Showing posts with label Dinkar Gupta. Show all posts
Showing posts with label Dinkar Gupta. Show all posts

Wednesday, September 15, 2021

ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼

 15th September 2021 at  7:23 PM

ਤੇਲ ਟੈਂਕਰ ਨੂੰ IED ਟਿਫ਼ਨ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਦਾ ਮਾਮਲਾ  

ਇਸੇ ਮਾਮਲੇ ਵਿੱਚ 4 ਹੋਰ ਗ੍ਰਿਫ਼ਤਾਰੀਆਂ ਨਾਲ ਮਾਮਲਾ ਹੋਇਆ ਹੋਰ ਗੰਭੀਰ 

ਸੰਕੇਤਕ ਫੋਟੋ Pixabay 


ਪਿਛਲੇ 40 ਦਿਨਾਂ ਦੌਰਾਨ ਬੇਨਕਾਬ ਕੀਤੇ ਗਏ ਪਾਕਿ ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਦਾ ਇਹ ਚੌਥਾ ਮਾਮਲਾ

ਭੀੜ-ਭਾੜ ਵਾਲੇ ਇਲਾਕਿਆਂ ਅਤੇ ਨਾਜ਼ੁਕ ਥਾਵਾਂ `ਤੇ ਵਧਾਈ ਜਾ ਰਹੀ ਹੈ ਸੁਰੱਖਿਆ

ਚੰਡੀਗੜ੍ਹ: 15 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਆਈ.ਈ.ਡੀ. ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈਐਸਆਈ ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੇ 40 ਦਿਨਾਂ ਦੌਰਾਨ ਪੁਲਿਸ ਵੱਲੋਂ ਸੂਬੇ ਵਿੱਚ ਬੇਨਕਾਬ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਗ੍ਰੋਹ ਦਾ ਇਹ ਚੌਥਾ ਮਾਮਲਾ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ ਇਸ ਮਾਮਲੇ (ਐਫਆਈਆਰ ਨੰ. 260 ਮਿਤੀ 11.8.2021, ਪੁਲਿਸ ਥਾਣਾ ਅਜਨਾਲਾ) ਵਿੱਚ ਇੱਕ ਪਾਕਿਸਤਾਨੀ ਖੁਫੀਆ ਅਧਿਕਾਰੀ ਸਮੇਤ ਦੋ ਪਾਕਿਸਤਾਨ ਅਧਾਰਤ ਅੱਤਵਾਦੀਆਂ ਦੀ ਪਛਾਣ ਅਤੇ ਨਾਮਜ਼ਦ ਕੀਤਾ ਗਿਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ।

ਅੱਤਵਾਦੀ ਸਮੂਹਾਂ ਵੱਲੋਂ ਸੂਬੇ ਦੀ ਸ਼ਾਂਤੀ ਭੰਗ ਕਰਨ ਦੀਆਂ ਵਧ ਰਹੀਆਂ ਕੋਸ਼ਿਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ `ਤੇ ਸਕੂਲ ਅਤੇ ਵਿੱਦਿਅਕ ਸੰਸਥਾਵਾਂ ਦੇ ਮੁੜ ਖੁੱਲ੍ਹਣ ਦੇ ਨਾਲ ਨਾਲ ਆਗਾਮੀ ਤਿਉਹਾਰਾਂ ਦੇ ਸੀਜ਼ਨ ਅਤੇ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਪੁਲਿਸ ਨੂੰ ਹਾਈ ਅਲਰਟ `ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਡੀਜੀਪੀ ਨੂੰ ਖਾਸ ਕਰਕੇ ਭੀੜ ਵਾਲੀਆਂ ਥਾਵਾਂ ਜਿਵੇਂ ਕਿ ਬਾਜ਼ਾਰਾਂ ਆਦਿ ਦੇ ਨਾਲ -ਨਾਲ ਸੂਬੇ ਭਰ ਵਿੱਚ ਨਾਜ਼ੁਕ `ਤੇ ਠੋਸ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

ਗ੍ਰਿਫਤਾਰੀਆਂ ਦੇ ਵੇਰਵੇ ਦਿੰਦਿਆਂ, ਡੀਜੀਪੀ ਨੇ ਦੱਸਿਆ ਪਾਕਿਸਤਾਨ ਅਧਾਰਤ ਆਈ.ਐਸ.ਵਾਈ.ਐਫ. ਦੇ ਮੁਖੀ ਲਖਬੀਰ ਸਿੰਘ  ਅਤੇ ਪਾਕਿਸਤਾਨ ਦੇ ਰਹਿਣ ਵਾਲੇ ਕਾਸਿਮ, ਮੋਗਾ ਜ਼ਿਲ੍ਹੇ ਦੇ ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਰੋਡੇ ਦੇ ਵਸਨੀਕ ਲਖਬੀਰ ਸਿੰਘ ਰੋਡੇ ਉਰਫ ਬਾਬਾ ਜੋ ਇਸ ਸਮੇਂ ਪਾਕਿਸਤਾਨ ਵਿੱਚ ਰਹਿੰਦਾ ਹੈ, ਦੀ ਪਹਿਚਾਣ ਕੀਤੀ ਗਈ ਹੈ ਜੋ ਇਸ ਅੱਤਵਾਦੀ ਗ੍ਰੋਹ ਨਾਲ ਸਬੰਧਤ ਹਨ। ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੂਬਲ ਸਿੰਘ ਵਾਸੀ ਪਿੰਡ ਭਾਖਾ ਤਾਰਾ ਸਿੰਘ, ਵਿੱਕੀ ਭੁੱਟੀ ਵਾਸੀ ਬੱਲ੍ਹਰਵਾਲ, ਮਲਕੀਤ ਸਿੰਘ ਵਾਸੀ ਵਾਸੀ ਉਗਰ ਔਲਖ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਉਗਰ ਔਲਖ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ 1 ਸਤੰਬਰ, 2021 ਦੇ ਇੱਕ ਕਤਲ ਕੇਸ ਵਿੱਚ ਲੋੜੀਂਦੇ ਰੂਬਲ ਨੂੰ ਕੱਲ੍ਹ ਸ਼ਾਮ 5 ਵਜੇ ਦੇ ਕਰੀਬ ਅੰਬਾਲਾ ਤੋਂ ਕਾਬੂ ਕੀਤਾ ਗਿਆ ਸੀ, ਬਾਕੀ ਤਿੰਨਾਂ ਨੂੰ ਅਜਨਾਲਾ, ਅੰਮ੍ਰਿਤਸਰ ਅਧੀਨ ਪੈਂਦੇ ਪਿੰਡਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੇ ਪੰਜਵੇਂ ਸਾਥੀ ਗੁਰਮੁਖ ਬਰਾੜ ਨੂੰ ਇਸ ਤੋਂ ਪਹਿਲਾਂ ਕਪੂਰਥਲਾ ਪੁਲਿਸ ਨੇ 20 ਅਗਸਤ, 2021 ਨੂੰ ਗ੍ਰਿਫਤਾਰ ਕੀਤਾ ਸੀ।

ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਦੇ ਖੁਫੀਆ ਅਧਿਕਾਰੀ ਕਾਸਿਮ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦੇ ਮੁਖੀ ਰੋਡੇ ਨੇ ਧਮਾਕੇ ਨੂੰ ਅੰਜਾਮ ਦੇਣ ਲਈ ਅੱਤਵਾਦੀ ਗ੍ਰੋਹ ਨੂੰ ਤਕਰੀਬਨ 2 ਲੱਖ ਰੁਪਏ ਭੇਜਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵਿੱਤੀ ਪਹਿਲੂਆਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਰੂਬਲ ਅਤੇ ਵਿੱਕੀ ਭੁੱਟੀ, ਕਾਸਿਮ ਦੇ ਸੰਪਰਕ ਵਿੱਚ ਸਨ, ਜੋ ਰੋਡੇ ਨਾਲ ਨੇੜਿਓਂ ਤਾਲਮੇਲ ਰੱਖ ਰਿਹਾ ਸੀ। ਰੋਡੇ ਅਤੇ ਕਾਸਿਮ ਨੇ ਕਥਿਤ ਤੌਰ `ਤੇ ਲੋਕਾਂ ਅਤੇ ਜਾਇਦਾਦ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਅੱਤਵਾਦੀ ਗ੍ਰੋਹ ਦੇ ਚਾਰ ਮੈਂਬਰਾਂ ਨੂੰ ਇਕ ਆਇਲ ਟੈਂਕਰ ਉਡਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ।

ਦਹਿਸ਼ਤ ਫੈਲਾਉਣ ਦੀ ਇਹ ਕੋਸ਼ਿਸ਼ 8 ਅਗਸਤ, 2021 ਨੂੰ ਕੀਤੀ ਗਈ ਸੀ।ਦੱਸਣਯੋਗ ਹੈ ਕਿ ਰਾਤ 11:30 ਵਜੇ ਅਜਨਾਲਾ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਭਾਖਾ ਤਾਰਾ ਸਿੰਘ ਕੋਲ ਅੰਮ੍ਰਿਤਸਰ-ਅਜਨਾਲਾ ਰੋਡ `ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ ਵਿਖੇ ਖੜ੍ਹੇ ਇੱਕ ਤੇਲ ਦੇ ਟੈਂਕਰ (ਪੀਬੀ -02 ਸੀਆਰ 5926) ਨੂੰ ਅੱਗ ਲੱਗ ਗਈ ਹੈ। ਅੱਗ ਨੂੰ ਫਾਇਰ ਬ੍ਰਿਗੇਡ ਦੁਆਰਾ ਕਾਬੂ ਕੀਤਾ ਗਿਆ ਅਤੇ ਅਸ਼ਵਨੀ ਕੁਮਾਰ ਸ਼ਰਮਾ, ਅਜਨਾਲਾ ਦੇ ਬਿਆਨਾਂ `ਤੇ ਪੁਲਿਸ ਥਾਣਾ ਅਜਨਾਲਾ ਵਿਖੇ ਐਫਆਈਆਰ ਨੰ. 260 ਦਰਜ ਕੀਤੀ ਗਈ।

ਫਿਲਿੰਗ ਸਟੇਸ਼ਨ `ਤੇ ਲੱਗੇ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਕਿ ਚਾਰ ਅਣਪਛਾਤੇ ਵਿਅਕਤੀ ਰਾਤ 11 ਵਜੇ ਦੇ ਕਰੀਬ ਪੈਟਰੋਲ ਪੰਪ ਕੋਲ ਆਏ ਅਤੇ ਅੰਮ੍ਰਿਤਸਰ ਵੱਲ ਜਾਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਉੱਥੇ ਰੁਕੇ। ਰਾਤ ਕਰੀਬ 11:19 ਵਜੇ ਸ਼ੱਕੀ ਵਿਅਕਤੀ ਵਾਪਸ ਆਏ ਅਤੇ ਭੱਜਣ ਤੋਂ ਪਹਿਲਾਂ ਉਹਨਾਂ ਨੇ ਸ਼ੱਕੀ ਸਮਗਰੀ ਨੂੰ ਤੇਲ ਟੈਂਕਰ ਦੇ ਈਂਧਨ ਵਾਲੇ ਟੈਂਕ `ਤੇ ਰੱਖ ਦਿੱਤੀ। ਇਸ ਉਪਰੰਤ ਲਗਭਗ 11:29 ਵਜੇ ਦੋ ਸ਼ੱਕੀ ਵਿਅਕਤੀ ਦੁਬਾਰਾ ਵਾਪਸ ਆਏ ਅਤੇ ਇੱਕ ਮਿੰਟ ਦੇ ਅੰਦਰ ਹੀ ਇੱਕ ਧਮਾਕਾ ਹੋਇਆ ਅਤੇ ਅੱਗ ਲੱਗ ਗਈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਮੁਖ ਨੇ ਜਲੰਧਰ-ਅੰਮ੍ਰਿਤਸਰ ਹਾਈਵੇ `ਤੇ ਹੰਬੋਵਾਲ ਵਿਖੇ ਟਿਫਨ ਆਈਈਡੀ ਰੱਖਿਆ ਸੀ, ਜਿੱਥੋਂ 6 ਅਗਸਤ, 2021 ਨੂੰ ਵਿੱਕੀ, ਮਲਕੀਤ ਅਤੇ ਗੁਰਪ੍ਰੀਤ ਸਿੰਘ ਨੇ ਰੋਡੇ ਅਤੇ ਕਾਸਿਮ ਦੇ ਨਿਰਦੇਸ਼ਾਂ `ਤੇ ਇਸ ਨੂੰ ਚੁੱਕਿਆ ਸੀ। ਇਹਨਾਂ ਤਿੰਨਾਂ ਵਿਅਕਤੀਆਂ ਨੇ ਬੰਬ ਨੂੰ ਰਾਜਾਸਾਂਸੀ ਖੇਤਰ ਵਿੱਚ ਇੱਕ ਨਹਿਰ ਦੇ ਨਜਦੀਕ ਲੁਕਾ ਦਿੱਤਾ। ਇਸ ਟਿਫਨ ਬਾਕਸ ਦੇ ਨਾਲ ਇੱਕ ਪੈੱਨ-ਡਰਾਈਵ ਲੱਗੀ ਹੋਈ ਸੀ, ਜਿਸ ਵਿੱਚ ਇੱਕ ਵੀਡੀਓ ਸੀ। ਇਸ ਵੀਡੀਓ ਵਿੱਚ ਟਿਫਿਨ ਬੰਬ ਆਈਈਡੀ ਨੂੰ ਚਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਟਿਫਿਨ ਬੰਬ ਆਈ.ਈ.ਡੀ. ਨੂੰ ਮੁੜ ਪ੍ਰਾਪਤ ਕਰਨ ਤੋਂ ਬਾਅਦ, ਵਿੱਕੀ ਅਤੇ ਰੂਬਲ ਨੂੰ ਰੋਡੇ ਨੇ ਇੱਕ ਵੱਡਾ ਧਮਾਕਾ ਕਰਨ ਅਤੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਤੇਲ ਦੇ ਟੈਂਕਰ ਉੱਤੇ ਟਿਫਿਨ ਬੰਬ ਰੱਖਣ ਦਾ ਕੰਮ ਸੌਂਪਿਆ ਸੀ।

8 ਅਗਸਤ, 2021 ਨੂੰ ਇਨ੍ਹਾਂ ਅੱਤਵਾਦੀ ਕਾਰਕੁਨਾਂ ਨੇ ਦਿਨ ਸਮੇਂ ਸ਼ਰਮਾ ਫਿਲਿੰਗ ਸਟੇਸ਼ਨ ਦੀ ਰੇਕੀ ਕੀਤੀ ਅਤੇ ਰਾਤ ਲਗਭਗ 11:00 ਵਜੇ 8 ਮਿੰਟ ਦਾ ਟਾਈਮਰ ਸੈਟ ਕਰਕੇ ਟਿਫਿਨ ਬੰਬ ਆਈ.ਈ.ਡੀ. ਲਗਾ ਦਿੱਤਾ। ਇਹ ਧਮਾਕਾ ਰਾਤ ਕਰੀਬ 11:30 ਵਜੇ ਹੋਇਆ, ਜਿਸ ਕਾਰਨ ਤੇਲ ਟੈਂਕਰ ਦੇ ਟੈਂਕ ਵਿੱਚ ਅੱਗ ਲੱਗ ਗਈ।

ਰੋਡੇ ਅਤੇ ਕਾਸਿਮ ਨਾਲ ਗ੍ਰਿਫਤਾਰ ਕੀਤੇ ਗਏ ਸਾਰੇ ਪੰਜ ਕਾਰਕੁਨਾਂ ਖਿਲਾਫ ਐਫਆਈਆਰ ਨੰ. 260 ਮਿਤੀ 11 ਅਗਸਤ, 2021 ਨੂੰ ਆਈ.ਪੀ.ਸੀ ਦੀ ਧਾਰਾ 436,427, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੀ ਧਾਰਾ 13, 16, 18, 18 ਬੀ, 20 ਅਤੇ ਵਿਸਫੋਟਕ ਪਦਾਰਥ (ਸੋਧ) ਐਕਟ 2001 ਦੀ ਧਾਰਾ 3, 4, 5 ਅਧੀਨ ਕੇਸ ਦਰਜ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਤੋਂ ਪੰਜਾਬ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਹ ਚੌਥਾ ਵੱਡਾ ਪਾਕਿ ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਹੈ।

ਅੰਮ੍ਰਿਤਸਰ (ਦਿਹਾਤੀ) ਪੁਲਿਸ ਵੱਲੋਂ 8 ਅਗਸਤ, 2021 ਨੂੰ ਪਿੰਡ ਡੱਲੇਕੇ ਥਾਣਾ ਲੋਪੋਕੇ ਤੋਂ ਇੱਕ ਆਧੁਨਿਕ ਟਿਫਿਨ ਬੰਬ ਆਈਈਡੀ ਬਰਾਮਦ ਕੀਤਾ ਸੀ। ਟਿਫਿਨ ਬੰਬ ਆਈਈਡੀ ਵਿੱਚ ਲਗਭਗ 2-3 ਕਿਲੋਗ੍ਰਾਮ ਆਰਡੀਐਕਸ ਸੀ ਅਤੇ ਇਸ ਵਿੱਚ 3 ਵੱਖੋ ਵੱਖਰੇ ਟਰਿਗਰ ਪ੍ਰਣਾਲੀਆਂ ਸਨ ਜਿਹਨਾਂ ਵਿੱਚ ਕਾਰਜਸ਼ੀਲਤਾ ਲਈ ਸਵਿਚ, ਚੁੰਬਕੀ ਅਤੇ ਸਪਰਿੰਗ ਸ਼ਾਮਲ ਸੀ।

15 ਅਗਸਤ ਦੇ ਆਸ ਪਾਸ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਉਪਰੰਤ ਹਥਿਆਰਾਂ, ਹੱਥ ਗੋਲਿਆਂ ਆਦਿ ਦੀ ਵੱਡੀ ਖੇਪ ਬਰਾਮਦ ਹੋਈ।

ਕਪੂਰਥਲਾ ਪੁਲਿਸ ਵੱਲੋਂ 20 ਅਗਸਤ, 2021 ਨੂੰ ਗੁਰਮੁਖ ਸਿੰਘ ਰੋਡੇ ਅਤੇ ਗਗਨਦੀਪ ਸਿੰਘ ਕੋਲੋਂ ਇੱਕ ਟਿਫਿਨ ਬੰਬ ਆਈਈਡੀ ਤੋਂ ਇਲਾਵਾ 5 ਹੱਥ ਗੋਲੇ, ਡੀਟੋਨੇਟਰਾਂ ਦਾ 1 ਡੱਬਾ, 2 ਟਿਊਬਾਂ ਜਿਨ੍ਹਾਂ ਵਿੱਚ ਆਰਡੀਐਕਸ ਹੋਣ ਦਾ ਸ਼ੱਕ ਸੀ, ਇੱਕ .30 ਬੋਰ ਦਾ ਪਿਸਤੌਲ, 4 ਗਲੋਕ ਪਿਸਟਲ ਮੈਗਜ਼ੀਨ ਅਤੇ 1 ਉੱਚ ਵਿਸਫੋਟਕ ਤਾਰ ਬਰਾਮਦ ਕਰਕੇ ਇੱਕ ਹੋਰ ਅੱਤਵਾਦੀ  ਗ੍ਰੋਹ ਦਾ ਪਰਦਾਫਾਸ਼ ਕੀਤਾ ਗਿਆ।

ਹਾਲ ਹੀ ਵਿੱਚ 07 ਸਤੰਬਰ,.2021 ਨੂੰ ਫਿਰੋਜ਼ਪੁਰ ਪੁਲਿਸ ਨੇ ਦਰਵੇਸ਼ ਸਿੰਘ ਵਾਸੀ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਜਿਸਨੇ ਖੁਲਾਸਾ ਕੀਤਾ ਕਿ ਉਹ ਲਖਬੀਰ ਸਿੰਘ ਰੋਡੇ ਦੇ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਸ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਰਹੱਦ ਪਾਰ ਤੋਂ ਡਰੋਨ ਰਾਹੀਂ ਲਿਆਂਦੀ ਹਥਿਆਰਾਂ, ਟਿਫਿਨ ਬੰਬ ਆਈਈਡੀਜ਼, ਆਰਡੀਐਕਸ ਅਤੇ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ। ਦਰਵੇਸ਼ ਸਿੰਘ ਨੂੰ ਥਾਣਾ ਮਮਦੋਟ ਵਿਖੇ ਐਨਡੀਪੀਐਸ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਯੂਏ (ਪੀ) ਐਕਟ ਤਹਿਤ ਦਰਜ ਕੀਤੇ ਗਏ ਅਪਰਾਧਿਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ।

Monday, September 13, 2021

ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਕੌਮਾਂਤਰੀ ਨੈੱਟਵਰਕ ਦਾ ਪਰਦਾਫਾਸ਼

 13th September 2021 at 8:40 PM

ਪਾਕਿਸਤਾਨ ਤੋਂ ਪਲਾਸਟਿਕ ਪਾਈਪ ਜ਼ਰੀਏ 40 ਕਿਲੋ ਹੈਰੋਇਨ ਦੀ ਤਸਕਰੀ 

ਤਸਕਰੀ ਵਿੱਚ ਸ਼ਾਮਲ ਵੱਡੀ ਮੱਛੀ ਨੂੰ ਕੀਤਾ ਕਾਬੂ

ਚੰਡੀਗੜ/ਅੰਮ੍ਰਿਤਸਰ13 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਨਸ਼ਾ ਤਸਕਰੀ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ ਕਰਕੇ ਇੱਕ ਵੱਡੀ ਮੱਛੀ ਜਿਸਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਚਵਿੰਡਾ ਕਲਾਂ, ਅੰਮ੍ਰਿਤਸਰ ਵਜੋਂ ਹੋਈ ਹੈ, ਨੂੰ  ਹੈਰੋਇਨ ਦੀ 40 ਕਿਲੋ ਖੇਪ ਦੀ ਤਸਕਰੀ ਵਿੱਚ  ਸ਼ਾਮਲ ਹੋਣ ਦੇ ਦੋਸ਼ ਹੇਠ ਗਿਰਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਹੈਰੋਇਨ ਦੀ ਇਹ ਖੇਪ ਭਾਰਤ-ਪਾਕਿ ਸਰਹੱਦ ਤੋਂ ਬਰਾਮਦ ਕੀਤੀ ਗਈ ਸੀ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਹੈਪੀ, ਜਿਸ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਪਿੰਡ ਛੇਹਰਟਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਕੋਲੋਂ 1 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਉਸ ਦੇ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 21 ਅਗਸਤ, 2021 ਨੂੰ ਅੰਮਿ੍ਰਤਸਰ ਦੀ ਪੰਜਗਰਾਈਆਂ ਬਾਰਡਰ ਆਊਟਪੋਸਟ (ਬੀਓਪੀ) ਦੇ ਖੇਤਰ ਵਿੱਚ 40.81 ਕਿਲੋ ਹੈਰੋਇਨ ਦੇ 39 ਪੈਕੇਟ ਬਰਾਮਦ ਕਰਕੇ ਨਸ਼ਾ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕੀਤਾ ਸੀ।

ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਹੁਣ ਤੱਕ ਕੀਤੀ ਗਈ ਜਾਂਚ, ਹੈਪੀ ਦੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨਾਲ ਗੱਠਜੋੜ ਵੱਲ ਇਸ਼ਾਰਾ ਕਰਦੀ ਹੈ। ਉਨਾਂ ਕਿਹਾ, “ਪਾਕਿਸਤਾਨ ਆਧਾਰਤ ਤਸਕਰਾਂ ਅਤੇ ਮਲੇਸ਼ੀਆ ਤੋਂ ਕੰਮ ਕਰ ਰਹੇ ਤਸਕਰ ਜੱਗਾ ਨਾਲ ਹੈਪੀ ਦੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।”

ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਪੁਲਿਸ ਵੱਲੋਂ ਸੂਬੇ ਵਿੱਚ ਚੱਲ ਰਹੇ ਅੰਤਰਰਾਸ਼ਟਰੀ ਡਰੱਗ ਸਪਲਾਈ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

Tuesday, August 31, 2021

100 ਕਰੋੜ ਰੁਪਏ ਕੀਮਤ ਦੀ 20 ਕਿਲੋ ਹੈਰੋਇਨ ਕੀਤੀ ਜ਼ਬਤ, ਦੋ ਦੋਸ਼ੀ ਗਿਰਫ਼ਤਾਰ

 Tuesday: 31st August 2021 at 03:22 PM

ਪੁਲਿਸ ਵਲੋਂ ਜ਼ਬਤ ਖੇਪ ਕਸ਼ਮੀਰ ਤੋਂ ਇੱਕ ਟਰੱਕ 'ਚ ਕੀਤੀ ਗਈ ਸੀ ਸਮਗਲ

ਚੰਡੀਗੜ//ਕਪੂਰਥਲਾ: 31 ਅਗਸਤ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਜੇਲਾਂ ਵਿੱਚ ਬੰਦ ਖ਼ਤਰਨਾਕ ਗੈਂਗਸਟਰਾਂ ਦੁਆਰਾ ਸ਼ੱਕੀ ਤੌਰ ’ਤੇ ਚਲਾਏ ਜਾ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ, ਕਪੂਰਥਲਾ ਪੁਲਿਸ ਨੇ ਸੋਮਵਾਰ ਨੂੰ ਦੋ ਨਸ਼ਾ ਤਸਕਰਾਂ ਦੀ ਗਿ੍ਰਫਤਾਰੀ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ 100 ਕਰੋੜ ਰੁਪਏ ਦੀ ਕੀਮਤ ਦੀ 20 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

ਨਸ਼ਾ ਤਸਕਰਾਂ ਦੀ ਪਛਾਣ ਬਲਵਿੰਦਰ ਸਿੰਘ ਪਿੰਡ ਸਾਰੰਗਵਾਲ ਹੁਸ਼ਿਆਰਪੁਰ ਅਤੇ ਪੀਟਰ ਮਸੀਹ ਵਾਸੀ ਬਸਤੀ ਦਾਨਿਸ਼ਮੰਦਾ ਜਲੰਧਰ  ਵਜੋਂ ਹੋਈ ਹੈ। ਪੀਟਰ ਪਹਿਲਾਂ ਹੀ ਦੋ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਸੋਮਵਾਰ ਨੂੰ ਕਪੂਰਥਲਾ ਦੇ ਹਾਈ-ਟੈਕ ਢਿਲਵਾਂ ਪੁਲਿਸ ਨਾਕੇ ’ਤੇ ਇੱਕ ਟਰੱਕ ਅਤੇ ਇੱਕ ਹੁੰਡਈ ਆਈ 20 ਕਾਰ ਨੂੰ ਰੋਕਿਆ, ਜਿਨਾਂ ਦੀ ਤਲਾਸ਼ੀ ਲੈਣ ’ਤੇ ਤਸਕਰਾਂ ਦੇ ਕਬਜ਼ੇ’ ਚੋਂ 20 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ।

ਡੀਜੀਪੀ ਨੇ ਅੱਗੇ ਦਸਿਆ ਕਿ ਵਾਹਨਾਂ ਦੇ ਡਰਾਈਵਰਾਂ ਨੂੰ ਪੁਲਿਸ ਪਾਰਟੀ ਵੱਲੋਂ ਚੈਕ ਪੁਆਇੰਟ ’ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ, ਪੁਲਿਸ ਵਲੋਂ ਉਨਾਂ ਨੂੰ ਥੋੜੀ ਦੇਰ ਪਿੱਛਾ ਕਰਨ ਤੋਂ ਬਾਅਦ ਹੀ ਮੌਕੇ ’ਤੇ ਕਾਬੂ ਕਰ ਲਿਆ ਗਿਆ।

ਡੀਜੀਪੀ ਨੇ ਦੱਸਿਆ ਕਿ ਉਨਾਂ ਦੇ ਸਰੀਰ ਦੀ ਜਾਂਚ ਦੌਰਾਨ ਪੁਲਿਸ ਨੇ ਉਨਾਂ ਦੇ ਨਿੱਜੀ ਕਬਜ਼ੇ ਅਤੇ ਉਨਾਂ ਦੇ ਦੋ ਵਾਹਨਾਂ ਵਿੱਚੋਂ 20 ਪੈਕਟ ਹੈਰੋਇਨ (ਪ੍ਰਤੀ ਇੱਕ ਕਿਲੋ) ਬਰਾਮਦ ਕੀਤੇ। ਐਸਐਸਪੀ ਕਪੂਰਥਲਾ, ਐਚਐਸ ਖੱਖ ਨੇ ਅੱਗੇ ਦੱਸਿਆ ਕਿ ਖੇਪ ਨੂੰ ਲੁਕਾਉਣ ਲਈ ਡਰੱਗ ਤਸਕਰਾਂ ਵੱਲੋਂ ਟਰੱਕ ਦੇ ਡਰਾਈਵਰ ਦੇ ਕੈਬਿਨ ਦੀ ਛੱਤ ਵਿੱਚ ਦੋ ਵਿਸ਼ੇਸ਼ ਬਕਸੇ ਬਣਾਏ ਗਏ ਸਨ।

ਡੀਜੀਪੀ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ, ਡਰੱਗ ਤਸਕਰਾਂ ਨੇ ਖੁਲਾਸਾ ਕੀਤਾ ਕਿ ਹੈਰੋਇਨ ਦੀ ਖੇਪ ਬਲਵਿੰਦਰ ਸਿੰਘ ਦੁਆਰਾ ਟਰੱਕ ਨੰਬਰ ਐਚਆਰ 55 ਕੇ 2510 ਵਿੱਚ ਸ੍ਰੀਨਗਰ ਦੀ ਪੂਰਮਰਾ ਮੰਡੀ ਤੋਂ ਤਸਕਰੀ ਕਰ ਕੇ ਲਿਆਂਦੀ ਗਈ ਸੀ ਅਤੇ ਪੀਟਰ ਮਸੀਹ ਨੇ ਉਸ ਤੋਂ ਖੇਪ ਪ੍ਰਾਪਤ ਕੀਤੀ ਸੀ।

ਡੀਜੀਪੀ ਨੇ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਨਾਰਕੋ-ਗੈਂਗਸਟਰ ਐਂਗਲ ਹੋਣ ਦਾ ਸ਼ੱਕ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਪੀਟਰ ਮਸੀਹ ਨੂੰ ਖ਼ਤਰਨਾਕ ਗੈਂਗਸਟਰ ਰਜਨੀਸ਼ ਕੁਮਾਰ ਉਰਫ਼ ਪ੍ਰੀਤ ਫਗਵਾੜਾ ਦੇ ਭਰਾ ਗਗਨਦੀਪ ਨੇ ਖੇਪ ਪ੍ਰਾਪਤ ਕਰਨ ਲਈ ਭੇਜਿਆ ਸੀ।

ਡੀਜੀਪੀ ਨੇ ਕਿਹਾ ਕਿ ਪੁਲਿਸ ਗਿਰਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੇਗੀ ਅਤੇ ਅੱਗੇ ਦੀ ਜਾਂਚ ਲਈ ਉਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕਰੇਗੀ ਤਾਂ ਕਿ ਪੁਲਿਸ ਇਸ ਡਰੱਗ ਨੈਟਵਰਕ ਵਿੱਚ ਸ਼ਾਮਲ ਸਾਰੇ ਸੰਪਰਕਾਂ ਦਾ ਪਤਾ ਲਗਾ ਸਕੇ।