Showing posts with label Bureau. Show all posts
Showing posts with label Bureau. Show all posts

Friday, January 13, 2017

ਭਾਜਪਾ ਨੂੰ ਕਈ ਝਟਕੇ:ਗੋਸਾਈਂ ਸਮੇਤ ਕਈ ਆਗੂ ਕਾਂਗਰਸ 'ਚ ਸ਼ਾਮਿਲ

Date: 2017-01-13 15:00 GMT+05:30
ਆਪ ਦੀ ਆਗੂ ਵੀ ਕਾਂਗਰਸ ਦੀ ਸ਼ਰਨ ਵਿੱਚ 
ਚੰਡੀਗੜ੍ਹ:13 ਜਨਵਰੀ 2017: (ਪੰਜਾਬ ਸਕਰੀਨ ਬਿਊਰੋ):
ਭਾਰਤੀ ਜਨਤਾ ਪਾਰਟੀ ਨੂੰ ਸ਼ੁੱਕਰਵਾਰ ਨੂੰ ਕਈ ਝਟਕੇ ਲੱਗੇ ਅਤੇ ਲੁਧਿਆਣਾ ਤੋਂ ਉਸਦੇ ਸੀਨੀਅਰ ਪਾਰਟੀ ਆਗੂ ਤੇ ਸੂਬੇ ਦੇ ਸਾਬਕਾ ਮੰਤਰੀ ਸਤਪਾਲ ਗੋਸਾਈਂ ਕਈ ਪਾਰਟੀ ਆਗੂਆਂ ਤੇ ਸਮਰਥਕਾਂ ਸਮੇਤ ਕਾਂਗਰਸ 'ਚ ਸ਼ਾਮਿਲ ਹੋ ਗਏ। ਇਸ ਦੌਰਾਨ ਮੌੜ ਤੋਂ ਆਪ ਦੇ ਸੰਭਾਵਿਤ ਉਮੀਦਵਾਰ ਤੇ ਕਈ ਅਕਾਲੀ ਆਗੂ ਵੀ ਕਾਂਗਰਸ ਦਾ ਹਿੱਸਾ ਬਣ ਗਏ। ਇਹ ਦਾਅਵਾ ਬਾਕਾਇਦਾ ਕਾਂਗਰਸ ਪਾਰਟੀ ਦੇ ਮੀਡੀਆ ਸੈਲ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਵੀ ਕੀਤਾ ਗਿਆ।
ਇਹ ਇੱਕ ਅਜਿਹੀ ਖਬਰ ਸੀ ਜਿਸਨੂੰ ਬਹੁਤ ਸਾਰੇ ਲੋਕਾਂ ਨੇ ਪਹਿਲੀ ਨਜ਼ਰੇ ਸਵੀਕਾਰ ਨਹੀਂ ਕੀਤਾ। ਇਹ ਇੱਕ ਅਫਵਾਹ ਸਮਝੀ ਜਾਂਦੀ ਰਹੀ। ਜੇ ਕਾਂਗਰਸ ਪਾਰਟੀ ਨੇ ਇਸਦੀ ਤਸਵੀਰ ਜਾਰੀ ਨਾ ਕੀਤੀ ਹੁੰਦੀ ਤਾਂ ਸ਼ਾਇਦ ਇਸਦਾ ਇਤਬਾਰ ਖੁਦ ਕਾਂਗਰਸ ਪਾਰਟੀ ਵਾਲੇ ਵੀ ਨਾ ਕਰਦੇ। ਚੰਡੀਗੜ੍ਹ ਵਾਲੀ ਜਿੱਤ ਨੂੰ ਲਾਇ ਕੇ ਖੁਸ਼ੀਆਂ ਮਨਾ ਕੇ ਹਟੀ ਭਾਰਤੀ ਜਨਤਾ ਪਾਰਟੀ ਨੂੰ ਸ਼ਾਇਦ ਪਾਰਟੀ ਅੰਦਰਲੇ ਇਸ ਖੋਖਲੇਪਨ ਦਾ ਸਹੀ ਅੰਦਾਜ਼ਾ ਤੱਕ ਵੀ ਨਹੀਂ ਹੋ ਸਕਿਆ। ਉਮਰਦਰਾਜ਼ ਲੀਡਰਾਂ ਨੂੰ ਨੁੱਕਰੇ ਲਾਉਣ ਦਾ ਖਮਿਆਜ਼ਾ ਭੁਗਤਣ ਵਾਲਾ ਸਿਲਸਿਲਾ ਸ਼ਾਇਦ ਇਸ ਘਟਨਾ ਨਾਲ ਸ਼ੁਰੂ ਹੋ ਗਿਆ ਹੈ। 
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਸ਼ਮੂਲੀਅਤਾਂ ਦਾ ਸਵਾਗਤ ਕਰਦਿਆਂ ਇਸਨੂੰ ਪਾਰਟੀ ਦੇ ਹੱਕ 'ਚ ਇਕ ਵੱਡੀ ਲਹਿਰ ਦੱਸਿਆ ਤੇ ਕਿਹਾ ਕਿ ਸੂਬੇ ਦੇ ਵੋਟਰਾਂ ਵਾਸਤੇ ਕਾਂਗਰਸ ਪਾਰਟੀ ਹੀ ਇਕੋ ਇਕ ਸਹੀ ਚੋਣ ਹੈ, ਜਿਹੜੇ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਆਪ ਅੰਦਰ ਭ੍ਰਿਸ਼ਟਾਚਾਰ ਤੋਂ ਪੂਰੀ ਤਰ੍ਹਾਂ ਤੰਗ ਹੋ ਚੁੱਕੇ ਹਨ।
ਇਸ ਮੌਕੇ ਲੁਧਿਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ, ਸੀਨੀਅਰ ਭਾਜਪਾ ਆਗੂ ਗੋਸਾਈਂ ਨਾਲ ਲੁਧਿਆਣਾ 'ਚ ਭਾਜਪਾ ਦੇ ਸੱਭ ਤੋਂ ਮੁੱਖ ਸਿੱਖ ਚੇਹਰੇ, ਤਿੰਨ ਵਾਰ ਅਤੇ ਮੌਜ਼ੂਦਾ ਕੌਂਸਲਰ ਗੁਰਦੀਪ ਸਿੰਘ ਨੀਟੂ ਵੀ ਪਾਰਟੀ 'ਚ ਸ਼ਾਮਿਲ ਹੋ ਗਏ। ਗੋਸਾਈਂ ਸੂਬੇ ਦੇ ਸਾਬਕਾ ਮੰਤਰੀ ਹੋਣ ਸਮੇਤ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ ਹਨ। ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਇਕ ਹੋਰ ਭਾਜਪਾ ਆਗੂ ਅਮਿਤ ਗੋਸਾਈਂ ਰਹੇ, ਜਿਹੜੇ ਲੁਧਿਆਣਾ ਭਾਜਪਾ ਦੇ ਬੁਲਾਰੇ ਤੇ ਸਤਪਾਲ ਗੋਸਾਈਂ ਦੇ ਪੋਤਰੇ ਹਨ।
ਮੌੜ ਤੋਂ ਆਪ ਦੀ ਸੰਭਾਵਿਤ ਉਮੀਦਵਾਰ ਤੇ ਪਾਰਟੀ ਦੀ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਸਿਮਰਤ ਕੌਰ ਧਾਲੀਵਾਲ ਵੀ ਕਾਂਗਰਸ 'ਚ ਸ਼ਾਮਿਲ ਹੋ ਗਏ। ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਛੱਡਣ ਦਾ ਫੈਸਲਾ ਲਿਆ ਹੈ, ਜਿਨ੍ਹਾਂ ਨੇ ਸੀਟ ਵਾਸਤੇ ਉਸ ਤੋਂ 50 ਲੱਖ ਰੁਪਏ ਦੀ ਭਾਰੀ ਰਕਮ ਮੰਗੀ ਸੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਆਪ ਦੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ। ਧਾਲੀਵਾਲ ਨੇ ਖੁਲਾਸਾ ਕੀਤਾ ਕਿ ਆਪ ਉਨ੍ਹਾਂ ਸਾਰੇ ਸਿਧਾਂਤਾਂ ਨੂੰ ਤੋੜ ਰਹੀ ਹੈ, ਜਿਨ੍ਹਾਂ ਉਪਰ ਉਹ ਕਦੇ ਚੱਲਦੀ ਸੀ ਅਤੇ ਟਿਕਟਾਂ ਨੂੰ ਵੱਡੇ ਵੱਡੇ ਰੇਟਾਂ 'ਤੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਦੀ ਇਹ ਸ਼ਮੂਲਿਅਤ ਇਕ ਆਪ ਉਮੀਦਵਾਰ ਵੱਲੋਂ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਣ ਤੋਂ ਤਿੰਨ ਦਿਨਾਂ ਬਾਅਦ ਹੋਈ ਹੈ।
ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਇਕ ਹੋਰ ਆਪ ਆਗੂ ਅਸ਼ੋਕ ਪਰਾਸ਼ਰ ਪੱਪੀ ਰਹੇ। ਉਨ੍ਹਾਂ ਨੇ ਕੇਜਰੀਵਾਲ ਦੇ ਹੱਕ 'ਚ ਪਾਰਟੀ ਛੱਡਣ ਤੋਂ ਪੰਜ ਮਹੀਨਿਆਂ ਤੋਂ ਘੱਟ ਸਮੇਂ ਅੰਦਰ ਕਾਂਗਰਸ 'ਚ ਵਾਪਿਸੀ ਦਾ ਫੈਸਲਾ ਲੈ ਲਿਆ। ਇਸ ਦੌਰਾਨ, 2012 ਵਿਧਾਨ ਸਭਾ ਚੋਣਾਂ 'ਚ ਲੁਧਿਆਣਾ ਦੱਖਣੀ ਤੋਂ ਕਾਂਗਰਸੀ ਉਮੀਦਵਾਰ ਰਹੇ ਪੱਪੀ ਨੇ ਕਿਹਾ ਕਿ ਆਪ ਭ੍ਰਿਸ਼ਟ ਲੋਕਾਂ ਦੀ ਪਾਰਟੀ ਹੈ, ਜਿਹੜੇ ਆਪਣੇ ਵਿਸ਼ੇਸ਼ ਹਿੱਤਾਂ ਖਾਤਿਰ ਲੋਕਾਂ ਦਾ ਫਾਇਦਾ ਚੁੱਕ ਰਹੇ ਹਨ।
ਆਪ 'ਚ ਸ਼ਾਮਿਲ ਹੋਣ ਵਾਲੇ ਮੌਜੂਦਾ ਕਾਂਗਰਸੀ ਕੌਂਸਲਰ ਰਾਕੇਸ਼ ਪਰਾਸ਼ਰ ਵੀ ਕੇਜਰੀਵਾਲ ਦੀ ਪਾਰਟੀ 'ਚ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਕਾਂਗਰਸ 'ਚ ਵਾਪਿਸ ਆ ਗਏ।
ਇਸ ਦੌਰਾਨ ਸ਼ਾਮਿਲ ਹੋਣ ਵਾਲਿਆਂ 'ਚ ਬੀਰੇਂਦਰ ਗੋਇਲ ਸਮੇਤ ਦੋ ਸੀਨੀਅਰ ਅਕਾਲੀ ਆਗੂ ਵੀ ਰਹੇ, ਜਿਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਪਾਰਟੀ ਆਗੂ ਰਜਿੰਦਰ ਕੌਰ ਭੱਠਲ ਵੱਲੋਂ ਕਾਂਗਰਸ 'ਚ ਲਿਆਇਆ ਗਿਆ। ਗੋਇਲ ਨੇ 1992 'ਚ ਭੱਠਲ ਖਿਲਾਫ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ। ਇਸ ਮੌਕੇ ਦਰਜਨ ਭਰ ਸਮਰਥਕਾਂ ਸਮੇਤ ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਗੋਇਲ ਨੇ ਕਿਹਾ ਕਿ ਉਨ੍ਹਾਂ ਦੇ ਹੋਰ ਸੈਂਕੜਾਂ ਸਮਰਥਕ ਲਹਿਰਾ ਤੋਂ ਕਾਂਗਰਸ ਉਮੀਦਵਾਰ ਭੱਠਲ ਦੇ ਚੋਣ ਪ੍ਰਚਾਰ 'ਚ ਸ਼ਾਮਿਲ ਹੋਣਗੇ।
ਇਸੇ ਤਰ੍ਹਾਂ, ਮਾਰਚ 2014 'ਚ ਸ੍ਰੋਅਦ 'ਚ ਸ਼ਾਮਿਲ ਹੋਣ ਵਾਲੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਸ਼ਰਮਾ ਵੀ ਪਾਰਟੀ 'ਚ ਵਾਪਿਸ ਆ ਗਏ। ਲੁਧਿਆਣਾ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਸ਼ਰਮਾ ਨੇ ਕਿਹਾ ਕਿ ਸ੍ਰੋਅਦ ਭ੍ਰਿਸ਼ਟ ਲੋਕਾਂ ਤੇ ਬਾਦਲਾਂ ਵੱਲੋਂ ਚਲਾਏ ਜਾਣ ਵਾਲੇ ਮਾਫੀਆ ਦਾ ਇਕ ਗਿਰੋਹ ਹੈ।