Wednesday, March 17, 2010

ਨਾਨਕੇ

ਨਾਨੀ, ਨਾਨੇ ਅਤੇ ਦੋ ਮਾਮਿਆਂ ਦੇ ਸਦੀਵੀ ਵਿਛੋੜੇ ਮਗਰੋਂ  ਨਾਨਕੇ ਪਿਆਰ ਦੀਆਂ ਸਾਰੀਆਂ ਹਕੀਕਤਾਂ ਇਕ ਯਾਦ ਬਣ ਕੇ ਰਹਿ ਗਈਆਂ ਹੋਲੀ ਹੋਲੀ ਜਿੰਦਗੀ ਦੇ ਝਮੇਲਿਆਂ ਵਿਚ ਬਹੁਤ ਸਾਰੇ ਹੋਰ ਦੁਖਾਂ ਵਾਂਗ ਇਹ ਦੁੱਖ ਵੀ ਆਈਆਂ ਗਈਆਂ ਗੱਲਾਂ ਵਾਂਗ ਹੋ ਗਿਆ. ਚੱਕਰ ਤਾਂ ਨਾਨਕੇ ਸ਼ਹਿਰ ਹੁਣ ਵੀ ਲਗਦਾ ਹੈ. ਓਥੇ ਆਓ ਭਗਤ ਵੀ ਹੁੰਦੀ ਹੈ, ਦੁੱਖ ਸੁੱਖ ਵੀ ਸਾਂਝਾ ਹੁੰਦਾ ਹੈ ਪਰ ਫਿਰ ਵੀ ਓਹ ਸ਼ਹਿਰ ਹੁਣ ਆਪਣਾ ਆਪਣਾ ਨਹੀਂ ਲਗਦਾ. ਨਾਨਕਿਆਂ ਬਿਨਾ ਹੁਣ ਓਥੇ ਓਹ ਗੱਲਾਂ ਹੀ ਨਹੀਂ ਰਹੀਆਂ.ਛੁਟੀਆਂ ਕੱਟਣ  ਦੇ ਟਿਕਾਣੇ ਅਤੇ ਬਹਾਨੇ ਸ਼ਾਇਦ ਪਹਿਲਾਂ ਨਾਲੋਂ ਜਿਆਦਾ ਵਧ ਗਏ ਹਨ ਪਰ ਨਾਨਕਿਆਂ ਵਾਲੀ ਓਹ ਗੱਲ ਕਿਤੇ ਨਹੀਂ. ਮੈਨੂੰ  ਯਾਦ ਹੈ ਜਦੋਂ ਵੀ ਨਾਨਕੇ ਸ਼ਹਿਰ ਜਾਣਾ ਹੁੰਦਾ ਤਾਂ ਮੋਗੇ ਤੋਂ ਲੰਘਣਾ ਜ਼ਰੂਰੀ ਹੁੰਦਾ. ਸੰਘਰਸ਼ਾਂ ਦੀ ਭੂਮੀ ਮੋਗੇ ਦੀ ਹੀ ਇੱਕ ਕਲਮਕਾਰਾ ਹੈ ਜੱਸੀ ਸੰਘਾ. ਬਹੁਤ ਹੀ ਛੋਟੀ ਜਹੀ ਉਮਰ ਵਿੱਚ ਆਪਣੀ ਮਿਹਨਤ ਅਤੇ ਲਗਨ ਨਾਲ ਨਾਮ ਕਮਾ ਚੁੱਕੀ ਜੱਸੀ ਨਿੱਕੀ ਉਮਰੇ ਹੀ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ. ਹੁਣ ਜੱਸੀ ਨੇ ਇੱਕ ਅਜਿਹੀ ਲਿਖਤ ਲਿਖੀ ਹੈ ਜਿਸ ਨੇ ਮੈਨੂੰ ਇੱਕ ਵਾਰ ਫਿਰ ਯਾਦਾਂ ਦੇ ਸਮੁੰਦਰ ਵਿੱਚ ਸੁੱਟ ਦਿੱਤਾ. A Tribute to my Nani Maa  ਦੇ ਅੰਗ੍ਰੇਜ਼ੀ ਸਿਰਲੇਖ ਵਾਲੀ ਇਸ ਪੰਜਾਬੀ ਲਿਖਤ ਨੂੰ ਜਿਊਂ ਦਾ ਤਿਊਂ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ   ਨਿਜੀ ਜਹੀ ਜਾਪਣ ਵਾਲੀ ਇਹ ਲਿਖਤ ਅਸਲ ਵਿਚ ਇੱਕ ਬਹੁਤ ਹੀ ਜ਼ਰੂਰੀ ਅਤੇ ਸਿਹਤਮੰਦ  ਸੁਨੇਹਾ ਹੈ  ਉਹਨਾਂ ਲੋਕਾਂ ਲਈ ਜਿਹਨਾਂ ਦੇ ਨਾਨਕੇ ਅਜੇ ਵੀ ਮੌਜੂਦ ਨੇ ਪਰ ਓਹ ਫੇਰ ਵੀ ਕਿਸੇ ਨਾ ਕਿਸੇ ਕਾਰਣ ਨਾਨਕੇ ਨਹੀਂ ਜਾਂਦੇ. ਸ਼ਾਇਦ ਇਹ ਲਿਖਤ ਦੂਰ ਦੂਰ ਹੋ ਕੇ ਤਿੜਕਦੇ ਜਾ ਰਹੇ ਆਪਸੀ ਸੰਬੰਧਾਂ ਨੂੰ ਇੱਕ ਵਾਰ ਫਿਰ ਪਿਆਰ ਮੋਹੱਬਤ ਵਾਲਾ ਸਬਕ ਪੜ੍ਹਾ ਸਕੇ..!                                   --ਰੈਕਟਰ ਕਥੂਰੀਆ 
ਨਾਨੀ ਸ਼ਬਦ ਨਾਨਕਿਆਂ ਤੋਂ ਸ਼ੁਰੂ ਕਰਦੇ ਹਾਂ.. 'ਨਾਨਕੇ' ਇੱਕ ਐਸਾ ਸ਼ਬਦ ਹੈ ਜਿਸਦੇ ਜ਼ਿਹਨ ਵਿੱਚ ਆਉਂਦਿਆਂ ਹੀ ਖੁੱਲਾ-ਡੁੱਲਾ ਖਾਣਾ ਪੀਣਾ, ਖੜਮਸਤੀਆਂ ਤੇ ਰੱਜਵੇਂ ਪਿਆਰ ਦਾ ਖਿਆਲ ਆਉਂਦਾ ਹੈ। ਜਿਵੇਂ ਬਚਪਨ ਵਿੱਚ ਕਹਿੰਦੇ ਹੁੰਦੇ ਸੀ-
ਨਾਨਕੇ ਘਰ ਜਾਵਾਂਗੇ,
ਲੱਡੂ ਪੇੜੇ ਖਾਵਾਂਗੇ,
ਮੋਟੇ ਹੋ ਕੇ ਆਵਾਂਗੇ।
ਤੇ ਲੱਗਦਾ ਹੈ ਇੰਨਾਂ ਪੰਕਤੀਆਂ 'ਚ ਨਾਨਕਿਆਂ ਦਾ ਪੂਰਾ ਲਾਡ ਪਿਆਰ ਸਮਾਇਆ ਹੋਵੇ।
ਤੇ ਨਾਨਕਿਆਂ ਬਾਰੇ ਸੋਚ ਕੇ ਜੋ ਮੇਰੇ ਮਨ ਵਿੱਚ ਤਸਵੀਰ ਉੱਭਰਦੀ ਹੈ ਉਹ ਨਾਨੀ ਦੇ ਚਿਹਰੇ ਤੇ ਆਪਣੇ ਦੋਹਤੇ ਦੋਹਤੀਆਂ ਵਿੱਚ ਆਪਣੀ ਧੀ ਦਾ ਅਕਸ ਦੇਖ ਖੁਸ਼ੀ ਤੇ ਸਕੂਨ, ਨਾਨੇ ਦੀਆਂ ਮਿੱਠੀਆਂ-ਪਿਆਰੀਆਂ ਝਿੜਕਾਂ, ਹਾਸਾ ਠੱਠਾ........ਤੇ ਮਾਮਿਆਂ ਨੂੰ ਰੱਜ ਕੇ ਤੰਗ ਕਰਨਾ, ਸਿਰ 'ਚ ਗਲੀਆਂ ਕਰਨ ਵਾਲੀ ਗੱਲ ਕਹਿ ਲਉ ਜਾਂ ਕਹਿ ਲਉ ਸਿਰ ਤੇ ਨੱਚਣਾ.....ਤੇ ਮਾਸੀਆਂ ਮਾਮੀਆਂ ਨਾਲ ਪਿਆਰ ਸ਼ਰਾਰਤ ਤੇ ਨੋਕ ਝੋਕ........।
ਕਿੰਨਾਂ ਪਿਆਰਾ ਜਿਹਾ ਮਾਹੌਲ ਲੱਗਦਾ ਆ ਜਿਵੇਂ ਪੂਰਾ ਸੰਸਾਰ ਆ ਸਮਾ ਗਿਆ ਹੋਵੇ ਸਿਰਫ਼ ਨਾਨਕੇ ਸ਼ਬਦ ਵਿੱਚ.......।
ਪਰ ਮੈਂ ਕਦੇ ਇਸ ਸ਼ਬਦ ਜਾਂ ਨਾਨੀ ਦੇ ਪਿਆਰ ਨੂੰ ਕਦੇ ਮਹਿਸੂਸ ਨਹੀਂ ਕਰ ਪਾਈ। ਮੇਰੇ ਲਈ ਇਹ ਸ਼ਬਦ ਬਹੁਤ ਅਨਜਾਣ ਰਿਹਾ ਹੈ... ਮੈਂ ਨਿੱਕੀ ਜਿਹੀ ਹੁੰਦੀ ਸੀ ਤਾਂ ਯਾਦ ਹੈ ਕਿ ਮੇਰੀ ਮਾਂ ਮੇਰੇ ਨਾਨਕੇ ਸੀ ਕਾਫੀ ਦਿਨਾਂ ਤੋਂ ਤੇ ਇੱਕ ਦਿਨ ਮੇਰਾ ਮਾਮਾ ਮੈਨੂੰ ਲੈਣ ਆਇਆ ਕਿ ਨਾਨੀ ਇਹਦਾ ਮੂੰਹ ਦੇਖਣ ਲਈ ਕਹਿੰਦੀ ਆ......ਮੈਨੂੰ ਬੜਾ ਚਾਅ ਕਿ ਅੱਜ ਮੰਮੀ ਨੂੰ ਮਿਲਾਂਗੇ.. ਤੇ ਜਾ ਕੇ ਦੇਖਿਆ ਕਿ ਉਥੇ ਕਾਫੀ ਜਣੇ ਮੰਜਾ ਘੇਰੀ ਖੜੇ ਸੀ ਤੇ ਨਾਨੀ ਮੰਜੇ ਤੇ ਮਰਨ ਕਿਨਾਰੇ ਪਈ ਸੀ.. ਹਾਲੇ ਵੀ ਯਾਦ ਆ ਕੋਈ ਹਰੇ ਜਿਹੇ ਰੰਗ ਦਾ ਲੇਪ ਜਿਹਾ ਲਾਇਆ ਹੋਇਆ ਸੀ ਗਲੇ ਤੇ.. (ਗਲੇ ਦਾ ਕੈਂਸਰ ਸੀ ਉਨਾਂ ਨੂੰ).. ਮਾਂ ਰੋ ਰਹੀ ਸੀ .. ਮੈਨੂੰ ਕੋਲ ਦੇਖ ਕੇ ਨਾਨੀ ਨੇ ਮੇਰਾ ਮੂੰਹ ਪਲੋਸਿਆ ਤੇ ਕੁਝ ਕਹਿਣ ਦੀ ਨਾਕਾਮ ਕੋਸ਼ਿਸ਼ ਕੀਤੀ ਤੇ ਫੇਰ ਜਿਵੇਂ ਅੱਖਾਂ ਭਰ ਆਈਆਂ.. ਮੈਂ ਛੋਟੀ ਸੀ ਸੋ ਮੈਂ ਦੌੜ ਆਈ ਤੇ ਜ਼ਿਦ ਕੀਤੀ ਕਿ ਮੈਂ ਤਾਂ ਪਾਪਾ ਕੋਲ ਜਾਣਾ ਆ.. ਤੇ ਮਾਮਾ ਮੈਨੂੰ ਛੱਡ ਗਿਆ..ਦੋ-ਚਹੁੰ ਦਿਨਾਂ ਬਾਅਦ ਮੇਰੀ ਨਾਨੀ ਦੀ ਮੌਤ ਹੋ ਗਈ। ਨਾਨਾ ਜੀ ਪਹਿਲਾਂ ਹੀ ਨਹੀਂ ਸੀ ..ਹੌਲੀ ਹੌਲੀ ਘਰ ਉੱਜੜਦਾ ਗਿਆ...(ਘਰ ਦੀ ਕਹਾਣੀ ਕਦੇ ਫੇਰ ਸੁਣਾਉਂਗੀ.....)... ਮੰਮੀ ਨੇ ਬੜਾ ਰੋਣਾ ਤੇ ਸਾਨੂੰ ਬੜਾ ਅਜੀਬ ਲੱਗਣਾ ਕਿ ਫੇਰ ਕੀ ਹੋਇਆ ਮੰਮੀ ਕਾਹਤੋਂ ਰੋਂਦੀ ਆ.. ਅਸੀਂ ਕਦੇ ਕਦੇ ਨਾਲ ਈ ਰੋਣ ਲੱਗ ਜਾਣਾ... ।
ਪਰ ਜਦੋਂ ਥੋੜੀ ਸੁਰਤ ਸੰਭਲੀ ਤਾਂ ਸਕੂਲ 'ਚ ਸਾਰਿਆਂ ਨੇ ਜਦੋਂ ਗਰਮੀ ਦੀਆਂ ਛੁੱਟੀਆਂ 'ਚ ਨਾਨਕੇ ਜਾਣ ਬਾਰੇ ਗੱਲ ਕਰਨੀ ਤਾਂ ਅਸੀਂ ਮੈਂ ਇੱਕ ਪਾਸੇ ਜਿਹੇ ਹੋ ਕੇ ਬਹਿ ਜਾਣਾ... ਤੇ ਅਸੀਂ ਕਾਫੀ ਚਿਰ ਪਹਿਲਾਂ ਹੀ ਉਦਾਸ ਹੋ ਜਾਣਾ ਤੇ ਮਾਂ ਨੇ ਵੀ ਹਮੇਸ਼ਾ ਰੋਣਾ ਛੁੱਟੀਆਂ 'ਚ... ਮੇਰੀਆਂ ਭੂਆ ਕੋਲ ਚਲੇ ਜਾਂਦੇ ਸੀ ਤੇ ਅੱਧੀਆਂ ਛੁੱਟੀਆਂ ਭੂਆਂ ਦੇ ਨਿਆਣਿਆਂ ਨੇ ਸਾਡੇ ਪਿੰਡ ਆ ਜਾਣਾ... ਪਰ ਪੂਰਾ ਬਚਪਨ ਉਹੀ ਤਰਸਯੋਗ ਜਿਹੇ ਨਿਆਣੇ ਰਹੇ........ ਕਿਤੇ ਵੀ ਜਾਣਾ ਛੁੱਟੀਆਂ 'ਚ, ਸਭ ਤੋਂ ਸੁਣਨਾ " ਵਿਚਾਰਿਆਂ ਦੇ ਨਾਨਕੇ ਹੈਨੀਂ, ਤਾਂ ਕਰਕੇ ਇੱਥੇ ਆ ਗਏ........"
ਪਰ ਇਹ ਕਹਿਣਾ ਝੂਠ ਬੋਲਣ ਵਾਲੀ ਗੱਲ ਹੋਵੇਗੀ ਕਿ ਅਸੀਂ ਕਿਸੇ ਕਿਸਮ ਦੇ ਪਿਆਰ ਤੋਂ ਵਾਂਝੇ ਰਹੇ.. ਦਾਦੀ ਦਾਦਾ, ਭੂਆ ਜੀ,ਮੇਰੀ ਮੰਮੀ ਦੇ ਨਾਨਕੇ, ਪਾਪਾ ਦੇ ਨਾਨਕੇ, ਮੰਮੀ ਦੇ ਭੂਆ ਹੋਰੀਂ ਸਭ ਨੇ ਮਾਂ ਤੇ ਸਾਨੂੰ ਰੱਜਵਾਂ ਪਿਆਰ ਦਿੱਤਾ...ਮੰਮੀ ਨੂੰ ਮੇਰੇ ਦਾਦਾ ਦਾਦੀ ਜੀ ਮੇਰੀਆਂ ਭੂਆ ਤੋਂ ਵੀ ਜ਼ਿਆਦਾ ਪਿਆਰ ਕਰਦੇ ਆ...।
ਹੁਣ ਕੋਈ ਨਾਨੀ ਨੂੰ ਇਨਾਂ ਯਾਦ ਨਹੀਂ ਕਰਦਾ,, ਪਰ ਪਤਾ ਨਹੀਂ ਮੇਰੇ ਦਿਲ 'ਚ ਇੱਕ ਚੀਸ ਜਿਹੀ ਕਦੇ ਕਦੇ ਬਹੁਤ ਉੱਠਦੀ ਆ ਕਿ ...."ਜੇ ਮੇਰੀ ਨਾਨੀ ਹੁੰਦੀ......." ਮੈਂ ਕਦੇ ਕਦੇ ਕੋਈ ਜ਼ਿਦ ਕਰਦੀ ਹਾਂ ਬਹੁਤ.. ਪਾਗਲਾਂ ਜਾਂ ਬੱਚਿਆਂ ਵਾਂਗ(ਹੁਣ ਤੱਕ ਦੋ - ਤਿੰਨ ਵਾਰ ਹੋ ਚੁੱਕਾ ) ਤੇ ਮੇਰੀ ਜ਼ਿੱਦ ਦਾ ਪਿਛਲਾ ਕਿੱਸਾ ਵੀ ਨਾਨੀ ਨਾਲ ਹੀ ਸੰਬੰਧਿਤ ਹੈ, ਤਿੰਨ ਕੁ ਸਾਲ ਦੀ ਗੱਲ ਐ ਕਿ ਮੈਂ ਹੋਸਟਲ 'ਚ ਸੀ, ਕੁਝ ਬੀਮਾਰ ਵੀ ਸੀ ਤੇ ਉਹ ਜ਼ਿਦ ਵਾਲਾ ਦੌਰਾ ਵੀ ਪੈ ਗਿਆ ਤੇ ਮੈਂ ਰੋਣਾ ਸ਼ੁਰੂ ਕਰ ਦਿੰਤਾ ਜ਼ੋਰ ਨਾਲ ਕਿ ਮੈਂ ਨਾਨੀ ਕੋਲ ਜਾਣਾ ਆ,, ਤੇ ਕਾਫੀ ਕੁੜੀਆਂ ਇਕੱਠੀਆਂ ਹੋ ਗਈਆਂ .. ਤੇ ਸਾਰੇ ਕਹਿੰਦੇ ਕਿ ਛੁੱਟੀ ਲੈ ਕੇ ਘਰ ਜਾ ਕੇ ਮਿਲਿਆ ਜੇ ਯਾਦ ਆਈ ਆ .. ਤੇ ਮੇਰੀ ਰੂਮ ਮੇਟ ਕਹਿੰਦੀ ਏਹਦੀ ਨਾਨੀ ਤਾਂ ਬਚਪਨ 'ਚ ਹੀ ਮਰ ਗਈ ਸੀ ਤੇ ਸਾਰੇ ਹੱਸਣ ਲੱਗ ਪਏ...।
ਚਾਹੇ ਕਈ ਵਾਰ ਲੱਗਿਆ ਕਿ ਨਾਨੀ ਵਾਲਾ ਪਿਆਰ ਮਿਲ ਗਿਆ ਪਰ ਭੁਲੇਖਾ ਸੀ..ਮੇਰੀ ਛੋਟੀ ਮਾਂ(ਚਾਚੀ ਜੀ) ਦੀ ਮਾਂ ਨੇ ਕਾਫੀ ਪਿਆਰ ਦਿੱਤਾ ਤੇ ਉੰਨਾਂ ਦੀ ਵੀ ਮੌਤ ਹੋ ਗਈ ..ਥੋੜੇ ਹੀ ਚਿਰ ਬਾਅਦ... ਇੱਕ ਹੋਰ ਅਖਾਉਤੀ ਨਾਨੀ ਨੇ ਬੜਾ ਪਿਆਰ ਦਿਖਾਉਣਾ ਤੇ ਅਸੀਂ ਵੀ ਆਉਣ ਜਾਣ ਲੱਗ ਪਏ(ਮੈਂ ਤੇ ਵੀਰ) ..ਪਰ ਇੱਕ ਵਾਰ ਮੈਂ ਸੁੱਤੀ ਪਈ ਨੇ ਸੁਣਿਆ ਉਹ "ਨਾਨੀ..!!" ਕਿਸੇ ਨੂੰ ਕਹਿ ਰਹੀ ਸੀ ਕਿ ਇਹ ਹਰ ਵਾਰ ਹੀ ਕਿਉਂ ਆ ਜਾਂਦੇ ਆ...ਕਈ ਦੋਸਤਾਂ ਦੀਆਂ ਨਾਨੀਆਂ ਤੋਂ ਪਿਆਰ ਮਿਲਿਆ ਪਰ ਉਹ ਆਪਣਾਪਣ ਕਿਤੋਂ ਨਹੀਂ ਮਿਲਿਆ... ਤੇ ਫਿਰ ਹੌਲੀ ਹੌਲੀ ਇਹ ਸਵੀਕਾਰ ਕਰ ਲਿਆ ਕਿ ਨਾਨੀ ਨਹੀਂ ਮਿਲੇਗੀ ਕਿਤੇ ਵੀ....।
ਮੈਨੂੰ ਹਮੇਸ਼ਾ ਲੱਗਿਆ ਹੈ ਕਿ ਸਾਡੇ ਹੋਰ ਬਹੁਤ ਪਿਆਰੇ ਰਿਸ਼ਤੇ ਨੇ ਮਾਂ-ਪਿਉ, ਦਾਦਾ ਦਾਦੀ, ਭੂਆ, ਮਾਸੀਆਂ ਤੇ ਹੋਰ ਕਈ .. ਉਦਾਂ ਹੀ ਨਾਨੀ ਨਾਲ ਵੀ ਸ਼ਾਇਦ ਬਹੁਤ ਗੂੜਾ ਰਿਸ਼ਤਾ ਹੁੰਦਾ ਹੋਵੇਗਾ.... ਕਿਸਮਤ ਵਾਲੇ ਨੇ ਜਿੰਨਾਂ ਨੂੰ ਸਾਰੇ ਰਿਸ਼ਤੇ ਨਸੀਬ ਹੁੰਦੇ ਨੇ......... ਤੇ ਇਹੀ ਦੁਆ ਕਰਦੀ ਹਾਂ ਕਿ ਅਜਿਹਾ ਪਿਆਰਾ ਦਿਲ ਦਾ ਕਰੀਬੀ ਰਿਸ਼ਤਾ ਕਦੇ ਨਾ ਛੁੱਟੇ ਕਿਸੇ ਤੋਂ.................!!!
ਆਮੀਨ........
ਜੱਸੀ ਸੰਘਾ.

No comments: