Showing posts with label Advisor. Show all posts
Showing posts with label Advisor. Show all posts

Wednesday, August 25, 2021

ਪ੍ਰਨੀਤ ਕੌਰ ਵੱਲੋਂ ਸਿੱਧੂ ਦੇ ਸਲਾਹਕਾਰਾਂ ਦੀਆਂ ਟਿੱਪਣੀਆਂ ਦੀ ਨਿਖੇਧੀ

 25th August 2021 at 7:05 PM

ਕਾਂਗਰਸ ਹਾਈ ਕਮਾਨ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ


-ਪ੍ਰਨੀਤ ਕੌਰ ਵੱਲੋਂ ਮੁੱਖ ਮੰਤਰੀ ਦੀ ਵਿਰੋਧਤਾ ਕਰ ਰਹੇ ਵਿਧਾਇਕਾਂ ਨੂੰ ਸਲਾਹ, ਆਗਾਮੀ ਚੋਣਾਂ ਜਿੱਤਣ ਲਈ ਨਿਜੀ ਰਾਜਨੀਤੀ ਦੀ ਥਾਂ ਕਾਂਗਰਸ ਦੀ ਮਜ਼ਬੂਤੀ ਲਈ ਉਸਾਰੂ ਭੂਮਿਕਾ ਨਿਭਾਉਣ ਦੀ ਲੋੜ

ਚੰਡੀਗੜ੍ਹ: 25 ਅਗਸਤ 2021: (ਪੰਜਾਬ ਸਕਰੀਨ ਬਿਊਰੋ)::

ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਕੀਤੀਆਂ ਸ਼ਰਮਨਾਕ ਟਿਪਣੀਆਂ ਨੂੰ ਕਰਾਰੇ ਹੱਥੀਂ ਲੈਂਦਿਆਂ ਇਹਨਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀਕੀਤੀ। ਉਹਨਾਂ ਨੇ ਇਨ੍ਹਾਂ ਟਿੱਪਣੀਆਂ ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਹ ਟਿੱਪਣੀਆਂ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਵਾਲੀਆਂ ਹਨ। ਇਹਨਾਂ ਟਿੱਪਣੀਆਂ ਤੋਂ ਸਖਤ ਨਾਰਜ਼ ਹੋਈ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਆਲਾ ਕਮਾਨ ਤੋਂ ਮੰਗ ਕੀਤੀ ਕਿ ਅਜਿਹੀਆਂ ਟਿੱਪਣੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। 

ਪ੍ਰਨੀਤ ਕੌਰ ਨੇ ਇਹ ਪ੍ਰਗਟਾਵਾ ਅੱਜ, ਪੰਜਾਬ ਜਲ ਸਰੋਤ ਪ੍ਰਬੰਧਨ ਵਿਕਾਸ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਵੱਲੋਂ ਅਹੁਦਾ ਸੰਭਾਲੇ ਜਾਣ ਮੌਕੇ ਕਰਵਾਏ ਸਮਾਗਮ 'ਚ ਸ਼ਿਰਕਤ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।

ਮੀਡੀਆ ਦੇ ਇਸ ਸਵਾਲ ਕਿ ਕੀ ਨਵਜੋਤ ਸਿੰਘ ਸਿੱਧੂ ਪਾਰਟੀ ਵਿੱਚ ਅਸ਼ਾਂਤੀ ਲਈ ਜ਼ਿੰਮੇਵਾਰ ਹਨ, ਦੇ ਜਵਾਬ ਵਿੱਚ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਨੇ ਕਿਹਾ, 'ਬਿਨ੍ਹਾਂ ਸ਼ੱਕ, ਸਿੱਧੂ ਜ਼ਿੰਮੇਵਾਰ ਹਨ, ਉਨ੍ਹਾਂ ਨੇ ਇਹ ਸਭ ਸ਼ੁਰੂ ਕੀਤਾ ਅਤੇ ਹੁਣ, ਇਹ ਉਨ੍ਹਾਂ ਦੇ ਸਲਾਹਕਾਰ ਹੀ ਹਨ ਜੋ ਅਜਿਹੇ ਗ਼ੈਰ ਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ, ਜਦੋਂ ਕਿ ਮੁੱਖ ਮੰਤਰੀ ਨੇ ਉਦਾਰਤਾ ਦਿਖਾਉਂਦਿਆਂ ਹਾਈ ਕਮਾਨ ਵੱਲੋਂ ਸਿੱਧੂ ਨੂੰ ਕਾਂਗਰਸ ਦੀ ਪ੍ਰਦੇਸ਼ ਇਕਾਈ ਦਾ ਮੁਖੀ ਲਾਉਣ ਦੇ ਫੈਸਲੇ ਨੂੰ ਮੰਨਿਆ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਅਤੇ ਗ਼ੈਰਜ਼ੁੰਮੇਵਾਰ ਬਿਆਨਾਂ ਤੋਂ ਬਾਅਦ ਪੈਦਾ ਹੋਈ ਸਥਿਤੀ ਲਈ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ।'

ਇਸਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ, 'ਇਹ ਸਮਾਂ ਨਿੱਜੀ ਰਾਜਨੀਤੀ ਖੇਡਣ ਦਾ ਨਹੀਂ ਹੈ। ਜੇਕਰ ਉਨ੍ਹਾਂ ਦੀ ਕੋਈ ਸ਼ਿਕਾਇਤ ਹੈ, ਤਾਂ ਉਸਨੂੰ ਇਸ ਤਰ੍ਹਾਂ ਜਨਤਕ ਕਰਨ ਦੀ ਥਾਂ ਪਾਰਟੀ ਪਲੇਟਫਾਰਮ 'ਤੇ ਉਠਾਉਣਾ ਚਾਹੀਦਾ ਸੀ।' ਉਨ੍ਹਾਂ ਕਿਹਾ ਕਿ, ''ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ, ਕਾਂਗਰਸ ਪਾਰਟੀ ਇੱਕਜੁਟਤਾ ਨਾਲ ਲੜੇ।''

ਕਸ਼ਮੀਰ ਅਤੇ ਇੰਦਰਾ ਗਾਂਧੀ ਦੇ ਮੁੱਦੇ 'ਤੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਕੀਤੀ ਟਿੱਪਣੀ ਦੀ ਨਿੰਦਾ ਕਰਦੇ ਹੋਏ ਪ੍ਰਨੀਤ ਕੌਰ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਇਹ ਲੋਕ ਕਿੱਥੋਂ ਆਏ ਹਨ, ਪਾਰਟੀ ਪ੍ਰਧਾਨ ਨੂੰ ਪਾਰਟੀ ਦੇ ਅੰਦਰੋਂ ਹੀ ਜ਼ਿੰਮੇਵਾਰ ਸਲਾਹਕਾਰਾਂ ਦੀ ਚੋਣ ਕਰਨੀ ਚਾਹੀਦੀ ਸੀ। ਇਹ ਹੁਣ ਹਾਈ ਕਮਾਨ 'ਤੇ ਨਿਰਭਰ ਕਰਦਾ ਹੈ ਕਿ ਇਨ੍ਹਾਂ ਵਿਰੁੱਧ ਕੀ ਕਾਰਵਾਈ ਕੀਤੀ ਜਾਵੇ, ਪਰ ਮੈਂ ਨਿੱਜੀ ਤੌਰ 'ਤੇ ਇਨ੍ਹਾਂ ਦੀਆਂ ਗ਼ੈਰ ਜ਼ਿੰਮੇਵਾਰਾਨਾ ਟਿੱਪਣੀਆਂ ਦੀ ਸਖ਼ਤ ਨਿੰਦਾ ਕਰਦੀ ਹਾਂ।''

ਪ੍ਰਨੀਤ ਕੌਰ ਨੇ, ਆਪਣੇ ਨਿਜੀ ਹਿਤਾਂ ਲਈ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ 'ਤੇ ਵਰ੍ਹਦਿਆਂ ਕਿਹਾ ਕਿ, 'ਸਾਢੇ ਚਾਰ ਸਾਲ ਸੱਤਾ ਦਾ ਆਨੰਦ ਲੈਣ ਤੋਂ ਬਾਅਦ, ਉਨ੍ਹਾਂ ਵੱਲੋਂ ਬਗ਼ਾਵਤ ਦਾ ਝੰਡਾ ਚੁੱਕਣਾ, ਪਰਦੇ ਪਿੱਛੇ ਦੀ ਕਹਾਣੀ ਬਾਰੇ ਬਹੁਤ ਕੁਝ ਸਪੱਸ਼ਟ ਕਰਦਾ ਹੈ।' ਉਨ੍ਹਾਂ ਕਿਹਾ ਕਿ ਇਹ ਸਮਾਂ ਤਾਅਨੇ-ਮਿਹਣਿਆਂ ਦੀ ਖੇਡ 'ਚ ਸ਼ਾਮਲ ਹੋਣ ਦਾ ਨਹੀਂ, ਕਿਉਂਜੋ ਅਜਿਹਾ ਕਰਨ ਨਾਲ ਅੱਗੇ ਵਧਣ ਦੀਆਂ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪੁੱਜੇਗਾ। ਪ੍ਰਨੀਤ ਕੌਰ ਨੇ ਸਾਰੀਆਂ ਧਿਰਾਂ ਨੂੰ ਇਕਜੁਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ 2022 'ਚ ਕਾਂਗਰਸ ਪਾਰਟੀ ਦੀ ਮੁੜ ਜਿੱਤ ਯਕੀਨੀ ਬਣਾਈ ਜਾ ਸਕੇ।

ਕੁਝ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਬਦਲਣ ਬਾਰੇ ਚਲਾਈ ਮੁਹਿੰਮ ਬਾਰੇ ਪੁੱਛਣ 'ਤੇ, ਸ੍ਰੀਮਤੀ ਪ੍ਰਨੀਤ ਕੌਰ ਨੇ ਜਵਾਬ ਦਿੱਤਾ ਕਿ, ''ਇਹ ਹਾਈ ਕਮਾਨ ਦਾ ਅਧਿਕਾਰ ਖੇਤਰ ਹੈ, ਉਹ ਹੀ ਇਸ ਬਾਰੇ ਨਿਰਣਾ ਕਰਨਗੇ, ਪਰ, ਮੈਂ ਕਹਾਂਗੀ ਕਿ, ''ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੂਰੀ ਵਾਹ ਲਾਕੇ ਔਖੇ ਵੇਲਿਆਂ 'ਚ ਪਾਰਟੀ ਦੀ ਅਗਵਾਈ ਕੀਤੀ ਅਤੇ ਹਾਈ ਕਮਾਂਡ ਦੀਆਂ ਆਸਾਂ ਮੁਤਾਬਕ ਬਹੁਤ ਸਾਰੀਆਂ ਜਿੱਤਾਂ ਦਰਜ ਕੀਤੀਆਂ। ਕੈਪਟਨ ਨੇ ਮਹਾਂਮਾਰੀ ਦੌਰਾਨ ਵੀ ਵਿੱਤੀ ਔਕੜਾਂ ਦੇ ਬਾਵਜੂਦ ਪੰਜਾਬ ਦੇ ਲੋਕਾਂ ਅਤੇ ਸੂਬੇ ਦੇ ਚਹੁੰਤਰਫ਼ਾ ਵਿਕਾਸ ਲਈ ਬਹੁਤ ਵਧੀਆ ਕੰਮ ਕੀਤਾ ਹੈ।'


Wednesday, August 11, 2021

ਮਾਲੀ ਵੱਲੋਂ ਪੰਜਾਬ ਕਾਂਗਰਸ ਦੇ ਸਲਾਹਕਾਰ ਦਾ ਅਹੁਦਾ ਪ੍ਰਵਾਨ ਕਰਨ ਦੀ ਪੁਸ਼ਟੀ

ਪੰਜਾਬ ਅਤੇ ਮੁਲਕ ਦੇ ਭਲੇ ਲਈ ਇਰਾਦੇ ਹੋਰ ਮਜ਼ਬੂਤ ਹੋਣ ਦਾ ਵੀ ਦਾਅਵਾ

ਮੋਹਾਲੀ//ਚੰਡੀਗੜ੍ਹ: (ਪੰਜਾਬ ਸਕਰੀਨ ਬਿਊਰੋ)::

ਖੱਬੀ ਖਾੜਕੂ ਸਿਆਸਤ ਦੇ ਨਾਲ ਨਾਲ ਪੰਥਕ ਸਿਆਸਤ ਨੂੰ ਵਿਉ ਬਹੁਤ ਹੀ ਨੇੜਿਓਂ ਦੇਖਣ ਵਾਲੇ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੀ ਰਵਾਇਤੀ ਸਪਸ਼ਟਵਾਦਿਤਾ ਬਰਕਰਾਰ ਰੱਖਦਿਆਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਕੀਤੀ ਹੈ ਕਿ ਉਹਨਾਂ ਪੰਜਾਬ ਕਾਂਗਰਸ ਦੇ ਸਲਾਹਕਾਰ ਦਾ ਅਹੁਦਾ ਸਵੀਕਾਰ ਕਰ ਲਿਆ ਹੈ।  ਉਹਨਾਂ ਇਹ ਵੀ ਕਿਹਾ ਕਿ ਹੁਣ ਪੰਜਾਬ ਅਤੇ ਮੁਲਕ ਦੇ ਭਲੇ ਲਈ ਉਹਨਾਂ ਦੇ ਇਰਾਦੇ ਹੋਰ ਮਜ਼ਬੂਤ ਹੋਣਗੇ। ਉਹਨਾਂ ਨੇ ਘਰ ਦੇ  ਬਜ਼ੁਰਗ ਮੈਂਬਰ ਬੀਬੀ ਜੀ ਸਰਦਾਰਨੀ ਗੁਰਮੇਲ ਕੌਰ ਗਰੇਵਾਲ ਜੀ ਦੀ ਰੱਬ ਵਰਗੀ ਅਸ਼ੀਰਵਾਦ ਦਾ ਵੀ ਜ਼ਿਕਰ ਕੀਤਾ ਹੈ। ਉਹਨਾਂ ਦਾ

ਬਿਆਨ ਹੇਠ ਲਿਖੇ ਅਨੁਸਾਰ ਹੈ:

** ਨਵਜੋਤ ਸਿੰਘ ਸਿੱਧੂ, ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ **

*******************************************

ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਮੈਂ ਵਿਦਵਤਾ ਭਰਪੂਰ ਸਲਾਹ-ਮਸ਼ਵਰੇ ਲਈ ਨਿਮਨਲਿਖਤ ਚਾਰ ਸਲਾਹਕਾਰ ਤੁਰੰਤ ਪ੍ਰਭਾਵ ਨਾਲ ਨਿਯੁਕਤ ਕਰਦਾ ਹਾਂ :

1. ਡਾ. ਅਮਰ ਸਿੰਘ (ਮੈਂਬਰ ਲੋਕ ਸਭਾ)

2. ਸ੍ਰੀ ਮੁਹੰਮਦ ਮੁਸਤਫ਼ਾ (ਸਾਬਕਾ ਡੀ.ਜੀ.ਪੀ.)

3. ਸ. ਮਾਲਵਿੰਦਰ ਸਿੰਘ ਮਾਲੀ

4. ਡਾ. ਪਿਆਰੇ ਲਾਲ ਗਰਗ

ਹਰੇਕ ਪੰਜਾਬੀ ਦੇ ਸੁਨਹਿਰੀ ਭਵਿੱਖ ਦੀ ਉਸਾਰੀ ਸੰਬੰਧੀ ਇਨ੍ਹਾਂ ਦੇ ਨਜ਼ਰੀਏ ਅਤੇ ਕੰਮ ਕਰਕੇ ਮੈਂ ਨਿੱਜੀ ਤੌਰ 'ਤੇ ਇਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ।

{ਮੇਰੇ ਬੀਬੀ ਜੀ ਸਰਦਾਰਨੀ ਗੁਰਮੇਲ ਕੌਰ ਗਰੇਵਾਲ ਜੀ ਦੀ ਰੱਬ ਵਰਗੀ ਅਸ਼ੀਰਵਾਦ ਸਦਕਾ ਪੰਜਾਬ ਤੇ ਮੁਲਕ ਦੇ ਭਲੇ ਲਈ ਇਰਾਦੇ ਹੋਰ ਮਜ਼ਬੂਤ ਹੋਣਗੇ !!}

ਇਸ ਜ਼ਿੰਮੇਵਾਰੀ ਨੂੰ ਕਬੂਲ ਕਰਨ ਮਗਰੋਂ ਉਹਨਾਂ ਦੇ ਹੱਕ ਅਤੇ ਵਿਰੋਧ ਵਿੱਚ ਬਹੁਤ ਕੁਝ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ। ਪੰਜਾਬ ਅਤੇ ਮੁਲਕ ਨਾਲ ਸਰਦਾਰ ਮਾਲੀ ਦੀ ਸੁਹਿਰਦਤਾ ਅਤੇ ਪਹੁੰਚ ਬਾਰੇ ਇੱਕ ਵੱਖਰੀ ਪੋਸਟ ਵੀ ਦਿੱਤੀ ਜਾ ਰਹੀ ਹੈ।