Showing posts with label Sewa Singh Sekhwan. Show all posts
Showing posts with label Sewa Singh Sekhwan. Show all posts

Tuesday, October 12, 2021

ਦੋ ਦਿਨਾਂ ਲਈ ਪੰਜਾਬ ਆਏ ਆਮ ਆਦਮੀ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ

12th October 2021 at 6:56 PM

ਮਰਹੂਮ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਪਰਿਵਾਰ ਨਾਲ ਦੁੱਖ ਵੰਡਾਇਆ

ਅੰਮ੍ਰਿਤਸਰ ਏਅਰ ਪੋਰਟ ਤੋਂ ਸਿੱਧਾ ਪਿੰਡ ਸੇਖਵਾਂ ਪੁੱਜੇ 

ਫਿਰ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਜਲੰਧਰ ਰਵਾਨਾ ਹੋਏ 


ਅੰਮ੍ਰਿਤਸਰ/ਬਟਾਲਾ: 12 ਅਕਤੂਬਰ 2021: (ਗੁਰਦੇਵ ਸਿੰਘ ਬਾਠ//ਪੰਜਾਬ ਸਕਰੀਨ)::

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਦੋ ਦਿਨਾਂ ਪੰਜਾਬ ਦੌਰੇ ’ਤੇ ਪੁੱਜੇ। ਕੇਜਰੀਵਾਲ ਦਿੱਲੀ ਤੋਂ ਆਮ ਘਰੇਲੂ ਉਡਾਣ ਰਾਹੀਂ ਬਾਅਦ ਦੁਪਿਹਰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪਹੁੰਚੇ ਸਨ। ਹਵਾਈ ਅੱਡੇ ’ਤੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ (ਦੋਵੇਂ ਦਿੱਲੀ ਤੋਂ ਵਿਧਾਇਕ), ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਹੋਰ ਸਥਾਨਕ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਦਾ ਸਵਾਗਤ ਕਰਨ ਉਚੇਚੇ ਤੌਰ ’ਤੇ ਪਹੁੰਚੇ। ਇੱਥੋਂ ਹੀ ਕੇਜਰੀਵਾਲ ਅਤੇ ਬਾਕੀ ਆਗੂਆਂ ਦੀਆਂ ਗੱਡੀਆਂ ਦਾ ਕਾਫ਼ਲਾ ਮਰਹੂਮ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਪਿੰਡ ਸੇਖਵਾਂ (ਬਟਾਲਾ) ਲਈ ਰਵਾਨਾ ਹੋ ਗਿਆ ਹੈ।

ਸੇਖਵਾਂ ਪਿੰਡ ਪਹੁੰਚ ਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਬਾਕੀ ਆਗੂਆਂ ਨੇ ਮਰਹੂਮ ਜਥੇਦਾਰ ਸੇਖਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਥੇਦਾਰ ਸੇਖਵਾਂ ਦੀ ਧਰਮ ਪਤਨੀ ਸਰਦਾਰਨੀ ਅਮਰਜੀਤ ਕੌਰ, ਬੇਟੇ ਅਤੇ ਪਾਰਟੀ ਦੇ ਕਾਦੀਆਂ ਵਿਧਾਨ ਸਭਾ ਹਲਕਾ ੇ ਇੰਚਾਰਜ ਜਗਰੂਪ ਸਿੰਘ ਸੇਖਵਾਂ ਅਤੇ ਛੋਟੇ ਬੇਟੇ ਮਹਿਰਾਜ ਸਿੰਘ ਨੂੰ ਦਿਲਾਸਾ ਦਿੱਤਾ ਅਤੇ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਹੌਸਲਾ ਦਿੱਤਾ।

ਸੇਖਵਾਂ ਵਿਖੇ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਗ੍ਰਹਿ ਸਥਾਨ ’ਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਸਮੁੱਚਾ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਇਆ ਸੀ, ਅੱਜ ਉਸੇ ਘਰ ਅਫ਼ਸੋਸ ਪ੍ਰਗਟ ਕਰਨ ਆਉਣਾ ਦੁਖਦਾਇਕ ਹੈ। ਕੇਜਰੀਵਾਲ ਨੇ ਕਿਹਾ, ‘‘ਜਥੇਦਾਰ ਸੇਖਵਾਂ ਪੇਟ ਦੀ ਬਿਮਾਰੀ ਤੋਂ ਪੀੜ੍ਹਤ ਸਨ। ਜਿਸ ਦੇ ਇਲਾਜ ਲਈ ਦਿੱਲੀ ਦੇ ਹਸਪਤਾਲ ’ਚ ਵੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਉਸ ਸਖ਼ਸ਼ੀਅਤ ਨੂੰ ਬਚਾਇਆ ਨਾ ਜਾ ਸਕਿਆ, ਜਿਸ ਨੇ ਪੰਜਾਬ, ਪੰਥ ਅਤੇ ਸਮਾਜ ਦੀ ਸੇਵਾ ’ਚ ਭਾਰੀ ਯੋਗਦਾਨ ਪਾਇਆ।’’ ਇਸ ਮੌਕੇ ਸਥਾਨਕ ਆਗੂਆਂ ਵਿੱਚ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਬਾਹਲਾ, ਬਟਾਲਾ ਤੋਂ ਹਲਕਾ ਇੰਚਾਰਜ ਸੈਰੀ ਕਲਸੀ, ਫਤਿਹਗੜ੍ਹ ਚੂੜੀਆਂ ਤੋਂ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਅਤੇ ਹੋਰ ਆਗੂ ਹਾਜਰ ਸਨ। 

ਜ਼ਿਕਰਯੋਗ ਹੈ ਕਿ ਜਥੇਦਾਰ ਸੇਵਾ ਸਿੰੰਘ ਸੇਖਵਾਂ 6 ਅਕਤੂਬਰ ਨੂੰ ਲੰਮੀ ਬਿਮਾਰੀ ਨਾਲ ਜੂਝਦਿਆਂ ਅਕਾਲ ਚਲਾਣਾ ਕਰ ਗਏ ਸਨ। ਇਸ ਤੋਂ ਪਹਿਲਾਂ ਲੰਘੀ 26 ਅਗਸਤ ਨੂੰ ਅਰਵਿੰਦ ਕੇਜਰੀਵਾਲ ਬਿਮਾਰ ਪਏ ਜਥੇਦਾਰ ਸੇਖਵਾਂ ਦਾ ਦਿੱਲੀ ਤੋਂ ਉਚੇਚੇ ਤੌਰ ’ਤੇ ਹਾਲ ਚਾਲ ਜਾਨਣ ਲਈ ਪੁੱਜੇ ਸਨ। ਉਸੇ ਵਕਤ ਜਥੇਦਾਰ ਸੇਖਵਾਂ ਅਤੇ ਉਨ੍ਹਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੇ ਆਮ ਆਦਮੀ ਪਾਰਟੀ ਰਸਮੀ ਤੌਰ ’ਤੇ ਸ਼ਾਮਲ ਹੋ ਗਏ ਸਨ। 

ਇਸ ਉਪਰੰਤ ਕੇਜਰੀਵਾਲ ਜਲੰਧਰ ਲਈ ਰਵਾਨਾ ਹੋ ਗਏ, ਜਿਥੇ ਉਹ ਵਿਸ਼ਵ ਪ੍ਰਸਿੱਧ ਦੇਵੀ ਤਲਾਬ ਮੰਦਰ ’ਚ ਨਵਰਾਤਰਿਆਂ ਦੇ ਪਵਿੱਤਰ ਮੌਕੇ ’ਤੇ ਮਾਤਾ ਰਾਣੀ ਅੱਗੇ ਸੀਸ ਝੁਕਾਉਂਦੇ ਹੋਏ ਪੰਜਾਬ ਦੀ ਖੁਸ਼ਹਾਲੀ ਲਈ ਕਾਮਨਾ ਕਰਨਗੇ।


Wednesday, October 06, 2021

ਵੱਡੇ ਵੀਰ ਸੇਵਾ ਸਿੰਘ ਸੇਖਵਾਂ ਦਾ ਵਿਛੋੜਾ ਦਰਦੀਲੇ ਅਹਿਸਾਸ ਜਿਹਾ

6th October 2021 at 09:10 PM WhatsApp

ਉਹ ਅਦਬ ਨਵਾਜ਼ ਦੋਸਤ ਸੀ....

ਲੁਧਿਆਣਾ: 6 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ):: 

ਨਹੀਂ ਰਹੇ ਸੇਵਾ ਸਿੰਘ ਸੇਖਵਾਂ 

ਅਦਬ ਨਾਲ ਜੁੜੀ ਕੋਈ ਵੀ ਗੱਲ ਹੋਵੇ, ਕੋਈ ਵੀ ਖੁਸ਼ਖਬਰੀ ਜਾਂ ਕੋਈ ਵੀ ਸਦਮਾ ਸਭ ਤੋਂ ਪਹਿਲਾਂ ਪੰਜਾਬੀ ਪਾਠਕਾਂ ਤੱਕ ਪਹੁੰਚਦੀ ਹੈ ਵੱਡੀ ਉਮਰ ਦੇ ਬਾਵਜੂਦ ਸਰਗਰਮ ਰਹਿਣ  ਵਾਲੇ ਮਾਣਯੋਗ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਕੋਲੋਂ। ਅੱਜ ਆਈ ਹੈ ਮਾੜੀ ਖਬਰ। ਇੱਕ ਸਦਮੇ ਦੀ ਖਬਰ। ਲਓ ਪੜ੍ਹੋ ਉਹਨਾਂ ਦੀ ਹੀ ਜ਼ੁਬਾਨੀ:ਸੰਪਾਦਕ

ਜੇ ਉਹ ਸਿਰਫ਼ ਸਿਆਸਤਦਾਨ ਹੁੰਦਾ ਤਾ ਮੈਂ ਏਨਾ ਉਦਾਸ ਨਹੀਂ ਸੀ ਹੋਣਾ ਜਿੰਨਾ ਇਹ ਖ਼ਬਰ ਸੁਣ ਕੇ ਹੋਇਆਂ ਕਿ ਵੱਡਾ ਵੀਰ ਸੇਵਾ ਸਿੰਘ ਸੇਖਵਾਂ ਨਹੀਂ ਰਿਹਾ। 

ਉਹ ਅਦਬ ਨਵਾਜ਼ ਦੋਸਤ ਸੀ। ਸਿਆਸਤ ਦੇ ਨਾਲ ਨਾਲ ਮੂਲ ਸਮੱਸਿਆਵਾਂ ਤੇ ਉਂਗਲ ਧਰਨ ਵਾਲਾ। 

ਮੈਨੂੰ ਚੇਤੇ ਹੈ ਉਹ ਵਕਤ ਜਦ ਦਿੱਲੀ ਕਤਲੇਆਮ ਦੇ ਮਾਰੇ ਲੋਕਾਂ ਚੋਂ ਕੁਝ ਪਰਿਵਾਰ ਬਚ ਕੇ ਪੰਜਾਬ ਆਏ ਸਨ। ਪਿੰਡ ਪਿੰਡ ਸ਼ਹਿਰ ਸ਼ਹਿਰ ਇਨ੍ਹਾਂ ਲੋਕਾਂ ਲਈ ਹਮਦਰਦੀ ਤਾਂ ਸੀ ਪਰ  ਬੱਝਵੀਂ ਕੋਸ਼ਿਸ਼ ਨਹੀਂ ਸੀ। 

ਸੇਵਾ ਸਿੰਘ ਦੇ ਸਤਿਕਾਰਯੋਗ ਬਾਪੂ ਜੀ ਜਥੇਦਾਰ ਉਜਾਗਰ ਸਿੰਘ ਸੇਖਵਾਂ ਸ਼ਾਇਦ ਉਦੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਨ। ਉਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਰਿਲੀਫ਼ ਕੈਂਪ ਲਗਵਾ ਰਹੇ ਸਨ। 

ਲੁਧਿਆਣਾ ਦੇ ਜੀ ਜੀ ਐੱਨ ਖ਼ਾਲਸਾ ਕਾਲਿਜ ਚ ਕਾਲਿਜ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਜੀਤ ਸਿੰਘ ਜੀ ਦੀ ਅਗਵਾਈ ਹੇਠ ਸਫ਼ਲ ਕੈਂਪ ਚੱਲ ਰਿਹਾ ਸੀ। ਮੈਂ ਵੀ ਇਸ ਕੈਂਪ ਚ ਕੁਝ ਘੰਟੇ ਹਰ ਰੋਜ਼ ਗੁਜ਼ਾਰਦਾ। ਦਰਦਾਂ ਦੇ ਵਹਿਣ ਸਨ। ਹਰ ਬੰਦੇ ਦੀ ਅਜੀਬ ਦਰਦੀਲੀ ਦਾਸਤਾਨ। ਇਸ ਕੈਂਪ ਨੂੰ ਵੇਖਣ ਲਈ ਜਥੇਦਾਰ ਉਜਾਗਰ ਸਿੰਘ ਸੇਖਵਾਂ ਜੀ ਆਏ। ਸਬੱਬ ਨਾਲ ਮੈਂ ਉਥੇ ਸਾਂ। ਉਨ੍ਹਾਂ ਦੀਆਂ ਦੋ ਗੱਲਾਂ ਹੁਣ ਵੀ ਚੇਤੇ ਹਨ। ਪਹਿਲੀ ਇਹ ਕਿ ਇਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਲਈ ਯੋਗ ਪ੍ਰਬੰਧ ਕੀਤਾ ਜਾਵੇ। ਦੂਸਰਾ ਇਹ ਕਿ ਵਪਾਰਕ ਬਿਰਤੀ ਵਾਲੇ ਸ਼ਹਿਰੀਆਂ ਨੂੰ ਹੱਥ ਜੋੜੇ ਜਾਣ ਕਿ ਉੱਜੜ ਕੇ ਆਇਆਂ ਨੂੰ ਨਾ ਲੁੱਟੋ। ਪਲਾਟਾਂ ਦੇ ਰੇਟ ਦੁਗਣੇ ਤਿਗਣੇ ਨਾ ਕਰੋ। 

ਜਦ ਤੀਕ ਉਹ ਸਿਆਸਤ ਚ ਸਰਗਰਮ ਰਹੇ, ਸ: ਸੇਵਾ ਸਿੰਘ ਦਾ ਨਾਮ ਕਦੇ ਸਿਆਸੀ ਗਲਿਆਰਿਆਂ ਚ ਨਹੀਂ ਸੀ ਸੁਣਿਆ। ਉਹ ਦਲਿਤ ਤੇ ਘੱਟ ਗਿਣਤੀ ਫਰੰਟ ਬਣਾ ਕੇ ਕਮਜ਼ੋਰ ਲੋਕਾਂ ਦੀ ਧਿਰ ਬਣੇ। ਜਦ ਉਹ ਅੱਖਾਂ ਮੀਟ ਗਏ ਤਾਂ ਸੇਵਾ ਸਿੰਘ ਉਨ੍ਹਾਂ ਦੀ ਸਿਆਸੀ ਵਿਰਾਸਤ ਦਾ ਪਹਿਰੇਦਾਰ ਬਣਿਆ। 

ਦੋ ਵਾਰ ਵਿਧਾਇਕ ਤੇ ਵਜ਼ੀਰ ਬਣਿਆ। 

ਪਹਿਲੀ ਵਾਰ ਵਜ਼ੀਰ ਵੀ ਮਾਲ ਮਹਿਕਮੇ ਦਾ। ਉਸ ਨੂੰ ਲੁਧਿਆਣਾ ਆਉਣ ਤੇ ਕਈ ਵਾਰ ਯੂਨੀਵਰਸਿਟੀ ਚ ਮਿਲਣ ਦਾ ਇਤਫ਼ਾਕ ਹੋਇਆ। ਇੱਕ ਵਾਰ ਉਰਦੂ ਸ਼ਾਇਰ ਜਨਾਬ ਕ੍ਰਿਸ਼ਨ ਅਦੀਬ ਦੀਆਂ ਸੜਕ ਹਾਦਸੇ ਚ ਲੱਤਾਂ ਟੁੱਟ ਗਈਆਂ। ਅਸਾਂ ਕੁਝ ਦੋਸਤਾਂ ਸੇਵਾ ਸਿੰਘ ਨੂੰ ਬੇਨਤੀ ਕੀਤੀ ਕਿ ਉਸ ਦੇ ਘਰ ਜਾ ਕੇ ਖ਼ਬਰ ਲਈ ਜਾਵੇ। ਉਹ ਉਸੇ ਪਲ ਤਿਆਰ ਹੋ ਗਏ। ਅਦੀਬ ਸਾਹਿਬ ਨੂੰ ਹੌਸਲਾ ਤਾਂ ਦਿੱਤਾ ਹੀ, ਕੁਝ ਆਰਥਿਕ ਮਦਦ ਵੀ। 

ਦੂਜੀ ਵਾਰ ਜਦ ਉਹ ਸਿੱਖਿਆ ਤੇ ਭਾਸ਼ਾ ਮੰਤਰੀ ਬਣੇ ਤਾਂ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਯੂਨੀ: ਨੂੰ ਪੁੱਛਣ ਲੱਗੇ, ਮੈਂ ਨਵਾਂ ਕੀ ਕਰ ਸਕਦਾਂ?

ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਤੇ ਭਾਸ਼ਾ ਨੀਤੀ ਬਣਾਉ। ਪੰਜਾਬ ਨੂੰ ਪੰਜਾਬ ਮਿਲਾਉ। ਮੈਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਬਣਿਆ ਤਾਂ ਪੰਜਾਬ ਲਾਇਬਰੇਰੀ ਐਕਟ ਬਣਾਉਣ ਦੀ ਗੱਲ ਛੋਹੀ। ਅਖ਼ਬਾਰ ਚ ਸਾਡੀ ਖ਼ਬਰ ਪੜ੍ਹ ਕੇ ਮੈਨੂੰ ਟੈਲੀਫੋਨ ਆਇਆ। ਇਸ ਦੀ ਕਮੇਟੀ ਬਣਾਉਣ ਦਾ ਸੁਝਾਅ ਦਿਉ।

ਸਿੱਖਿਆ ਤੇ ਭਾਸ਼ਾ ਨੀਤੀ ਦੇ ਚੇਅਰਮੈਨ ਡਾ: ਐੱਸ ਪੀ ਸਿੰਘ ਬਣਾਏ ਤੇ ਲਾਇਬਰੇਰੀ ਐਕਟ ਕਮੇਟੀ ਦੇ ਕਨਵੀਨਰ ਡਾ: ਦਲਬੀਰ ਸਿੰਘ ਢਿੱਲੋਂ ਬਣਾਏ। ਉਹ ਉਦੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਸਨ। ਡਾ: ਜਗਤਾਰ ਸਿੰਘ, ਸਤਨਾਮ ਸਿੰਘ ਮਾਣਕ ਤੇ ਮੇਰੇ ਸਮੇਤ ਕੁਝ ਮੈਂਬਰ ਹੋਰ ਸਨ। ਉਹ ਕਈ ਵਾਰ ਆਪ ਵੀ ਮੀਟਿੰਗ ਚ ਆ ਜਾਂਦੇ।

ਦੋਹਾਂ ਕਮੇਟੀਆਂ ਨੇ ਰੀਪੋਰਟਾਂ ਤਿਆਰ ਕਰ ਦਿੱਤੀਆਂ ਤਾਂ ਉਨ੍ਹਾਂ  ਦਾ ਚਾਅ ਨਾ ਚੁੱਕਿਆ ਜਾਵੇ। 

ਸਾਰੇ ਮੈਂਬਰ ਬੁਲਾ ਕੇ ਦੋਵੇਂ ਰੀਪੋਰਟਾਂ ਮੁਕੰਮਲ ਹੋਣ ਬਾਰੇ ਸਰਕਟ ਹਾਊਸ ਜਲੰਧਰ ਚ ਮੀਡੀਆ ਨੂੰ ਦੱਸੀਆਂ। ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਜੀ ਤੋਂ ਕੈਬਨਿਟ ਚ ਪੇਸ਼ ਕਰਨ ਦੀ ਸਿਧਾਂਤਕ ਪ੍ਰਵਾਨਗੀ ਵੀ ਲੈ ਲਈ। ਪਰ 2012 ਦੀਆਂ ਚੋਣਾਂ ਦਾ ਐਲਾਨ ਹੋਣ ਕਾਰਨ ਰੀਪੋਰਟਾਂ ਨੂੰ ਅਚਿੰਤੇ ਬਾਜ਼ ਝਪਟ ਗਏ। 

ਉਹ ਚੋਣ ਹਾਰ ਗਏ। ਮਗਰੋਂ ਨਵੀਆਂ ਗੁੱਡੀਆਂ ਨਵੇਂ ਪਟੋਲੇ। ਅਗਲੇ ਮੰਤਰੀ ਨੂੰ ਰੀਪੋਰਟਸ ਦਾ ਚੇਤਾ ਕਰਵਾਇਆ ਤਾਂ ਉਸ ਉੱਤਰ ਮੋੜਿਆ, ਹੋਰ ਸੇਵਾ ਦੱਸੋ, ਮੈਂ ਉਹਦੇ ਕਾਗ਼ਜ਼ਾਂ ਨੂੰ ਚਿਮਟੇ ਨਾਲ ਵੀ ਨਹੀਂ ਚੁੱਕਣਾ। 

ਹੁਣ ਤੀਕ ਉਨ੍ਹਾਂ ਰੀਪੋਰਟਸ ਤੇ ਕਿੱਲੋ ਕਿੱਲੋ ਮਿੱਟੀ ਤਾਂ ਚੜ੍ਹ ਹੀ ਗਈ ਹੋਵੇਗੀ। 

ਕੱਲ੍ਹ ਸ਼ਾਮੀਂ ਹੀ ਮੈਂ ਤੇ ਡਾ: ਐੱਸ ਪੀ ਸਿੰਘ ਦੋਵੇਂ ਉਨ੍ਹਾਂ ਰੀਪੋਰਟਸ ਬਹਾਨੇ ਸੇਵਾ ਸਿੰਘ ਨੂੰ ਚੇਤੇ ਕਰ ਰਹੇ ਸਾਂ ਕਿ ਹੁਣ  ਇਹ ਖ਼ਬਰ ਆ ਗਈ। 

ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ: ਸ਼ਿੰਗਾਰਾ ਸਿੰਘ ਭੁੱਲਰ ਨਾਲ ਉਨ੍ਹਾਂ ਦਾ ਗੂੜ੍ਹਾ ਮੁਹੱਬਤੀ ਰਿਸ਼ਤਾ ਸੀ। ਭੁੱਲਰ ਸਾਹਿਬ ਦੇ ਵਿਛੋੜੇ ਤੇ ਮੈਂ  ਉਨ੍ਹਾਂ ਨੂੰ ਬੱਚਿਆਂ ਵਾਂਗ ਡੁਸਕਦੇ ਵੇਖਿਆ ਹੈ। 

ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦਾ ਉਦਘਾਟਨ ਵੀ ਸ: ਸੇਵਾ ਸਿੰਘ ਸੇਖਵਾਂ ਨੇ ਹੀ ਕੀਤਾ ਸੀ 2011 ਵਿੱਚ। 

ਗੁਰਦਾਸਪੁਰੋਂ ਪਰਤਦਿਆ ਇੱਕ ਵਾਰ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਤੇ ਮੈਂ ਪਿੰਡ ਸੇਖਵਾਂ ਵਿੱਚੋਂ ਦੀ ਹੋ ਕੇ ਲੁਧਿਆਣੇ ਆਏ ਸਾਂ। ਸ: ਸੇਵਾ ਸਿੰਘ ਸੇਖਵਾਂ ਨਾਲ ਉਨ੍ਹਾਂ ਦੇ ਘਰ ਵਿੱਚ ਗੁਜ਼ਾਰੇ ਕੁਝ ਪਲ ਸਾਡੀ ਸਦੀਵੀ ਅਮਾਨਤ ਹਨ। 

ਸ: ਸੇਵਾ ਸਿੰਘ ਸੇਖਵਾਂ ਨੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਸੰਪੂਰਨ ਕਰਨ ਵਿੱਚ ਪੰਜਾਬ ਸਰਕਾਰ ਤੋਂ 1.80 ਲੱਖ ਦੀ ਗਰਾਂਟ ਲਿਆਂਦੀ ਤਾਂ ਕਿਸੇ ਨੂੰ ਵੀ ਯਕੀਨ ਨਹੀਂ ਸੀ ਪੈਸਾ ਰਿਲੀਜ਼ ਹੋਵੇਗਾ। ਪੈਸਾ ਵੀ ਰਿਲੀਜ਼ ਹੋਇਆ ,ਲੱਗਿਆ ਵੀ ,ਪਰ ਉਹ ਇਸ ਨੂੰ ਮਾਣ ਨਾ ਸਕੇ। 

ਕੁਰਸੀ ਨੂੰ ਸਲਾਮਾਂ ਨੇ। ਡੁੱਬਦੇ ਸੂਰਜ ਨੂੰ ਕੌਣ ਅਰਘ ਚੜ੍ਹਾਉਂਦਾ ਹੈ। 

ਸਿਆਸੀ ਤੌਰ ਤੇ ਉਹ ਕੀ ਸੀ, ਕਿਉਂ ਸੀ, ਕਿਹੋ ਜਿਹਾ ਸੀ, ਮੈਂ ਇਸ ਗੱਲ ਚ ਨਹੀਂ ਪੈਣਾ, ਵੱਡਾ ਵੀਰ ਸੇਵਾ ਸਿੰਘ ਸਿਰ ਤੋਂ ਪੈਰਾਂ ਤੀਕ ਮੁਹੱਬਤੀ ਰੂਹ ਸੀ। ਇਸ ਨਸਲ ਦੇ ਬੰਦੇ ਮੁੱਕਦੇ ਜਾਂਦੇ ਨੇ। 

ਅਲਵਿਦਾ ਵੀਰੇ, ਅਲਵਿਦਾ। 

ਗੁਰਭਜਨ ਗਿੱਲ

ਛੇ ਅਕਤੂਬਰ, 2021