ਜਦੋਂ ਰਾਤ ਕਾਲੀ ਚ ਤਾਰਾ ਨਾ ਦਿੱਸੇ, ਦਿਲਾਂ ਵਾਲਿਆਂ ਨੇ ਜ਼ਫਰਨਾਮੇ ਲਿੱਖੇ ...!
ਜਨਮ ਤੋਂ ਬਾਅਦ ਜਦੋਂ ਹੋਸ਼ ਸੰਭਾਲਿਆ ਤਾਂ ਘਰ ਵਿਚ ਮੀਟਿੰਗਾਂ ਦਾ ਮਾਹੌਲ ਸੀ. ਕੁਝ ਲੋਕ ਚਲੇ ਗਏ ਕੁਝ ਆ ਗਏ. ਉਦੋਂ ਗੈਸ ਵਾਲੇ ਚੁੱਲੇ ਨਹੀਂ ਸਨ ਹੁੰਦੇ ਪਰ ਰਸੋਈ ਵਿਚ ਅੰਗੀਠੀ ਜਾਂ ਸਟੋਵ ਕੁਝ ਨਾ ਕੁਝ ਜ਼ਰੂਰ ਮਘਦਾ ਰਹਿੰਦਾ ਸੀ. ਨਾਂ ਮੇਰੀ ਮਾਂ ਨੇ ਕਦੇ ਉਫ਼ ਕੀਤੀ ਸੀ ਅਤੇ ਨਾਂ ਹੀ ਮੇਰੀ ਦਾਦੀ ਨੇ. ਸਰਦੀ ਹੋਵੇ ਤੇ ਭਾਵੇਂ ਗਰਮੀ..ਅਧੀ ਅਧੀ ਰਾਤ ਹੋ ਜਾਣਾ ਇੱਕ ਆਮ ਜਹੀ ਗੱਲ ਸੀ. ਹੋਲੀ ਹੋਲੀ ਮਕਾਨ ਮਾਲਿਕ ਪਰਿਵਾਰ ਨੂੰ ਵੀ ਇਹਨਾਂ ਮੀਟਿੰਗਾਂ ਦੀ ਇੱਕ ਆਦਤ ਜਹੀ ਪੈ ਗਈ ਸੀ. ਕੁਝ ਹੋਰ ਵੱਡਾ ਹੋਇਆ ਤਾਂ ਪਤਾ ਲੱਗਾ ਕਿ ਮੀਟਿੰਗਾਂ ਚ ਆਉਣ ਵਾਲੇ ਇਹ ਸਾਰੇ ਲੋਕ ਅਸਲ ਵਿੱਚ ਲਾਲ ਝੰਡੇ ਵਾਲੇ ਸਨ. ਸਾਰੇ ਦੁਖ ਝੱਲ ਕੇ ਇਸ ਦੁਨੀਆ ਨੂੰ ਬਦਲ ਕੇ ਕੋਈ ਨਵੀਂ ਦੁਨੀਆ ਸਿਰਜਣਾ ਚਾਹੁੰਦੇ ਸਨ. ਅਜਿਹੀ ਦੁਨੀਆ ਜਿਥੇ ਨਾ ਤਾਂ ਕਿਸੇ ਨੂੰ ਕੋਈ ਦੁੱਖ ਹੋਵੇ ਅਤੇ ਨਾਂ ਹੀ ਕੋਈ ਭੁੱਖਾ ਸੋਂਵੇ. ਮੈਨੂੰ ਇਹ ਸਾਰੇ ਜਾਣੇ ਬੜੇ ਹੀ ਚੰਗੇ ਚੰਗੇ ਲੱਗਣ ਲੱਗ ਪਏ. ਬਾਅਦ ਵਿੱਚ ਗੋਰਕੀ ਦਾ ਨਾਵਲ ਮਾਂ ਪੜ੍ਹ ਕੇ ਇਹ ਭਾਵਨਾ ਹੋਰ ਰੰਗੀ ਗਈ. ਖੇਡਣ ਮੌਲਣ ਦੇ ਮਾਮਲੇ 'ਚ ਮੇਰੇ ਤੇ ਕੋਈ ਬੰਦਸ਼ ਨਹੀਂ ਸੀ ਪਰ ਬਚਪਨ ਵਾਲੀ ਸਹਿਜਤਾ ਵੀ ਨਹੀਂ ਸੀ ਰਹਿ ਗਈ. ਸੀ ਆਈ ਡੀ ਅਤੇ ਪੁਲਿਸ ਵਾਲਿਆਂ ਦੀਆਂ ਫੇਰੀਆਂ ਨੇ ਮੈਨੂੰ ਛੋਟੀ ਉਮਰ ਵਿਚ ਹੀ ਵੱਡੀ ਉਮਰ ਵਾਲੀਆਂ ਗੱਲਾਂ ਸੋਚਣ ਲਾ ਦਿੱਤਾ ਸੀ. ਘੋਖਵੀਂ ਨਜ਼ਰ ਵਾਲਾ ਹਰ ਬੰਦਾ ਸੀ ਆਈ ਡੀ ਜਾਂ ਪੁਲਿਸ ਦਾ ਬੰਦਾ ਹੀ ਲਗਦਾ. ਜੇ ਕਦੇ ਕੋਈ ਖੁਸ਼ੀ ਆਓਂਦੀ ਵੀ ਸੀ ਤਾਂ ਕਿਸੇ ਨਾ ਕਿਸੇ ਚਿੰਤਾ ਦੇ ਪਰਛਾਵੇਂ ਨੂੰ ਨਾਲ ਲੈ ਕੇ. ਪਰ ਫਿਰ ਵੀ ਓਹ ਦਿਨ ਅੱਜ ਦੇ ਮੁਕਾਬਲੇ ਬੜੀ ਹਿੰਮਤ ਵਾਲੇ ਅਤੇ ਅਰਥ ਪੂਰਨ ਲੱਗਦੇ ਹਨ. ਉਹਨਾਂ ਦਿਨਾਂ ਵਿੱਚ ਹੀ ਮੇਰੀ ਮੁਲਾਕਾਤ ਉਸ ਜੋੜੀ ਨਾਲ ਹੋਈ ਜਿਸ ਜੋੜੀ ਦੀ ਤਸਵੀਰ ਤੁਸੀਂ ਪ੍ਰੀਤਲੜੀ ਦੇ ਕਵਰ ਤੇ ਦੇਖ ਰਹੇ ਹੋ. ਇਸ ਕਵਰ ਤਸਵੀਰ ਨੂੰ ਸਕੈਨ ਕਾਰਣ ਲੱਗਿਆਂ ਮੈਨੂੰ ਨਵੀਂ ਉਮਰ ਦੇ ਇੱਕ ਪੱਤਰਕਾਰ ਸਾਥੀ ਨੇ ਪੁਛਿਆ ਕਿ ਇਹ ਤਸਵੀਰ ਕਿਸ ਹੀਰੋ ਹੀਰੋਇਨ ਦੀ ਹੈ. ਸਵਾਲ ਸੁਣ ਕੇ ਮੈਨੂੰ ਪਹਿਲਾਂ ਤਾਂ ਕੁਝ ਅਜੀਬ ਜਿਹਾ ਲੱਗਿਆ ਅਤੇ ਗੁੱਸਾ ਵੀ ਆਇਆ ਕਿ ਕੀ ਇਸ ਨੂੰ ਏਨਾ ਵੀ ਨਹੀਂ ਪਤਾ...ਪਰ ਫਿਰ ਅਚਾਨਕ ਹੀ ਮੇਰੇ ਮੂੰਹੋਂ ਨਿਕਲਿਆ ਬਈ ਇਹ ਤਸਵੀਰ ਅਸਲ ਵਿੱਚ ਉਸ ਹੀਰੋ ਹੇਰੋਇਨ ਦੀ ਹੈ ਜਿਹਨਾਂ ਨੇ ਕਿਸੇ ਫਿਲਮ ਵਿਚ ਨਹੀਂ ਬਲਕਿ ਅਸਲ ਜਿੰਦਗੀ ਵਿਚ ਨਾਇਕ ਨਾਇਕਾਵਾਂ ਵਾਲੀ ਬਹਾਦਰੀ ਭਰੀ ਜਿੰਦਗੀ ਜੀ ਕੇ ਦਿਖਾਈ ਹੈ ਅਤੇ ਨਵੇਂ ਪੂਰਨੇ ਵੀ ਪਏ ਹਨ.. ਜਮਨਾ ਨਦੀ ਦੇ ਕਿਨਾਰੇ ਤੇ ਖਿੱਚੀ ਗਈ ਇਹ ਤਸਵੀਰ ਅਸਲ ਵਿਚ ਉਸ ਜੋੜੀ ਦੀ ਹੈ ਜੋ ਲਾਲ ਝੰਡੇ ਦੇ ਸੰਘਰਸ਼ਸ਼ੀਲ ਦੌਰ ਦਾ ਮਾਣਮੱਤਾ ਇਤਿਹਾਸ ਰਚਨ ਵਾਲੇ ਕੁਝ ਗਿਣਵੇਂ ਚੁਣਵੇਂ ਇੰਨਕ਼ਲਾਬੀਆਂ ਦੀ ਰੂਹ ਸੀ. ਮੇਰੀ ਮੁਰਾਦ ਹੈ ਮਦਨ ਲਾਲ ਦੀਦੀ ਅਤੇ ਸ਼ੀਲਾ ਦੀਦੀ ਤੋਂ. ਪੈਰ ਪੈਰ ਤੇ ਮੁਸ਼ਕਿਲਾਂ ਅਤੇ ਮੁਸ਼ਕਿਲਾਂ ਵੀ ਏਹੋ ਜਹੀਆਂ ਕਿ ਜਿਵੇਂ ਅੰਗਿਆਰਿਆਂ ਤੇ ਤੁਰਨਾ ਹੋਵੇ ਪਰ ਫੇਰ ਵੀ ਹੋਠਾਂ ਤੇ ਮੁਸਕਰਾਹਟ ਏਸ ਤਰਾਂ ਦੀ ਕਿ ਜਿਵੇਂ ਸਾਰੀ ਦੁਨੀਆ ਦੇ ਸੁੱਖ ਮਿਲ ਗਏ ਹੋਣ. ਮੈਂ ਮਦਨ ਜੀ ਨੂੰ ਅੰਕਲ ਅਤੇ ਸ਼ੀਲਾ ਜੀ ਨੂੰ ਆਂਟੀ ਆਖਦਾ ਸਾਂ. ਉਹਨਾਂ ਦੇ ਆਓਂਦਿਆਂ ਹੀ ਮੈਨੂੰ ਜਿਵੇਂ ਖੇੜਾ ਆ ਜਾਂਦਾ ਸੀ. ਉਹਨਾਂ ਦੇ ਆਓਂਦਿਆਂ ਹੀ ਮੇਰੀ ਮਾਂ ਅਤੇ ਦਾਦੀ ਨੂੰ ਵੀ ਇੱਕ ਹੋਂਸਲਾ ਜਿਹਾ ਹੋ ਜਾਂਦਾ, ਦਿਲ ਦੀ ਖੁਸ਼ੀ ਚੇਹਰੇ ਤੋਂ ਬਾਹਰ ਡੁਲਣ ਲੱਗ ਪੈਂਦੀ. ਮੈਂ ਅਜੇ ਛੋਟਾ ਹੀ ਸਾਂ ਕਿ ਜਲਦੀ ਹੀ ਪਾਰਟੀ ਦੋਫਾੜ ਹੋ ਗਈ ਤੇ ਫਿਰ ਸ਼ੁਰੂ ਹੋਇਆ ਸੰਘਰਸ਼ ਦੇ ਇੱਕ ਹੋਰ ਨਵੇਂ ਪੜਾਅ ਨਾਲ ਵਾਕਫੀ ਦਾ ਸਿਲਸਿਲਾ. ਲੁਧਿਆਣਾ ਛਡਣਾ ਪਿਆ. ਦੂਰ ਦਰਾਡੇ ਦੇ ਕਈ ਮਹਾਂਨਗਰਾਂ ਦਾ ਪਾਣੀ ਪੀਤਾ, ਕਈ ਬੋਲੀਆਂ ਅਤੇ ਸਭਿਆਚਾਰਾਂ ਨਾਲ ਵਾਹ ਪਿਆ. ਇੱਕ ਲੰਮੇ ਵਕਫੇ ਮਗਰੋਂ ਪੰਜਾਬ ਪਰਤ ਕੇ ਮੈਂ ਜਲੰਧਰ 'ਚ ਹੋਏ ਇਕ ਵਿਸ਼ਾਲ ਕੌਮੀ ਇਸਤਰੀ ਸਮਾਗਮ ਵਿੱਚ ਇੱਕ ਪੱਤਰਕਾਰ ਵਜੋਂ ਪੁੱਜਿਆ. ਚਿਰਾਂ ਮਗਰੋਂ ਓਥੇ ਮੇਰੀ ਮੁਲਾਕਾਤ ਆਂਟੀ ਸ਼ੀਲਾ ਦੀਦੀ ਨਾਲ ਹੋਈ. ਓਹੀ ਖੇੜਾ, ਓਹੀ ਉਤਸ਼ਾਹ ਅਤੇ ਓਹੀ ਜੋਸ਼. ਲਗਦਾ ਸੀ ਕਿ ਜਿਵੇਂ ਸਮੇਂ ਦੀ ਗਰਦਿਸ਼ ਵੀ ਸ਼ੀਲਾ ਜੀ ਅੱਗੇ ਹਾਰ ਗਈ ਹੋਵੇ. ਫਿਰ ਕੁਝ ਸਾਲ ਹੋਰ ਲੰਘ ਗਏ. ਪੰਜਾਬ ਵਿਚ ਗੋਲੀਆਂ ਅਤੇ ਬੰਬ ਧਮਾਕਿਆਂ ਨੇ ਪੰਜਾਂ ਦਰਿਆਵਾਂ ਦੀ ਇਸ ਧਰਤੀ ਨੂੰ ਲਹੂਲੁਹਾਨ ਕਰ ਦਿੱਤਾ. ਜਿਸ ਹਵਾ ਚੋਂ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦੀ ਖੁਸ਼ਬੂ ਆਓਂਦੀ ਸੀ ਉਸ ਵਿੱਚੋਂ ਬਾਰੂਦ ਦੀ ਬਦਬੂ ਆਉਣ ਲੱਗ ਪਈ. ਰਾਜਸੀ ਸਾਜ਼ਸ਼ਾਂ ਹੋਰ ਤੇਜ਼ ਹੋ ਗਈਆਂ. ਪੁਲਿਸ ਨੇ ਸਾਡੇ ਪਰਿਵਾਰ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ. ਉਸ ਨਾਜ਼ੁਕ ਦੌਰ ਵਿਚ ਜਿਹਨਾਂ ਨੇ ਖੁੱਲ ਕੇ ਸ੍ਟੈੰਡ ਲਿਆ ਅਤੇ ਸਰਗਰਮੀ ਨਾਲ ਠੋਸ ਮਦਦ ਵੀ ਕੀਤੀ ਉਹਨਾਂ ਵਿਚ ਆਂਟੀ ਸ਼ੀਲਾ ਦੀਦੀ ਜੀ ਵੀ ਸਨ. ਚੰਡੀਗੜ੍ਹ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੰਪਲੈਕਸ ਦੇ ਬਾਰ ਰੂਮ ਵਿੱਚ ਕਿੰਨੀ ਕਿੰਨੀ ਦੇਰ ਉਹਨਾਂ ਨੇ ਕੇਸ ਸ੍ਟਡੀ ਕਰਦਿਆਂ ਲਾ ਦੇਣੀ ਪਰ ਕੰਮ ਮੁਕੰਮਲ ਕੀਤੇ ਬਿਨਾ ਨਹੀਂ ਹਟਣਾ. ਫਿਰ ਇੱਸੇ ਤਰਾਂ ਮਦਨ ਅੰਕਲ ਨਾਲ ਮੁਲਾਕਾਰ ਹੋਈ ਕਈ ਸਾਲਾਂ ਮਗਰੋਂ ਨਵਾਂ ਜ਼ਮਾਨਾ ਵਿੱਚ. ਸੁਰਜਨ ਜੀਰਵੀ ਜੀ ਸਾਡੇ ਇੰਚਾਰਜ ਹੁੰਦੇ ਸਨ. ਉਦੋਂ ਚਾਹ ਪੀਤੇ ਬਿਨਾ ਮੇਰੇ ਕੰਮ ਵਿੱਚ ਤੇਜ਼ੀ ਨਹੀਂ ਸੀ ਆਉਂਦੀ ਤੇ ਚਾਹ ਵਿੱਚ ਦੇਰ ਹੋ ਰਹੀ ਸੀ. ਕੰਟੀਨ ਉਹਨਾਂ ਦਿਨਾਂ ਵਿੱਚ ਥੱਲੇ ਹੁੰਦੀ ਸੀ ਅਜੀਤ ਅਖਬਾਰ ਦੇ ਕੰਮਪਲੈਕਸ ਵਿਚ ਪਰ ਗਿਣੀ ਜਾਂਦੀ ਸੀ ਓਹ ਇੱਕ ਸਾਂਝੀ ਕੰਟੀਨ ਹੀ. ਮੈਂ ਕੁਝ ਸਾਥੀਆਂ ਨੂੰ ਕਿਹਾ ਕਿ ਚੱਲੋ ਕੰਟੀਨ 'ਚ ਚਲਦੇ ਆਂ ਕਿ ਏਨੇ 'ਚ ਜੀਰਵੀ ਸਾਹਿਬ ਦੀ ਆਵਾਜ਼ ਆਈ ਲਓ ਪੰਡਿਤ ਜੀ ਵੀ ਆ ਗਏ. ਮੈਂ ਪਿਛੇ ਮੁੜ ਕੇ ਦੇਖਿਆ--ਮਦਨ ਜੀ ਸਨ...ਜਵਾਨੀ ਤਾਂ ਨਹੀਂ ਸੀ ਰਹੀ ਪਰ ਜਾਹੋ ਜਲਾਲ ਬਰਕਰਾਰ ਸੀ. ਗੋਰਾ ਰੰਗ ਅਤੇ ਸਿਰ ਤੇ ਮਖਣ ਵਰਗੇ ਸਫੇਦ ਚਮਕਦਾਰ ਵਾਲ. ਓਹੀ ਜਾਦੂਈ ਮੁਸਕਰਾਹਟ ਤੇ ਦੁਸ਼ਮਨ ਨੂੰ ਵੀ ਕੀਲ ਕੇ ਆਪਣਾ ਬਣਾ ਲੈਣ ਵਾਲੀਆਂ ਹਿਪਨੋਟਿਕ ਨਜ਼ਰਾਂ. ਮੈਂ ਗੋਡੇ ਹੱਥ ਲਾਉਣ ਲੱਗਿਆ ਤਾਂ ਮੈਨੂੰ ਰਸਤੇ ਚੋਂ ਹੀ ਬਾਹਵਾਂ 'ਚ ਲੈ ਕੇ ਗਲ ਨਾਲ ਲਾ ਲਿਆ. ਪਰਿਵਾਰ ਦੇ ਇੱਕ ਇੱਕ ਜੀਅ ਦਾ ਹਾਲ ਪੁਛਿਆ. ਉਸ ਦਿਨ ਮੈਨੂੰ ਪਤਾ ਲੱਗਿਆ ਕਿ ਮਦਨ ਅੰਕਲ ਦਾ ਇੱਕ ਨਾਂਅ ਪੰਡਿਤ ਜੀ ਵੀ ਹੈ. ਨਵਾਂ ਜ਼ਮਾਨਾ ਛੱਡਣ ਤੋਂ ਬਾਅਦ ਸਾਡੀਆਂ ਮੁਲਾਕਾਤਾਂ ਨੂੰ ਫਿਰ ਕਾਫੀ ਅਰਸਾ ਬੀਤ ਗਿਆ. ਸਾਡੀ ਅਗਲੀ ਮੁਲਾਕਾਰ ਹੋਈ ਅੰਮ੍ਰਿਤਸਰ ਵਿੱਚ ਜਦੋਂ ਏਟਕ ਦੀ ਵਿਸ਼ਾਲ ਕਾਨਫਰੰਸ ਸੀ. ਡੈਲੀਗੇਟਾਂ ਨੇ ਦੂਰੋਂ ਦੂਰੋਂ ਆਓਣਾ ਸੀ ਤੇ ਉਹਨਾਂ ਦੇ ਸਵਾਗਤ ਲਈ ਪੁੱਜੇ ਕਾਮਰੇਡਾਂ ਦੇ ਨਾਲ ਮੈਂ ਵੀ ਮੌਜੂਦ ਸੀ. ਰੇਲਵੇ ਸਟੇਸ਼ਨ ਤੇ ਪੁੱਜੇ ਤਾਂ ਪਤਾ ਲੱਗਿਆ ਕਿ ਚੰਡੀਗੜ੍ਹ ਤੋਂ ਮਦਨ ਜੀ ਵੀ ਆ ਰਹੇ ਹਨ ਪਰ ਸਡ਼ਕ ਦੇ ਰਸਤਿਓਂ ਤੇ ਉਹ ਵੀ ਸ੍ਕੂਟਰ ਤੇ. ਸਾਨੂੰ ਚਿੰਤਾ ਵੀ ਹੋਈ ਅਤੇ ਹੈਰਾਨੀ ਵੀ ਪਰ ਕੁਝ ਕੁ ਮਿੰਟਾਂ 'ਚ ਹੀ ਆਪਣੀ ਜਾਣੀ ਪਛਾਣੀ ਮੁਸਕਰਾਹਟ ਦੇ ਨਾਲ ਮਦਨ ਅੰਕਲ ਵੀ ਓਥੇ ਸਨ...ਸਟੇਸ਼ਨ ਤੇ ਸਾਡੇ ਸਾਰਿਆਂ ਵਿਚਕਾਰ. ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਦਾ ਏਨਾ ਲੰਮਾ ਸਫ਼ਰ ਸ੍ਕੂਟਰ ਤੇ ਤੈਅ ਕਰਨ ਦੀ ਗੱਲ ਸੁਣ ਕੇ ਓਥੇ ਮੌਜੂਦ ਨੌਜਵਾਨ ਵੀ ਦੰਗ ਰਹਿ ਗਏ.ਪਰ ਮਦਨ ਅੰਕਲ ਉੱਸੇ ਤਰਾਂ ਮੁਸਕਰਾਉਂਦੇ ਰਹੇ....ਮੁਸਕਰਾਉਂਦੇ ਰਹੇ...ਤੇ ਇਹ ਓਹ ਮੁਸਕਰਾਹਟ ਸੀ ਜਿਸ ਨੇ ਬੜੀਆਂ ਚੁਨੌਤੀਆਂ ਦਾ ਸਾਹਮਣਾ ਕੀਤਾ ਸੀ ਪਰ ਸਿਦਕ ਨੂੰ ਡੋਲਨ ਨਹੀਂ ਸੀ ਦਿੱਤਾ..ਟਰਾਂਸਪੋਰਟ ਵਰਕਰਾਂ ਨੇ ਹੜਤਾਲ ਕੀਤੀ ਤਾਂ ਉਹਨਾਂ ਤੇ ਅੰਨਾ ਤਸ਼ੱਦਦ ਕੀਤਾ ਗਿਆ ਅਤੇ ਆਖਿਰਕਾਰ ਹੜਤਾਲ ਅਸਫਲ ਹੋ ਗਈ. ਹਾਰ ਹੋ ਚੁੱਕੀ ਸੀ ਬਹੁਤ ਸਾਰੇ ਕਹਿੰਦੇ ਕਹਾਉਂਦੇ ਹਿੰਮਤੀ ਵਰਕਰਾਂ ਦੇ ਨਾਲ ਨਾਲ ਕੁਝ ਲੀਡਰ ਵੀ ਅੰਦਰੋਂ ਅੰਦਰੀਂ ਨਿਰਾਸ ਹੋਏ ਪਏ ਸਨ...ਉਦੋਂ ਮਦਨ ਅੰਕਲ ਨੇ ਇੱਕ ਕਵਿਤਾ ਲਿਖੀ...
ਜਦੋਂ ਹਾਰ ਜਿੰਦੜੀ ਦੇ ਪੈ ਜਾਏ ਪਿੱਛੇ,
ਜਦੋਂ ਨਾ-ਉਮੀਦੀ ਪਿਛਾਹਾਂ ਨੂੰ ਖਿੱਚੇ,
ਜਦੋਂ ਰਾਤ ਕਾਲੀ ਚ ਤਾਰਾ ਨਾ ਦਿੱਸੇ,
ਦਿਲਾਂ ਵਾਲਿਆਂ ਨੇ ਜ਼ਫਰਨਾਮੇ ਲਿੱਖੇ ...!
ਮਤਭੇਦਾਂ ਦੇ ਬਾਵਜੂਦ ਖੱਬੇ ਪੱਖੀ ਲਹਿਰ ਨੂੰ ਆਖਰੀ ਸਾਹਾਂ ਤਕ ਸਮਰਪਿਤ ਰਹਿਣ ਵਾਲੇ ਮਦਨ ਲਾਲ ਦੀਦੀ ਹੁਣ ਜਿਸਮਾਨੀ ਤੌਰ ਤੇ ਸਾਡੇ ਵਿਚਕਾਰ ਨਹੀਂ ਹਨ ਪਰ ਉਹਨਾਂ ਦੀਆਂ ਕਵਿਤਾਵਾਂ ਹੁਣ ਵੀ ਇਹੀ ਅਹਿਸਾਸ ਕਰਾਓਂਦਿਆਂ ਨੇ ਕਿ ਉਹ ਇਥੇ ਹੀ ਹਨ ਸਾਡੇ ਨੇੜੇ ਤੇੜੇ..ਸਾਡੇ ਕੋਲ ਕੋਲ...! ---ਰੈਕਟਰ ਕਥੂਰੀਆ
1 comment:
ਕਲਮ ਦੇ ਸੂਰਮੇ ਤੇ ਸਾਰੀ ਜ਼ਿੰਦਗ਼ੀ ਲੋਕਾਂ ਲਈ ਜੂਝਣ ਵਾਲੇ ਕਦੇ ਨਹੀਂ ਮਰਦੇ।
Post a Comment