਨਾਲ ਹੈ ਚੁਣਦੀ ,
ਵੰਝਲੀ ਦੇ ਨਾਲ ਇੱਕ -ਸੁਰ ਕਰਦੀ
ਜੋ ਹੈ ਤਾਰ ਰਬਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ .....!
********
ਇਹ ਗੀਤ ਵੀ ਮੇਰਾ ਲਿਖਿਆ ਹੋਇਆ ਹੈ , ਮੈਂ ਸਾਹਿਤ , ਸਭਿਆਚਾਰ , ਫਿਲਮਾਂ ਦੇ  ਖੇਤਰ ਦਾ ਕੁੱਲਵਕਤੀ ਕਾਮਾ ਹਾਂ ਮੇਰੀ ਇੱਕ ਸੋਚ ਹੈ ਇੱਕ ਕੁਮਿੱਟਮੈਂਟ ਹੈ , ਮੈਂ ਆਪਣੇ ਹਰ ਕੰਮ ਹਰ ਰਚਨਾ ਲਈ ਸੂਝਵਾਨ ਸਰੋਤਿਆਂ ਨੂੰ , ਪਾਠਕਾਂ ਨੂੰ ਜਵਾਬਦੇਹ ਹਾਂ , ਮੇਰਾ ਕੋਈ ਗੀਤ ਮਾੜਾ ਹੋ ਸਕਦਾ ਹੈ ਮੇਰੀ ਨੀਤ ਮਾੜੀ ਨਹੀਂ ਹੈ , ਮੈਂ ਸਾਹਿਤ , ਸਭਿਆਚਾਰ , ਫਿਲਮਾਂ ਦੇ  ਖੇਤਰ 'ਚ ਇਮਾਨਦਾਰੀ ਤੇ ਸਮਰਪਣ ਨਾਲ ਕੰਮ ਕਰ ਰਿਹਾ ਹਾਂ ਇਹ ਮੇਰੀ ਕਰਮਭੂਮੀ ਹੈ ਜੇ ਤੁਸੀਂ ਵਾਰ ਵਾਰ ਇੱਕ ਗੀਤ ਦੀ ਗੱਲ ਕਰਕੇ ਮੇਰਾ ਰਾਹ ਰੋਕੋਗੇ ਤਾਂ ਮੈਂ ਇੱਕ ਦਿਨ ਹਾਰ ਜਾਵਾਂਗਾ , ਦੁਸ਼ਮਣ ਤੋਂ ਤਾਂ ਜਿੱਤ ਜਾਈਏ ਸੱਜਣਾਂ ਤੋਂ ਕਿਵੇਂ ਜਿੱਤੀਏ ? ਮੈਂ ਇਸ ਖੇਤਰ 'ਚੋਂ ਕਦੇ ਇੱਕ ਪੈਸਾ ਨਹੀਂ ਕਮਾਇਆ ਸਿਰਫ ਘਰ ਫੂਕ ਤਮਾਸ਼ਾ ਵੇਖਿਆ ਹੈ..ਫਿਰ ਵੀ ਇਹ ਇਲਜ਼ਾਮ...ਚਲੋ ਖੈਰ ਇਹ ਵੀ ਕਬੂਲ ਨੇ...ਆਖਿਰ ਆਪਣਿਆਂ ਨੇ ਹੀ ਦਿੱਤੇ ਨੇ ! ਵੱਸਦੇ ਰਹੋ , ਵਾਹਿਗੁਰੂ ਭਲਾ ਕਰੇ ! @ਅਮਰਦੀਪ ਗਿੱਲ
ਤੁਸੀਂ ਇਸ ਇਮਾਨਦਾਰ ਅਤੇ ਇੰਨ੍ਕ਼ਲਾਬੀ  ਵਿਚਾਰਾਂ ਵਾਲੇ ਕੁਲਵਕ਼ਤੀ ਕਾਮੇ ਦਾ ਇਹ ਮੁਆਫੀਨਾਮਾ ਪੜ੍ਹ ਲਿਆ hai. ਇਸ ਵਿਚਲਾ ਦਰਦ, ਇਸ ਵਿਚਲਾ ਪਛਤਾਵਾ ਇਸਦੇ ਇੱਕ ਇੱਕ ਸ਼ਬਦ ਵਿੱਚੋਂ ਬੋਲਦਾ ਹੈ. ਪਰ ਕਦੋਂ ਆਏਗਾ ਅਜਿਹੇ ਗੀਤ ਲਿਖਣ ਲਈ ਮਜਬੂਰ ਕਰਨ ਵਾਲੇ ਸਿਸਟਮ ਦਾ ਮੁਆਫੀਨਾਮਾ ? ਕਦੋਂ ਆਏਗਾ ਸਮਾਜ ਦੇ ਉਹਨਾ ਠੇਕੇਦਾਰਾਂ ਦਾ ਮੁਆਫੀਨਾਮਾ ਜਿਹੜਾ ਸਟੇਜ ਤੇ ਅਸ਼ਲੀਲ ਲਟਕੇ ਝਟਕੇ ਦੇਖਣ ਤਾਂ ਦਾਰੂ ਵਿੱਚ ਟੱਲੀ ਹੋ ਕੇ ਨੋਟਾਂ ਦੀਆਂ ਥੱਬੀਆਂ ਉਡਾ ਸਕਦਾ ਹੈ ਪਰ ਉਹਨਾਂ ਨੂੰ ਕਦੇ ਨਜ਼ਰ ਨਹੀਂ ਆਉਂਦਾ ਕਿ ਕਿੰਨੇ ਸੁਰਜੀਤ ਗਾਮੀ ਆਰਥਿਕ ਤੰਗੀਆਂ ਕਾਰਣ ਸਮੇਂ ਤੋਂ ਪਹਿਲਾਂ ਹੀ ਵਿਦਾ ਹੋ ਰਹੇ ਹਨ. ਅਮਰਦੀਪ ਗਿੱਲ ਨੇ ਤਾਂ ਆਪਣੀ ਉਸ ਗੱਲ ਨੂੰ ਵੀ ਖੁੱਲ ਕੇ ਗਲਤੀ ਮੰਨ ਲਿਆ ਜੋ ਕਿ ਅਸਲ ਵਿੱਚ ਬਿੰਬ ਨੂੰ ਵਰ੍ਤਨ ਵਿੱਚ ਮਿਲੀ ਅਸਫਲਤਾ ਹੀ ਸੀਂ, ਸਿਰਫ ਇੱਕ ਤਕਨੀਕੀ ਗਲਤੀ ਪਰ ਸਮਾਜ ਦੇ ਓਹ ਠੇਕੇਦਾਰ ਕਦੋਂ ਆਪਣੀਆਂ ਗਲਤੀਆਂ ਮੰਨਣਗੇ  ਜਿਹੜੇ ਜਾਣ ਬੁਝ ਕੇ ਗੁਨਾਹ ਕਰਦੇ ਹਨ ਸਿਰਫ ਆਪਣੀਆਂ ਜੇਬਾਂ ਭਰਨ ਲਈ. ਉਂਝ ਵੀ ਇਸ ਗੀਤ ਦੇ ਲਿਖਣ ਤੋਂ ਲੈ ਕੇ ਸ਼ੋਹਰਤਾਂ ਦੇ ਅਸਮਾਨ ਛੂਹਣ ਤੱਕ ਇਕੱਲਾ ਅਮਰ ਦੀਪ ਗਿੱਲ ਜਾਂ ਹੰਸ ਰਾਜ ਹੰਸ ਹੀ ਤਾਂ ਜਿੰਮੇਵਾਰ ਨਹੀਂ. ਬਹੁਤ ਸਾਰੇ ਲੋਕ ਹੋਰ ਵੀ ਸਨ ਅਤੇ ਹਨ ਜਿਹੜੇ ਇਸ ਗੀਤ ਤੋਂ ਇਲਾਵਾ ਵੀ ਬਹੁਤ ਕੁਝ ਅਜਿਹਾ ਕਰਦੇ ਹਨ ਜਿਸਦਾ ਜ਼ਿਕਰ ਵੀ ਸੰਭਵ ਨਹੀਂ.   -ਰੈਕਟਰ ਕਥੂਰੀਆ  

4 comments:

Iqbal Gill said...

ਅਮਰਦੀਪ ਜੀ ਦਾ ਇਹ ਵਾਕਿਆ ਹੀ ਵੱਡਾਪਣ ਹੈ ਖਾਸ ਕਰਕੇ ਅਜਿਹੇ ਸਮੇਂ ਜਦ ਇਹ ਅੰਦਾਜਾ ਲਗਾਉਣਾ ਔਖਾ ਹੋਵੇ ਕੀ ਇਹ ਮੌਜੂਦਾ ਸਮੇਂ ਦੇ ਵਿਚ ਸਭ ਕੁਝ ਵਿਚੋਂ ਸਭਿਅਕ ਕੀ ਹੈ | ਬਾਕੀ ਜੋ ਥੱਕ ਕੇ ਘਰ ਬੈਠਣ ਵਾਲੀ ਗੱਲ ਹੈ ਜਾਂ ਡਰ ਜਾਣ ਵਾਲੀ ਗੱਲ ਹੈ ਇਹ ਕਦੇ ਮੇਚ ਨਹੀਂ ਆਈ ਸ਼ਾਇਦ ਕਿਸੇ ਇਮਤਿਹਾਨ ਵਿਚੋਂ ਨਾ ਲੰਘੇ ਹੋਈਏ ਤਾਂ ਇੰਝ ਲਗਦਾ ਹੋਵੇ | ਅਸੀਂ ਚੁੱਪ ਹਾਂ ਤਾਂ ਕੋਈ ਹੋਰ ਮਰ ਰਿਹਾ ਹੋਵੇਗਾ ਸਾਡੇ ਚਾਨਣੇ ਦਿਨਾਂ ਲਈ, ਇਹ ਪੱਕਾ ਹੈ ਕਿ ਇਹ ਸਮਾਂ ਕਿਸੇ ਨਾ ਕਿਸੇ ਦੀ ਹਰ ਪਲ ਬਲੀ ਲੈ ਰਿਹਾ ਹੈ | ਇੱਕ ਚਾਨਣਾ ਕਾਫਲਾ ਇਸ ਸਮੇਂ ਨੂੰ ਬਦਲ ਦੇਵੇਗਾ ਕਿਉਂਕਿ ਕਦੇ ਵੀ ਮੁਦਤਾਂ ਦਾ ਹਨੇਰਾ ਵੀ ਇੱਕ ਦੀਵੇ ਨੂੰ ਵੀ ਨਹੀਂ ਹਰਾ ਸਕਿਆ |

drlokraj said...

ਗਿੱਲ ਜੀ, ਕਿਸ ਤੋਂ ਮੁਆਫੀ ਮੰਗ ਰਹੇ ਹੋ? ਇਥੇ ਲੋਕ ਕਤਲਾਂ ਨੂ ਵਾਜਿਬ ਸਾਬਿਤ ਕਰਨ ਲੱਗੇ ਹੋਏ ਨੇ ਤੇ ਤੁਸੀਂ ਇੱਕ ਗਾਣਾ ਲਿਖਣ ਲਈ ਮੁਆਫੀ ਮੰਗ ਰਹੇ ਹੋ.....ਤੁਸੀਂ ਬੜੇ ਲੋਕਾਂ ਨੂ ਬਹੁਤ ਬੌਣੇ ਬਣਾ ਦਿੱਤਾ ਆਪਣੇ ਇਸ ਮਾਫ਼ੀ-ਨਾਮੇ ਨਾਲ.....ਆਪਣੀ ਨਮੋਸ਼ੀ ਨੂ ਲੁਕਾਉਣ ਲਈ ਹੁਣ ਕੋਈ ਹੋਰ ਇਲ੍ਜ਼ਾਮ ਲੈ ਕੇ ਆਉਣਗੇ..ਤਿਆਰ ਰਿਹੋ!!

MAANGAT said...

Sehmat haan Dr Lok Raj ji

MAANGAT said...

Sehmat Haan Dr Lok Raj ji naal