Showing posts with label England. Show all posts
Showing posts with label England. Show all posts

Tuesday, May 19, 2026

ਭੁੱਲਣ ਦੀ ਬਿਮਾਰੀ (ਡਿਮੈਂਸੀ਼ਆ) ਬਾਰੇ ਇੰਗਲੈਂਡ ਤੋਂ ਵਿਚਾਰ ਚਰਚਾ ਰਿਪੋਰਟ

Gurnam Kanwar on Tuesday 19th May 2026 at 17:02 Regarding Debate on Dementia

 ਵਿਚਾਰ ਚਰਚਾ ਦੀ ਇਹ ਰਿਪੋਰਟ ਭੇਜੀ ਹੈ ਗੁਰਨਾਮ ਕੰਵਰ ਹੁਰਾਂ ਨੇ 


ਰੈਡਿੰਗ: (ਇੰਗਲੈਂਡ) 19 ਮਈ 2026: (ਇੰਗਲੈਂਡ ਤੋਂ ਗੁਰਨਾਮ ਕੰਵਰ ਪੰਜਾਬ ਸਕਰੀਨ ਲਈ)::

ਇਥੋਂ ਦੀ ਇੰਡੀਅਨ ਕਮਿਊਨਿਟੀ ਸੈਂਟਰ ਸੰਸਥਾ ਹਰ ਭਾਰਤੀ ਰਾਜ ਤੇ ਹਰ ਭਾਸ਼ਾ ਦੇ ਭਾਰਤੀਆਂ ਨੂੰ ਇੱਕ ਮੁੱਠ ਸਰਗਰਮੀਆਂ ਰਾਹੀਂ ਭਾਰਤੀ ਅਤੇ ਰਾਜਾਂ ਦੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਉਸਾਰੂ ਸਰਗਰਮੀਆਂ ਕਰਦੀ ਰਹਿੰਦੀ ਹੈ। ਉਹ ਇੱਥੋਂ ਦੇ ਭਾਰਤੀ ਨਾਗਰਿਕਾਂ ਨੂੰ ਅਤੇ ਆਉਂਦੇ ਭਾਰਤੀ ਸਲਾਨੀਆਂ ਨੂੰ ਇਸ ਦੇਸ਼ ਇੰਗਲੈਂਡ ਦੇ ਕਾਨੂੰਨਾਂ ਅਤੇ ਸਭਿਆਚਾਰ ਦੀ ਪਾਲਣਾ ਲਈ ਵੀ ਉਤਸ਼ਾਹਤ ਕਰਦੀ ਹੈ। 

ਇੰਡੀਅਨ ਕਮਿਊਨਿਟੀ ਸੈਂਟਰ ਰੈਡਿੰਗ ਦੀ ਅਗਵਾਈ ਸ੍ਰੀ ਅਸ਼ਵਨੀ ਗੁਪਤਾ ਸਕੱਤਰ, ਸ੍ਰੀ ਨਿਰਵੈਰ ਸਿੰਘ ਚਕਲ, ਸ੍ਰੀਮਤੀ ਵੀਰਾਂ ਗੁਪਤਾ, ਸ੍ਰੀਮਤੀ ਗੁਰਵਿੰਦਰ ਕੌਰ ਆਦਿ ਦੀ ਸੁਚੱਜੀ ਟੀਮ ਕਰਦੀ ਹੈ ਅਤੇ ਸਾਰੇ ਫਿਰਕਿਆਂ ਨੂੰ ਏਕਤਾਬੱਧ ਕਰਕੇ ਆਪਸੀ ਸਾਂਝ ਅਤੇ ਮੁਹੱਬਤ ਦਾ ਸੁਨੇਹਾ ਦਿੰਦੀ ਹੈ । ਉਹ ਖਾਸ ਕਰਕੇ ਵੱਡੀ ਉਮਰ ਦੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਦੀ ਹੈ ।

ਇਹ ਟੀਮ ਪਿਛਲੇ ਸਮੇਂ ਤੋਂ ਰੈਗੂਲਰ ਇੱਕ ਮਾਸਿਕ ਮੀਟਿੰਗ ਵਿੱਚ ਉਹਨਾਂ ਵਿਅਕਤੀਆਂ ਜਿਨ੍ਹਾਂ ਨੂੰ ਭੁੱਲਣ ਦੀ ਬਿਮਾਰੀ ਡਿਮੈਂਸੀ਼ਆ ਲੱਗ ਗਈ ਹੈ ਜਾਂ ਸ਼ੁਰੂ ਹੋਣ ਦੇ ਲੱਛਣ ਹਨ ਦੀ ਦੇਖਭਾਲ ਲਈ ਤੇ ਰੋਕਥਾਮ ਲਈ ਮਾਹਿਰਾਂ ਦੇ ਪ੍ਰੋਗਰਾਮ ਕਰਵਾਉਂਦੀ ਆ ਰਹੀ ਹੈ ।ਇਹ ਪ੍ਰੋਗਰਾਮ ਇੰਗਲੈਂਡ ਦੀ ਸੰਸਥਾ ਵਾਈ ਪੀ ਡਬਲਯੂ ਡੀ (YPWD) ਅਰਥਾਤ ਯੰਗ ਪੀਪਲ ਵਿਦ ਡਿਮੈਂਸੀ਼ਆ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਹਨ। 

ਇਸ ਵਾਰ ਪ੍ਰੋਫੈਸਰ ਨੀਵ ਹੈਰੀਸਨ ਨੇ ਇਸ ਬਿਮਾਰੀ ਦੇ ਲੱਛਣਾਂ ਅਤੇ ਰੋਕਥਾਮ ਲਈ ਉਪਾਅ ਬੋਰਡ ਉਤੇ ਡਿਜੀਟਲ ਪੇਸ਼ਕਾਰੀ ਰਾਹੀਂ ਸਮਝ ਆਉਣ ਵਾਲੇ ਤਰੀਕੇ ਨਾਲ ਵਰਣਨ ਕੀਤੇ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ।

ਉਹਨਾਂ ਕਿਹਾ ਕਿ ਯਾਦਾਸ਼ਤ,ਸੋਚਣੀ, ਵਰਤਾਓ ਤੇ ਸ਼ਖਸੀਅਤ ਵਿੱਚ ਤਬਦੀਲੀ ਡਿਮੈਂਸ਼ੀਆ ਦਾ ਸੰਕੇਤ ਹੁੰਦੀ ਹੈ। ਇਹ ਦਿਮਾਗੀ ਸੈਲਾਂ ਤੇ ਅਸਰ ਪਾਉਂਦੀ ਹੈ। ਅਲਜ਼ਾਈਮਰ ਡਿਮੈਂਸ਼ੀਆ ਦੀ ਇੱਕ ਕਿਸਮ ਹੈ। ਜ਼ਿਆਦਾ ਅਲਕੋਹਲ ਦਿਮਾਗ ਤੇ ਬੁਰਾ ਅਸਰ ਪਾ ਸਕਦੀ ਹੈ ਜਿਸ ਨਾਲ ਸਾਫ ਸਾਫ ਸੋਚਣ ਉੱਤੇ ਦੁਰਪ੍ਰਭਾਵ ਪੈਂਦਾ ਹੈ। ਸ਼ਰਾਬ ਜ਼ਿਆਦਾ ਮਾਤਰਾ ਵਿੱਚ ਪੀਣਾ ਜਾਂ ਗੈਰ ਸਰਗਰਮ ਰਹਿਣਾ ਕੇਵਲ ਕੁਝ ਕਾਰਨ ਹਨ। ਪਰ ਡਿਮੈਂਸ਼ੀਆ ਹੋ ਵੀ ਜਾਵੇ ਤਾਂ ਇਸ ਦਾ ਇਲਾਜ ਹੋ ਸਕਦਾ ਹੈ ਖਾਸ ਕਰਕੇ ਪਹਿਲਾਂ ਤੋਂ ਹੀ ਰੋਕਥਾਮ ਕਰਨੀ ਚਾਹੀਦੀ ਹੈ ਤੇ ਹੋ ਸਕਦੀ ਹੈ। ਇਸੇ ਵਾਸਤੇ ਹੀ ਇਸ ਸੰਸਥਾ ਅਜਿਹੇ ਪ੍ਰੋਗਰਾਮ ਕਰਦੀ ਰਹਿੰਦੀ ਹੈ ਤੇ ਖਾਸ ਕਰਕੇ ਡਿਮੈਂਸੀ਼ਆ ਦੇ ਮਰੀਜ਼ ਲੋਕਾਂ ਦੇ ਪਰਿਵਾਰਾਂ ਨੂੰ ਸੁਝਾ ਦਿੰਦੀ ਹੈ ਕਿ ਕਿਵੇਂ ਇਹਨਾਂ ਮਰੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਹੈ । ਅੱਜ ਕੱਲ੍ਹ ਇਥੇ "ਭੁੱਲਣ ਦੀ ਬਿਮਾਰੀ ਬਾਰੇ ਜਾਗਰੂਕਤਾ ਮਾਹ" ਚੱਲ ਰਿਹਾ ਹੈ। ਇਸ ਬਿਮਾਰੀ ਨਾਲ ਸੰਬੰਧਿਤ ਵਿਸ਼ੇ ਉਤੇ ਪ੍ਰੋਫੈਸਰ ਨੀਵ ਨੇ ਆਪਣਾ ਗਿਆਨ ਵਰਧਕ ਲੈਕਚਰ ਦਿੱਤਾ। ਉਹਨਾਂ ਨੇ ਸਵਾਲ ਤੁਹਾਨੂੰ ਖੁਸ਼ੀ ਕਿਸ ਚੀਜ਼ ਨਾਲ ਮਿਲਦੀ ਹੈ ਦਾ ਜਵਾਬ ਲਿਖਣ ਵਾਸਤੇ ਸਤਰਾਂ ਲਿਖਣ ਲਈ ਕਾਗਜ ਫੰਡੇ ਜਿਸ ਦੇ ਜਵਾਬ ਵਿੱਚ ਬਹੁਤ ਸਾਰੇ ਮੈਂਬਰਾਂ ਨੇ ਆਪਣੇ ਜਵਾਬ ਲਿਖ ਕੇ ਉਹਨਾਂ ਨੂੰ ਦਿੱਤੇ।

ਅਸ਼ਵਨੀ ਗੁਪਤਾ ਨੇ ਆਪਣੇ ਤਜਰਬੇ ਵਿੱਚੋਂ ਮਿਸਾਲ ਦੇ ਕੇ ਦੱਸਿਆ ਕਿ ਆਰੰਭ ਹੋ ਰਹੀ ਬਿਮਾਰੀ ਨੂੰ ਛੁਪਾਉਣਾ ਕਿ ਪਰਿਵਾਰ ਉਤੇ ਕਲੰਕ ਲਗ ਜਾਵੇਗ, ਹਾਨੀਕਾਰਕ ਸੋਚ ਹੈ। ਸ਼ੁਰੂ ਵਿੱਚ ਹੀ ਡਿਮੈਂਸੀ਼ਆ ਬਾਰੇ ਡਾਕਟਰਾਂ ਦੀ ਸਲਾਹ ਲੈਣੀ ਰੋਕਥਾਮ ਕਰ ਸਕਦੀ ਹੈ।

ਮੈਡਮ ਨੀਵ ਨੇ ਲੈਕਚਰ ਦੇ ਅਖੀਰ ਉੱਤੇ ਸਵਾਲ ਜਵਾਬਾਂ ਦਾ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਜਿਸ ਵਿੱਚ ਉਹਨਾਂ ਨੇ ਤਸੱਲੀ ਬਖਸ਼ ਜਵਾਬ ਦਿੱਤੇ।

ਸੱਭਿਆਚਾਰਕ ਪ੍ਰੋਗਰਾਮ ਵਿੱਚ ਸਕੱਤਰ ਅਸ਼ਵਨੀ ਗੁਪਤਾ ਨੇ ਬਾਕਮਾਲ ਮੰਚ ਸੰਚਾਲਨ ਦੇ ਨਾਲ ਨਾਲ ਅਤੇ ਦੀਪਕ ਨੇ ਹਿੰਦੀ ਫਿਲਮਾਂ ਦੇ ਗੀਤ ਸੁਣਾ ਕੇ ਖੂਬ ਤਾੜੀਆਂ ਬਟੋਰੀਆਂ। ਅਨੀਸ਼ਾ ਗੁਪਤਾ ਨੇ ਗੀਤ ਸੁਣਾਕੇ ਮਨ ਮੋਹ ਲਿਆ।

ਬਜ਼ੁਰਗ ਮਾਂ ਬਾਪ ਦੀ ਬੇਟੀਆਂ ਵੱਲੋਂ ਖਾਸ ਸੰਭਾਲ ਦੀ ਵੀ ਪ੍ਰਸ਼ੰਸਾ ਕੀਤੀ ਗਈ ਅਤੇ ਸਕੱਤਰ ਨੇ ਪ੍ਰਸਿੱਧ ਫਿਲਮੀ ਸੰਗੀਤਕਾਰ  ਦੀ ਜ਼ਿੰਦਗੀ ਵਿਚੋਂ ਭਾਵੁਕ ਮਿਸਾਲ ਵੀ ਦਿਤੀ।

ਸ੍ਰੀਮਤੀ ਅਤੇ ਸ੍ਰੀ ਦੇਸ਼ਪਾਂਡੇ ਦੀ 64ਵੀਂ ਵਿਆਹ ਵਰੇਗ੍ਹੰਢ ਵੀ ਇਸ ਮੌਕੇ ਬੜੇ ਪਿਆਰ ਨਾਲ ਮਨਾਈ ਗਈ 

ਸ੍ਰੀਮਤੀ ਤੇ ਸ਼੍ਰੀ ਦੇਸ਼ ਪਾਂਡੇ ਦੀ 64ਵੀਂ ਵਰੇਗੰਢ੍ਹ ਉੱਤੇ ਕੇਕ
ਕੱਟ ਕੇ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ ਤੇ ਸਭਨਾਂ ਵੱਲੋਂ ਲਿਖਿਆ ਵਧਾਈ ਕਾਰਡ ਵੀ ਭੇਂਟ ਕੀਤਾ ਗਿਆ।

ਪ੍ਰੋਗਰਾਮ ਦੇ ਆਰੰਭ ਵਿੱਚ ਕਮਿਊਨਿਟੀ ਸੈਂਟਰ ਦੀ ਲੰਮੇ ਸਮੇਂ ਤੋਂ ਮੈਂਬਰ ਰਹੀ ਅਤੇ ਬਹੁਤ ਸਾਰੇ ਸਾਲਾਂ ਤੋਂ ਡਿਮੈਂਸ਼ੀਆ ਦੀ ਪੀੜਤ ਰਹੀ ਸ਼੍ਰੀਮਤੀ ਇੱਛਾ ਦੇ ਇਸੇ ਹਫਤੇ ਹੋਏ ਦੇਹਾਂਤ ਉੱਤੇ ਸ਼ਰਧਾਂਜ਼ਲੀ ਦਿੱਤੀ ਗਈ।  ਸੋਗਮਤਾ ਸੈਂਟਰ ਦੀ ਸਰਗਰਮ ਕਾਰਕੁਨ ਗੁਰਵਿੰਦਰ ਕੌਰ ਨੇ ਪੇਸ਼ ਕੀਤਾ।    ਸ੍ਰੀਮਤੀ ਵੀਰਾਂ ਗੁਪਤਾ ਅਤੇ ਗੁਰਵਿੰਦਰ ਕੌਰ ਦੀ ਟੀਮ ਨੇ ਸਦਾ ਦੀ ਤਰ੍ਹਾਂ ਬਹੁਤ ਮਿਹਨਤ ਕਰਕੇ ਵਧੀਆ ਪ੍ਰਬੰਧ ਕੀਤਾ ਅਤੇ ਵਧੀਆ ਹੀ ਲੰਗਰ  ਵੀ ਸਾਰਿਆਂ ਦੇ ਸਹਿਯੋਗ ਨਾਲ  ਮੈਂਬਰਾਂ ਨੂੰ ਪਰੋਸਿਆ ।

ਇਸ ਪ੍ਰੋਗਰਾਮ ਵਿੱਚ ਉਪਰ ਜ਼ਿਕਰ ਹੋਇਆਂ ਤੋਂ ਇਲਾਵਾ ਨਿਰਵੈਰ ਸਿੰਘ ਚਕਲ, ਗੁਰਨਾਮ ਕੰਵਰ, ਰਮੇਸ਼, ਸੋਨਾ,  ਸ਼ਮਿਤਾ, ਸ਼ਾਂਤਾ, ਨੀਲਮ, ਬਲਬੀਰ ਕੌਰ ਵਿੱਗ, ਬਲਬੀਰ ਸਿੰਘ ਵਿੱਗ, ਜਗਦੀਸ਼ ਧਰਮਪਾਲ, ਨਰਿੰਦਰ ਬਲ, ਪੱਪੀ, ਸਰਬਜੀਤ ਤਿਵਾੜੀ, ਨਾਮਵਰ ਕਵੀ ਮਾਸਟਰ ਤਰਸੇਮ ਲਾਲ, ਨਰੰਜਣ ਸਿੰਘ ਹਰਿਗੁਣ, ਧਰਮਪਾਲ ਗੁਪਤਾ, ਰਜਿੰਦਰ ਗੁਪਤਾ, ਦਿਨੇਸ਼ ਚੌਧਰੀ,  ਸੁਨੀਲ, ਅਨੀਤਾ, ਸ੍ਰੀ ਕੁਕਰੇਜਾ ਆਦਿ ਹਾਜ਼ਰ ਸਨ। 

  -ਗੁਰਨਾਮ ਕੰਵਰ

Tuesday, July 12, 2022

ਬੇਅਦਬੀ ਬਾਰੇ ਬੋਲਣ ਲਈ ਸਮਾਂ ਨਾ ਦੇਣਾਂ ਵੀ ਬੇਅਦਬੀ: MP ਪ੍ਰੀਤ ਕੌਰ ਗਿੱਲ

UK ਦੀ ਪਹਿਲੀ ਮਹਿਲਾ ਸਿੱਖ MP ਪ੍ਰੀਤ ਕੌਰ ਗਿੱਲ ਵੱਲੋਂ ਆਈ ਤਿੱਖੀ ਸੁਰ


ਨਵੀਂ ਦਿੱਲੀ: 12 ਜੁਲਾਈ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੋ ਰਹੀਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੋਂ ਦੁਨੀਆ ਭਰ ਵਿੱਚ ਵੱਸਦੇ ਸਿੱਖ, ਜਿੱਥੇ ਪਹਿਲਾਂ ਹੀ ਬੇਹੱਦ ਦੁਖੀ ਹਨ, ਉਥੇ ਪੰਜਾਬ ਵਿਧਾਨ ਸਭਾ ਦੇ ਇੱਕ ਹਫ਼ਤਾ ਚੱਲੇ ਬਜਟ ਸੈਸ਼ਨ ਵਿੱਚ ਬੇਅਦਬੀਆਂ ਬਾਰੇ ਚਰਚਾ ਕਰਨ ਲਈ 10 ਮਿੰਟ ਦਾ ਸਮਾਂ ਵੀ ਨਾ ਦੇਕੇ, ਸੰਗਤਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਗਿਆ ਹੈ। ਇਹ ਵਿਚਾਰ ਇੰਗਲੈਂਡ ਦੀ ਪਹਿਲੀ ਮਹਿਲਾ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੇ ਪੱਤਰਕਾਰਾਂ ਨੂੰ ਜਾਰੀ ਕੀਤਾ ਆਪਣੇ ਬਿਆਨ ਵਿਚ ਸਾਂਝੇ ਕੀਤੇ। ਉਹਨਾਂ ਕਿਹਾ ਯੂਕੇ ਵਿੱਚ ਵਾਸਦੇ ਸਿੱਖ, ਹਾਊਸ ਦੀ ਇਸ ਕਾਰਵਾਈ ਤੋਂ ਬਹੁਤ ਪ੍ਰੇਸ਼ਾਨ ਹਨ ਅਤੇ ਇਸ ਨੂੰ ਇਕ ਹੋਰ ਬੇਅਦਬੀ ਦੇ ਰੂਪ ’ਚ ਦੇਖ ਰਹੇ ਹਨ। ਜਦਕਿ ਇੰਗਲੈਂਡ ਸਮੇਤ ਅੱਜ ਦੁਨੀਆ ਦੇ ਕਈ ਵਿਕਸਤ ਦੇਸ਼ਾਂ ਦੀਆਂ ਪਾਰਲੀਮੈਂਟਾਂ ’ਚ ਸਿੱਖ ਮਸਲੇ ਅਕਸਰ ਵਿਚਾਰੇ ਜਾਂਦੇ ਹਨ ਅਤੇ ਸਿੱਖਾਂ ਲਈ ਕਈ ਮਤੇ ਪਾਸ ਕੀਤੇ ਜਾਂਦੇ ਹਨ, ਦੂਜੇ ਪਾਸੇ ਸਿੱਖੀ ਦੀ ਜਨਮ ਭੂਮੀ ਪੰਜਾਬ ਦੀ ਵਿਧਾਨ ਸਭਾ ਇਹ ਵਰਤਾਰਾ ਸਭ ਨੂੰ ਹੈਰਾਨ ਕਰਨ ਵਾਲਾ ਹੈ। ਉਹਨਾਂ ਕਿਹਾ ਭਗਵੰਤ ਮਾਨ ਲਈ ਕਿੰਨਾ ਚੰਗਾ ਹੁੰਦਾ ਕਿ ਉਹ ਖੁਦ ਇਹ ਪ੍ਰਤਾਵ ਲੈਕੇ ਆਉਂਦੇ, ਸਾਰਾ ਹਾਊਸ ਇਸ ਤੇ ਚਰਚਾ ਕਰਕੇ ਇਹਨਾਂ ਬੇਅਦਬੀਆਂ ਨੂੰ ਰੋਕਣ ਲਈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਖ਼ਤ ਤੋਂ ਸਖ਼ਤ ਕਨੂੰਨ ਬਨਾਉਂਦਾ। ਅਜਿਹਾ ਕਰਕੇ ਉਹ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਆਪਣੇ ਵਾਅਦੇ ਪੂਰਾ ਕਰ ਰਹੇ ਹੁੰਦੇ। ਇਸ ਮੌਕੇ ਐਮਪੀ ਗਿੱਲ ਨੇ ਕਿਹਾ ਇਸ ਗੰਭੀਰ ਮਸਲੇ ਨੂੰ ਦੁਨੀਆ ਭਰ ਦੇ ਸਿੱਖਾਂ ਦੇ ਸਾਹਮਣੇ ਲਿਆਉਣ ਲਈ ਅਤੇ ਪੰਜਾਬ ਵਿਧਾਨ ਸਭਾ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਾਉਣ ਲਈ, ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ 17 ਤਰੀਕ ਨੁੰ ਹੋ ਰਿਹਾ ‘ਬੇਅਦਬੀ ਇਜ਼ਲਾਸ’ ਅੱਠੇ ਪਹਿਰ ਟਹਿਲ ਸੇਵਾ ਲਹਿਰ ਦਾ ਸਹੀ ਸਮੇਂ ਤੇ ਚੁੱਕਿਆ ਗਿਆ ਇਕ ਸਾਰਥਕ ਕਦਮ ਹੈ, ਜਿਸਦਾ ਅਸੀਂ ਸਮਰਥਨ ਕਰਦੇ ਹਾਂ। ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਪਹੁੰਚ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸ਼ਾਨ ਤੇ ਨਿਰੰਤਰ ਹੋ ਰਹੇ ਇਹਨਾਂ ਹਮਲਿਆਂ ਨੂੰ ਪੱਕੇ ਤੌਰ ਤੇ ਰੋਕਣ ਲਈ ਦਰਿੜਤਾ ਵਾਲਾ ਫੈਸਲਾ ਲੈਣਾ ਚਾਹੀਦਾ ਹੈ। ਇਸ ਪੂਰੇ ਮਾਮਲੇ ਨੂੰ ਖਾਲਸਾਈ ਜਜ਼ਬੇ ਨਾਲ ਡਟਕੇ ਸਰਕਾਰ ਸਾਹਮਣੇ ਰੱਖਣ ਲਈ ਉਨ੍ਹਾਂ ਭਾਈ ਗੁਰਪ੍ਰੀਤ ਸਿੰਘ ਦੇ ਉਧਮ ਦੀ ਸਲਾਹਣਾ ਕੀਤੀ, ਨਾਲ ਹੀ ਪੰਜਾਬ ਅਤੇ ਨਾਲ ਲਗਦੇ ਸੂਬਿਆਂ ਦੀ ਸੰਗਤ ਨੂੰ ਵੱਡੀ ਗਿਣਤੀ ’ਚ ਬੇਅਦਬੀ ਇਜ਼ਲਾਸ ਵਿੱਚ ਪਹੁੰਚਣ ਕੀ ਅਪੀਲ ਵੀ ਕੀਤੀ।

Monday, September 13, 2021

ਹਵਾਲਦਾਰ ਈਸ਼ਰ ਸਿੰਘ ਦੇ ਬੁੱਤ ਦੇ ਉਦਘਾਟਨ ‘ਤੇ ਹਾਲ ਪਾਹਰਿਆ

 13th September 2021 at 7:33 PM

ਜਥੇਦਾਰ ਅਕਾਲ ਤਖਤ ਵਲੋਂ ਕਰਾਏ ਉਦਘਾਟਨ ਬਾਰੇ ਵਿਸ਼ੇਸ਼ ਲੇਖ 

ਨਹੀਂ ਜੇ ਸ਼ੌਂਕ ਮੱਚਣ ਦਾ ਤਾਂ ਅੱਗ ਤੋਂ ਫਾਸਿਲਾ ਰੱਖੀਂ, 

ਨਾ ਬਲਦੇ ਸੂਰਜਾਂ ਦੇ ਨਾਲ ਆਪਣਾ ਰਾਬਤਾ ਰੱਖੀਂ। 

ਲੇਖਕ: ਕੁਲਵੰਤ ਸਿੰਘ ‘ਢੇਸੀ’

ਅੱਜਕਲ ਗੁਰੂ ਨਾਨਕ ਗੁਰਦੁਆਰਾ ਵੈਂਨਸਫੀਲਡ (ਵੁਲਵਰਹੈਂਪਟਨ) ਦੀ ਕਮੇਟੀ ਦੇ ਸੱਦੇ ‘ਤੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਯੂ ਕੇ ਦੇ ਦੌਰੇ ‘ਤੇ ਹੈ। ਗਿਆਨੀ ਹਰਪ੍ਰੀਤ ਸਿੰਘ ਵਲੋਂ ਸਾਰਾਗੜ੍ਹੀ ਜੰਗ ਦੇ ਹਵਾਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਜੋ ਉਦਘਾਟਨ ਕੀਤਾ ਜਾ ਰਿਹਾ ਹੈ ਇਸ ‘ਤੇ ਮੀਡੀਏ ਵਿਚ ਬਵਾਲ ਖੜ੍ਹਾ ਹੋ ਗਿਆ ਹੈ ਕਿ ਜਿਸ ਫਿਰੰਗੀ ਨਾਲ ਲੜਦਿਆਂ ਪੰਥ ਨੇ ਲਾਸਾਨੀ ਕੁਰਬਾਨੀਆਂ ਦਿੱਤੀਆਂ ਕੀ ਉਸੇ ਫਿਰੰਗੀ ਦੀ ਫੌਜ ਦੇ ਤਨਖਾਹਦਾਰ ਹਵਾਲਦਾਰ ਦੇ ਬੁੱਤ ਦਾ ਉਦਘਾਟਨ ਜਥੇਦਾਰ ਸ੍ਰੀ ਅਕਾਲ ਤਖਤ ਵਲੋਂ ਕਰਨਾ ਜਾਇਜ਼ ਹੈ ਜਾਂ ਨਹੀਂ। ਉਦਘਾਟਨ ਦੇ ਹੱਕ ਵਿਚ ਅਤੇ ਵਿਰੋਧ ਵਿਚ ਸੋਸ਼ਲ ਮੀਡੀਏ ਤੇ ਜ਼ੋਰ ਅਜਮਾਈ ਕੀਤੀ ਜਾ ਰਹੀ ਹੈ। ਇਸ ਬਹਿੰਸ ਵਿਚ ਜ਼ਿਆਦਾਤਰ ਪੰਥਕ ਅਖਵਾਉਣ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਦੀ ਰੱਸਾਕਸ਼ੀ ਹੋ ਰਹੀ ਹੈ ਜਿਹਨਾ ਦਾ ਮਨੋਰਥ ਸਿਧਾਂਤਕ ਘੱਟ ਅਤੇ ਧੜੇਬੰਦਕ ਬਹੁਤਾ ਹੁੰਦਾ ਹੈ। ਆਓ ਪਹਿਲਾਂ ਸੰਖੇਪ ਵਿਚ ਸਾਰਾਗੜ੍ਹੀ ਦੀ ਜੰਗ ‘ਤੇ ਨਜ਼ਰ ਮਾਰ ਲਈਏ –

ਦੁਨੀਆਂ ਦੀਆਂ 8 ਅਹਿਮ ਜੰਗਾਂ ਵਿਚ ਸ਼ੁਮਾਰ ਹੈ ਨਾਮ ਸਾਰਾਗੜ੍ਹੀ ਦੀ ਜੰਗ ਦਾ

ਜਿਸ ਧਜ ਸੇ ਕੋਈ ਮਕਤਲ ਮੇਂ ਗਿਆ, ਵੋ ਸ਼ਾਨ ਸਲਾਮਤ ਰਹਿਤੀ ਹੈ

ਯਿਹ ਜਾਨ ਤੋ ਆਨੀ ਜਾਨੀ ਹੈ, ਇਸ  ਜਾਨ  ਕੀ  ਕੋਈ  ਬਾਤ  ਨਹੀਂ 

ਇਹ ਲੜਾਈ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌਜ ਦੇ 21 ਸਿੱਖ ਜਵਾਨਾਂ ਵਲੋਂ ਅਫਗਾਨੀ ਸਰਹੱਦ ‘ਤੇ ਪਠਾਣਾ ਤੇ ਅਫਰੀਦੀ ਕਬਾਈਲੀਆਂ ਨਾਲ ਲੜੀ ਗਈ ਸੀ ਜਿਹਨਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦੱਸੀ ਜਾਂਦੀ ਹੈ।

ਹਵਾਲਦਾਰ ਈਸ਼ਰ ਸਿੰਘ 36 ਸਿੱਖ ਰਜਮੈਂਟ ਦੀ ਅਗਵਾਈ ਕਰ ਰਹੇ ਸਨ ਜਿਸ ਨੂੰ ਅੱਜਕਲ 4 ਸਿੱਖ ਰਜਮੈਟ ਕਿਹਾ ਜਾਂਦਾ ਹੈ। ਉਹ ਪਿੱਛਿਓਂ ਪਿੰਡ ਝੋਰੜਾਂ ਜ਼ਿਲਾ ਲੁਧਿਆਣਾ ਤੋਂ ਗਿੱਲ ਸਰਦਾਰ ਸਨ। ਸਾਰਾਗੜ੍ਹੀ ਦੀ ਜੰਗ ਦੁਨੀਆਂ ਦੀ ਸਿਰਕੱਢ ਅਸਾਵੀਂ ਤੇ ਜਾਂਬਾਜੀ ਵਾਲੀ ਜੰਗ ਮੰਨੀ ਜਾਂਦੀ ਹੈ ਜਦੋਂ ਕਿ ਕੇਵਲ 21 ਸਿੱਖ ਫੌਜੀ ਹਜ਼ਾਰਾਂ ਅਫਗਾਨੀਆਂ ਨਾਲ ਲੜਦੇ ਜਾਨਾਂ ਵਾਰ ਜਾਂਦੇ ਹਨ ਭਾਵੇਂ ਕਿ ਉਹਨਾ ਨੂੰ ਪਿੱਛੇ ਹਟ ਜਾਣ ਦੇ ਅਦੇਸ਼ ਦਿੱਤੇ ਗਏ ਸਨ ਪਰ ਉਹਨਾਂ ਨੇ ਆਪਣੇ ਸਿੱਖੀ ਸਿਦਕ ਦੀ ਸਾਬਤੀ ਲਈ ਪਿੱਠ ਵਿਖਾਉਣ ਨਾਲੋਂ ਆਪਾ ਵਾਰਨ ਨੂੰ ਪਹਿਲ ਦਿੱਤੀ। 

12 ਸਤੰਬਰ 1897 ਦੀ ਸਵੇਰ ਦੇ ਸਾਢੇ ਨੌ ਵਜੇ ਕਬਾਇਲੀਆਂ ਨੇ ਸਾਰਾਗੜ੍ਹੀ ਕਿਲੇ ਨੂੰ ਚੌਫੇਰਿਓ ਘੇਰ ਕੇ ਹਮਲਾ ਕਰ ਦਿੱਤਾ। 36 ਸਿੱਖ ਰੈਜਮੈਂਟ ਦੇ ਇਹ 21 ਸਰਦਾਰ ਏਨੀ ਦਲੇਰੀ ਨਾਲ ਲੜੇ ਕਿ ਉਹਨਾਂ ਨੇ 6 ਘੰਟੇ ਪਠਾਣਾਂ ਨੂੰ ਗੜੀ ਦੇ ਨੇੜੇ ਨਾ ਫਟਕਣ ਦਿੱਤਾ ਭਾਂਵੇ ਕਿ ਇਸ ਗਹਿਗੱਚ ਲੜਾਈ ਵਿਚ 12 ਸਿੱਖ ਫੌਜੀ 600 ਕਬਾਇਲੀਆਂ ਨੂੰ ਮਾਰ ਕੇ ਸ਼ਹਾਦਤ ਦਾ ਜਾਮ ਪੀ ਗਏ। ਗੜ੍ਹੀ ਵਿਚ ਬਾਕੀ ਰਹਿੰਦੇ 9 ਜਵਾਨ ਚੜ੍ਹਦੀ ਕਲਾ ਵਿਚ ਸਨ ਅਤੇ ਮੌਤ ਦਾ ਖੌਫ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਸੀ। ਪਠਾਣਾਂ ਨੇ ਗੜ੍ਹੀ ਦੀ ਕੰਧ ਵਿਚ ਪਾੜ ਪਾ ਲਿਆ ਅਤੇ ਅੰਦਰ ਅੱਗ ਲਾ ਦਿੱਤੀ। ਅੰਦਰ ਜਵਾਨਾਂ ਦਾ ਗੋਲੀ ਸਿੱਕਾ ਵੀ ਖਤਮ ਹੋ ਚੁੱਕਾ ਸੀ। ਭਾਵੇਂ ਗੜ੍ਹੀ ਵਿਚ ਧੂੰਆਂ ਹੀ ਧੂੰਆ ਹੋ ਚੁੱਕਾ ਸੀ ਪਰ ਸਿੱਖ ਜਵਾਨ ਬੋਨਟਾਂ ਨਾਲ ਜੂਝਦੇ ਹੋਏ ਇੱਕ ਇੱਕ ਕਰਕੇ ਸ਼ਹਾਦਤ ਦਾ ਜਾਮ ਪੀਂਦੇ ਗਏ। ਜਦੋਂ 20 ਫੌਜੀ ਸ਼ਹਾਦਤ ਦੇ ਗਏ ਤਾਂ ਸਿਗਨਲਮੈਨ ਗੁਰਮੁਖ ਸਿੰਘ ਨੇ ਆਪਣੇ ਕਰਨਲ ਹਾਰਟ ਨੂੰ ਸੁਨੇਹਾ ਭੇਜਿਆ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ ਅਤੇ ਹੁਣ ਮੈਨੂੰ ਇਜਾਜ਼ਤ ਦਿੱਤੀ ਜਾਵੇ ਕਿ ਮੈਂ ਸਿਗਨਲ ਬੰਦ ਕਰਕੇ ਸ਼ਹੀਦੀ ਪ੍ਰਾਪਤ ਕਰਾਂ। ਇਸ ਤਰਾਂ ਸਾਰਾਗੜ੍ਹੀ ਦਾ ਇਹ ਆਖਰੀ ਜਵਾਨ ਵੀ ਜੈਕਾਰੇ ਲਾਉਂਦਿਆਂ ਬੋਨਟ ਨਾਲ 20 ਤੋਂ ਵੱਧ ਵਿਰੋਧੀਆਂ ਨੂੰ ਢੇਰੀ ਕਰਕੇ ਸੂਰਬਤੀ ਦਾ ਇੱਕ ਨਿਵੇਕਲਾ ਇਤਹਾਸ ਸਿਰਜ ਕੇ ਸ਼ਹੀਦ ਹੋ ਗਿਆ। 

ਇਹ ਗੱਲ ਖਿਆਲ ਕਰਨ ਵਾਲੀ ਹੈ ਕਿ ਕੋਈ ਸਮਾਂ ਸੀ ਜਦੋਂ ਅਫਗਾਨਿਸਤਾਨ ਦੀ ਇਸੇ ਧਰਤੀ ਤੋਂ ਬਾਬਰ, ਗਜ਼ਨਵੀ, ਦੁਰਾਨੀ ਅਤੇ ਅਬਦਾਲੀ ਵਰਗੇ ਧਾੜਵੀ ਆ ਕੇ ਸਦੀਆਂ ਬੱਧੀ ਭਾਰਤ ਦੀ ਜਰ ਜੋਰੂ ਨੂੰ ਲੁੱਟਦੇ ਰਹੇ ਸਨ। ਪਰ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1813 ਨੂੰ ਪੇਸ਼ਾਵਰ ਨੂੰ ਫਤਹਿ ਕਰਕੇ ਆਪਣੀਆਂ ਸਰਹੱਦਾਂ ਦਰਾ ਖੈਬਰ ਤਕ ਵਧਾ ਲਈਆਂ ਸਨ ਅਤੇ ਇਹ ਉਹ ਸਮਾਂ ਸੀ ਜਦੋਂ ਅਫਗਾਨੀ ਔਰਤਾਂ ਹਰੀ ਸਿੰਘ ਨਲਵਾ ਦਾ ਨਾਮ ‘ਹਰਿਆ ਰਾਂਗਲਾ’ ਕਹਿ ਕੇ ਆਪਣੇ ਬੱਚਿਆਂ ਨੂੰ ਡਰਾਇਆ ਕਰਦੀਆਂ ਸਨ। 

ਯੂਨੈਸਕੋ ਨੇ ਇਸ ਜੰਗ ਦਾ ਨਾਮ ਦੁਨੀਆਂ ਦੀਆਂ 8 ਅਹਿਮ ਜੰਗਾਂ ਵਿਚ ਸ਼ਾਮਲ ਕੀਤਾ ਹੈ। ਇੰਗਲੈਂਡ ਅਤੇ ਕਨੇਡਾ ਵਿਚ ਇਸ ਦਿਨ ‘ਤੇ ਸ਼ਹੀਦ ਸਿੱਖ ਫੌਜੀਆਂ ਨੂੰ ਸਦਨ ਵਿਚ ਯਾਦ ਕੀਤਾ ਜਾਂਦਾ ਹੈ ਜਾਂ ਇੰਝ ਕਹਿ ਲਓ ਕਿ ਸਲਾਮੀ ਦਿੱਤੀ ਜਾਂਦੀ ਹੈ ਅਤੇ ਫਰਾਂਸ ਦੇ ਸਕੂਲਾਂ ਵਿਚ ਇਸ ਜੰਗ ਨੂੰ ਪੜ੍ਹਾਇਆ ਜਾਂਦਾ ਹੈ। ਇੰਗਲੈਂਡ ਦੀ ਸੈਂਡਰਸ ਆਰਮੀ ਅਕੈਡਮੀ ਵਿਚ ਸਾਰਾਗੜ੍ਹੀ ਸਬੰਧਤ ਲੈਕਚਰ ਕਰਵਾਏ ਜਾਂਦੇ ਹਨ। ਭਾਰਤ ਵਿਚ ਇਸ ਜੰਗ ਨੂੰ ਅਣਗੌਲਿਆਂ ਕੀਤਾ ਹੋਇਆ ਹੈ ਅਤੇ ਭਾਰਤੀ ਵਿੱਦਿਅਕ ਅਦਾਰਿਆਂ ਵਿਚ ਇਸ ਦਾ ਜ਼ਿਕਰ ਤਕ ਗਾਇਬ ਹੈ। ਬ੍ਰਿਟਿਸ਼ ਸਰਕਾਰ ਨੇ 36 ਸਿੱਖ ਰੈਜਮੈਂਟ ਦੇ 21 ਸ਼ਹੀਦਾਂ ਨੂੰ ‘ਇੰਡੀਅਨ ਆਡਰ ਆਫ ਮੈਰਿਟ’ ਦਾ ਸਨਮਾਨ ਦਿੱਤਾ ਅਤੇ ਹਰ ਸਿੱਖ ਫੌਜੀ ਦੇ ਪਰਿਵਾਰ ਨੂੰ ਦੋ ਦੋ ਮੁਰੱਬੇ ਜ਼ਮੀਨ ਅਤੇ 500 ਰੁਪਏ ਦਿਤੇ ਗਏ ਜੋ ਕਿ ਇਹ ਉਸ ਸਮੇਂ ਬਹੁਤ ਵੱਡੀ ਰਾਸ਼ੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਬਰਤਾਨਵੀ ਫੌਜ ਵਿਚ ਜੋ ਸਨਮਾਨ 36 ਸਿੱਖ ਰੈਜਮੈਂਟ ਦੇ ਸ਼ਹੀਦ ਜਵਾਨਾਂ ਨੂੰ ਦਿੱਤਾ ਗਿਆ ਏਨਾ ਵੱਡਾ ਸਨਮਾਨ ਸਾਰਾਗੜ੍ਹੀ ਦੀ ਜੰਗ ਤੋਂ ਪਹਿਲਾਂ ਅਤੇ ਮਗਰੋਂ ਅੱਜ ਤਕ ਹੋਰ ਕਿਸੇ ਪਲਟਨ ਨੂੰ ਨਹੀਂ ਦਿੱਤਾ ਗਿਆ। ਭਾਰਤ ਵਿਚ ਸਾਰਾਗੜ੍ਹੀ ਬਾਰੇ ‘ਕੇਸਰੀ’ ਨਾਮ ਦੀ ਫਿਲਮ ਵਿਚ ਕਮਾਲ ਦੀ ਪੇਸ਼ਕਾਰੀ ਕੀਤੀ ਗਈ ਹੈ ਅਤੇ ਬਹੁਤ ਪ੍ਰਸ਼ੰਸਾ ਵੀ ਪ੍ਰਾਪਤ ਕੀਤੀ ਹੈ ਅਤੇ ਇਸ ਜੰਗ ਸਬੰਧੀ ਹੋਰ ਫ਼ਿਲਮਾਂ ਬਣਨ ਦੇ ਵੀ ਚਰਚੇ ਹਨ।

ਗੁਰੂ ਨਾਨਕ ਗੁਰਦਵਾਰਾ ਵੈਨਸਫੀਲਡ (ਵੁਲਵਰਹੈਂਪਟਨ) ਦੀ ਕਮੇਟੀ ਵਲੋਂ ਹੌਲਦਾਰ ਈਸ਼ਰ ਸਿੰਘ ਦਾ ੯ ਫੁੱਟ ਉੱਚਾ ਬੁੱਤ ਸਥਾਪਤ ਕੀਤਾ ਗਿਆ ਹੈ ਉਹ ਕਲਪਤ ਹੈ ਕਿਓਂਕਿ ਉਸ ਦੀ ਸਹੀ ਅਤੇ ਸਪੱਸ਼ਟ ਕੋਈ ਤਸਵੀਰ ਹਾਸਲ ਨਹੀਂ ਹੈ। ਇਹ ਬੁੱਤ ੬ ਫੁੱਟ ਉੱਚੇ ਜਿਸ ਚਬੂਤਰੇ ਤੇ ਸਥਾਪਤ ਕੀਤਾ ਗਿਆ ਹੈ ਉਸ ‘ਤੇ ਗੁਰਬਾਣੀ ਦੀ ਤੁਕ ਲਿਖੀ ਗਈ ਹੈ –

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥

ਗੁਰਬਾਣੀ ਦੀ ਇਹ ਤੁਕ ਕਿਓਂਕਿ ਹਵਾਲਦਾਰ ਦੇ ਪੈਰਾਂ ਹੇਠ ਹੈ ਇਸ ਕਰਕੇ ਇਸ ਸਬੰਧੀ ਸੋਸ਼ਲ ਮੀਡੀਏ ਤੇ ਗੁਰਬਾਣੀ ਦੇ ਸਤਕਾਰ ਦਾ ਮੁੱਦਾ ਵੀ ਭਖ ਪਿਆ ਹੈ ਕਿ ਇਹ ਤੁਕ ਜਰੂਰੀ ਲਿਖਣੀ ਸੀ ਤਾਂ ਘੱਟੋ ਘੱਟ ਬੁੱਤ ਦੇ ਉਪਰ ਲਿਖੀ ਹੋਣੀ ਚਾਹੀਦੀ ਸੀ ਨਾ ਕਿ ਹੇਠਾਂ। ਸਾਰਾਗੜ੍ਹੀ ਨਾਲ ਸਬੰਧਤ ਯੂ ਕੇ ਵਿਚ ਇਹ ਪਹਿਲੀ ਯਾਦਗਾਰ ਹੈ ਇਸ ਦੀ ਸਥਾਪਤੀ ਵਿਚ ਗੁਰਦੁਆਰਾ ਕਮੇਟੀ, ਲੋਕਲ ਕੌਂਸਲ ਜਾਂ ਹੋਰ ਜੋ ਵੀ ਵਿਅਕਤੀ ਅਤੇ ਸੰਸਥਾਵਾਂ ਸ਼ਾਮਲ ਹਨ ਉਹਨਾ ਦਾ ਫਰਜ਼ ਬਣਦਾ ਸੀ ਕਿ ਇਸ ਨੂੰ ਗੁਰਦੁਆਰੇ ਨਾਲ ਸਬੰਧਤ ਕਰਨ ਦੀ ਬਜਾਏ ਦੇਸ਼ ਦੀ ਕਿਸੇ ਜਨਥਕ ਥਾਂ ਵਿਚ ਸਥਾਪਤ ਕਰਕੇ ਇਸ ਦਾ ਉਦਘਾਟਨ ਦੇਸ਼ ਦੀ ਮਲਕਾ ਜਾਂ ਪ੍ਰਧਾਨ ਮੰਤਰੀ ਤੋਂ ਕਰਵਾਇਆ ਜਾਂਦਾ ਤਾਂ ਵਧੇਰੇ ਮੁਨਾਸਿਬ ਹੁੰਦਾ। ਜਿਵੇਂ ਕਿ ਸਾਡੇ ਸ਼ਹਿਰ ਕਾਵੈਂਟਰੀ ਵਿਚ ਵਿਸ਼ਵ ਜੰਗ ਵਿਚ ਸਿੱਖਾਂ ਦੀ ਦੇਣ ਸਬੰਧੀ ਯਾਦਗਾਰ ਸ਼ਹਿਰ ਦੇ ਇੱਕ ਚੌਂਕ ਵਿਚ ਸਥਾਪਤ ਕੀਤੀ ਗਈ ਸੀ ਜਿਸ ਨੂੰ ਖੰਡੇ ਵਾਲਾ ਚੌਂਕ ਕਿਹਾ ਜਾਂਦਾ ਹੈ। ਇਹ ਯਾਦਗਾਰ ਇਸ ਇਤਹਾਸਕ ਤੱਥ ਦੀ ਸੂਚਕ ਹੈ ਕਿ ਹਿਟਲਰ ਅਤੇ ਮੂਸੋਲੀਨੀਆਂ ਵਰਗੇ ਫਾਸ਼ੀਆਂ ਨਾਲ ਜੂਝਦਿਆਂ ਸੰਸਾਰ ਵਿਚ ਅਮਨ ਅਮਾਨ ਕਾਇਮ ਕਰਨ ਵਿਚ ਸਿੱਖਾਂ ਦੇ ਵੀ 80,000 ਤੋਂ ਵੱਧ ਸਿਰ ਲੱਗੇ ਸਨ।

ਇਸੇ ਤਰਾਂ ਕਿਓਂਕ 36 ਸਿੱਖ ਬਟਾਲੀਅਨ ਦੇ ਫੌਜੀ ਉਸ ਸਮੇਂ ਮਲਕਾ ਵਿਕਟੋਰੀਆ ਦੇ ਬਸਤੀਵਾਦੀ ਪ੍ਰਬੰਧ ਦੇ ਤਨਖਾਹਦਾਰ ਸਿਪਾਹੀ ਸਨ ਜਿਹਨਾਂ ਦੀਆਂ ਸੇਵਾਵਾਂ ਫਿਰੰਗੀ ਲਈ ਸਨ ਨਾ ਕਿ ਖਾਲਸਾ ਪੰਥ ਲਈ ਇਸ ਲਈ ਇਸ ਤੱਥ ਨੂੰ ਨਜ਼ਰ ਅੰਦਾਜ਼ ਕਰਨਾ ਮੁਨਾਸਿਬ ਨਹੀਂ ਹੈ।  

ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਬਹਾਦਰੀ ਵਾਕਿਆ ਹੀ ਆਪਣੇ ਆਪ ਵਿਚ ਇੱਕ ਆਲਮੀ ਪੱਧਰ ਦੀ ਸਿਰਕੱਢ ਇਤਹਾਸਕ ਮਿਸਾਲ ਹੈ। ਪਰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਸਿੱਖ ਫੌਜੀਆਂ ਦੀ ਇਹ ਸੇਵਾ ਫਿਰੰਗੀ ਜਾਂ ਉਹਨਾ ਦੀ ਮਹਾਂਰਾਣੀ ਦੇ ਰਾਜ ਨੂੰ ਸਮਰਪਿਤ ਸੀ ਜਿਹਨਾ ਦੇ ਬਸਤੀਵਾਦੀ ਨਿਜਾਮ ਨੇ ਦੁਨੀਆਂ ਦੇ ਅਨੇਕਾਂ ਦੇਸ਼ਾਂ ਦੀ ਅਜ਼ਾਦੀ ਅਤੇ ਸਭਿਆਚਾਰ ਨੂੰ ਕੁਚਲ ਦਿੱਤਾ ਸੀ ਸਮੇਤ ਮਹਾਂਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ। ਇਹ ਉਹ ਹੀ ਫਿਰੰਗੀ ਸੀ ਜਿਸ ਨੇ ਕਮੀਨੀਆਂ ਚਾਲਾਂ ਚੱਲ ਕੇ ਸਿੱਖ ਰਾਜ ਹਥਿਆਇਆ, ਮਹਾਂਰਾਣੀ ਜਿੰਦਾਂ ਨੂੰ ਨਜ਼ਰਬੰਦ ਕਰਕੇ ਨਬਾਲਗ ਦਲੀਪ ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਉਸ ਨੂੰ ਇਸਾਈ ਬਣਾ ਦਿੱਤਾ ਸੀ ਤਾਂ ਕਿ ਭਵਿੱਖ ਵਿਚ ਸਿੱਖ ਰਾਜ ਦਾ ਕੋਈ ਵਾਰਸ ਨਾ ਰਹੇ। 

ਵਿਰਾਸਤ ਦੀ ਪਹਿਰੇਦਾਰੀ ਵਿਚ ਢੁੱਠਾਂ ਵਾਲਿਆਂ ਦਾ ਸ਼ਰੀਕਾ

ਤੁਮ੍ਹਾਰੇ ਪਾਓਂ ਕੇ ਨੀਚੇ ਜ਼ਮੀਨ ਨਹੀਂ, ਕਮਾਲ ਯਹ ਹੈ ਕਿ ਫਿਰ ਵੀ ਤੁਮ੍ਹੇਂ ਯਕੀਨ ਨਹੀਂ

ਸਾਡੇ ਪਾਠਕਾਂ ਨੂੰ ਸ਼ਾਇਦ ਚੇਤੇ ਹੋਵੇ ਕਿ ਅੰਗ੍ਰੇਜ਼ਾਂ ਅਤੇ ਸਿੱਖਾਂ ਦੀ ਇਤਹਾਸਕ ਪਿੱਠ ਭੂਮੀ ਵਿਚ ਆਪਸੀ ਰਿਸ਼ਤੇ ਦੀ ਨੇੜਤਾ ਦਾ ਫਾਇਦਾ ਲੈਂਦੇ ਹੋਏ ਇੱਕ ‘ਐਂਗਲੋ ਸਿੱਖ ਹੈਰੀਟੇਜ ਟਰੇਲ’ ਨਾਮ ਦੀ ਜਥੇਬੰਦੀ ਵਲੋਂ ਥੈਟਫੋਰਡ ਵਿਖੇ ਮਹਾਂਰਾਜਾ ਦਲੀਪ ਸਿੰਘ ਦਾ ਬੁੱਤ ਸਥਾਪਤ ਕਰਨ ਦੇ ਨਾਲ ਨਾਲ ਬਹੁਤ ਕੰਮ ਕੀਤਾ ਗਿਆ ਸੀ। ਉਸ ਸਮੇਂ ਆਪਣੇ ਆਪ ਨੂੰ ਯੂ ਕੇ ਵਿਚ ਪੰਥਕ ਅਗਵਾਈ ਦੇ ਦਾਅਵੇਦਾਰਾਂ ਵਲੋਂ ‘ਐਗਲੋ ਸਿੱਖ ਹੈਰੀਟੇਜ ਟਰੇਲ’ ਦੇ ਆਗੂ ਸ: ਹਰਬਿੰਦ ਸਿੰਘ ਰਾਣੇ ਦਾ ਵਿਰੋਧ ਕਰਨ ਲਈ ਟਿੱਲ ਲਾ ਦਿੱਤਾ ਜਦੋਂ ਉਹ ਪ੍ਰਿੰਸ ਚਾਰਲਸ ਨੂੰ ਪੰਜਾਬ ਲਿਜਾ ਕੇ ਪੰਜਾਬੀ ਕਿਸਾਨੀ ਦੇ ਸੰਕਟ ਪ੍ਰਤੀ ਦੁਨੀਆਂ ਭਰ ਦਾ ਧਿਆਨ ਦਿਵਾਉਣ ਵਲ ਜਾ ਰਿਹਾ ਸੀ। ਵਿਅਕਤੀ ਕੋਈ ਵੀ ਹੋਵੇ ਉਸ ਦੀਆਂ ਇਖਲਾਕੀ ਕਮਜ਼ੋਰੀਆਂ ਦੇ ਨਾਲ ਨਾਲ ਉਸ ਦੀ ਪੰਥਕ ਪ੍ਰਤੀਬਧਤਾ ਨੂੰ ਵੀ ਧਿਆਨ ਵਿਚ ਰੱਖਣ ਦੀ ਲੋੜ ਹੁੰਦੀ ਹੈ ਪਰ ਇਹ ਗੱਲ ਬੜੇ ਹੀ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਅਜੋਕੇ ਪੰਥਕ ਧੜਿਆਂ ਦੀ ਕਤਾਰਬੰਦੀ ਵਿਚ ਸ਼ਰੀਕਾਂ ਅਤੇ ਵੈਰ ਵਿਰੋਧ ਸਿਖਰ ‘ਤੇ ਹੈ।  ਢੁੱਠਾਂ ਵਾਲੇ ਧੜਿਆਂ ਵਿਚ ਜਦੋਂ ਉਹਨਾਂ ਦੇ ਆਪਣੇ ਕਿਸੇ ਬੰਦੇ ਵਿਚ ਇਖਲਾਕੀ ਗਿਰਾਵਟ ਆਉਂਦੀ ਹੈ ਤਾਂ ਉਹ ਉਸ ਨੂੰ ਬਚਾਉਣ ਲਈ ਸਿਰ ਧੜ ਦੀ ਲਾ ਦਿੰਦੇ ਹਨ ਭਾਵੇਂ ਕਿ ਉਸ ਦੇ ਇਤਹਾਸਕ ਝੂਠ ‘ਤੇ ਸਾਰੇ ਪੰਥ ਵਲੋਂ ਹੀ ਫਿਟਕਾਰਾਂ ਪੈ ਰਹੀਆਂ ਹੋਣ ਪਰ ਜਦੋਂ ਇਹਨਾ ਲੱਠਮਾਰਾਂ ਦੇ ਸਾਹਮਣੇ ਕੋਈ ਵਰੋਧੀ ਧਿਰ ਦਾ ਆਗੂ ਆ ਜਾਵੇ ਤਾਂ ਉਸ ਦਾ ਚਰਿੱਤਰ ਘਾਤ ਕਰਨ ਲਈ ਵੀ ਇਹ ਸਿਰ ਧੜ ਦੀ ਲਾ ਦਿੰਦੇ ਹਨ। 

ਸਿਧਾਂਤਕ ਤੱਥ ਬਾਰੇ ਸੋਚਣਾ ਜਥੇਦਾਰ ਦਾ ਫਰਜ਼ ਬਣਦਾ ਸੀ!

ਕਿਸ ਸੇ ਪਤਾ ਪੂਛੇਂ ਮੰਜ਼ਿਲੇਂ ਜਾ ਕੇ, ਜਿਸ ਕੋ ਖਬਰ ਥੀ ਤੇਰੀ ਵੋਹ ਬੇਖਬਰ ਮਿਲਾ

ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੱਖੀ ਸੇਵਕੀ ਦੇ ਨਾਲ ਨਾਲ ਦੁਨਿਆਵੀ ਵਿੱਦਿਆ ਵਿਚ ਪ੍ਰਬੀਨ ਮੰਨੇ ਜਾਂਦੇ ਹਨ। ਪਰ ਇੰਝ ਜਾਪਦਾ ਹੈ ਕਿ ਉਹਨਾ ਨੇ ਸਬੰਧਤ ਮਾਮਲੇ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ। ਜਦੋਂ ਅੰਗ੍ਰੇਜ਼ਾਂ ਦਾ ਭਾਰਤ ‘ਤੇ ਰਾਜ ਸੀ ਤਾਂ ਉਹਨਾਂ ਤੋਂ ਅਜ਼ਾਦੀ ਦੇ ਸੰਘਰਸ਼ ਵਿਚ ਗਦਰੀ ਬਾਬਿਆਂ ਅਤੇ ਅਨੇਕਾਂ ਹੋਰ ਸੂਰਮਿਆਂ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆਂ, ਕਾਲੇ ਪਾਣੀ ਦੀਆਂ ਕੈਦਾਂ ਕੱਟੀਆਂ ਅਤੇ ਸ਼ਹੀਦੀਆਂ ਦਿੱਤੀਆਂ। ਜਨਰਲ ਮੋਹਣ ਸਿੰਘ ਵਲੋਂ ਅਜ਼ਾਦ ਹਿੰਦ ਫੌਜ ਬਣਾ ਕੇ ਫਿਰੰਗੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦੇਣ ਦਾ ਆਪਣਾ ਇਤਹਾਸ ਹੈ। ਸਿੱਖ ਕੌਮ ਇਹ ਗੱਲ ਮਾਣ ਨਾਲ ਕਹਿੰਦਾ ਰਿਹਾ ਹੈ ਕਿ ਭਾਰਤ ਦੀ ਅਜ਼ਾਦੀ ਵਿਚ ਸਿੱਖਾਂ ਦੀ ਕੁਰਬਾਨੀ 90% ਹੈ। ਜਿਥੋਂ ਤਕ ਫਿਰੰਗੀ ਦੇ ਬਸਤੀਵਾਦੀ ਸਾਮਰਾਜ ਦਾ ਸਬੰਧ ਹੈ ਇਸ ਨੇ ਅਮਰੀਕਾ, ਕਨੇਡਾ, ਅਸਟਰੇਲੀਆ ਅਤੇ ਦੁਨੀਆਂ ਦੇ ਪਤਾ ਨਹੀਂ ਕਿੰਨੀਆਂ ਕੁ ਕੌਮਾਂ ਦੀ ਪਛਾਣ ਤਕ ਖਤਮ ਕਰ ਦਿੱਤੀ। ਸੱਚ ਤਾਂ ਇਹ ਹੈ ਕਿ ਯੂ ਕੇ ਦੇ ਸੱਚੇ ਸਚਿਆਰੇ ਇੰਗਲਿਸ਼ ਲੋਕ ਇਸ ਇਤਹਾਸਕ ਤੱਥ ਨੂੰ ਸਮਝਦੇ ਹੋਏ ਆਪਣੇ ਬਸਤੀਵਾਦੀ ਪ੍ਰਬੰਧ ਸਬੰਧੀ ਗਿਲਾਨੀ ਨਾਲ ਭਰ ਜਾਂਦੇ ਹਨ। ਇਸ ਇਤਹਾਸਕ ਸੱਚਾਈ ਨੂੰ ਸਮਝਣ ਲਈ ਗਿ: ਹਰਪ੍ਰੀਤ ਸਿੰਘ ਨੂੰ ‘ਰੂਟਸ’ ਵਰਗੀਆਂ ਫਿਲਮਾਂ ਜਰੂਰ ਦੇਖਣੀਆਂ ਚਾਹੀਦੀਆਂ ਹਨ। ਇਹ ਜਰੂਰ ਖੋਜ ਕਰਨੀ ਚਾਹੀਦੀ ਹੈ ਕਿ ਜਿਸ ਵੇਲੇ ਫਿਰੰਗੀ ਨੇ ਸਿੱਖ ਰਾਜ ਹਥਿਆ ਲਿਆ ਸੀ ਫਿਰ 6 ਆਨੇ ਪੰਜਾਬੀ ਕੈਦੇ ਦਾ ਲਾਲਚ ਦੇ ਕੇ ਅਤੇ 3 ਆਨੇ ਕਿਸੇ ਵੀ ਕਿਸਮ ਦੇ ਹਥਿਆਰ ਦਾ ਲਾਲਚ ਦੇ ਕੇ ਬਹਾਦਰੀ ਅਤੇ ਸਾਖਰਤਾ ਦੀਆਂ ਬੁਲੰਦੀਆਂ ਵਲ ਵਧ ਰਹੀ ਕੌਮ ਨੂੰ ਅਨਪੜ੍ਹਤਾ ਅਤੇ ਗੁਲਾਮੀ ਦੀ ਜਲਾਲਤ ਵਲ ਧੱਕ ਦਿੱਤਾ ਸੀ।

ਸਰਾਗੜ੍ਹੀ ਦੇ ਸਿਪਾਹੀ ਭਾਂਵੇਂ ਕਿੰਨੀ ਵੀ ਬਹਾਦਰੀ ਨਾਲ ਲੜੇ ਹੋਣ ਪਰ ਜਥੇਦਾਰ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਹ ਫਿਰੰਗੀ ਦੇ ਬਸਤੀਵਾਦੀ ਸਾਮਰਾਜ ਦੇ ਤਨਖਾਹਦਾਰ ਨੌਕਰ ਸਨ। ਇਹ ਤੱਥ ਵੀ ਖਿਆਲ ਕਰਨ ਵਾਲਾ ਹੈ ਕਿ ਅਫਗਾਨਿਸਤਾਨ ਦੀ ਸਰ ਜਮੀਨ ਤੋਂ ਦੁਰਾਨੀ ਤੇ ਅਬਦਾਲੀ ਵਰਗੇ ਲੁਟੇਰਆਂ ਵਲੋਂ ਕੀਤੇ ਹਮਲਿਆਂ ਦੀ ਪਿੱਠ ਭੂਮੀ ਵਿਚ ਇਹ ਮੁਨਾਸਿਬ ਨਹੀਂ ਹੈ ਕਿ ਅਸੀਂ ਅਫਗਾਨੀ ਖਾੜਕੂਆਂ ਵਲੋਂ ਬਰਤਾਨੀਆਂ, ਰੂਸ ਜਾਂ ਅਮਰੀਕਾ ਖਿਲਾਫ ਵਿੱਢੇ ਜੰਗ ਵਿਚ ਬਰਤਾਨੀਆਂ ਦੇ ਹੱਕ ਵਿਚ ਭੁਗਤਣ ਦੇ ਤੱਥ ਨੂੰ ਤੂਲ ਦੇਈਏ। ਹਾਂ ਅਫਗਾਨੀ ਤਾਲਿਬਾਨਾਂ ਵਲੋਂ ਸ਼ਰੀਆ ਕਾਨੂੰਨਾਂ ਦੀ ਆੜ ਵਿਚ ਮਨੁੱਖੀ ਹੱਕਾਂ ਨੂੰ ਕੁਚਲਿਆ ਜਾਣਾ ਗਲਤ ਹੋਵੇਗਾ।

ਜਾਪਦਾ ਹੈ ਕਿ ਗਿ: ਹਰਪ੍ਰੀਤ ਸਿੰਘ ਨੂੰ ਐਨ ਮੌਕੇ ‘ਤੇ ਇਹਨਾਂ  ਸੱਚਾਈਆਂ ਦਾ ਅਹਿਸਾਸ ਹੋ ਗਿਆ ਸੀ ਇਸੇ ਕਰਕੇ ਉਸ ਨੇ ਬੁੱਤ ਦਾ ਉਦਘਾਟਨ ਆਪ ਤਾਂ ਨਾ ਕੀਤਾ ਪਰ ਇਹ ਕਾਰਾ ਪੰਜਾਂ ਸਿੰਘਾਂ ਤੋਂ ਕਰਵਾ ਦਿਤਾ। ਇਹ ਤਾਂ ਸਗੋਂ ਇੱਕ ਹੋਰ ਗੰਭੀਰ ਗੁਨਾਹ ਹੋ ਗਿਆ। ਖਾਲਸਾ ਪੰਥ ਵਿਚ ਪੰਜ ਪਿਆਰੇ ਜਾਂ ਪੰਜ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਨਮੁਖ ਹੁੰਦੇ ਹਨ ਮਾਨਵੀ ਸਰੋਕਾਰਾਂ ਨੂੰ ਸਮਰਪਿਤ ਹੁੰਦੇ ਹਨ। ਇਹਨਾਂ ਸਿੰਘਾਂ ਵਲੋਂ ਉਸ ਤਨਖਾਹਦਾਰ ਵਿਅਕਤੀ ਦੇ ਬੁੱਤ ਦਾ ਉਦਘਾਟਨ ਹਰਗਿਜ਼ ਮੁਨਾਸਬ ਨਹੀਂ ਸੀ ਜਿਸ ਦੀਆਂ ਸੇਵਾਵਾਂ ਮਲਕਾ ਵਿਕਟੋਰੀਆ ਦੇ ਸਾਮਰਾਜ ਦੀ ਰਾਖੀ ਕਰਨਾ ਸੀ ਜਿਸ ਦਾ ਮਨੋਰਥ ਸਿੱਖ ਰਾਜ ਨੂੰ ਜ਼ਬਤ ਕਰਕੇ ਸਿੱਖਾਂ ਨੂੰ ਗੁਲਾਮ ਬਨਾਉਣਾ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਸਮਾਰੋਹ ਵਿਚ ਸ਼ਾਮਲ ਕਿਸੇ ਪੰਥਕ ਪ੍ਰਚਾਰਕ, ਆਗੂ ਜਾਂ ਜਥੇਦਾਰ ਨੂੰ ਗੁਰਬਾਣੀ ਦੀ ਕੀਤੀ ਗਈ ਬੇਅਦਬੀ ਅਤੇ ਸਿੱਖ ਪੰਥ ਦੀਆਂ ਕੀਮਤਾਂ ਦੀ ਕੀਤੀ ਗਈ ਬੇਅਦਬੀ ਦਾ ਅਹਿਸਾਸ ਤਕ ਨਾ ਹੋਇਆ।

ਅਖੀਰ ‘ਤੇ ਇਹ ਗੱਲ ਹੋਰ ਵੀ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਗਿ: ਹਰਪ੍ਰੀਤ ਸਿੰਘ ਨੇ ਸਾਰਾਗੜ੍ਹੀ ਦੀ ਜੰਗ ਦੀ ਚਮਕੌਰ ਸਾਹਿਬ ਦੀ ਜੰਗ ਨਾਲ ਤੁਲਨਾ ਕਰਕੇ ਪੰਥਕ ਧ੍ਰੋਹ ਕੀਤਾ ਹੈ। ਇਹ ਸਿੱਖ ਪੰਥ ਦੇ ਸੱਚ ਅਤੇ ਸਿਧਾਂਤ ਦੀ ਘੋਰ ਬੇਅਦਬੀ ਹੈ। ਚਮਕੌਰ ਦੇ ਸ਼ਹੀਦਾਂ ਦੀ ਸ਼ਹਾਦਤ ਉਸ ਸਮੇਂ ਦੇ ਜਾਬਰ ਰਾਜ ਪ੍ਰਬੰਧ ਨੂੰ ਉਲਟਾ ਦੇਣ ਲਈ ਸੀ ਜਦ ਕਿ ਸਾਰਾ ਗੜ੍ਹੀ ਦੇ ਸ਼ਹੀਦਾਂ ਦੀ ਸ਼ਹਾਦਤ ਫਿਰੰਗੀ ਦੇ ਜਾਬਰ ਰਾਜ ਪ੍ਰਬੰਧ ਦੀ ਸਲਾਮਤੀ ਲਈ ਸੀ। ਜੇ ਕੇਵਲ ਬਹਾਦਰੀ ਹੀ ਆਪਣੇ ਆਪ ਵਿਚ ਵੱਡੀ ਮਨੁੱਖੀ ਸਿਫਤ ਹੈ ਤਾਂ ਫਿਰ ਚੰਗੇਜ਼ਾਂ, ਦੁਰਾਨੀਆਂ ਅਤੇ ਅਬਦਾਲੀਆਂ ਦੀਆਂ ਮਾਰੀਆਂ ਹੋਈਆਂ ਮਾਰੀਆਂ ਨੂੰ ਅਸੀਂ ਮਾੜਾ ਕਿਓਂ ਕਹਿੰਦੇ ਹਾਂ?

ਅਜਕਲ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਗਾਇਬ ਕੀਤੀਆਂ 350 ਬੀੜਾਂ ਨੂੰ ਮਹਿਜ਼ ਇੱਕ ਦਫਤਰੀ ਉਕਾਈ (Error) ਕਹਿ ਕੇ ਨਜ਼ਰ ਅੰਦਾਜ਼ ਕਰਨ ਲਈ ਗਿ: ਹਰਪ੍ਰੀਤ ਸਿੰਘ ਵਲੋਂ ਦਿੱਤੇ ਹੋਏ ਭਾਸ਼ਣ ਜਾਂ ਲੋਕਾਂ ਵਿਚ ਅਕਾਲੀ ਦਲ ਬਾਦਲ ਦੀ ਮਰ ਰਹੀ ਸਾਖ ਨੂੰ ਜ਼ਿੰਦਾ ਕਰਨ ਲਈ ਇਹ ਕਹਿਣਾ ਕਿ ਇਹ ਪੰਥ ਦਾ ਬੱਚਾ ਹੈ ਵੀ ਨਜ਼ਰ ਗੋਚਰੇ ਹੈ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਹਨਾਂ ਨੇ ਗਿ: ਹਰਪ੍ਰੀਤ ਸਿੰਘ ਦੇ ਰੋਹਬੀਲੇ ਭਾਸ਼ਣ ਦਾ ਜਿਕਰ ਕੀਤਾ ਹੈ ਜਿਸ ਵਿਚ ਬਾਦਲਾਂ ਦੀ ਜੀ ਹਜੂਰੀ ਕਰਦਿਆਂ ਗਿ: ਹਰਪ੍ਰੀਤ ਸਿੰਘ ਨੇ ਲਾਪਤਾ ਕੀਤੀਆਂ ਬੀੜਾਂ ਸਬੰਧੀ ਸੜਕ ‘ਤੇ ਬੈਠੇ ਰੋਸ ਕਰਦੇ ਸਿੰਘਾਂ ਖਿਲਾਫ ਸਿੱਖ ਸੰਗਤਾਂ ਨੂੰ ਲਲਕਾਰਿਆ ਸੀ ਕਿ ਉਹ ਡਾਂਗਾਂ ਲੈ ਕੇ ਹਮਲਾ ਕਰਨ। ਭਾਈ ਰਣਜੀਤ ਸਿੰਘ ਨੇ ਗਿ: ਹਰਪ੍ਰੀਤ ਸਿੰਘ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਉਹ ਲਾਪਤਾ ਕੀਤੀਆਂ ਗਈਆਂ ਪਾਵਨ ਬੀੜਾਂ ਪ੍ਰਤੀ ਆਪਣੇ ਫਰਜ਼ ਤੋਂ ਮੁਨਕਰ ਹੋ ਰਿਹਾ ਹੈ ਜਦ ਕਿ ਭਾਜਪਾ ਨੂੰ ਬੇਸ਼ਰਤ ਦੇਣ ਵਾਲਾ ਬਾਦਲ ਦਲ ਅੱਜ ਜਦ ਮੂਧੇ ਮੂੰਹ ਡਿਗ ਪਿਆ ਹੈ ਤਾਂ ਗਿ: ਹਰਪ੍ਰੀਤ ਸਿੰਘ ਵਲੋਂ ਉਸ ਨੂੰ ਪੰਥ ਦਾ ਬੱਚਾ ਸਿੱਧ ਕਰਨ ਦੀ ਕੋਸ਼ਿਸ਼ ਕਰਨਾ ਅਹਮਕਾਨਾ ਹੈ। ਇਹ ਸਭ ਸਿੱਧ ਕਰਦਾ ਹੈ ਕਿ ਗਿ: ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਵਜੋਂ ਨਹੀਂ ਸਗੋਂ ਸਿਰਫ ਬਾਦਲਾਂ ਦਾ ਤਾਬਿਆਦਾਰ ਹੋਣ ਦੀ ਭੂਮਿਕਾ ਵਧੇਰੇ ਨਿਭਾ ਰਹੇ ਹਨ। ਅਸੀਂ ਤਾਂ ਸਿਰਫ ਬੇਨਤੀ ਕਰ ਸਕਦੇ ਹਾਂ ਕਿ ਆਪਣੀ ਵਿਦਿਅੱਕ ਪ੍ਰਬੀਨਤਾ ਨਾਲ ਰੋਹਬੀਲੇ ਭਾਸ਼ਣ ਦੇਣ ਵੇਲੇ ਗਿ: ਹਰਪ੍ਰੀਤ ਸਿੰਘ ਜੀ ਇਹ ਖਿਆਲ ਜ਼ਰੂਰ ਰੱਖਣ ਕਿ ਉਹ ਸਿੱਖ ਸਿਧਾਂਤਾਂ ਦੇ ਹੱਕ ਵਿਚ ਭੁਗਤ ਰਹੇ ਹਨ ਜਾਂ ਵਿਰੋਧ ਵਿਚ!