Friday, October 24, 2025

ਸਟੇਟ ਬੈਂਕ ਆਫ਼ ਇੰਡੀਆ ਨੇ ਲਗਾਇਆ ਜਾਗਰੂਕਤਾ ਕੈਂਪ

Emailed on Friday 24th October 2025 at 4:45 PM By PIB Jalandhar Regarding SBI Awareness Camp
ਐਲ ਆਈ ਸੀ ਅਤੇ ਨਿਜੀ ਬੈਂਕਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ 
ਬਠਿੰਡਾ: 24 ਅਕਤੂਬਰ 2025: (ਪੀਆਈਬੀ ਜਲੰਧਰ/ /ਇਨਪੁਟ ਪੰਜਾਬ ਸਕਰੀਨ ਡੈਸਕ)::
ਉਂਝ ਤਾਂ ਆਰਥਿਕਤਾ ਦੀਆਂ ਬਾਰੀਕੀਆਂ ਨੂੰ ਸਮਝਣ ਵਾਲੇ ਲੋਕ ਵੈਸੇ ਵੀ ਬਹੁਤ ਘੱਟ ਗਿਣਤੀ ਵਿੱਚ ਹੁੰਦੇ ਹਨ ਪਰ ਇੱਕ ਵੱਡਾ ਵਰਗ ਉਹਨਾਂ ਲੋਕਾਂ ਦਾ ਵੀ ਹੁੰਦਾ ਹੈ ਜਿਹਨਾਂ ਨੂੰ ਇਹ ਵੀ ਚੇਤੇ ਨਹੀਂ ਰਹਿੰਦਾ ਕਿ ਉਹਨਾਂ ਦੇ ਪੈਸੇ ਆਪਣੇ ਘਰ ਵਿੱਚ ਕਿੰਨੇ ਪਏ ਹਨ ਅਤੇ ਘਰ ਤੋਂ ਬਾਹਰ ਬੈਂਕ ਜਾਂ ਡਾਕਖਾਨਿਆਂ ਵਿੱਚ ਕਿੰਨੇ ਪਏ ਹਨ? ਕਈਆਂ ਨੂੰ ਪੈਸੇ ਕਮਾਉਣ ਦੀ ਦੌੜ ਵਿੱਚ ਇਹ ਸਭ ਕੁਝ ਯਾਦ ਨਹੀਂ ਰਹਿੰਦਾ ਅਤੇ ਕਈਆਂ ਨੂੰ ਮੁਸੀਬਤਾਂ ਨੇ ਇਸ ਤਰ੍ਹਾਂ ਘੇਰ ਲਿਆ ਹੁੰਦਾ ਹੈ ਕਿ ਉਹਨਾਂ ਦੀ ਮੱਤ ਮਾਰੀ ਜਾਂਦੀ ਹੈ। ਬਹੁਤ ਹੀ ਔਖੇ ਹੋ ਕੇ ਕੀਤੀ ਗਈ ਕਮਾਈ ਕਿਥੇ ਰੱਖੀ ਗਈ ਇਸਦਾ ਵੀ ਚੇਤਾ ਭੁੱਲ ਜਾਂਦਾ ਹੈ। ਕਈ ਲੋਕ ਬਾਹਰਲੇ ਦੇਸ਼ਾਂ ਵਿੱਚ ਚਲੇ ਜਾਂਦੇ ਹਨ ਅਤੇ ਕਿਸੇ ਨਾਲ ਕੁਝ ਹੋਰ ਭਾਣਾ ਵਾਪਰ ਜਾਂਦਾ ਹੈ। ਕਈਆਂ ਨੂੰ ਬੈਂਕਿੰਗ ਦੇ ਕੰਮਕਾਜ ਕੁਝ ਔਖੇ ਲੱਗਦੇ ਹਨ ਅਤੇ ਕਈਆਂ ਨੂੰ ਮੌਤ ਜਾਂ ਬਿਮਾਰੀ ਬੈਂਕਾਂ ਤੋਂ ਦੂਰ ਕਰ ਦੇਂਦੀ ਹੈ। 

ਇਸ ਤਰ੍ਹਾਂ ਬੈਂਕਾਂ ਵਿੱਚ ਹੋਲੀ ਹੋਲੀ ਅਜਿਹੀ ਬਹੁਤ ਸਾਰੀ ਰਕਮ ਜਮਾ ਹੁੰਦੀ ਰਹਿੰਦੀ ਹੈ ਜਿਸਦੇ ਸਪਸ਼ਟ ਵਾਲੀ ਵਾਰਸ ਦਾ ਅਤਾਪਤਾ ਫੌਰੀ ਤੌਰ 'ਤੇ ਕੰਪਿਊਟਰ ਦੇਖ ਕੇ ਵੀ ਨਹੀਂ ਲੱਗਦਾ। ਅਜਿਹੀਆਂ ਰਕਮਾਂ ਨੂੰ ਬੈਂਕਾਂ ਵਾਲੇ ਬਹੁਤ ਜ਼ਿੰਮੇਵਾਰੀ ਨਾਲ  ਸੰਭਾਲ ਕੇ ਰਿਜ਼ਰਵ ਬੈਂਕ ਆਫ ਇੰਡੀ ਦੇ ਹਵਾਲੇ ਕਰ ਦੇਂਦੇ ਹਨ। 

ਇਸ ਤੋਂ ਬਾਅਦ ਵੀ ਅਗਲੇਰੀਆਂ ਕਾਰਵਾਈਆਂ ਚੱਲਦੀਆਂ ਰਹਿੰਦੀਆਂ ਹਨ। ਜੇਕਰ ਅਜਿਹੀ ਕਿਸੇ ਰਕਮ ਦਾ ਵਾਲੀ ਵਾਰਸ ਅਚਾਨਕ ਵੀ ਸਾ। ਹਮਣੇ ਆ ਜਾਵੇਤਾਂ ਉਸਨੂੰ ਵੀ ਨਿਰਾਸ਼ ਨਹੀਂ ਹੋਣਾ ਪੈਂਦਾ ਪਰ ਫਿਰ ਵੀ ਤੁਸੀਂ ਇਸ ਨੂੰ  ਤਕਦੀਰ ਦੀਆਂ ਗੱਲਾਂ ਆਖ ਹੀ ਸਕਦੇ ਹੋ। ਮਾਇਆ ਹੱਥ ਵਿੱਚ ਆ ਕੇ ਫਿਰ ਬੇਗਾਨੇ ਹੱਥਾਂ ਵਿੱਚ ਚਲੀ ਜਾਵੇ ਤਾਂ ਇਸਨੂੰ ਵੀ ਮਾਇਆ ਦੀ ਮਾਇਆ ਹੀ ਕਿਹਾ ਜਾ ਸਕਦਾ ਹੈ। 
 
ਇਹਨਾਂ ਹਕੀਕਤਾਂ ਦੇ ਬਾਵਜੂਦ ਬੈਂਕ ਵੀ ਨਹੀਂ ਚਾਹੁੰਦੇ ਕਿ ਤੁਸੀਂ ਆਪਣੀ ਕਿਰਤ ਕਮਾਈ ਨੂੰ ਤਕਦੀਰ ਦੀ ਮਾਰ ਹੇਠ ਆਉਣ ਵਾਲਾ ਭਾਣਾ ਮੰਨ ਲਓ। ਉਹ ਜਤਨਸ਼ੀਲ ਰਹਿੰਦੇ ਹਨ ਕਿ ਤੁਹਾਡੀ ਕਿਰਤ ਕਮਾਈ ਦੇ ਪੈਸੇ ਕਿਸੇ ਨ ਕਿਸੇ ਤਰ੍ਹਾਂ ਤੁਹਾਡੇ ਤੱਕ ਪੁੱਜ ਜਾਣ। ਉਹ ਇਸ ਲਈ ਲਗਾਤਾਰ ਜਤਨਸ਼ੀਲ ਵੀ ਰਹਿੰਦੇ ਹਨ। 

ਕੇਂਦਰੀ ਖ਼ਜ਼ਾਨਾ ਮੰਤਰਾਲੇ ਅਤੇ ਸੂਬਾ ਪੱਧਰੀ ਬੈਂਕਰਜ਼ ਕਮੇਟੀ ਐੱਸਐੱਲਬੀਸੀ ਦੀਆਂ ਇਸ ਸੰਬੰਧ ਵਿੱਚ ਹਦਾਇਤਾਂ ਵੀ ਕਾਫੀ ਸਪਸ਼ਟ ਹਨ। ਇਹਨਾਂ ਹਦਾਇਤਾਂ ਅਨੁਸਾਰ ਹੀ ਬਠਿੰਡਾ ਵਿੱਚ ਲੀਡ ਬੈਂਕ, ਸਟੇਟ ਬੈਂਕ ਆਫ ਇੰਡੀਆ ਬਠਿੰਡਾ ਵੱਲੋਂ ਟੀਚਰਜ਼ ਹੋਮ ਬਠਿੰਡਾ ਵਿੱਚ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। 

ਇਸ ਕੈਂਪ ਦੌਰਾਨ ਅਜਿਹੀਆਂ ਰਕਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ, ਜਿਨ੍ਹਾਂ 'ਤੇ ਕਿਸੇ ਵੱਲੋਂ ਦਾਅਵਾ ਨਹੀਂ ਕੀਤਾ ਜਾ ਰਿਹਾ। ਇਸ ਜਾਗਰੂਕਤਾ ਕੈਂਪ ਦੀ ਪ੍ਰਧਾਨਗੀ ਡਿਪਟੀ ਜਨਰਲ ਮੈਨੇਜਰ ਅਭਿਸ਼ੇਕ ਸ਼ਰਮਾ ਨੇ ਕੀਤੀ। ਹਾਜ਼ਰ ਲੋਕਾਂ ਨੂੰ ਅਜਿਹੀਆਂ ਰਕਮਾਂ ਬਾਰੇ ਉਦਗਮ ਪੋਰਟਲ ਰਾਹੀਂ ਵੀ ਜਾਗਰੂਕ ਕੀਤਾ ਗਿਆ। 

ਇਸ ਮੌਕੇ ਭਾਰਤੀ ਜੀਵਨ ਬੀਮਾ ਨਿਗਮ ਯਾਨੀ ਐੱਲਆਈਸੀ ਅਤੇ ਹੋਰ ਸਰਕਾਰੀ ਤੇ ਨਿੱਜੀ ਬੈਂਕਾਂ ਦੇ ਨੁਮਾਇੰਦਿਆਂ ਨੇ ਵੀ ਇਸ ਕੈਂਪ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਖੇਤਰੀ ਪ੍ਰਬੰਧਕ ਸ੍ਰੀ ਰੋਹਿਤ ਕੱਕੜ, ਮੁੱਖ ਜ਼ਿਲ੍ਹਾ ਪ੍ਰਬੰਧਕ ਸ੍ਰੀ ਕੁਲਭੂਸ਼ਣ ਬਾਂਸਲ ਅਤੇ ਮੁੱਖ ਪ੍ਰਬੰਧਕ ਸ੍ਰੀ ਜਿੰਮੀ ਮਹਿਤਾ, ਮੁੱਖ ਪ੍ਰਬੰਧਕ ਸ੍ਰੀ ਗੁਰਜੀਤ ਸਿੰਘ ਵੀ ਮੌਜੂਦ ਸਨ।

ਇਸ ਕੈਂਪ ਨਾਲ ਫਾਇਦਾ ਵੀ ਬਹੁਤ ਸਾਰੇ ਲੋਕਾਂ ਨੂੰ ਹੋਇਆ ,ਪੈਸਿਆਂ ਦਾ ਫਾਇਦਾ ਵੀ ਅਤੇ ਪੈਸੇ ਦੀ ਸਾਂਭ ਸੰਭਾਲ ਨਾਲ ਜੁੜੇ ਨਿਯਮਾਂ ਅਤੇ ਕਾਇਦੇ ਕਾਨੂੰਨਾਂ ਦੀ ਕਾਫੀ ਹੱਦ ਤੱਕ ਮਿਲੀ ਜਾਣਕਾਰੀ ਦਾ ਫਾਇਦਾ ਵੀ। 

No comments: