Showing posts with label Sushil Dosanjh. Show all posts
Showing posts with label Sushil Dosanjh. Show all posts

Wednesday, February 18, 2026

ਅੱਜ ਦੇ ਸਾਹਿਤ ਨੂੰ ਬੇਨਕਾਬ ਕਰਦਾ "ਹੁਣ"

Sushil Dosanjh on 18th February 2026 at 06:59 Regarding Punjabi Magazine Hun

ਅੰਦਰੂਨੀ ਸੈਂਸਰਸ਼ਿੱਪ ਬਾਹਰੀ ਜਬਰ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੀ ਹੈ

ਜਦੋਂ ਸਾਹਿਤ ਸਵਾਲ ਪੁੱਛਣਾ ਛੱਡ ਦਿੰਦਾ ਹੈ, ਸੱਤਾ ਬੇਖ਼ੌਫ਼ ਹੋ ਜਾਂਦੀ ਹੈ


ਇਸ ਵਾਰ ਦੇ 'ਹੁਣ' ਦੀ ਸੰਪਾਦਕੀ। 

ਸਾਹਿਤ-

ਸੱਤਾ ਅਤੇ ਚੁੱਪ ਦੇ ਖ਼ਿਲਾਫ਼ / ਸੁਸ਼ੀਲ ਦੁਸਾਂਝ


ਜਦੋਂ ਸਾਹਿਤ ਸਵਾਲ ਪੁੱਛਣਾ ਛੱਡ ਦਿੰਦਾ ਹੈ, ਸੱਤਾ ਬੇਖ਼ੌਫ਼ ਹੋ ਜਾਂਦੀ ਹੈ।


‘ਹੁਣ’ ਮਤਲਬ ਹੁਣ; ਇਸੇ ਪਲ।

‘ਹੁਣ’ ਕਿਸੇ ਸਮੇਂ ਦੀ ਉਡੀਕ ਨਹੀਂ ਕਰਦਾ।

‘ਹੁਣ’ ਕਿਸੇ ਸੁਖਦਾਈ ਭਵਿੱਖ ਦਾ ਵਾਅਦਾ ਜਾਂ ਦਾਅਵਾ ਨਹੀਂ।

‘ਹੁਣ’ ਟਾਲਮਟੋਲ ਤੋਂ, ਸਹੂਲਤ ਤੋਂ ਅਤੇ ਖ਼ਾਮੋਸ਼ੀ ਤੋਂ ਸਪਸ਼ਟ ਇਨਕਾਰ ਹੈ।


ਅਸੀਂ ਅੱਜ ਅਜਿਹੇ ਦੌਰ ਵਿੱਚ ਖੜ੍ਹੇ ਹਾਂ ਜਿੱਥੇ ਸ਼ਬਦ ਬਹੁਤ ਹਨ ਪਰ ਸ਼ਬਦਾਂ ਵਿਚੋਂ ਸੇਕ ਗ਼ਾਇਬ ਹੋ ਗਿਆ ਹੈ। ਲਿਖਿਆ ਸਭ ਕੁਝ ਜਾ ਰਿਹਾ ਹੈ ਪਰ ਕਿਹਾ ਸਭ ਕੁਝ ਨਹੀਂ ਜਾ ਰਿਹਾ। ਸਾਹਿਤ ਮੌਜੂਦ ਹੈ, ਪਰ ਇਸ ਦੀ ਧਾਰ ਨਰਮ ਹੋ ਰਹੀ ਹੈ।


‘ਹੁਣ’ ਇਸ ਨਰਮੀ ਦੇ ਖ਼ਿਲਾਫ਼ ਹੈ।


ਅੱਜ ਦਾ ਸਾਹਿਤ ਪੀੜ ਤਾਂ ਲਿਖਦਾ ਹੈ, ਪਰ ਪੀੜ ਪੈਦਾ ਕਰਨ ਵਾਲੇ ਹਾਲਾਤ ਤੋਂ ਅੱਖਾਂ ਮੀਟ ਲੈਂਦਾ ਹੈ। ਕਿਸਾਨ ਦੀ ਤਬਾਹੀ ਲਿਖਤ ਦਾ ਵਿਸ਼ਾ ਬਣਦੀ ਹੈ ਪਰ ਉਹ ਖੇਤੀ ਨੀਤੀਆਂ ਗਾਇਬ ਰਹਿੰਦੀਆਂ ਹਨ ਜੋ ਉਸਨੂੰ ਕਰਜ਼ੇ ਅਤੇ ਬੇਬਸੀ ਵੱਲ ਧੱਕਦੀਆਂ ਹਨ।


ਮਜ਼ਦੂਰ ਮਰਦਾ ਹੈ ਪਰ ਉਹ ਪ੍ਰਣਾਲੀ ਅਦ੍ਰਿਸ਼ ਰਹਿੰਦੀ ਹੈ ਜੋ ਉਸ ਦੀ ਮਿਹਨਤ ਨੂੰ ਸਸਤੇ ਸੌਦੇ ਵਿੱਚ ਤਬਦੀਲ ਕਰ ਦਿੰਦੀ ਹੈ। ਔਰਤ ਦੀ ਪੀੜ ਦਰਜ ਹੁੰਦੀ ਹੈ ਪਰ ਪਿਤ੍ਰਸੱਤਾ ਦੀ ਬਣਤਰ ’ਤੇ ਸਿੱਧਾ ਵਾਰ ਨਹੀਂ ਹੁੰਦਾ।

ਬਹੁਤਾ ਸਾਹਿਤ ਦਰਦ ਨੂੰ ਵਿਅਕਤੀਗਤ ਕਰਦਾ ਹੈ, ਰਾਜਨੀਤਕ ਨਹੀਂ ਬਣਾਉਂਦਾ। ਇਹੀ ਸਹੂਲਤ ਦੀ ਪਹਿਲੀ ਸ਼ਰਤ ਹੈ।


ਸਾਡਾ ਮੰਨਣਾ ਹੈ-

ਜੋ ਸਾਹਿਤ ਕਾਰਨ ਨਹੀਂ ਪੁੱਛਦਾ, ਉਹ ਸੰਵੇਦਨਾ ਨਹੀਂ; ਸਜਾਵਟ ਹੈ।

ਜੋ ਲਿਖਤ ਸੱਤਾ ਦਾ ਨਾਂਅ ਲੈਣ ਤੋਂ ਡਰਦੀ ਹੈ, ਉਹ ਕਲਾ ਨਹੀਂ; ਸਹਿਮਤੀ ਹੈ।


ਅੱਜ ਦੀ ਸੱਤਾ ਹੁਕਮ ਨਹੀਂ ਦਿੰਦੀ; ਉਹ ਮਾਹੌਲ ਬਣਾਉਂਦੀ ਹੈ। ਇਨਾਮ, ਗ੍ਰਾਂਟਾਂ, ਯੂਨੀਵਰਸਿਟੀਆਂ, ਸਿਲੇਬਸ ਅਤੇ ਸਰਕਾਰੀ, ਅਰਧ-ਸਰਕਾਰੀ ਸਾਹਿਤਕ ਤੇ ਸਭਿਆਚਾਰਕ ਅਦਾਰੇ ਮਿਲ ਕੇ ਅਜਿਹਾ ਜਾਲ਼ ਬੁਣਦੇ ਹਨ ਕਿ ਲੇਖਕ ਲਿਖਣ ਤੋਂ ਪਹਿਲਾਂ ਹੀ ਸੋਚਣ ਲੱਗ ਪੈਂਦਾ ਹੈ-

“ਕਿਤੇ ਇਹ ਜ਼ਿਆਦਾ ਤਾਂ ਨਹੀਂ?”

“ਕਿਤੇ ਇਹ ਲਿਖਤ ਮੇਰੇ ਮੌਕੇ ਤਾਂ ਨਹੀਂ ਘਟਾ ਦੇਵੇਗੀ?”

ਇਹ ਸੋਚ ਹੀ ਲੇਖਕ ਲਈ ਸਭ ਤੋਂ ਵੱਡੀ ਜ਼ਿਹਨੀ ਸੈਂਸਰਸ਼ਿੱਪ ਹੈ।

ਅੰਦਰੂਨੀ ਡਰ ਦਾ ਨਤੀਜਾ ‘ਸੁਰੱਖਿਅਤ ਸਾਹਿਤ’ ਹੁੰਦਾ ਹੈ।

ਐਸੀ ਲਿਖਤ ਜੋ ਕਿਸੇ ਨੂੰ ਨਾਰਾਜ਼ ਨਹੀਂ ਕਰਦੀ। ਜੋ ਪਾਠਕ ਨੂੰ ਕੁਝ ਪਲਾਂ ਲਈ ਛੂਹ ਲੈਂਦੀ ਹੈ ਪਰ ਹਿਲਾਉਂਦੀ ਨਹੀਂ, ਜਗਾਉਂਦੀ ਨਹੀਂ।


ਅਸੀਂ ਸਮਝਦੇ ਹਾਂ-

ਅੰਦਰੂਨੀ ਸੈਂਸਰਸ਼ਿੱਪ ਬਾਹਰੀ ਜਬਰ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੀ ਹੈ।

ਜੋ ਸਾਹਿਤ ਆਪਣੇ ਆਪ ਨੂੰ ਆਪ ਹੀ ਨਰਮ ਕਰ ਲੈਂਦਾ ਹੈ, ਉਹ ਸੱਤਾ ਲਈ ਸਭ ਤੋਂ ਸੁਖਾਵਾਂ ਹੁੰਦਾ ਹੈ।


ਨਿਰਪੱਖਤਾ ਕੁਝ ਨਹੀਂ ਹੁੰਦੀ।


ਅੱਜ ‘ਨਿਰਪੱਖਤਾ’ ਦੇ ਨਾਂਅ ਹੇਠ ਚੁੱਪ ਨੂੰ ਨੈਤਿਕਤਾ ਬਣਾਇਆ ਜਾ ਰਿਹਾ ਹੈ ਪਰ ਜਦੋਂ ਸਮਾਜ ਅਨਿਆਂ, ਗ਼ੈਰ-ਬਰਾਬਰੀ ਅਤੇ ਹਿੰਸਾ ਨਾਲ ਭਰਿਆ ਹੋਵੇ, ਉਸ ਵੇਲੇ ਨਿਰਪੱਖ ਰਹਿਣਾ ਇਕ ਪੱਖ ਚੁਣਨਾ ਹੀ ਹੁੰਦਾ ਹੈ ਅਤੇ ਉਹ ਪੱਖ ਸੱਤਾ ਦਾ ਹੁੰਦਾ ਹੈ।

ਦਰਅਸਲ, ਚੁੱਪ ਰਹਿਣਾ ਨਿਰਪੱਖਤਾ ਨਹੀਂ; ਸਾਂਝ ਹੈ।

ਚੁੱਪ ਕੋਈ ਮਾਸੂਮ ਹਾਲਾਤ ਨਹੀਂ।

ਚੁੱਪ ਸੱਤਾ ਦੀ ਸਾਥੀ ਹੁੰਦੀ ਹੈ।


ਇਨਾਮਾਂ ਅਤੇ ਸਨਮਾਨਾਂ ਨੇ ਸਾਹਿਤ ਨੂੰ ਮੰਚ ਤਾਂ ਦਿੱਤਾ ਹੈ ਪਰ ਨਾਲ ਹੀ ਉਸਨੂੰ ਹੱਦਾਂ ਵਿੱਚ ਵੀ ਬੰਨ੍ਹ ਦਿੱਤਾ ਹੈ। ਸਭ ਤੋਂ ‘ਸੁਚੱਜੀ’, ਸਭ ਤੋਂ ‘ਕਬੂਲਯੋਗ’ ਲਿਖਤ ਸਨਮਾਨਿਤ ਹੁੰਦੀ ਹੈ। ਜੋ ਇਸ ਹੱਦ ਨੂੰ ਲੰਘਦਾ ਹੈ, ਉਸਨੂੰ ‘ਵਿਵਾਦਪੂਰਨ’ ਕਹਿ ਕੇ ਟੈਗ ਕਰ ਦਿੱਤਾ ਜਾਂਦਾ ਹੈ ਅਤੇ ਇਹ ਟੈਗ ਹੀ ਸਜ਼ਾ ਬਣ ਜਾਂਦੇ ਹਨ।


ਸਾਹਿਤ ਦੀ ਕਦਰ ਇਨਾਮਾਂ ਨਾਲ ਨਹੀਂ, ਉਸ ਵਿਚਲੇ ਲੋਕ-ਸਰੋਕਾਰਾਂ ਨਾਲ ਹੁੰਦੀ ਹੈ।


ਸਾਹਿਤ ਸਿਰਫ਼ ਅਨੰਦ ਹੀ ਨਹੀਂ।

ਸਾਹਿਤ ਉਹ ਹੈ ਜੋ ਅਸਹਿਜ ਕਰੇ, ਬੇਚੈਨ ਕਰੇ।

ਜੋ ਤਾੜੀਆਂ ਨਹੀਂ, ਸਵਾਲ ਪੈਦਾ ਕਰੇ।

ਜੋ ਸੱਤਾ ਨੂੰ ਸਿਰਫ਼ ਸ਼ੀਸ਼ਾ ਨਹੀਂ, ਅੱਗ ਵੀ ਦਿਖਾਏ।

ਸਾਹਿਤ ਦਾ ਕੰਮ ਹਾਲਾਤ ਨੂੰ ‘ਜਿਵੇਂ ਨੇ’ ਤਿਵੇਂ ਦਿਖਾਉਣਾ ਨਹੀਂ।

ਸਾਹਿਤ ਦਾ ਕੰਮ ਪੁੱਛਣਾ ਹੈ; ਹਾਲਾਤ ਐਸੇ ਕਿਉਂ ਹਨ?

ਜਦੋਂ ਸਾਹਿਤ ਇਹ ਸਵਾਲ ਛੱਡ ਦਿੰਦਾ ਹੈ, ਉਹ ਆਪਣੀ ਇਤਿਹਾਸਕ ਜ਼ਿੰਮੇਵਾਰੀ ਗੁਆ ਬੈਠਦਾ ਹੈ।


ਸਾਹਿਤ ਜਾਂ ਤਾਂ ਖ਼ਿਲਾਫ਼ਤ ਹੋਵੇਗਾ-

ਜਾਂ ਸਜਾਵਟ ਅਤੇ ਦਿਖਾਵਟ।

ਦਰਮਿਆਨ ਕੁਝ ਨਹੀਂ।


ਇਸ ਲਈ-

‘ਹੁਣ’ ਲੇਖਕਾਂ ਨੂੰ ਨਹੀਂ, ਲਿਖਤ ਨੂੰ ਸੱਦਾ ਦਿੰਦਾ ਹੈ।

ਉਹ ਲਿਖਤ ਜੋ ਸੁਰੱਖਿਅਤ ਨਹੀਂ।

ਉਹ ਲਿਖਤ ਜੋ ਸੰਤੁਲਿਤ ਨਹੀਂ।

ਉਹ ਲਿਖਤ ਜੋ ਡਰਦੀ ਨਹੀਂ।


ਪਾਠਕ ਦਾ ਕੰਮ ਵੀ ਸਿਰਫ਼ ਦਰਸ਼ਕ ਬਣਨਾ ਨਹੀਂ।

ਅਸੀਂ ਪਾਠਕਾਂ ਨੂੰ ਵੀ ਸੱਦਾ ਦਿੰਦੇ ਹਾਂ-

ਸਿਰਫ਼ ਪੜ੍ਹੋ ਨਹੀਂ, ਟਕਰਾਓ।

ਉਸ ਸਾਹਿਤ ਨੂੰ ਰੱਦ ਕਰੋ ਜੋ ਤੁਹਾਨੂੰ ਮੱਠੀ-ਮੱਠੀ ਨੀਂਦ ਵੱਲ ਲੈ ਕੇ ਜਾਂਦਾ ਹੈ।

ਉਸ ਲਿਖਤ ਨਾਲ ਖੜ੍ਹੇ ਹੋਵੋ ਜੋ ਤੁਹਾਨੂੰ ਬੇਚੈਨ ਕਰਦੀ ਹੈ।


ਅਸੀਂ ਕੱਲ੍ਹ ਦੀ ਉਡੀਕ ਨਹੀਂ ਕਰਾਂਗੇ।

ਸੱਚ ਕੱਲ੍ਹ ਨਹੀਂ ਲਿਖਿਆ ਜਾਂਦਾ।

ਸੱਚ ਹੁਣ ਲਿਖਿਆ ਜਾਂਦਾ ਹੈ।

ਅਸੀਂ ਇਹ ਗੱਲ ਇਸ ਯਕੀਨ ਨਾਲ ਕਹਿ ਰਹੇ ਹਾਂ-

ਜਿਸ ਦਿਨ ਸਾਹਿਤ ਨੇ ਸਵਾਲ ਪੁੱਛਣ ਛੱਡ ਦਿੱਤੇ, ਉਸ ਦਿਨ ਤੋਂ ਸਮਾਜ ਨੇ ਆਪਣੀ ਆਵਾਜ਼ ਗੁਆ ਬੈਠਣੀ ਹੈ।

ਅਤੇ ਜਦੋਂ ਸਾਹਿਤ ਚੁੱਪ ਹੋ ਜਾਂਦਾ ਹੈ, ਸੱਤਾ ਬੇਖ਼ੌਫ਼ ਹੋ ਜਾਂਦੀ ਹੈ।

ਬੇਖ਼ੌਫ਼ ਸੱਤਾ ਮਨੁੱਖੀ ਸਮਾਜ ਲਈ ਸਭ ਤੋਂ ਵੱਡਾ ਖ਼ਤਰਾ ਹੁੰਦੀ ਹੈ।


ਸੋ-

ਹੁਣ ਚੁੱਪ ਦੀ ਰਾਤ ਨਹੀਂ, ਸਵਾਲਾਂ ਦੀ ਸਵੇਰ ਹੈ।

ਹੁਣ ਸਹੂਲਤ ਜਾਂ ਸਮਝੌਤਾ ਨਹੀਂ, ਸੱਚ ਦੀ ਜ਼ਿੰਮੇਵਾਰੀ ਹੈ।

ਹੁਣ ਦੇ ਲਫ਼ਜ਼ ਸਜਾਵਟ ਨਹੀਂ; ਵਿਰੋਧ ਦਾ ਹਥਿਆਰ ਹਨ।


ਸਾਹਿਤ ਸਵਾਦ ਨਹੀਂ।

ਸਾਹਿਤ ਸੱਤਾ ਲਈ ਵੰਗਾਰ ਹੈ।