Thursday, February 04, 2010

ਮਜਦੂਰ ਸੰਘਰਸ਼ਾਂ ਦਾ ਦਸਤਾਵੇਜ਼ੀ ਲੇਖਾ-ਜੋਖਾ ਕਾਮਰੇਡ ਪਰਦੁਮਨ ਸਿੰਘ ਦੀ ਕਲਮ ਤੋਂ

ਸ਼ਬਦਾਂ ਵਿਚ ਸਚਮੁਚ ਹੀ ਬੜੀ ਜਾਨ ਹੁੰਦੀ ਹੈ. ਜਦੋਂ ਏਹ ਕਿਸੇ ਲੋਕ ਨਾਇਕ ਦੇ ਮੂੰਹੋਂ ਲਲਕਾਰ ਬਣ ਕੇ ਨਿਕਲਦੇ ਨੇ ਤਾਂ ਇਨਕਲਾਬ ਆ ਜਾਂਦੇ ਨੇ. ਜਿਸ ਦਿਨ ਲੋਕਾਂ ਨੂੰ ਸ਼ਬਦ ਗੁਰੂ ਦਾ ਰਹਿਸ ਸਮਝ ਆ ਗਿਆ ਉਸ ਦਿਨ ਉਹਨਾਂ ਨੂੰ ਇਹ ਵੀ ਪਤਾ ਲਗ ਜਾਏਗਾ ਕਿ  ਵੱਡੇ ਵੱਡੇ ਲਸ਼ਕਰਾਂ ਅਤੇ ਤਾਜਾਂ ਵਾਲੇ ਵੱਡੇ ਵਡੇ ਕਹਿੰਦੇ ਕਹਾਉਂਦੇ ਲੋਕ ਵੀ ਸ਼ਬਦਾਂ ਸਾਹਮਣੇ ਸਾਰੇ ਤਾਣ ਲਾ ਕੇ ਵੀ ਬੇਬਸ ਕਿਓਂ ਹੋ ਜਾਂਦੇ ਨੇ. ਸ਼ਬਦਾਂ ਦੀ ਇੱਕ ਖਾਸੀਅਤ ਹੋਰ ਵੀ ਹੈ. ਜੇ ਕੋਈ ਇਹਨਾਂ ਦੀ ਰਚਨਾ ਦਿਲੋਂ ਕਰਦਾ ਹੈ ਤਾਂ ਏਹ ਸ਼ਬਦ ਉਸ ਨੂੰ ਅਮਰਤਾ ਵੀ ਪ੍ਰਦਾਨ ਕਰਦੇ ਹਨ. ਔਲਾਦ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਦੀ ਹੈ ਜਾਂ ਨਹੀ, ਮੌਤ ਤੋਂ ਬਾਅਦ ਕੋਈ ਜ਼ਿੰਦਗੀ ਹੁੰਦੀ ਹੈ ਜਾਂ ਨਹੀਂ.....ਇਸ ਬਾਰੇ ਤਾਂ ਕਈ ਵੱਖ ਵੱਖ ਵਿਚਾਰ ਹੋਣਗੇ ਪਰ ਇੱਕ ਗੱਲ ਨਿਸਚਿਤ ਹੈ ਕਿ ਸ਼ਬਦਾਂ ਰਾਹੀਂ ਅਸੀਂ ਉਹਨਾਂ ਦੇ ਰਚਨ ਹਾਰਿਆਂ  ਨਾਲ ਜ਼ਰੂਰ ਮੁਲਾਕਾਤ ਕਰ ਸਕਦੇ ਹਾਂ. ਇਸਦੇ ਨਾਲ ਹੀ ਅਸੀਂ ਅਮਰਤਾ ਦੇ ਗੁਣ ਵਾਲੀਆਂ ਇਹਨਾਂ ਰਚਨਾਵਾਂ ਰਾਹੀਂ ਸਮੇਂ ਅਤੇ ਸਥਾਨ ਨਾਲ ਸਬੰਧਤ ਛੋਟੀਆਂ  ਵੱਡੀਆਂ ਘਟਨਾਵਾਂ ਦੀ ਜਾਣਕਾਰੀ ਵੀ ਮਿਲਦੀ ਹੈ. ਇਸ ਸਭ ਕੁਝ ਦਾ ਅਨੁਭਵ ਮੈਨੂੰ ਇੱਕ ਵਾਰ ਫਿਰ ਬੜੀ ਹੀ ਤੀਬਰਤਾ ਨਾਲ ਉਦੋਂ ਹੋਇਆ ਜਦੋਂ ਮੈ ਅੰਮ੍ਰਿਤਸਰ ਦੀ ਮਜਦੂਰ ਤਹਿਰੀਕ ਦਾ ਸੰਖੇਪ ਇਤਿਹਾਸ ਪੜ੍ਹਿਆ---1955 ਤੋਂ ਲੈ ਕੇ 1980 ਤੱਕ ਟੈਕਸਟਾਈਲ ਮਜਦੂਰ ਏਕਤਾ ਯੂਨੀਅਨ ਅੰਮ੍ਰਿਤਸਰ ਦੇ ਪੰਝੀਆਂ ਸਾਲਾਂ ਦੇ ਸੰਘਰਸ਼ ਦੀ ਜਾਣਕਾਰੀ ਦੇਣ ਵਾਲੀ ਇਸ ਪੁਸਤਕ ਦੀ ਪਹਿਲੀ ਪ੍ਰਕਾਸ਼ਨਾ 15 ਮਾਰਚ 1981 ਨੂੰ ਲੋਕਾਂ ਸਾਹਮਣੇ ਆਈ.  ਇਸ ਪੁਸਤਕ ਦੇ ਸਮਰਪਣ ਵਾਲੇ ਪੰਨੇ ਤੇ ਵੀ ਇਹ ਸਿਧਾਂਤਕ ਗੱਲ ਅੰਕਿਤ ਹੈ :- ਉਹਨਾਂ ਮਜਦੂਰ ਸ਼ਹੀਦਾਂ ਨੂੰ ਜਿਹਨਾਂ ਨੇ ਆਪਣੇ ਖੂਨ ਨਾਲ ਮਜਦੂਰ ਲਹਿਰ ਨੂੰ ਸਿੰਜਿਆ ਅਤੇ ਲਾਲ ਫ਼ਰੇਰੇ ਨੂੰ ਹੋਰ ਸੁਰਖ ਕੀਤਾ......
          ਹਿੰਦੋਸ੍ਤਾਨ ਵਿੱਚ ਪੈਨਸ਼ਨ ਸਕੀਮ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਕਾਮਰੇਡ ਪਰਦੁੰਮਣ ਸਿੰਘ ਨੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਕਈ ਕਿਤਾਬਾ ਲਿਖੀਆਂ ਜੋ ਕਿ ਦੁਨੀਆ ਦੀਆਂ ਵੱਖ ਵੱਖ ਜੁਬਾਨਾਂ ਵਿੱਚ ਪ੍ਰਕਾਸ਼ਿਤ ਵੀ ਹੋਈਆਂ. ਪਰ ਜਿਸ ਕਿਤਾਬ ਦੀ ਚਰਚਾ ਇਥੇ ਕੀਤੀ ਜਾ ਰਹੀ ਉਹ ਉਹਨਾਂ ਦੀ ਸਭ ਤੋਂ ਪਹਿਲੀ ਪੁਸਤਕ ਸੀ. ਆਪਣੀ ਇਸ ਪੁਸਤਕ ਦੇ ਮੁਖਬੰਦ ਵਿੱਚ ਆਜ਼ਾਦੀ ਸੰਗਰਾਮ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ--"ਇਹ ਜਲਿਆਂਵਾਲੇ ਬਾਗ ਦੇ ਸ਼ਹਿਰ ਦੀ ਧਰਤੀ ਹੈ......ਤੇ ਅੰਮ੍ਰਿਤਸਰ ਦੀ ਮਜਦੂਰ ਜਮਾਤ ਨੇ ਉਹਨਾਂ ਰਵਾਇਤਾਂ ਨੂੰ ਅੱਗੇ ਖੜਣ ਦਾ ਭਰਪੂਰ ਯਤਨ ਕੀਤਾ ਹੈ".       
       ਕਈ ਦਹਾਕੇ ਪਹਿਲਾਂ ਜਦੋਂ 1958 ਵਿਚ  ਦਾਸਤੋਵਸਕੀ ਦੇ ਜਗਤ ਪ੍ਰਸਿਧ ਨਾਵਲ ਜੁਰਮ ਅਤੇ ਸਜ਼ਾ ਦੇ ਅਧਾਰ ਤੇ  ਫਿਲਮ ਬਣੀ ਫਿਰ ਸੁਬਹ ਹੋਗੀ  ਤਾਂ ਉਸ ਫਿਲਮ ਵਿਚ ਸਾਹਿਰ ਲੁਧਿਆਣਵੀ ਦਾ ਇੱਕ ਉਹ  ਗੀਤ ਵੀ ਸੀ ਜਿਸ ਵਿਚ ਸਾਹਿਰ ਨੇ ਕਿਹਾ ਸੀ ਵੋਹ ਸੁਬਹ ਕਭੀ ਤੋ ਆਏਗੀ ਅਤੇ ਫਿਰ ਇੱਕ ਹੋਰ ਗੀਤ ਵਿਚ ਸਪਸ਼ਟ ਵੀ ਕੀਤਾ ਸੀ ਕਿ ਵੋਹ ਸੁਬਹ ਹਮੀੰ ਸੇ ਆਏਗੀ--ਉਸ ਸੁਬਹ ਕੋ ਹਮ ਹੀ ਲਾਏਂਗੇ.....ਮੈਨੂੰ ਇੱਕ ਵਾਰ ਫਿਰ ਇਹ ਯਾਦ ਉਦੋਂ ਆਈ ਜਦੋਂ ਬਿਲਕੁਲ  ਇਹੀ ਜਜ਼ਬਾ, ਇਹੀ ਸੰਕਲਪ, ਇਹੀ ਜੋਸ਼.ਕਾਮਰੇਡ ਪਰਦੁਮਣ ਸਿੰਘ ਹੁਰਾਂ ਦੀ ਇਸ ਪੁਸਤਕ ਵਿਚ ਵੀ ਮਹਿਸੂਸ ਹੋਇਆ.ਉਹ ਕਹਿੰਦੇ ਹਨ--ਮਜਦੂਰ ਜਮਾਤ ਤੇ ਦੂਸਰੇ ਮਿਹਨਤਕਸ਼ ਅਵਾਮ ਦੇ ਦੁਖੜਿਆਂ ਦਾ ਅੰਤ ਤਦੋਂ ਹੀ ਹੋਵੇਗਾ ਜਦੋਂ ਕਿ ਇਸ ਸਰਮਾਏਦਾਰੀ ਰਾਜਪ੍ਰਬੰਧ ਮਜਦੂਰ ਜਮਾਤ ਅਤੇ ਉਸ ਦੇ ਸੰਗੀ ਸਾਥੀ ਆਪਣੇ ਇਨਕਲਾਬੀ ਐਕਸ਼ਨ ਨਾਲ ਢਹਿ-ਢੇਰੀ ਕਰ ਦੇਣਗੇ ਅਤੇ  ਸਿਆਸੀ ਤਾਕ਼ਤ ਮਿਹਨਤੀ ਅਵਾਮ ਦੇ ਹੱਥ ਆ ਜਾਏਗੀ.
     ਇਸ ਪੁਸਤਕ ਬਾਰੇ ਬਹੁਤ ਹੀ ਖਾਸ ਗੱਲ ਇਹ ਵੀ ਕਿ ਇਸ ਪੁਸਤਕ ਵਿਚ ਦਰਜ ਕਿਰਤੀਆਂ ਦੇ  ਸੰਘਰਸ਼ ਵਿਚ ਜੇ ਕੋਈ ਨਾਇਕ ਹੈ ਤਾਂ ਸਿਰਫ ਮਜਦੂਰ....ਭਾਵੇਂ ਉਹ ਮਜਦੂਰ ਕਾਂਗਰਸੀ ਸੀ ਤੇ ਭਾਵੇਂ ਖੱਬੇ ਪੱਖੀ...ਇਸ ਵਿਚ ਮਜਦੂਰਾਂ ਤੇ ਚੱਲੀਆਂ ਲਾਠੀਆਂ ਅਤੇ ਗੋਲੀਆਂ ਦਾ ਵੀ ਜ਼ਿਕਰ ਹੈ, ਮਾਲਕਾਂ ਵੱਲੋਂ ਰਚੀਆਂ ਜਾਂਦੀਆਂ ਸਾਜਸ਼ਾਂ ਦਾ ਵੀ ਅਤੇ ਇਸ  ਦੇ ਨਾਲ ਹੀ ਕਲਮਬੰਦ ਕੀਤਾ ਗਿਆ ਹੈ ਏਟਕ, ਸੀਟੂ ਅਤੇ ਇੰਟਕ ਦੇ ਰੋਲ ਨੂੰ ਵੀ... ਅੱਜ ਵੀ ਕਿਰਤੀ ਵਰਗ ਅਤੇ ਮਜਦੂਰਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ ਉਸ ਲਈ ਜ਼ਿਮੇਵਾਰ ਲੋਕ-ਵਿਰੋਧੀ ਨੀਤੀਆਂ ਨੂੰ ਵੀ ਇਸ ਪੁਸਤਕ ਦੇ ਜ਼ਰੀਏ ਬਹੁਤ ਪਹਿਲਾਂ ਹੀ ਬੇਨਕਾਬ ਕਰ ਦਿੱਤਾ ਗਿਆ ਸੀ. ਲਿਹਾਜ਼ਦਾਰੀ ਅਤੇ ਰੰਜਿਸ਼ ਵਰਗੀਆਂ ਭਾਵਨਾਵਾਂ ਤੋ ਬਹੁਤ ਹੀ ਉੱਪਰ ਉਠ ਕੇ ਲਿਖੀ ਗਈ ਇਸ ਪੁਸਤਕ ਵਿਚਲੀ ਜਾਣਕਾਰੀ ਦਾ ਫਾਇਦਾ ਇਸ ਨੂੰ ਪੜ੍ਹਕੇ  ਹੀ ਉਠਾਇਆ ਜਾ ਸਕਦਾ ਹੈ. --ਰੈਕਟਰ ਕਥੂਰੀਆ

No comments: