Friday, March 05, 2010

ਸੁਰਾਂ ਦਾ ਜਾਦੂਗਰ ਹਰਵਿੰਦਰ ਸਿੰਘ

ਵਿਦੇਸ਼ਾਂ ਵਿਚ ਲਗਾਤਾਰ ਜਗਾ ਰਿਹਾ ਹੈ ਪੰਜਾਬੀ ਸਭਿਆਚਾਰ ਦੀ ਅਲਖ 

ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਓਹ ਸਮਾਂ ਅੱਜ ਦੇ ਯੁਗ ਵਾਂਗ ਪੂਰੀ ਤਰਾਂ ਵਪਾਰਕ ਨਹੀਂ ਸੀ ਹੋਇਆ. ਉਦੋਂ ਅਖਬਾਰਾਂ ਦੇ ਵਿਸ਼ੇਸ਼ ਸਪਲੀਮੈਂਟ ਕਦੇ ਕਦਾਈਂ ਹੀ ਨਿਕਲਿਆ ਕਰਦੇ ਸਨ ਪਰ ਜਦੋਂ ਕਦੇ ਨਿਕਲਦੇ ਸਨ ਤਾਂ ਲੋਕ ਉਸ ਨੂੰ ਸਾਂਭ ਸਾਂਭ ਰਖਦੇ ਸਨ. ਵਿਸ਼ੇਸ਼ ਸਪਲੀਮੈਂਟ ਦੀਆਂ ਤਿਆਰੀਆਂ ਕਿਸੇ ਵਿਆਹ ਵਾਂਗ ਹੁੰਦੀਆਂ ਸਨ. ਅਖਬਾਰੀ ਸਟਾਫ਼ ਦੇ ਨਾਲ ਨਾਲ ਇਲਾਕੇ ਦੇ ਆਮ ਲੋਕ ਵੀ ਇਸ ਨੂੰ ਸਫਲ ਬਣਾਉਣ ਲਈ ਆਪੋ ਆਪਣੀ ਵਿੱਤ ਅਨੁਸਾਰ ਆਪੋ ਆਪਣਾ  ਯੋਗਦਾਨ ਪਾਓਂਦੇ ਸਨ. ਇਲਾਕੇ ਦੀ ਜਾਣਕਾਰੀ ਇਕੱਠੀ ਕਰਨ ਲਈ ਡੂੰਘੀ ਖੋਜ ਕੀਤੀ ਜਾਂਦੀ ਸੀ ਤੇ ਫਿਰ ਉਸ ਨੂੰ ਖੂਬਸੂਰਤੀ ਨਾਲ ਛਾਪਣ ਲਈ ਪੂਰੀ ਮਿਹਨਤ ਕੀਤੀ ਜਾਂਦੀ ਸੀ. ਇਲਾਕੇ ਦਾ ਅਤੀਤ, ਵਰਤਮਾਨ ਅਤੇ ਭਵਿਖ...ਉਸ ਵਿਚ ਹਰ ਪਖ ਦੀ ਚਰਚਾ ਹੁੰਦੀ ਸੀ. ਮੈਂ ਉਹਨਾਂ ਦਿਨਾਂ ਵਿਚ ਰੋਜ਼ਾਨਾ ਨਵਾਂ ਜ਼ਮਾਨਾ ਵਿਚ ਕੰਮ ਕਰਦਾ ਸਾਂ. ਬਟਾਲਾ ਦਾ ਵਿਸ਼ੇਸ਼ ਅੰਕ ਕਢਣ ਦਾ ਫੈਸਲਾ ਹੋ ਚੁੱਕਿਆ ਸੀ. ਬਟਾਲੇ ਜਾਣ ਦੀ ਡਿਊਟੀ ਲੱਗੀ ਸੀ ਮੇਰੀ ਅਤੇ ਕਾਮਰੇਡ ਪ੍ਰਿਥੀਪਾਲ ਸਿੰਘ ਸੰਧੂ ਦੀ. ਬਟਾਲਾ ਦੇਖਣ ਦੇ ਚਾਅ ਕਾਰਣ ਮੈਂ ਕੁਝ ਬੁਖਾਰ ਦੇ ਬਾਵਜੂਦ ਵੀ  ਉਸ ਡਿਊਟੀ ਨੂੰ ਝੱਟ ਪੱਟ ਸਵੀਕਾਰ ਕਰ ਲਿਆ ਸੀ. ਮੇਰੀ ਓਹ ਬਟਾਲੇ ਦੀ ਪਹਿਲੀ ਫੇਰੀ ਸੀ.  ਓਹੀ ਬਟਾਲਾ, ਓਹੀ ਧਰਤੀ ਜਿਸ ਦੀ ਸ਼ਿਵ ਕੁਮਾਰ ਬਟਾਲਵੀ ਨਾਲ ਅਨਿੱਖੜਵੀਂ ਸਾਂਝ ਹੈ. ਬਟਾਲੇ ਦੇ ਖੁੱਲੇ ਡੁੱਲੇ ਇਲਾਕੇ ਅਤੇ ਕਿਰਤ ਦੀ ਖੁਸ਼ਬੂ ਨਾਲ ਮਹਿਕਦੇ ਹੋਏ ਪੌਣ-ਪਾਣੀ  ਨੇ ਮੈਨੂੰ ਪ੍ਰਭਾਵਿਤ ਤਾਂ ਕੀਤਾ ਪਰ ਫਿਰ ਵੀ ਮੈਂ ਹੈਰਾਨ ਸਾਂ ਕਿ ਲੋਹੇ ਦੇ ਇਸ ਸ਼ਹਿਰ  ਚੋਂ  ਸ਼ਿਵ ਕੁਮਾਰ ਬਟਾਲਵੀ ਵਰਗਾ ਕਵੀ ਕਿਵੇਂ ਪੈਦਾ ਹੋਇਆ. ਸ਼ਿਵ ਕੁਮਾਰ ਬਟਾਲਵੀ ਦੇ ਇਸ਼ਕ ਦੀ ਦਰਦ ਕਹਾਣੀ ਵੀ ਬੜੀ ਡੂੰਘੀ ਹੈ ਬਿਲਕੁਲ ਉਸ ਦੀ ਕਵਿਤਾ ਵਾਂਗ ਹੀ ਪਰ ਜਲਦੀ ਹੀ ਮੈਨੂੰ ਸਮਝ ਆ ਗਈ ਕਿ ਕਵੀ ਅਤੇ ਉਸ ਦੀ ਕਵਿਤਾ ਦੇ ਸੋਮੇ ਅਸਲ ਵਿੱਚ ਕਈ ਹੋਰ ਵੀ ਹੁੰਦੇ ਹਨ. ਬਟਾਲੇ ਦੀ ਫੇਰੀ ਦੌਰਾਨ ਆਮ ਤੌਰ ਤੇ ਸਾਡਾ  ਮੁੱਖ ਟਿਕਾਣਾ ਹੁੰਦਾ ਸੀ ਫ਼ੋਟੋਗ੍ਰਾਫ਼ਰ ਹਰਭਜਨ ਬਾਜਵਾ ਦਾ ਸਟੂਡਿਓ. ਤਸਵੀਰਾਂ ਦੇ ਜਾਦੂਗਰ  ਹਰਭਜਨ ਬਾਜਵਾ ਕੋਲ ਕੈਮਰੇ ਦੀ ਕੋਈ ਖਾਸ ਸਿਧੀ  ਹੈ. ਉਸਦੀਆਂ ਖਿੱਚੀਆਂ ਤਸਵੀਰ ਦੇਖ ਕੇ ਬੰਦਾ ਕਿਲਿਆ ਜਾਂਦਾ ਹੈ. ਉਸ ਦੀ ਸਾਦਗੀ ਵਾਲੀ ਰਹਿਣੀ ਬਹਿਣੀ ਅਤੇ ਪੀਰਾਂ ਫਕੀਰਾਂ ਵਾਲਾ ਸੁਭਾਅ ਦੇਖ ਕੇ ਯਕੀਨ ਹੋਣ ਲੱਗ ਪੈਂਦਾ ਹੈ ਕਿ ਇਸ ਧਰਤੀ ਤੇ ਵਾਕਿਆ ਈ ਸ਼ਿਵ ਕੁਮਾਰ ਬਟਾਲਵੀ ਵਾਲਾ ਕਰਿਸ਼ਮਾ ਵੀ ਜ਼ਰੂਰ ਹੋਇਆ ਹੋਵੇਗਾ. ਜਦੋਂ ਮੇਰੀ ਜਾਣ ਪਛਾਣ ਰੇਡੀਓ ਸਟੇਸ਼ਨ ਵਾਲੇ ਕਹਾਣੀਕਾਰ ਹਰਭਜਨ ਬਟਾਲਵੀ ਨਾਲ ਹੋਈ ਤਾਂ ਇਸ ਧਰਤੀ ਨਾਲ ਮੇਰਾ ਮੋਹ ਹੋਰ ਵੀ ਵਧ ਗਿਆ ਪਰ ਹਾਲ ਹੀ ਵਿਚ ਮੈਨੂੰ ਨਜ਼ਰ ਆਇਆ ਇੱਕ ਹੋਰ ਕਰਿਸ਼ਮਾ ਇੱਸੇ ਹੀ ਧਰਤੀ ਦਾ ...ਤੇ ਇਸ ਕ੍ਰਿਸ਼ਮੇ ਤੋਂ ਮੇਰਾ ਭਾਵ ਹੈ ਓਹ ਸ਼ਖਸੀਅਤ ਜਿਸ ਨੂੰ ਪੰਜਾਬ ਦਾ ਮਾਣ ਕਹਿ ਲਿਆ ਜਾਏ ਤਾਂ ਗੱਲ ਵਧੇਰੇ ਢੁਕਵੀਂ ਹੋਵੇਗੀ. ਸੰਗੀਤ ਦੇ ਜਾਦੂ ਨਾਲ ਬਟਾਲੇ ਦੇ ਨਾਲ ਨਾਲ ਪੰਜਾਬ ਅਤੇ ਦੇਸ਼ ਦੀ ਧਰਤੀ ਦਾ ਸੁਨੇਹਾ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਰਿਹਾ ਸੁਰਾਂ ਦਾ ਸਾਧਕ ਹਰਵਿੰਦਰ ਸਿੰਘ ਅਸਲ ਵਿਚ ਸੰਗੀਤ ਦਾ ਤਪੱਸਵੀ ਹੈ. ਹਾਲਾਂਕਿ ਸੰਗੀਤ ਅਤੇ ਸੰਗੀਤ ਦੀ ਸਾਧਨਾ ਹਰਵਿੰਦਰ ਸਿੰਘ ਨੂੰ ਵਿਰਾਸਤ ਵਿੱਚ ਮਿਲੀਆਂ ਕਿਓਂਕਿ ਪਿਤਾ ਅਰਜਨ ਸਿੰਘ ਖੁਦ ਵੀ ਸੰਗੀਤ ਦੀ ਸਾਧਨਾ ਕਰਨ ਵਾਲੇ ਸਨ ਅਤੇ ਨਾਲ ਹੀ ਆਲ ਇੰਡੀਆ ਰੇਡੀਓ ਵਿਚ ਰੈਗੂਲਰ ਬ੍ਰਾਡਕਾਸਟਰ  ਵੀ. ਪੂਰਬ ਅਤੇ ਪੱਛਮ ਦੀਆਂ ਸੰਗੀਤ ਸੁਰਾਂ ਚੋਂ ਆਤਮਿਕ ਆਨੰਦ ਵਾਲਾ ਤੱਤ ਕਢ ਕੇ ਦੁਨੀਆ ਨੂੰ ਇਕਰੂਪਤਾ ਵਾਲੇ ਧਾਗੇ ਚ ਪ੍ਰੋਣ ਦੇ ਜਤਨਾਂ ਚ ਲੱਗੇ ਹਰਵਿੰਦਰ ਸਿੰਘ ਲਈ ਇਕ ਅਜਿਹਾ ਇਮਤਿਹਾਨ ਦਾ ਵੇਲਾ        ਮੌਕਾ ਵੀ ਆਇਆ ਜਦੋਂ ਇਕ ਖਾਸ ਸਮਾਗਮ ਵੇਲੇ ਇੱਕ ਪਾਸੇ ਪੱਛਮੀ ਸੰਗੀਤ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਅਤੇ ਦੂਜੇ ਪਾਸੇ ਹਰਵਿੰਦਰ ਸਿੰਘ....ਪਰ ਸਰਸਵਤੀ ਦਾ ਆਸ਼ੀਰਵਾਦ ਹਰਵਿੰਦਰ  ਸਿੰਘ ਦੇ ਨਾਲ ਸੀ. ਜਦੋਂ ਜਿੱਤਾਂ ਅਤੇ ਸਫਲਤਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਬਸ ਫਿਰ ਚੱਲ ਸੋ ਚੱਲ...1974 ਤੋਂ ਬਾਅਦ ਹਰਵਿੰਦਰ ਸਿੰਘ ਦੇ ਪ੍ਰੋਗਰਾਮ ਦੁਨੀਆ ਭਰ ਵਿਚ ਜਾਰੀ ਹਨ ਕਦੇ ਕਿਤੇ ਤੇ ਕਦੇ ਕਿਤੇ.ਸਨ 1998 ਵਿਚ ਇਹ ਮੌਕਾ ਸ਼ਾਇਦ ਪਹਿਲੀ ਵਾਰ ਆਇਆ ਕਿ ਸਵੀਡਿਸ਼ ਆਰਟ ਕਮੇਟੀ ਨੇ ਕਿਸੇ ਗੈਰ ਯੋਰਪੀ ਸ਼ਖਸੀਅਤ ਨੂੰ ਆਪਣੇ ਵਿਸ਼ੇਸ਼ ਸਨਮਾਨ ਲਈ ਚੁਣਿਆ.  ਇਸ ਤੋਂ ਪਹਿਲਾ ਸਵੀਡਿਸ਼ ਨੈਸ਼ਨਲ ਮੀਡਿਆ ਨੇ ਵਿਸ਼ਵ ਸਭਿਆਚਾਰ  ਬਾਰੇ ਇੱਕ ਵਿਸ਼ੇਸ਼ ਡੀ ਵੀ ਡੀ ਰਲੀਜ਼ ਕੀਤੀ. ਇਸ ਡੀ ਵੀ ਡੀ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਮਿਲਿਆ ਬਟਾਲਾ ਦੇ ਜੰਮ ਪਲ ਸੰਗੀਤਕਾਰ ਹਰਵਿੰਦਰ ਸਿੰਘ ਨੂੰ.  
ਸੰਨ 2003 ਵਿਚ ਇਕ ਕਿਤਾਬ ਪ੍ਰਕਾਸ਼ਿਤ ਹੋਈ  The Rise Of Sikhs Abroad  ਜਿਸ ਨੂੰ ਲਿਖਿਆ ਸੀ ਟਾਈਮਜ਼ ਆਫ ਇੰਡੀਆ ਦਿੱਲੀ ਦੇ ਸਾਬਕਾ ਡਿਪਟੀ ਐਡੀਟਰ ਗੁਰਮੁਖ ਸਿੰਘ ਨੇ ਅਤੇ ਪ੍ਰਕਾਸ਼ਿਤ ਕੀਤਾ ਸੀ ਮੰਨੇ ਪ੍ਰਮੰਨੇ ਪਬਲਿਸ਼ਰ ਰੂਪਾ ਨੇ. ਇਸ ਪੁਸਤਕ ਵਿਚ ਵੀ ਹਰਵਿੰਦਰ ਸਿੰਘ ਦਾ ਨਾਮ ਸ਼ਾਮਿਲ ਹੈ. ਭਾਰਤੀ ਕਲਾਸੀਕਲ ਸੰਗੀਤ ਦੇ ਨਾਲ ਨਾਲ  ਹਰਵਿੰਦਰ ਸਿੰਘ ਹਲਕੇ ਫੁਲਕੇ ਸੰਗੀਤ ਦੀਆਂ ਸੁਰਾਂ ਚ ਵੀ ਆਪਣਾ ਜਾਦੂ ਜਗਾਇਆ. ਲਓ ਸੁਣੋ ਪੰਜਾਬੀ  ਦੇ ਇੱਕ ਬਹੁਤ ਹੀ ਪ੍ਰਸਿਧ ਲੋਕ ਗੀਤ  ਦੀ ਧੁਨ ਹਰਵਿੰਦਰ ਸਿੰਘ ਦੇ ਸਿਤਾਰ ਵਾਦਨ ਰਾਹੀਂ ਅਤੇ ਅਖੀਰ ਵਿਚ ਪੇਸ਼ ਹੈ ਭੈਰਵ ਦੀ ਧੁਨ. ਇਸ ਦੀ ਵੀਡੀਓ ਦੇਖ ਕੇ ਤੁਹਾਨੂੰ ਹਰਵਿੰਦਰ ਸਿੰਘ ਦੇ ਮੌਜੂਦਗੀ ਇਸ ਤਰਾਂ ਮਹਸੂਸ ਹੋਵੇਗੀ ਜਿਵੇਂ ਸਿਤਾਰਿਆਂ ਨਾਲ ਭਰੇ ਚੰਦ੍ਰਮਾ ਦੀ ਹੁੰਦੀ ਹੈ.  ਇਸ ਸ਼ਖਸੀਅਤ ਬਾਰੇ ਬਹੁਤ ਕੁਝ ਲਿਖਣ ਵਾਲਾ ਹੈ ਪਰ ਫਿਲਹਾਲ ਏਨਾ ਕੁ ਹੀ...                                                      --ਰੈਕਟਰ ਕਥੂਰੀਆ  

No comments: