ਵਿਧੂ ਜੈਨ ਦੇ ਪਰਿਵਾਰ ਨੇ ਲਿਖਿਆ ਖੂਨ ਨਾਲ ਪੱਤਰ
ਲੁਧਿਆਣਾ: 15 ਅਕਤੂਬਰ 2016; (ਪੰਜਾਬ ਸਕਰੀਨ ਬਿਊਰੋ):
ਅੱਜ ਇਸ ਜੈਨ ਪਰਿਵਾਰ ਨੇ ਮੀਡੀਆ ਦੇ ਸਾਹਮਣੇ ਰਾਸ਼ਟਰਪਤੀ ਨੂੰ ਲਿਖੇ ਪੱਤਰ ਉੱਤੇ ਆਪਣੇ ਖੂਨ ਨਾਲ ਦਸਖਤ ਕੀਤੇ। ਇਸ ਮੌਕੇ ਮ੍ਰਿਤਕ ਵਿਧੂ ਜੈਨ ਦੇ ਪਿਤਾ ਨਵਨੀਤ ਜੈਨ, ਤਾਇਆ ਵਿਨੋਦ ਜੈਨ, ਮਾਤਾ ਆਰਤੀ ਜੈਨ ਅਤੇ ਭਰਾ ਨਮਨ ਜੈਨ ਵੀ ਮੌਜੂਦ ਸਨ।ਡਰੇ ਸਹਿਮੇ ਲੋਕ ਕਿਸੇ ਨ ਕਿਸੇ ਨੂੰ ਆਪਣਾ ਸਿਆਸੀ ਆਕਾ ਮੰਨਣ ਲਈ ਮਜਬੂਰ ਕੀਤੇ ਜਾ ਰਹੇ ਹਨ ਕਿਓਂਕਿ ਉਂਝ ਜਿਊਣਾ ਮੁਸ਼ਕਿਲ ਹੋ ਗਿਆ ਹੈ ਪੰਜਾਬ ਵਿੱਚ। ਅੱਸੀਵਿਆਂ ਵਾਲੇ ਖਤਰਿਆਂ ਦੇ ਦਿਨ ਤਾਜ਼ਾ ਹੁੰਦੇ ਮਹਿਸੂਸ ਹੋ ਰਹੇ ਹਨ ਪੰਜਾਬ ਵਿੱਚ। ਲੋਕ ਬੁਰੀ ਤਰਾਂ ਡੀਆਰਈ ਹੋਏ ਹਨ। ਕੋਈ ਪਤਾ ਨਹੀਂ ਕਿਹੜਾ ਗੈਂਗਸਟਰ ਕਿਸ ਨੂੰ ਗੋਲੀ ਦਾ ਨਿਸ਼ਾਨ ਬਣਾ ਦੇਵੇ?
ਪਰਿਵਾਰ ਨੇ ਦੋਸ਼ ਲਾਇਆ ਕਿ ਕਿਸੇ ਵੀ ਪਾਰਟੀ ਦੇ ਕਿਸੇ ਵੀ ਸਿਆਸੀ ਲੀਡਰ ਨੇ ਸਾਡੀ ਬਾਂਹ ਨਹੀਂ ਫੜੀ। ਉਹਨਾਂ ਦੱਸਿਆ ਕਿ ਸਾਡੇ ਪਰਿਵਾਰ ਨੇ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੇ ਸਿਆਸੀ ਸੰਗਠਨਾਂ ਦੇ ਆਗੂਆਂ ਨਾਲ ਗੱਲ ਕੀਤੀ ਪਰ ਸਾਨੂੰ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਅਸੀਂ ਇਨਸਾਫ ਦੀ ਪ੍ਰਾਪਤੀ ਲਈ ਜਿਸ ਹੱਦ ਤੱਕ ਵੀ ਜਾਣਾ ਪਿਆ ਜਾਵਾਂਗੇ। ਅਸੀਂ ਇਨਸਾਫ ਮੰਗ ਰਹੇ ਹਾਂ ਕੋਈ ਭੀਖ ਨਹੀਂ ਮੰਗ ਰਹੇ। ਮ੍ਰਿਤਕ ਵਿਧੂ ਦੇ ਛੋਟੇ ਭਰਾ ਨਮਨ ਨੇ ਵੀ ਬੜੇ ਹੀ ਭਰੇ ਹੋਏ ਮਨ ਨਾਲ ਇਨਸਾਫ ਦਾ ਸੰਕਲਪ ਦੁਹਰਾਇਆ ਅਤੇ ਆਪਣੇ ਖੂਨ ਨਾਲ ਇਸ ਚਿੱਠੀ ਉੱਤੇ ਦਸਖਤ ਕੀਤੇ।
ਵਿਧੂ ਦੇ ਮਾਤਾ ਪਿਤਾ ਦੀ ਹਾਲਤ ਬੇਹੱਦ ਨਾਜ਼ੁਕ ਸੀ। ਤਿੰਨ ਸਾਲਾਂ ਤੋਂ ਇਨਸਾਫ ਦੀ ਮੰਗ ਕਰਦਿਆਂ ਉਹਨਾਂ ਨੇ ਲਗਾਤਾਰ ਨਿਆਂ ਲਈ ਅਣਗਿਣਤ ਕੋਸ਼ਿਸ਼ਾਂ ਕੀਤੀਆਂ। ਉਹਨਾਂ ਸਾਫ ਆਖਿਆ ਕਿ ਪੁਲਿਸ ਲਈ ਕਾਤਲਾਂ ਨੂੰ ਲੱਭਣਾ ਕੋਈ ਮੁਸ਼ਕਿਲ ਨਹੀਂ। ਵੋਟ ਬੈਂਕ ਦੀ ਸਿਆਸਤ ਨੇ ਉਹਨਾਂ ਦੇ ਹੱਥ ਬੰਨੇ ਹੋਏ ਹਨ। ਮੀਡੀਆਂ ਨਾਲ ਗੱਲਬਾਤ ਦੌਰਾਨ ਵਿਧੂ ਦੇ ਪਿਤਾ ਰੋਣ ਹਾਕੇ ਹੋ ਗਏ। ਇਸਤੇ ਵਿਧੂ ਦੇ ਤਾਇਆ ਨੇ ਮੀਡੀਆ ਨੂੰ ਦੱਸੀ ਜਾ ਰਹੀ ਗੱਲ ਪੂਰੀ ਕੀਤੀ। ਕੁਲ ਮਿਲਾ ਕੇ ਪ੍ਰੈਸ ਕਾਨਫਰੰਸ ਵਿੱਚ ਸ਼ਾਂਤੀ ਸੀ ਪਰ ਇਹ ਸ਼ਾਂਤੀ ਕਿਸੇ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਸੀ। ਹੁਣ ਦੇਖਣਾ ਹੈ ਕਿ ਇਸ ਜੈਨ ਪਰਿਵਾਰ ਨੂੰ ਇਨਸਾਫ ਕਦੋਂ ਮਿਲੇਗਾ।