Gurnam Kanwar on Tuesday 19th May 2026 at 17:02 Regarding Debate on Dementia
ਵਿਚਾਰ ਚਰਚਾ ਦੀ ਇਹ ਰਿਪੋਰਟ ਭੇਜੀ ਹੈ ਗੁਰਨਾਮ ਕੰਵਰ ਹੁਰਾਂ ਨੇ
ਇਥੋਂ ਦੀ ਇੰਡੀਅਨ ਕਮਿਊਨਿਟੀ ਸੈਂਟਰ ਸੰਸਥਾ ਹਰ ਭਾਰਤੀ ਰਾਜ ਤੇ ਹਰ ਭਾਸ਼ਾ ਦੇ ਭਾਰਤੀਆਂ ਨੂੰ ਇੱਕ ਮੁੱਠ ਸਰਗਰਮੀਆਂ ਰਾਹੀਂ ਭਾਰਤੀ ਅਤੇ ਰਾਜਾਂ ਦੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਉਸਾਰੂ ਸਰਗਰਮੀਆਂ ਕਰਦੀ ਰਹਿੰਦੀ ਹੈ। ਉਹ ਇੱਥੋਂ ਦੇ ਭਾਰਤੀ ਨਾਗਰਿਕਾਂ ਨੂੰ ਅਤੇ ਆਉਂਦੇ ਭਾਰਤੀ ਸਲਾਨੀਆਂ ਨੂੰ ਇਸ ਦੇਸ਼ ਇੰਗਲੈਂਡ ਦੇ ਕਾਨੂੰਨਾਂ ਅਤੇ ਸਭਿਆਚਾਰ ਦੀ ਪਾਲਣਾ ਲਈ ਵੀ ਉਤਸ਼ਾਹਤ ਕਰਦੀ ਹੈ।
ਇੰਡੀਅਨ ਕਮਿਊਨਿਟੀ ਸੈਂਟਰ ਰੈਡਿੰਗ ਦੀ ਅਗਵਾਈ ਸ੍ਰੀ ਅਸ਼ਵਨੀ ਗੁਪਤਾ ਸਕੱਤਰ, ਸ੍ਰੀ ਨਿਰਵੈਰ ਸਿੰਘ ਚਕਲ, ਸ੍ਰੀਮਤੀ ਵੀਰਾਂ ਗੁਪਤਾ, ਸ੍ਰੀਮਤੀ ਗੁਰਵਿੰਦਰ ਕੌਰ ਆਦਿ ਦੀ ਸੁਚੱਜੀ ਟੀਮ ਕਰਦੀ ਹੈ ਅਤੇ ਸਾਰੇ ਫਿਰਕਿਆਂ ਨੂੰ ਏਕਤਾਬੱਧ ਕਰਕੇ ਆਪਸੀ ਸਾਂਝ ਅਤੇ ਮੁਹੱਬਤ ਦਾ ਸੁਨੇਹਾ ਦਿੰਦੀ ਹੈ । ਉਹ ਖਾਸ ਕਰਕੇ ਵੱਡੀ ਉਮਰ ਦੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਦੀ ਹੈ ।
ਇਹ ਟੀਮ ਪਿਛਲੇ ਸਮੇਂ ਤੋਂ ਰੈਗੂਲਰ ਇੱਕ ਮਾਸਿਕ ਮੀਟਿੰਗ ਵਿੱਚ ਉਹਨਾਂ ਵਿਅਕਤੀਆਂ ਜਿਨ੍ਹਾਂ ਨੂੰ ਭੁੱਲਣ ਦੀ ਬਿਮਾਰੀ ਡਿਮੈਂਸੀ਼ਆ ਲੱਗ ਗਈ ਹੈ ਜਾਂ ਸ਼ੁਰੂ ਹੋਣ ਦੇ ਲੱਛਣ ਹਨ ਦੀ ਦੇਖਭਾਲ ਲਈ ਤੇ ਰੋਕਥਾਮ ਲਈ ਮਾਹਿਰਾਂ ਦੇ ਪ੍ਰੋਗਰਾਮ ਕਰਵਾਉਂਦੀ ਆ ਰਹੀ ਹੈ ।ਇਹ ਪ੍ਰੋਗਰਾਮ ਇੰਗਲੈਂਡ ਦੀ ਸੰਸਥਾ ਵਾਈ ਪੀ ਡਬਲਯੂ ਡੀ (YPWD) ਅਰਥਾਤ ਯੰਗ ਪੀਪਲ ਵਿਦ ਡਿਮੈਂਸੀ਼ਆ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਹਨ।
ਇਸ ਵਾਰ ਪ੍ਰੋਫੈਸਰ ਨੀਵ ਹੈਰੀਸਨ ਨੇ ਇਸ ਬਿਮਾਰੀ ਦੇ ਲੱਛਣਾਂ ਅਤੇ ਰੋਕਥਾਮ ਲਈ ਉਪਾਅ ਬੋਰਡ ਉਤੇ ਡਿਜੀਟਲ ਪੇਸ਼ਕਾਰੀ ਰਾਹੀਂ ਸਮਝ ਆਉਣ ਵਾਲੇ ਤਰੀਕੇ ਨਾਲ ਵਰਣਨ ਕੀਤੇ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ।
ਉਹਨਾਂ ਕਿਹਾ ਕਿ ਯਾਦਾਸ਼ਤ,ਸੋਚਣੀ, ਵਰਤਾਓ ਤੇ ਸ਼ਖਸੀਅਤ ਵਿੱਚ ਤਬਦੀਲੀ ਡਿਮੈਂਸ਼ੀਆ ਦਾ ਸੰਕੇਤ ਹੁੰਦੀ ਹੈ। ਇਹ ਦਿਮਾਗੀ ਸੈਲਾਂ ਤੇ ਅਸਰ ਪਾਉਂਦੀ ਹੈ। ਅਲਜ਼ਾਈਮਰ ਡਿਮੈਂਸ਼ੀਆ ਦੀ ਇੱਕ ਕਿਸਮ ਹੈ। ਜ਼ਿਆਦਾ ਅਲਕੋਹਲ ਦਿਮਾਗ ਤੇ ਬੁਰਾ ਅਸਰ ਪਾ ਸਕਦੀ ਹੈ ਜਿਸ ਨਾਲ ਸਾਫ ਸਾਫ ਸੋਚਣ ਉੱਤੇ ਦੁਰਪ੍ਰਭਾਵ ਪੈਂਦਾ ਹੈ। ਸ਼ਰਾਬ ਜ਼ਿਆਦਾ ਮਾਤਰਾ ਵਿੱਚ ਪੀਣਾ ਜਾਂ ਗੈਰ ਸਰਗਰਮ ਰਹਿਣਾ ਕੇਵਲ ਕੁਝ ਕਾਰਨ ਹਨ। ਪਰ ਡਿਮੈਂਸ਼ੀਆ ਹੋ ਵੀ ਜਾਵੇ ਤਾਂ ਇਸ ਦਾ ਇਲਾਜ ਹੋ ਸਕਦਾ ਹੈ ਖਾਸ ਕਰਕੇ ਪਹਿਲਾਂ ਤੋਂ ਹੀ ਰੋਕਥਾਮ ਕਰਨੀ ਚਾਹੀਦੀ ਹੈ ਤੇ ਹੋ ਸਕਦੀ ਹੈ। ਇਸੇ ਵਾਸਤੇ ਹੀ ਇਸ ਸੰਸਥਾ ਅਜਿਹੇ ਪ੍ਰੋਗਰਾਮ ਕਰਦੀ ਰਹਿੰਦੀ ਹੈ ਤੇ ਖਾਸ ਕਰਕੇ ਡਿਮੈਂਸੀ਼ਆ ਦੇ ਮਰੀਜ਼ ਲੋਕਾਂ ਦੇ ਪਰਿਵਾਰਾਂ ਨੂੰ ਸੁਝਾ ਦਿੰਦੀ ਹੈ ਕਿ ਕਿਵੇਂ ਇਹਨਾਂ ਮਰੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਹੈ । ਅੱਜ ਕੱਲ੍ਹ ਇਥੇ "ਭੁੱਲਣ ਦੀ ਬਿਮਾਰੀ ਬਾਰੇ ਜਾਗਰੂਕਤਾ ਮਾਹ" ਚੱਲ ਰਿਹਾ ਹੈ। ਇਸ ਬਿਮਾਰੀ ਨਾਲ ਸੰਬੰਧਿਤ ਵਿਸ਼ੇ ਉਤੇ ਪ੍ਰੋਫੈਸਰ ਨੀਵ ਨੇ ਆਪਣਾ ਗਿਆਨ ਵਰਧਕ ਲੈਕਚਰ ਦਿੱਤਾ। ਉਹਨਾਂ ਨੇ ਸਵਾਲ ਤੁਹਾਨੂੰ ਖੁਸ਼ੀ ਕਿਸ ਚੀਜ਼ ਨਾਲ ਮਿਲਦੀ ਹੈ ਦਾ ਜਵਾਬ ਲਿਖਣ ਵਾਸਤੇ ਸਤਰਾਂ ਲਿਖਣ ਲਈ ਕਾਗਜ ਫੰਡੇ ਜਿਸ ਦੇ ਜਵਾਬ ਵਿੱਚ ਬਹੁਤ ਸਾਰੇ ਮੈਂਬਰਾਂ ਨੇ ਆਪਣੇ ਜਵਾਬ ਲਿਖ ਕੇ ਉਹਨਾਂ ਨੂੰ ਦਿੱਤੇ।
ਅਸ਼ਵਨੀ ਗੁਪਤਾ ਨੇ ਆਪਣੇ ਤਜਰਬੇ ਵਿੱਚੋਂ ਮਿਸਾਲ ਦੇ ਕੇ ਦੱਸਿਆ ਕਿ ਆਰੰਭ ਹੋ ਰਹੀ ਬਿਮਾਰੀ ਨੂੰ ਛੁਪਾਉਣਾ ਕਿ ਪਰਿਵਾਰ ਉਤੇ ਕਲੰਕ ਲਗ ਜਾਵੇਗ, ਹਾਨੀਕਾਰਕ ਸੋਚ ਹੈ। ਸ਼ੁਰੂ ਵਿੱਚ ਹੀ ਡਿਮੈਂਸੀ਼ਆ ਬਾਰੇ ਡਾਕਟਰਾਂ ਦੀ ਸਲਾਹ ਲੈਣੀ ਰੋਕਥਾਮ ਕਰ ਸਕਦੀ ਹੈ।
ਮੈਡਮ ਨੀਵ ਨੇ ਲੈਕਚਰ ਦੇ ਅਖੀਰ ਉੱਤੇ ਸਵਾਲ ਜਵਾਬਾਂ ਦਾ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਜਿਸ ਵਿੱਚ ਉਹਨਾਂ ਨੇ ਤਸੱਲੀ ਬਖਸ਼ ਜਵਾਬ ਦਿੱਤੇ।
ਸੱਭਿਆਚਾਰਕ ਪ੍ਰੋਗਰਾਮ ਵਿੱਚ ਸਕੱਤਰ ਅਸ਼ਵਨੀ ਗੁਪਤਾ ਨੇ ਬਾਕਮਾਲ ਮੰਚ ਸੰਚਾਲਨ ਦੇ ਨਾਲ ਨਾਲ ਅਤੇ ਦੀਪਕ ਨੇ ਹਿੰਦੀ ਫਿਲਮਾਂ ਦੇ ਗੀਤ ਸੁਣਾ ਕੇ ਖੂਬ ਤਾੜੀਆਂ ਬਟੋਰੀਆਂ। ਅਨੀਸ਼ਾ ਗੁਪਤਾ ਨੇ ਗੀਤ ਸੁਣਾਕੇ ਮਨ ਮੋਹ ਲਿਆ।
ਬਜ਼ੁਰਗ ਮਾਂ ਬਾਪ ਦੀ ਬੇਟੀਆਂ ਵੱਲੋਂ ਖਾਸ ਸੰਭਾਲ ਦੀ ਵੀ ਪ੍ਰਸ਼ੰਸਾ ਕੀਤੀ ਗਈ ਅਤੇ ਸਕੱਤਰ ਨੇ ਪ੍ਰਸਿੱਧ ਫਿਲਮੀ ਸੰਗੀਤਕਾਰ ਦੀ ਜ਼ਿੰਦਗੀ ਵਿਚੋਂ ਭਾਵੁਕ ਮਿਸਾਲ ਵੀ ਦਿਤੀ।
![]() |
| ਸ੍ਰੀਮਤੀ ਅਤੇ ਸ੍ਰੀ ਦੇਸ਼ਪਾਂਡੇ ਦੀ 64ਵੀਂ ਵਿਆਹ ਵਰੇਗ੍ਹੰਢ ਵੀ ਇਸ ਮੌਕੇ ਬੜੇ ਪਿਆਰ ਨਾਲ ਮਨਾਈ ਗਈ |
ਸ੍ਰੀਮਤੀ ਤੇ ਸ਼੍ਰੀ ਦੇਸ਼ ਪਾਂਡੇ ਦੀ 64ਵੀਂ ਵਰੇਗੰਢ੍ਹ ਉੱਤੇ ਕੇਕ ਕੱਟ ਕੇ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ ਤੇ ਸਭਨਾਂ ਵੱਲੋਂ ਲਿਖਿਆ ਵਧਾਈ ਕਾਰਡ ਵੀ ਭੇਂਟ ਕੀਤਾ ਗਿਆ।
ਪ੍ਰੋਗਰਾਮ ਦੇ ਆਰੰਭ ਵਿੱਚ ਕਮਿਊਨਿਟੀ ਸੈਂਟਰ ਦੀ ਲੰਮੇ ਸਮੇਂ ਤੋਂ ਮੈਂਬਰ ਰਹੀ ਅਤੇ ਬਹੁਤ ਸਾਰੇ ਸਾਲਾਂ ਤੋਂ ਡਿਮੈਂਸ਼ੀਆ ਦੀ ਪੀੜਤ ਰਹੀ ਸ਼੍ਰੀਮਤੀ ਇੱਛਾ ਦੇ ਇਸੇ ਹਫਤੇ ਹੋਏ ਦੇਹਾਂਤ ਉੱਤੇ ਸ਼ਰਧਾਂਜ਼ਲੀ ਦਿੱਤੀ ਗਈ। ਸੋਗਮਤਾ ਸੈਂਟਰ ਦੀ ਸਰਗਰਮ ਕਾਰਕੁਨ ਗੁਰਵਿੰਦਰ ਕੌਰ ਨੇ ਪੇਸ਼ ਕੀਤਾ। ਸ੍ਰੀਮਤੀ ਵੀਰਾਂ ਗੁਪਤਾ ਅਤੇ ਗੁਰਵਿੰਦਰ ਕੌਰ ਦੀ ਟੀਮ ਨੇ ਸਦਾ ਦੀ ਤਰ੍ਹਾਂ ਬਹੁਤ ਮਿਹਨਤ ਕਰਕੇ ਵਧੀਆ ਪ੍ਰਬੰਧ ਕੀਤਾ ਅਤੇ ਵਧੀਆ ਹੀ ਲੰਗਰ ਵੀ ਸਾਰਿਆਂ ਦੇ ਸਹਿਯੋਗ ਨਾਲ ਮੈਂਬਰਾਂ ਨੂੰ ਪਰੋਸਿਆ ।
ਇਸ ਪ੍ਰੋਗਰਾਮ ਵਿੱਚ ਉਪਰ ਜ਼ਿਕਰ ਹੋਇਆਂ ਤੋਂ ਇਲਾਵਾ ਨਿਰਵੈਰ ਸਿੰਘ ਚਕਲ, ਗੁਰਨਾਮ ਕੰਵਰ, ਰਮੇਸ਼, ਸੋਨਾ, ਸ਼ਮਿਤਾ, ਸ਼ਾਂਤਾ, ਨੀਲਮ, ਬਲਬੀਰ ਕੌਰ ਵਿੱਗ, ਬਲਬੀਰ ਸਿੰਘ ਵਿੱਗ, ਜਗਦੀਸ਼ ਧਰਮਪਾਲ, ਨਰਿੰਦਰ ਬਲ, ਪੱਪੀ, ਸਰਬਜੀਤ ਤਿਵਾੜੀ, ਨਾਮਵਰ ਕਵੀ ਮਾਸਟਰ ਤਰਸੇਮ ਲਾਲ, ਨਰੰਜਣ ਸਿੰਘ ਹਰਿਗੁਣ, ਧਰਮਪਾਲ ਗੁਪਤਾ, ਰਜਿੰਦਰ ਗੁਪਤਾ, ਦਿਨੇਸ਼ ਚੌਧਰੀ, ਸੁਨੀਲ, ਅਨੀਤਾ, ਸ੍ਰੀ ਕੁਕਰੇਜਾ ਆਦਿ ਹਾਜ਼ਰ ਸਨ।
-ਗੁਰਨਾਮ ਕੰਵਰ


No comments:
Post a Comment