Showing posts with label Kamlesh Gupta. Show all posts
Showing posts with label Kamlesh Gupta. Show all posts

Friday, August 10, 2018

ਘੁਣ ਵਾਂਗ ਖਾ ਰਹੇ ਨਸ਼ੇ ਬਾਰੇ ਯੂਥ ਫੈਸਟੀਵਲ ਵਿੱਚ ਚਿੰਤਾ ਪ੍ਰਗਟਾਈ

ਸੈਕਰਡ ਹਾਰਟ ਸਕੂਲ 'ਚ ‘ਅੰਤਰ-ਰਾਸ਼ਟਰੀ ਨੌਜਵਾਨ ਦਿਵਸ ਦਾ ਆਯੋਜਨ’
ਲੁਧਿਆਣਾ: 10 ਅਗਸਤ 2018: (ਪੰਜਾਬ ਸਕਰੀਨ ਬਿਊਰੋ):: 
ਪੰਜਾਬ ਵਿੱਚ ਵੱਧ ਰਹੀ ਨਸ਼ਿਆਂ ਦੀ ਮਾਰ ਅੱਜ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਯੂਥ ਫੈਸਟੀਵਲ ਵਿੱਚ ਵੀ ਚਿੰਤਾ ਦਾ ਵਿਸ਼ਾ ਬਣੀ ਰਹੀ। ਅੱਜ ਇਸ ਯੂਥ ਫੈਸਟੀਵਲ ਦੌਰਾਨ ਪਰਸਿੱਧ ਐਂਕਰ ਅਤੇ ਸਾਬਕਾ ਟੀਵੀ ਐਨਾਉਂਸਰ ਮੈਡਮ ਕਮਲੇਸ਼ ਗੁਪਤਾ ਮੁਖ ਬੁਲਾਰੇ ਵੱਜੋਂ ਸ਼ਾਮਲ ਹੋਏ। ਰਾਜਸਥਾਨ ਤੋਂ ਲੈ ਕੇ ਪੰਜਾਬ ਤੱਕ ਆਪਣੀ ਸੰਗੀਤਮਈ ਅਤੇ ਸ਼ਾਇਰਾਂ ਐਂਕਰਿੰਗ ਦੀਆਂ ਧੁੰਮਾਂ ਪਾਉਣ ਵਾਲੀ ਮੈਡਮ ਕਮਲੇਸ਼ ਗੁਪਤਾ ਨੇ ਜਾਵੇਦ ਅਖਤਰ ਸਾਹਿਬ ਵਰਗੀਆਂ ਸ਼ਖਸੀਅਤਾਂ ਦੀ ਮੌਜੂਦਗੀ ਵਾਲੇ ਸਮਾਗਮਾਂ ਦਾ ਸਫਲ ਸੰਚਾਲਨ ਕੀਤਾ ਹੋਇਆ ਹੈ। ਇਸ ਲਈ ਅੱਜ ਦੇ ਯੂਥ ਫੈਸਟੀਵਲ ਵਿੱਚ ਵਿਦਿਆਰਥੀ ਵਰਗ ਨੂੰ ਕਮਲੇਸ਼ ਗੁਪਤਾ ਦੀ ਉਡੀਕ ਬਹੁਤ ਹੀ ਬੇਸਬਰੀ ਨਾਲ ਸੀ। ਅੱਜ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਬੀ.ਆਰ,ਐੱਸ. ਨਗਰ, ਲੁਧਿਆਣਾ ਵਿਖੇ ਅੰਤਰ-ਰਾਸ਼ਟਰੀ ਨੌਜਵਾਨ ਦਿਵਸ,2018 ਦੇ ਸੰਬੰਧ ਵਿੱਚ ‘ਕਦਮ ਵਧਾਓ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸਦੇ ਚਲਦੇ 9 ਅਗਸਤ ਅਤੇ 10 ਅਗਸਤ, 2018 ਨੂੰ ‘ਸੇਫ ਸਪੇਸਿਸ ਫਾਰ ਯੂਥ’ ਵਿਸ਼ੇ ਅਧੀਨ ਵਿਦਿਆਰਥੀਆਂ ਦੁਆਰਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਤੇ ਮਾਪਿਆਂ ਦੁਆਰਾ ਹਸਤਾਖਰ ਕੀਤੇ ਪਲੇਜ਼ ਨੂੰ ਰੂ-ਬ-ਰੂ ਕਰਦਿਆਂ , ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੇ ਸੰਦੇਸ਼ ਵਿੱਚ ਸਕੂਲ ਦੀ ਹੈੱਡ ਵਿਦਿਆਰਥਣ ਦੁਆਰਾ ਭਾਸ਼ਣ ਦਿੱਤਾ ਗਿਆ ਅਤੇ ਨਾਲ ਹੀ ਇਸੇ ਵਿਸ਼ੇ ਦੀ ਝਲਕ ਪੇਸ਼ ਕਰਦਾ ਸੰਗੀਤਕ ਨਾਟਕ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਪ੍ਰਸਿੱਧ ਐਂਕਰ ਅਤੇ ਭਾਸ਼ਣ ਕਾਰ ਸ੍ਰੀਮਤੀ ਕਮਲੇਸ਼ ਗੁਪਤਾ ਵੱਲੋਂ ‘ਪਿਲਜ਼ ਦੇਟ ਕਿਲਜ਼’ ’ਤੇ ਦਿਲਾਂ ਤੇ ਛਾਪ ਛੱਡਦੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਗਏ।ਸਕੂਲ ਦੇ ਡਾਇਰੈਕਟਰ ਸਤਿਕਾਰਯੋਗ ਫਾਦਰ ਜੋਨ ਅਤੇ ਪ੍ਰਿੰਸੀਪਲ ਮਾਣਯੋਗ ਸਿਸਟਰ ਸਿਲਵੀ ਨੇ ਵੀ ਦੁਨੀਆ ਨੂੰ ਘੁਣ ਵਾਂਗ ਖਾ ਰਹੇ ਇਸ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਸੰਬੰਧੀ ਆਪਣੇ ਵਿਚਾਰ ਪ੍ਰਸਤੁਤ ਕੀਤੇ। ਅਖੀਰ ‘ਸੰਸਾਰ ਨੂੰ ਨਸ਼ਾ-ਮੁਕਤ’ ਬਣਾਉਣ ਦੇ ਦ੍ਰਿੜ ਪ੍ਰਣ ਨਾਲ ਇਸ ਸਮਾਗਮ ਦੀ ਸਮਾਪਤੀ ਕੀਤੀ ਗਈ।

Saturday, August 27, 2016

ਆਪ ਆਗੂ ਪੰਜਾਬ ਵਿੱਚ ਸੱਤਾ ਦੇ ਲਾਲਚ ਕਾਰਨ ਗਰਮ ਦਲੀਆਂ ਦੇ ਸੰਪਰਕ ਵਿੱਚ-ਸੁਖਬੀਰ

ਆਪ ਵਿੱਚ ਭ੍ਰਿਸ਼ਟਾਚਾਰ ਦੀ ਲਿਖਤੀ ਸ਼ਿਕਾਇਤ ਆਉਣ 'ਤੇ ਸਰਕਾਰ ਪੜਤਾਲ ਲਈ ਤਿਆਰ
ਲੁਧਿਆਣਾ ਵਿੱਚ ਸਾਈਕਲ ਵੈਲੀ ਦੀ ਸ਼ੁਰੂਆਤ ਇੱਕ ਮਹੀਨੇ ਵਿੱਚ 
*ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇੰਨ-ਬਿੰਨ ਨਿਭਾਇਆ
*ਲੁਧਿਆਣਾ ਵਿੱਚ ਸਨਅਤੀ ਕੁਨੈਕਸ਼ਨਾਂ ਲਈ ਐਨ.ਓ.ਸੀ. ਦੀ ਸ਼ਰਤ ਖਤਮ ਕੀਤੀ ਜਾਵੇਗੀ
*ਫ਼ਿਰੋਜ਼ਪੁਰ ਰੋਡ 'ਤੇ 1100 ਕਰੋੜ ਦੀ ਐਲੀਵੇਟਿਡ ਰੋਡ ਬਣਾਉਣ ਦਾ ਐਲਾਨ
*ਸਨਅਤੀ ਸੇਵਾਵਾਂ ਦੇ ਸਰਲੀਕਰਨ ਲਈ ਸੇਵਾ ਪੋਰਟਲ ਦੀ ਸ਼ੁਰੂਆਤ
ਲੁਧਿਆਣਾ: 26 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਇਸ ਪਾਰਟੀ ਦੇ ਵੱਖਵਾਦੀ ਤਾਕਤਾਂ ਨਾਲ ਸਿੱਧੇ ਸਬੰਧ ਹਨ। ਉਹਨਾਂ ਨਾਲ ਹੀ ਕਿਹਾ ਕਿ ਇਸ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਥਾਪੇ ਗਏ ਸਹਿ-ਕਨਵੀਨਰ ਵਿਧਾਇਕ ਜਰਨੈਲ ਸਿੰਘ ਨੇ ਹਾਲ ਹੀ ਵਿੱਚ ਵਿਦੇਸ਼ੀ ਦੌਰਿਆਂ ਸਮੇਂ ਗਰਮ ਦਲੀਆਂ ਨਾਲ ਮੀਟਿੰਗਾਂ ਦੌਰਾਨ ਪੰਜਾਬ ਵਿੱਚ ਸੱਤਾ ਹਾਸਲ ਕਰਵਾਉਣ ਵਿੱਚ ਸਾਥ ਦੇਣ ਦੇ ਬਦਲੇ ਉਹਨਾਂ ਨੂੰ ਸ੍ਰੋਮਣੀ ਕਮੇਟੀ 'ਤੇ ਕਬਜ਼ਾ ਕਰਵਾਉਣ ਦਾ ਲਾਲਚ ਦਿੱਤਾ ਹੈ।
ਅੱਜ ਇੱਥੇ ਸ਼ਹਿਰ ਵਿੱਚ ਵੱਖ-ਵੱਖ ਸਮਾਗਮਾਂ ਵਿੱਚ ਭਾਗ ਲੈਣ ਉਪਰੰਤ ਸਥਾਨਕ ਨਿਰਵਾਣਾ ਕਲੱਬ ਵਿਖੇ ਉੱਪ ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਜੇਕਰ ਆਪ ਦਾ ਕੋਈ ਨੇਤਾ ਜਾਂ ਕੋਈ ਹੋਰ ਵਿਅਕਤੀ ਆਪ ਨੇਤਾਵਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਲਿਖਤੀ ਸ਼ਿਕਾਇਤ ਦਿੰਦਾ ਹੈ ਤਾਂ ਸਰਕਾਰ ਉਸ ਦੀ ਪੜਤਾਲ ਕਰਵਾਉਣ ਲਈ ਤਿਆਰ ਹੈ। ਉਹਨਾਂ ਦੋਸ਼ ਲਾਇਆ ਕਿ ਵੱਖ-ਵੱਖ ਪਾਰਟੀਆਂ ਅਤੇ ਲੋਕਾਂ ਦੇ ਨਕਾਰੇ ਨੇਤਾਵਾਂ ਨਾਲ ਬਣੀ ਇਸ ਮਿਲਗੋਭਾ ਪਾਰਟੀ ਦੇ ਆਗੂਆਂ ਦਾ ਮੁੱਖ ਏਜੰਡਾ ਕੇਵਲ ਤੇ ਕੇਵਲ ਪੰਜਾਬ ਨੂੰ ਲੁੱਟਣਾ ਹੈ।
ਇਸ ਤੋਂ ਪਹਿਲਾਂ ਵਪਾਰੀਆਂ ਦੇ ਇਕੱਠ ਨਾਲ ਮਿਲਣੀ ਮੌਕੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਲੋਕਾਂ ਅਤੇ ਵਪਾਰੀਆਂ ਨਾਲ ਜੋ ਵਾਅਦੇ ਕੀਤੇ, ਉਹਨਾਂ 'ਤੇ ਅਕਾਲੀ-ਭਾਜਪਾ ਸਰਕਾਰ ਖਰੀ ਉੱਤਰੀ ਹੈ ਅਤੇ ਰਾਜ ਨੂੰ ਬਿਜਲੀ ਵਿੱਚ ਆਤਮ ਨਿਰਭਰ ਸੂਬਾ ਬਣਾਇਆ, ਦੇਸ਼ ਦਾ ਬੇਹਤਰੀਨ ਸੜਕੀ ਜਾਲ ਵਿਛਾਇਆ, ਬੇਹਤਰ ਹਵਾਈ ਸੰਪਰਕ ਸਥਾਪਿਤ ਕੀਤੇ ਅਤੇ ਸਨਅਤਕਾਰਾਂ ਦੀ ਸਹੂਲਤ ਮੁਤਾਬਕ ਰਿਆਇਤਾਂ ਦਿੱਤੀਆਂ ਅਤੇ ਉਦਾਰ ਨੀਤੀਆਂ ਲਾਗੂ ਕੀਤੀਆਂ।ਉਹਨਾਂ ਕਿਹਾ ਕਿ ਪੰਜਾਬ ਸਨਅਤਾਂ ਨੂੰ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਅਤੇ ਅਜ਼ਾਦ ਹਿੰਦੁਸਤਾਨ ਵਿੱਚ ਪਹਿਲੀ ਵਾਰ ਕਿਸੇ ਸੂਬੇ ਨੇ ਸਨਅਤੀ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ ਹੈ। 
ਲੁਧਿਆਣਾ ਦੇ ਸਨਅਤਕਾਰਾਂ ਦੀ ਮੰਗ 'ਤੇ ਸ. ਬਾਦਲ ਨੇ ਸਨਅਤੀ ਬਿਜਲੀ ਕੁਨੈਕਸ਼ਨਾਂ ਵਿੱਚ ਐਨ.ਓ.ਸੀ. ਦੀ ਲਾਜ਼ਮੀ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ। ਸ਼ਹਿਰ ਦੇ ਵਿਕਾਸ ਸਬੰਧੀ ਖੁਲਾਸਾ ਕਰਦਿਆਂ ਉਹਨਾਂ ਆਖਿਆ ਕਿ ਸਰਕਾਰ ਪਹਿਲਾਂ ਹੀ ਲੁਧਿਆਣਾ ਦੇ ਵਿਕਾਸ 'ਤੇ 2400 ਕਰੋੜ ਰੁਪਏ ਖਰਚ ਕਰ ਚੁੱਕੀ ਹੈ ਅਤੇ ਅਗਲੇ ਪੰਜ ਸਾਲਾਂ ਦੌਰਾਨ 3000 ਕਰੋੜ ਰੁਪਈਆ ਹੋਰ ਖਰਚ ਕਰਕੇ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਹੌਜ਼ਰੀ ਸਨਅਤਾਂ ਲਈ ਕੌਮੀ ਇਮਾਰਤੀ ਕੋਡ ਮੁਤਾਬਕ ਮੌਜੂਦਾ ਢਾਈ ਮੰਜ਼ਿਲਾਂ ਤੋਂ ਵਧੇਰੇ ਉਚਾਈ 'ਤੇ ਲਿਜਾਣ ਦੀ ਇਜ਼ਾਜ਼ਤ ਦੇਣ ਸਬੰਧੀ ਜਲਦ ਅਮਲੀ ਜਾਮਾ ਪਹਿਨਾਉਣ ਦਾ ਭਰੋਸਾ ਦਿੱਤਾ। ਹੌਜ਼ਰੀ ਸਨਅਤਕਾਰਾਂ ਦੀ ਹੀ ਧਾਗੇ 'ਤੇ ਵੈਟ ਨੂੰ ਤਰਕ ਸੰਗਤ ਬਣਾਉਣ ਸਬੰਧੀ ਇੱਕ ਹੋਰ ਅਹਿਮ ਮੰਗ 'ਤੇ ਉਹਨਾਂ ਮੌਕੇ 'ਤੇ ਹੀ ਆਬਕਾਰੀ ਤੇ ਕਰ ਕਮਿਸ਼ਨਰ ਨੂੰ ਅਗਲੇ ਦਿਨਾਂ ਵਿੱਚ ਮੀਟਿੰਗ ਕਰਨ ਦੇ ਆਦੇਸ਼ ਦਿੱਤੇ। 
ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਨ ਦੇ ਮਾਮਲੇ 'ਤੇ ਉਹਨਾਂ ਐਲਾਨ ਕੀਤਾ ਕਿ ਇਸ ਸਬੰਧੀ ਅਸਾਨ ਨੀਤੀ ਮੰਤਰੀ ਮੰਡਲ ਵੱਲੋਂ ਮਨਜੂਰ ਹੋ ਚੁੱਕੀ ਹੈ ਅਤੇ ਜਲਦ ਹੀ ਲਾਗੂ ਕਰ ਦਿੱਤੀ ਜਾਵੇਗੀ। ਮੁਖਤਿਆਰਨਾਮਿਆਂ ਦੇ ਅਧਾਰ 'ਤੇ ਮਕਾਨਾਂ ਦੀ ਰਜਿਸਟਰੀ 'ਤੇ ਪਾਬੰਦੀ ਸਬੰਧੀ ਉਹਨਾਂ ਨੇ ਡੀ.ਸੀ. ਨੂੰ ਇਸ 'ਤੇ ਵਿਚਾਰ ਕਰਨ ਲਈ ਆਖਿਆ। ਸ਼ਹਿਰ ਵਿੱਚ ਬੁੱਢੇ ਨਾਲੇ ਦੀ ਮੌਜੂਦਾ ਹਾਲਤ ਦੇ ਸੁਧਾਰ ਲਈ ਉਹਨਾਂ 600 ਕਰੋੜ ਰੁਪਏ ਦੇ ਵਿਸ਼ੇਸ਼ ਸੁੰਦਰੀਕਰਨ ਦੇ ਪ੍ਰਾਜੈਕਟ 'ਤੇ ਜਲਦ ਕੰਮ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ। 
ਸ. ਬਾਦਲ ਨੇ ਲੁਧਿਆਣਾ ਸ਼ਹਿਰ ਤੋਂ ਸਮਰਾਲਾ ਚੌਂਕ ਤੱਕ ਕਾਰਪੋਰੇਸ਼ਨ ਦੀ ਹੱਦ (ਐਨ.ਐਚ-95) ਤੱਕ ਚਾਰ ਮਾਰਗੀ ਐਲੀਵੇਟਡ ਰੋਡ ਅਤੇ ਲਾਢੂਵਾਲ ਬਾਈਪਾਸ-ਐਨ.ਐਚ-95 ਨੂੰ ਐਨ.ਐਚ-1 ਵਾਇਆ ਲਾਢੂਵਾਲ ਸੀਡ ਫਾਰਮ ਨਾਲ ਜੋੜਦੇ ਬਾਈਪਾਸ ਦੇ 1238 ਕਰੋੜ ਰੁਪਏ ਦੇ ਪ੍ਰਾਜੈਕਟਾਂ 'ਤੇ ਅਗਲੇ ਮਹੀਨੇ ਤੱਕ ਕੰਮ ਸ਼ੁਰੂ ਕਰਵਾਉਣ ਦਾ ਐਲਾਨ ਵੀ ਕੀਤਾ। ਉਨ•ਾਂ ਐਲਾਨ ਕੀਤਾ ਕਿ ਕੇਂਦਰੀ ਸੜਕ ਮੰਤਰੀ ਸ੍ਰੀ ਨਿਤਿਨ ਗਡਕਰੀ ਜਲਦ ਹੀ ਖਰੜ-ਲੁਧਿਆਣਾ ਸੜਕ ਨੂੰ 4-6 ਮਾਰਗੀ ਕਰਨ ਲਈ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ 2070 ਕਰੋੜ ਰੁਪਏ ਦੇ ਪ੍ਰੋਜੈਕਟ ਅਤੇ ਫਗਵਾੜਾ-ਰੂਪਨਗਰ ਕੌਮੀ ਸ਼ਾਹਰਾਹ 344-ਏ ਨੂੰ ਚੌੜਾ ਕਰਨ ਦੇ 1444.42 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਅਗਲੇ ਮਹੀਨੇ ਨੀਂਹ ਪੱਥਰ ਰੱਖਣ ਆ ਰਹੇ ਹਨ। ਸ. ਬਾਦਲ ਨੇ ਦੱਸਿਆ ਕਿ ਦਿੱਲੀ-ਅਮ੍ਰਿਤਸਰ ਸੜਕ ਬਰਾਸਤਾ ਬਰਨਾਲਾ, 30000 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਜਿਸ ਨਾਲ 150 ਕਿਲੋਮੀਟਰ ਦੀ ਦੂਰੀ ਘੱਟ ਜਾਵੇਗੀ। ਇਸ ਦੇ ਨਾਲ ਹੀ ਜਲੰਧਰ ਤੋਂ ਅਜਮੇਰ ਬਰਾਸਤਾ ਮੋਗਾ-ਬਠਿੰਡਾ ਵੀ ਅਗਲੇ ਦੋ ਸਾਲਾਂ ਵਿੱਚ ਤਿਆਰ ਹੋ ਜਾਵੇਗੀ, ਜਿਸ ਨਾਲ ਪੰਜਾਬ ਦੇ ਵਪਾਰੀਆਂ ਨੂੰ ਗੁਜਰਾਤ ਬੰਦਰਗਾਹ ਨਾਲ ਜੁੜਨਾ ਅਸਾਨ ਹੋ ਜਾਵੇਗਾ।
ਇਸ ਤੋਂ ਪਹਿਲਾਂ ਉਹਨਾਂ ਸ਼ਹਿਰ ਵਾਸੀਆਂ ਲਈ ਬੇਹਤਰ ਜਲ ਸਪਲਾਈ ਸਹੂਲਤ ਦੇਣ ਲਈ ਜਮਾਲਪੁਰ ਨੇੜੇ ਚੰਡੀਗੜ ਰੋਡ 'ਤੇ ਵਾਰਡ ਨੰ. 12 ਵਿੱਚ 93 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਵੀ ਰੱਖਿਆ। 
ਸ. ਬਾਦਲ ਨੇ ਹੀਰੋ ਸਾਈਕਲ ਦੇ ਸੰਸਥਾਪਕ ਸਵ. ਸ੍ਰੀ ਓਮ ਪ੍ਰਕਾਸ਼ ਮੁੰਜਾਲ ਦੀ ਯਾਦ ਵਿੱਚ ਸਮਾਗਮ ਮੌਕੇ ਬੋਲਦਿਆਂ ਮੁੰਜਾਲ ਪਰਿਵਾਰ ਵੱਲੋਂ ਲੁਧਿਆਣਾ ਦੇ ਸਨਅਤੀ ਵਿਕਾਸ ਵਿੱਚ ਪਾਏ ਯੋਗਦਾਨ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਅਤੇ ਕਿਹਾ ਕਿ ਲੁਧਿਆਣਾ ਦੀ ਸਾਈਕਲ ਸਨਅਤ ਨੇ ਇਸ ਸ਼ਹਿਰ ਨੂੰ ਦੁਨੀਆ ਦੇ ਨਕਸ਼ੇ 'ਤੇ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸਾਈਕਲ ਨਿਰਮਾਤਾਵਾਂ ਦੀ ਮੰਗ 'ਤੇ ਲੁਧਿਆਣਾ ਨੇੜੇ ਧਨਾਨਸੂ ਵਿਖੇ 400 ਏਕੜ ਵਿੱਚ ਸਥਾਪਿਤ ਕੀਤੀ ਜਾ ਰਹੀ ਸਾਈਕਲ ਵੈਲੀ ਨਾਲ ਲੁਧਿਆਣਾ ਦੀ ਦਰਮਿਆਨੀਆਂ ਅਤੇ ਵੱਡੀਆਂ ਸਾਈਕਲ ਸਨਅਤਾਂ ਨੂੰ ਵੱਡਾ ਲਾਭ ਪੁੱਜੇਗਾ ਅਤੇ ਨਵੀਨਤਮ ਤਕਨੀਕ ਵਾਲੇ ਮਹਿੰਗੇ ਸਾਈਕਲਾਂ ਦੀ ਮਾਰਕੀਟ ਵਧੇਗੀ। ਸ੍ਰੀ ਪੰਕਜ ਮੁੰਜਾਲ ਐਮ.ਡੀ. ਹੀਰੋ ਮੋਟਰਜ਼ ਨੇ ਉੱਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੀਨ ਦੇ ਦੌਰੇ ਸਮੇਂ ਵਿਦੇਸ਼ੀ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਹਨਾਂ ਨਿੱਗਰ ਉਪਰਾਲੇ ਕੀਤੇ ਹਨ। ਇਸ ਮੌਕੇ ਆਵਾਜ਼ ਦੀ ਮਲਿਕਾ ਕਮਲੇਸ਼ ਗੁਪਤਾ ਆਪਣੇ ਜਾਣੇ ਪਛਾਣੇ ਅੰਦਾਜ਼ ਨਾਲ ਸਮਾਗਮ ਨਨ ਯਾਦਗਾਰੀ ਬਣਾ ਰਹੀ ਸੀ। 
ਬਾਅਦ ਵਿੱਚ ਹੋਟਲ ਰੈਡੀਸਨ ਬਲੂ ਵਿਖੇ ਐਮ.ਐਸ.ਐਮ.ਈ. ਸਨਅਤਕਾਰਾਂ ਅਤੇ ਸੀ.ਆਈ.ਆਈ. ਨਾਲ ਮੀਟਿੰਗਾਂ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ 9 ਸਾਲਾਂ ਦੌਰਾਨ ਸੂਬੇ ਦੇ ਸਨਅਤੀ ਵਿਕਾਸ ਲਈ ਚੁੱਕੇ ਕਦਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਨਅਤੀ ਵਿਕਾਸ ਲਈ ਜ਼ਰੂਰੀ ਬਿਜਲੀ, ਬੁਨਿਆਦੀ ਢਾਂਚਾ ਅਤੇ ਸਨਅਤਾਂ ਲਾਉਣ ਲਈ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਹੈ ਜਿਸ ਦੀ ਬਦੌਲਤ ਪਿਛਲੇ 9 ਸਾਲਾਂ ਦੌਰਾਨ ਸੂਬੇ ਵਿੱਚ ਸਨਅਤੀ ਇਕਾਈਆਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ। ਇਸ ਮੌਕੇ ਉਹਨਾਂ ਸਨਅਤੀ ਸੇਵਾਵਾਂ ਨਾਲ ਸਬੰਧਤ 'ਸੇਵਾ ਪੋਰਟਲ' ਵੀ ਜਾਰੀ ਕੀਤਾ। ਦੱਸਣਯੋਗ ਹੈ ਕਿ ਇਸ ਸੇਵਾ ਪੋਰਟਲ 'ਤੇ  ਨਵੀਂਆਂ ਸਨਅਤਾਂ ਲਗਾਉਣ ਸਬੰਧੀ ਪ੍ਰਵਾਨਗੀ 24 ਘੰਟੇ ਵਿੱਚ ਮਿਲ ਜਾਵੇਗੀ। ਇਸ ਪੋਰਟਲ 'ਤੇ ਪੰਜਾਬ ਸਰਕਾਰ ਵੱਲੋਂ ਸਨਅਤੀਕਰਣ ਸਬੰਧੀ ਕੀਤੇ ਸਾਰੇ ਕੰਮਾਂ ਦਾ ਵੀ ਵਿਵਰਣ ਹੈ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਸ੍ਰੀ ਸਰੂਪ ਚੰਦ ਸਿੰਗਲਾ, ਸ੍ਰੀ ਐਨ.ਕੇ.ਸ਼ਰਮਾ ਤੇ ਸ੍ਰੀ ਦਰਸ਼ਨ ਸਿੰਘ ਸ਼ਿਵਾਲਿਕ, ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਵਿੱਤ ਕਮਿਸ਼ਨਰ ਕਰ ਸ੍ਰੀ ਡੀ.ਪੀ. ਰੈਡੀ, ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਵਿਸ਼ੇਸ਼ ਪ੍ਰਮੁੱਖ ਸਕੱਤਰ/ਉੱਪ ਮੁੱਖ ਮੰਤਰੀ ਸ੍ਰੀ ਰਾਹੁਲ ਤਿਵਾੜੀ ਤੇ ਸ੍ਰੀ ਅਜੇ ਮਹਾਜਨ, ਪੰਜਾਬ ਟ੍ਰੇਡਰਜ਼ ਬੋਰਡ ਦੇ ਚੇਅਰਮੈਨ ਸ੍ਰੀ ਨਰੋਤਮ ਦੇਵ ਰੱਤੀ, ਸ੍ਰੋਮਣੀ ਅਕਾਲੀ ਦਲ ਦੇ ਟ੍ਰੇਡਰਜ਼ ਵਿੰਗ ਦੇ ਜ਼ੋਨ ਪ੍ਰਧਾਨ ਸ੍ਰੀ ਮਦਨ ਲਾਲ ਬੱਗਾ, ਮੇਅਰ ਸ੍ਰੀ ਹਰਚਰਨ ਸਿੰਘ ਗੋਹਲਵੜੀਆ, ਡੀ.ਸੀ. ਰਵੀ ਭਗਤ ਅਤੇ ਕਮਿਸ਼ਨਰ ਪੁਲੀਸ ਜਤਿੰਦਰ ਸਿੰਘ ਔਲਖ ਅਤੇ ਸਾਬਕਾ ਮੰਤਰੀ ਸ. ਹੀਰਾ ਸਿੰਘ ਗਾਬੜੀਆ ਵੀ ਮੌਜੂਦ ਸਨ।