Showing posts with label Vicky Middu Khera. Show all posts
Showing posts with label Vicky Middu Khera. Show all posts

Thursday, September 23, 2021

ਮਾਮਲਾ ਵਿੱਕੀ ਮਿੱਡੂਖੇੜਾ ਦੇ ਕਤਲ ਦਾ

Thursday 23nd Sep 2021 at 5:03 PM

 ਇਸ ਕਤਲ ਦੇ ਤਾਰ ਅਰਮੀਨੀਆ ਬੈਠੇ ਲੱਕੀ ਪਡਿਆਲ ਨਾਲ ਜੁੜੇ 


ਮੋਹਾਲੀ
: 23 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਵਿੱਕੀ ਮਿੱਡੂਖੇੜਾ ਦਾ ਕਤਲ ਇੱਕ ਅਜਿਹੀ ਘਟਨਾ ਸੀ ਜਿਸ ਦੀ ਸਨਸਨੀ, ਜਿਸਦੀ ਦਹਿਸ਼ਤ, ਜਿਸਦੀ ਚਰਚਾ ਅੱਜ ਵੀ ਹੁੰਦੀ ਰਹਿੰਦੀ ਹੈ। ਜਿਸਤਰ੍ਹਾਂ ਇਸ ਕਤਲ ਦੀ ਲਾਈਵ ਵੀਡੀਓ ਮੀਡੀਆ ਤੇ ਦਿਖਾਈ ਦਿੱਤੀ ਉਹ ਆਪਣੇ ਆਪ ਵਿੱਚ ਇੱਕ ਜਿਹਾ ਅਹਿਸਾਸ ਸੀ ਜਿਹੜਾ ਅਤੀਤ ਦੀ ਯਾਦ ਤਾਜ਼ਾ ਕਰ ਰਹੀਆਂ ਸੀ। ਨਾਜ਼ੁਕ ਦਿਨਾਂ ਦੀ ਦੁਖਦ ਯਾਦ। ਹੁਣ ਰਿਪੋਰਟ ਆਈ ਹੈ ਕਿ ਇੱਥੇ ਸੈਕਟਰ 71 ਮੋਹਾਲੀ ਦੀ ਮਾਰਕੀਟ ਵਿੱਚ ਪ੍ਰਾਪਰਟੀ ਡੀਲਰ ਦੀ ਦੁਕਾਨ ਸਾਹਮਣੇ ਹੋਏ ਬਿਕਰਮਜੀਤ ਸਿੰਘ ਉਰਫ ਵਿੱਕੀ ਮਿੱਢੂਖੇੜਾ ਦੇ ਕਤਲ ਦੀਆਂ ਤਾਰਾਂ ਅਰਮੀਨੀਆ ਬੈਠੇ ਲੱਕੀ ਪਡਿਆਲ ਦੇ ਗਰੋਹ ਨਾਲ ਜੁੜੀਆਂ ਹਨ। 
ਇਹ ਖੁਲਾਸਾ ਕਰਦਿਆਂ ਅੱਜ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ. ਨਗਰ ਸ੍ਰੀ ਸਤਿੰਦਰ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰ ਕੇ ਦੱਸਿਆ ਕਿ ਬਿਕਰਮਜੀਤ ਸਿੰਘ ਉਰਫ ਵਿੱਕੀ ਮਿੱਢੂਖੇੜਾ ਦੇ ਕਤਲ ਸਬੰਧੀ ਥਾਣਾ ਮਟੌਰ ਵਿਖੇ ਕੇਸ ਨੰਬਰ 168 ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਤਫ਼ਤੀਸ਼ ਆਈਪੀਐਸ ਐਸ.ਪੀ. (ਡੀ) ਹਰਮਨਦੀਪ ਸਿੰਘ ਹਾਂਸ, ਪੀ.ਪੀ.ਐਸ. ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ. (ਡੀ) ਐਸ.ਏ.ਐਸ. ਨਗਰ ਦੀ ਨਿਗਰਾਨੀ ਕੀਤੀ ਜਾ ਰਹੀ ਸੀ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਕਤਲ ਪਿੱਛੇ ਗੌਰਵ ਪਡਿਆਲ ਉਰਫ ਲੱਕੀ ਪਡਿਆਲ ਵਾਸੀ ਖੁੱਡਾ ਅਲੀਸ਼ੇਰ ਯੂ.ਟੀ. ਦਾ ਹੱਥ ਹੈ, ਜੋ ਹੁਣ ਅਰਮੀਨੀਆ ਵਿਖੇ ਰਹਿੰਦਾ ਹੈ। 
ਪੰਜਾਬ ਵਿੱਚ ਕਈ ਕੇਸਾਂ ਵਿੱਚ ਲੋੜੀਂਦਾ ਲੱਕੀ ਪਡਿਆਲ ਇਸ ਸਮੇਂ ਦਵਿੰਦਰ ਬੰਬੀਹਾ ਗਰੋਹ ਨੂੰ ਚਲਾ ਰਿਹਾ ਹੈ। 
ਐਸ.ਐਸ.ਪੀ. ਨੇ ਦੱਸਿਆ ਕਿ ਵਿੱਕੀ ਮਿੱਢੂਖੇੜਾ ਦੇ ਕਤਲ ਤੋਂ ਬਾਅਦ ਇਕ ਫੇਸਬੁੱਕ ਪੋਸਟ ਵਿੱਚ ਦਵਿੰਦਰ ਬੰਬੀਹਾ ਗਰੋਹ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਤਫ਼ਤੀਸ਼ ਦੌਰਾਨ ਪਤਾ ਚੱਲਿਆ ਕਿ ਦਵਿੰਦਰ ਬੰਬੀਹਾ ਗਰੋਹ ਨੂੰ ਚਲਾ ਰਿਹਾ ਲੱਕੀ ਪਡਿਆਲ ਇਸ ਕਤਲ ਲਈ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਚੱਲਿਆ ਕਿ ਕੌਸ਼ਲ ਚੌਧਰੀ ਵਾਸੀ ਪਿੰਡ ਨਾਹਰਪੁਰ ਰੂਪਾ ਜ਼ਿਲ੍ਹਾ ਗੁਰੂ ਗਰਾਮ, ਜੋ ਹੁਣ ਕਰਨਾਲ ਜੇਲ੍ਹ ਵਿੱਚ ਬੰਦ ਹੈ, ਨੇ ਆਪਣੇ ਗਰੋਹ ਦੇ ਭਗੌੜੇ ਹੋਏ ਸਾਥੀਆਂ ਦਾ ਲੱਕੀ ਪਡਿਆਲ ਨਾਲ ਤਾਲਮੇਲ ਕਰਵਾਇਆ ਸੀ। ਲੱਕੀ ਪਡਿਆਲ ਨੇ ਹੀ 20 ਜੂਨ 2021 ਨੂੰ ਸੁਖਮੀਤ ਉਰਫ ਡਿਪਟੀ ਵਾਸੀ ਜਲੰਧਰ ਦਾ ਕਤਲ ਕੌਂਸਲ ਚੌਧਰੀ ਦੇ ਭਗੌੜੇ ਸਾਥੀ ਵਿਕਾਸ ਮਾਹਲੇ ਵਾਸੀ ਪਿੰਡ ਧਨਵਾਪੁਰ ਜ਼ਿਲ੍ਹਾ ਗੁਰੂਗਰਾਮ ਅਤੇ ਪੁਨੀਤ ਸ਼ਰਮਾ ਵਾਸੀ ਜਲੰਧਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਕਰਵਾਇਆ ਸੀ। ਇਸ ਸਬੰਧੀ ਵੀ ਮੁਕੱਦਮਾ ਥਾਣਾ ਡਿਵੀਜ਼ਨ ਨੰਬਰ 2 ਜਲੰਧਰ ਵਿੱਚ ਦਰਜ ਹੋਇਆ ਸੀ। ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ਉਤੇ ਲਿਆ ਕੇ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।
ਐਸ.ਐਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਪਡਿਆਲ ਉਰਫ ਲੱਕੀ ਨੇ ਹੀ ਵਿੱਕੀ ਮਿੱਢੂਖੇੜਾ ਦਾ ਕਤਲ ਕੌਸ਼ਲ ਚੌਧਰੀ ਨੇ ਮਨਡੋਲੀ ਜੇਲ੍ਹ ਵਿੱਚ ਬੰਦ ਅਮਿਤ ਡਾਗਰ ਦੀ ਮਦਦ ਨਾਲ ਸੱਜਣ ਉਰਫ ਭੋਲਾ ਵਾਸੀ ਬਿਸਾਨ ਜ਼ਿਲ੍ਹਾ ਝੱਜਰ (ਹਰਿਆਣਾ) ਅਤੇ ਅਨਿਲ ਉਰਫ ਲੱਠ ਵਾਸੀ ਕਕਰੋਲਾ ਦਵਾਰਕਾ ਦਿੱਲੀ ਰਾਹੀਂ ਸਾਜ਼ਿਸ਼ ਤਹਿਤ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦੋਵਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਏ ਗਏ ਸਨ ਅਤੇ ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ਉਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਸਮੇਂ ਪੁਲਿਸ ਰਿਮਾਂਡ ਉਤੇ ਹੈ। ਉਨ੍ਹਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਉਸ ਤੋਂ ਇਸ ਕੇਸ ਵਿੱਚ ਹੋਰ ਤੱਥ ਸਾਹਮਣੇ ਆਉਣ ਦੀ ਆਸ ਹੈ।

Saturday, August 07, 2021

ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਦਵਿੰਦਰ ਬੰਬੀਹਾ ਗਰੁੱਪ ਨੇ

 ਫੇਸਬੁੱਕ ਤੇ ਪੋਸਟ ਪਾ ਕੇ ਲਈ ਕਤਲ ਦੀ ਜ਼ਿੰਮੇਵਾਰੀ 


ਮੋਹਾਲੀ: 7 ਅਗਸਤ 2021: (ਪੰਜਾਬ ਸਕਰੀਨ ਬਿਊਰੋ)::

ਮੋਹਾਲੀ ਵਿੱਚ 7 ਅਗਸਤ ਸ਼ਨੀਵਾਰ ਦੀ ਦੁਪਹਿਰ ਨੂੰ ਨੌਜਵਾਨ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਫਰਾਰ ਹੋਣ ਵਿਚ ਸਫਲ ਹੋ ਗਏ। ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਹੈ।  ਇਸ ਮਕਸਦ ਦੀ ਇੱਕ ਪੋਸਟ ਬਾਕਾਇਦਾ ਫੇਸਬੁੱਕ ਤੇ ਵੀ ਪਾਈ ਗਈ ਹੈ। ਗੈਂਗਵਾਰ ਇੱਕ ਵਾਰ ਫੇਰ ਸੁਰਖੀਆਂ ਵਿੱਚ ਹੈ। ਮੋਹਾਲੀ ਦਾ ਸੁਰੱਖਿਆ ਤੰਤਰ ਬੁਰੀ ਤਰ੍ਹਾਂ ਨਾਕਾਮ ਹੋਇਆ ਲੱਗ ਰਿਹਾ ਹੈ। ਇੱਕ ਵਾਰ ਫੇਰ ਗੈਂਗਵਾਰ ਤੇਜ਼ ਹੋਣ ਦਾ ਖਦਸ਼ਾ ਹੈ। 

ਕਤਲ ਦੀ ਜ਼ਿੰਮੇਵਾਰੀ ਲੈਣ ਵਾਲਿਆਂ ਨੇ ਕਿਹਾ ਹੈ:

ਸੀ੍ ਅਕਾਲ ਜੀ ਸਹਾਇ 🙏🚩

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹੁਣੇ ਕੁੱਝ ਸਮਾਂ ਪਹਿਲਾਂ ਵਿੱਕੀ ਮਿੱਡੂਖੇੜਾ (ਬੱਕਰੇ)ਦਾ ਕਤਲ ਹੋਇਆ ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤਾ ਗਿਆ ਹੈ, ਇਸ ਨੂੰ ਪਹਿਲਾ ਲੱਕੀ ਵੀਰ ਨੇ ਬਹੁਤ ਸਮਝਾਇਾ ਤੇ ਇਹ ਕਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਵਿੱਕੀ ਮਿੱਡੂਖੇੜਾ ਸਾਡੇ Anty Group ਲਾਰੇਸ਼ ਬਿਸ਼ਨੋਈ ਨੂੰ ਸਾਰੀ ਜਾਣਕਾਰੀ ਦਿੰਦਾ ਸੀ ਤੇ ਇਸ ਨੇ ਗੁਰਲਾਲ ਭਲਵਾਨ ਤੇ ਰਾਣਾ ਸਿੱਧੂ ਨੂੰ ਮਰਵਾਇਆ ਸੀ ਇਹ ਬੰਦਾ ਲਾਰੇਸ਼ ਬਿਸ਼ਨੋਈ ਨੂੰ ਕਲਾਕਾਰਾਂ ਤੇ ਵੱਡੇ ਬਿਜ਼ਨਸਮੈਨਾਂ ਦੇ ਨੰਬਰ ਦਿੰਦਾ ਸੀ ਤੇ ਉਹਨਾਂ ਤੋਂ ਪੈਸੇ ਵਸੂਲਣ ਦਾ ਕੰਮ ਕਰਦੇ ਸੀ , ਤੇ ਇਸੇ ਤਰਾਂ ਇਹਨਾਂ ਦੇ ਗਰੁੱਪ ਵੱਲੋਂ ਜੋ ਕਤਲ ਹੁੰਦਾ ਸੀ ਓਹਨੂੰ ਬੰਬੀਹਾ ਗਰੁੱਪ ਨਾਲ ਜੋੜ ਦਿੰਦੇ ਸੀ , ਇਸ ਕਰਕੇ ਸਾਨੂੰ ਇਹਨੂੰ ਮਾਰਨਾ ਪਿਆ ਤੇ ਜੇ ਅਸੀਂ ਨਜਾਇਜ ਮਾਰਨ ਲੱਗ ਗਏ ਤਾਂ ਰੋਜ ਓਹਨਾ ਦੇ ਪੋਸਟਰ ਲੱਗਣ ਜਿੰਨਾਂ ਨੂੰ ਅਸੀਂ ਮਾਰ ਸਕਦੇ ਆਂ ਪਰ ਅਸੀਂ ਕਿਸੇ ਵੀ ਨਿਰਦੋਸ਼ ਬੰਦੇ ਨੂੰ ਨਹੀਂ ਕੁੱਝ ਕਹਿਣਾ ਤੇ ਕੋਈ ਇਹਨਾਂ ਦਾ ਜਾ ਕਿਸੇ ਦਾ ਵੀ ਦੋਸਤ ਹੋ ਸਕਦਾ ਉਸ ਨੂੰ ਨਹੀਂ ਮਾਰਨਾ ਪਰ ਜੋ ਸਾਡੇ ਖਿਲਾਫ ਇਹਨਾਂ ਦਾ ਸਾਥ ਦਿਉਗਾ ਉਹਦਾ ਤਾਂ ਫਿਰ ਇਹੀ ਹਾਲ ਹੋਵੇਗਾ। 

 #Kaushal chaudhry gurgaon,#Tillu tajpuria delhi,#Neeraj bhwana delhi ਇਹ ਸਾਡੇ ਭਰਾ ਆ ਸਾਰੇ ਜੋ ਵੀ ਇਹਨਾਂ ਦਾ ਦੁਸ਼ਮਣ ਆ ਓਹ ਸਾਡਾ ਦੁਸ਼ਮਣ ਆਂ ਤੇ ਜੋ ਸਾਡਾ ਦੁਸ਼ਮਣ ਆ ਉਹ ਇਹਨਾਂ ਦਾ ਦੁਸ਼ਮਣ ਆ Just Wait & Watch 

ਵਿੱਕੀ ਮਿੱਡੂਖੇੜਾ ਨੇ ਆਪਣੀ ਇਹ ਫੋਟੋ ਫੇਸਬੁੱਕ ਤੇ
26 ਨਵੰਬਰ 2015 ਨੂੰ ਪੋਸਟ ਕੀਤੀ ਸੀ 
ਇਸ ਕਤਲ ਦੀ ਗੱਲ ਕਰਦਿਆਂ ਜ਼ਿਕਰਯੋਗ ਹੈ ਕਿ ਅੱਜ ਦੁਪਹਿਰ ਕੁ ਵੇਲੇ ਮੋਹਾਲੀ ਦੇ ਸੈਕਟਰ-71'ਚ ਕਮਿਊਨਿਟੀ ਸੈਂਟਰ ਦੇ ਕੋਲ ਵਾਪਰੀ ਇਹ ਖ਼ੌਫ਼ਨਾਕ ਇਹ ਘਟਨਾ ਸੀ ਸੀ ਟੀ ਵੀ 'ਚ ਕੈਦ ਹੋ ਗਈ ਸੀ। ਕਤਲ ਵਾਲੀ ਇਸ ਘਟਨਾ ਦੀ ਕੈਦ ਹੋਈ ਵੀਡੀਓ ਮੁਤਾਬਿਕ 4 ਬਦਮਾਸ਼ਾਂ ਨੇ ਮਿੱਡੂਖੇੜਾ 'ਤੇ 9 ਰੌਂਦ ਫਾਇਰਿੰਗ ਕੀਤੀ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਸੀ ਸੀ ਟੀ ਵੀ ਫੁਟੇਜ਼ ਮੁਤਾਬਕ 4 ਹਮਲਾਵਰ ਇੱਕ ਚਿੱਟੇ ਰੰਗ ਦੀ ਆਈ-20 ਕਾਰ 'ਚ ਆਏ। ਜਦ ਮਿੱਢੂਖੇੜਾ ਆਪਣੀ ਐੱਸ ਯੂ ਵੀ ਕਾਰ 'ਚ ਸਵਾਰ ਹੋਣ ਦੀ ਕੋਸ਼ਿਸ਼ ਵਿੱਚ ਸੀ। ਉਸ ਸਮੇਂ 2 ਬਦਮਾਸ਼ ਪਿਸਤੌਲ ਲੈ ਕੇ ਬੜੀ ਤੇਜ਼ੀ ਨਾਲ ਦੌੜਦੇ ਹੋਏ ਉਸ ਕੋਲ ਪਹੁੰਚੇ।  ਇੱਕ ਨੇ ਇੱਕ ਪਾਸਿਓਂ ਅਤੇ ਦੂਜੇ ਨੇ ਦੂਜੇ ਪਾਸਿਓਂ ਮਿੱਡੂ ਨੂੰ ਘੇਰ ਲਿਆ। ਗੋਲੀਆਂ ਦੀ ਵਾਛੜ ਦੇ ਬਾਵਜੂਦ ਮਿਡੂ ਨੇ ਆਪਣੇ ਬਚਾਅ ਲਈ ਦੌੜਨ ਦੀ ਸਫਲ ਕੋਸ਼ਿਸ਼ ਕੀਤੀ ਪਰ ਉਹ ਕਮਿਊਨਿਟੀ ਹਾਲ ਦੀ ਕੰਧ ਟੱਪਦਿਆਂ ਬੁਰੀ ਤਰ੍ਹਾਂ ਗੋਲੀਆਂ ਦਾ ਸ਼ਿਕਾਰ ਹੋ ਗਿਆ।  ਜਦ ਮਿੱਢੂਖੇੜਾ ਬਚਣ ਲਈ ਭੱਜਿਆ ਤਾਂ ਬਦਮਾਸ਼ਾਂ ਨੇ ਕਰੀਬ ਅੱਧਾ ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ। ਇਸ ਦੌਰਾਨ ਉਨ੍ਹਾਂ 'ਤੇ ਲਗਾਤਾਰ ਫਾਇਰਿੰਗ ਕੀਤੀ, ਜਿਸ 'ਚ ਮਿੱਡੂ ਖੇੜਾ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ। ਜਦ ਪੁਲਸ ਪਹੁੰਚੀ, ਉਸ ਤੋਂ ਪਹਿਲਾਂ ਹਮਲਾਵਰ ਫਰਾਰ ਹੋ ਚੁੱਕੇ ਸਨ। ਖੂਨ ਨਾਲ ਲੱਥਪੱਥ ਵਿੱਕੀ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਪੁਲਸ ਨੇ ਮੋਹਾਲੀ ਸਮੇਤ ਚੰਡੀਗੜ੍ਹ ਅਤੇ ਪੰਚਕੂਲਾ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਪੁਲਸ ਨੇ ਸੀ ਸੀ ਟੀ ਵੀ ਫੁਟੇਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ। ਪੁਲਸ ਅਨੁਸਾਰ ਵਿੱਕੀ ਕੋਲ ਲਾਇਸੰਸੀ ਪਿਸਤੌਲ ਸੀ। ਘਟਨਾ ਸਮੇਂ ਉਹ ਕੱਢ ਤੱਕ ਨਹੀਂ ਸਕਿਆ, ਕਿਉਂਕਿ ਹਮਲਾਵਰਾਂ ਤਾਬੜਤੋੜ ਗੋਲੀਆਂ ਚਲਾ ਰਹੇ ਸਨ। ਵਿੱਕੀ ਜਦੋਂ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਬੈਠਣ ਲੱਗਾ ਤਾਂ ਹਮਲਾਵਰਾਂ ਨੇ ਉਸੀ ਵੇਲੇ ਉਸ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲਾਵਰ ਨੇੜੇ ਹੀ ਖੜੀ ਆਪਣੀ ਕਰ ਵਿੱਚੋਂ ਉਤਰ ਕੇ ਭੱਜਦੇ ਹੋਏ ਆਏ ਦਿਖਾਈ ਦੇਂਦੇ ਹਨ। ਇਸਦੇ ਬਾਵਜੂਦ ਵਿੱਕੀ ਉਥੋਂ ਭੱਜਿਆ ਤਾਂ ਹਮਲਾਵਰਾਂ ਨੇ ਪਿੱਛਾ ਕਰਕੇ ਲਗਾਤਾਰ ਫਾਇਰਿੰਗ ਕੀਤੀ, ਜਿਸ ਕਾਰਨ ਵਿੱਕੀ ਨੂੰ ਆਪਣਾ ਪਿਸਤੌਲ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ। ਸ਼ਾਇਦ ਵਿੱਕੀ ਨੂੰ ਅਜਿਹੇ ਕਿਸੇ ਹਮਲੇ ਦਾ ਚਿਤਚੇਤਾ ਵੀ ਨਹੀਂ ਸੀ। ਦੂਜੇ ਪਾਸੇ ਹਮਲਾਵਰਾਂ ਨੇ ਪੂਰੀ ਰੇਕੀ ਵੀ ਕੀਤੀ ਹੋਈ ਸੀ ਕਿ ਵਿੱਕੀ ਕਦੋਂ ਕਦੋਂ ਇਕੱਲਾ ਹੁੰਦਾ ਹੈ। ਮਿ੍ਤਕ ਵਿੱਕੀ ਅਕਾਲੀ ਆਗੂ ਅਜੈ ਮਿੱਢੂਖੇੜਾ ਦਾ ਛੋਟਾ ਭਰਾ ਹੈ ਅਤੇ ਸੋਈ ਵਿਦਿਆਰਥੀ ਸੰਗਠਨ ਦਾ ਮੈਂਬਰ ਹੈ। ਅਜੈ ਮਿੱਢੂਖੇੜਾ ਨੇ ਹਾਲ ਹੀ 'ਚ ਨਗਰ ਨਿਗਮ ਚੋਣਾਂ 'ਚ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਲੜਕੇ ਖਿਲਾਫ਼ ਚੋਣ ਲੜੀ ਸੀ। ਵਿੱਕੀ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਅਜੈ ਦਾ ਕਹਿਣਾ ਹੈ ਕਿ ਵਿੱਕੀ ਦੀ ਪੰਜਾਬ ਯੂਨੀਵਰਸਿਟੀ 'ਚ ਵੀ ਕੁਝ ਲੋਕਾਂ ਨਾਲ ਅਣਬਣ ਚੱਲ ਰਹੀ ਸੀ। ਪੁਲਸ ਇਸ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ।

ਜ਼ਿੰਮੇਵਾਰੀ ਲੈਣ ਵਾਲੇ ਦਵਿੰਦਰ ਬੰਬੀਹਾ ਗਰੁੱਪ ਆਪਣੀ ਜ਼ਿੰਮੇਵਾਰੀ ਵਾਲੇ ਦਾਅਵੇ ਦੇ ਅਖੀਰ ਵਿੱਚ ਕਿਹਾ ਹੈ ਔਰਤਾਂ ਦਾ ਸਨਮਾਨ ਕਰੋ, ਗਰੀਬਾਂ ਦੀ ਮਦਦ ਕਰੋ ਅਤੇ ਨਸ਼ਿਆਂ ਨੂੰ ਨਾਂਹ ਕਹੋ। 

ਇਥੇ ਉਸਦੇ ਪਿੰਡ ਮਿੱਡੂ ਖੇੜਾ ਦਾ ਜ਼ਿਕਰ ਵੀ ਕਰ ਲਿਆ ਜਾਈ ਤਾਂ ਕੋਈ ਮਾੜਾ ਨਹੀਂ। ਜ਼ਿਲਾ ਮੁਕਤਸਰ ਦੀ ਤਹਿਸੀਲ ਮਲੋਟਮੰਡੀ ਵਿੱਚ ਪੈਦਾ ਹੈ ਇਹ ਪਿੰਡ ਮਿੱਡੂ ਖੇੜਾ। ਮਲੋਟ ਤੋਂ ਕਰੀਬ 15 ਕਿਲੋਮੀਟਰ ਦੂਰ ਅਤੇ ਮੁਕਤਸਰ ਸਾਹਿਬ ਤੋਂ 64 ਕਿਲੋਮੀਟਰ ਦੂਰ। ਦੂਜੇ ਪਾਸੇ ਬੰਬੀਹਾ ਭਾਈ ਮੋਗਾ ਜ਼ਿਲੇ ਵਿਛਕ ਪੈਂਦਾ ਹੈ ਅਤੇ ਇਥੋਂ ਦਾ ਮੰਨਿਆ ਪ੍ਰਮੰਨਿਆ ਗੈਂਗਸਟਰ ਦੇਵਿੰਦਰ ਸ਼ੂਟਰ 25 ਸਾਲਾਂ ਦੀ ਉਮਰ ਵਿੱਚ ਇੱਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ। 

ਵਿੱਕੀ ਮਿੱਡੂਖੇੜਾ ਦੇ ਕਤਲ ਮਗਰੋਂ ਪੁਲਿਸ ਜਿੰਨੀ ਤੇਜ਼ੀ ਨਾਲ ਸਰਗਰਮ ਹੋਈ ਹੈ ਉਸ ਤੋਂ ਲੱਗਦਾ ਹੈ ਕਿਸੇ ਵੀ ਵੇਲੇ ਦਵਿੰਦਰ ਬੰਬੀਹਾ ਗਰੁੱਪ ਦੇ ਮੈਂਬਰਾਂ ਦੀਆਂ ਗ੍ਰਿਫਤਾਰੀਆਂ ਸੰਭਵ ਹਨ।