Received From MPS Khalsa on Saturday 30th August 2025 at 18:49 Regarding Protest Against USA
ਟੈਰਿਫ ਨੀਤੀ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਨੂੰ ਪ੍ਰਭਾਵਤ ਕਰੇਗੀ-ਪੰਮਾ ਅਤੇ ਰਾਕੇਸ਼ ਯਾਦਵ
ਨਵੀਂ ਦਿੱਲੀ:30 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::
ਅਮਰੀਕਾ ਦੀਆਂ ਸਰਮਾਏਦਾਰੀ ਪੱਖੀ ਨੀਤੀਆਂ ਦੇ ਖਿਲਾਫ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਤਿੱਖਾ ਰੋਸ ਹੈ। ਇਸਦੇ ਬਾਵਜੂਦ ਭਾਰਤ ਵਰਗੇ ਦੇਸ਼ਾਂ ਟ੍ਰੰਪ ਦੀਆਂ ਨੀਤੀਆਂ ਨੇ ਜ਼ਿਆਦਾ ਮੁਸ਼ਕਿਲਾਂ ਵਿੱਚ ਪਾਇਆ ਹੈ। ਇਹਨਾਂ ਨੀਤੀਆਂ ਦੇ ਖਿਲਾਫ ਦਿੱਲੀ ਦੇ ਕਾਰੋਬਾਰੀ ਹਲਕਿਆਂ ਨੇ ਵੀ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਹੈ।
ਸੈਂਕੜੇ ਵਪਾਰੀ ਸਦਰ ਬਾਜ਼ਾਰ ਦੇ ਕੁਤੁਬ ਰੋਡ ਚੌਕ 'ਤੇ ਇਕੱਠੇ ਹੋਏ ਅਤੇ ਇਹਨਾਂ ਨੀਤੀਆਂ ਦੇ ਖਿਲਾਫ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਰੋਸ ਮੁਜ਼ਾਹਰਾ ਕੀਤਾ। ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡਜ਼ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਅਤੇ ਪ੍ਰਧਾਨ ਰਾਕੇਸ਼ ਯਾਦਵ ਦੀ ਅਗਵਾਈ ਹੇਠ ਇਹਨਾਂ ਕਾਰੋਬਾਰੀਆਂ ਨੇ ਅਮਰੀਕਾ ਵੱਲੋਂ ਭਾਰਤੀ ਉਦਯੋਗਾਂ 'ਤੇ ਲਗਾਏ ਗਏ ਟੈਰਿਫ ਵਿਰੁੱਧ ਤਿੱਖੇ ਰੋਸ ਦਾ ਪ੍ਰਗਟਾਵਾ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਵਪਾਰੀਆਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ ਜਿਨ੍ਹਾਂ 'ਤੇ ਲਿਖਿਆ ਸੀ, "ਟੈਰਿਫ ਨੀਤੀ ਵਾਪਸ ਲਓ, ਅਮਰੀਕਾ ਨੂੰ ਤਾਨਾਸ਼ਾਹੀ ਬੰਦ ਕਰਨੀ ਚਾਹੀਦੀ ਹੈ", ਅਤੇ ਓਹ ਇਸ ਤਰ੍ਹਾਂ ਦੇ ਨਾਅਰੇ ਵੀ ਲਗਾ ਰਹੇ ਸਨ। ਇਸ ਮੌਕੇ ਪੰਮਾ ਅਤੇ ਰਾਕੇਸ਼ ਯਾਦਵ ਨੇ ਕਿਹਾ ਕਿ ਅਮਰੀਕਾ ਦੀ ਇਹ ਟੈਰਿਫ ਨੀਤੀ ਭਾਰਤੀ ਉਦਯੋਗਾਂ ਲਈ ਨੁਕਸਾਨਦੇਹ ਹੈ ਅਤੇ ਇਸਦਾ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ 'ਤੇ ਮਾੜਾ ਪ੍ਰਭਾਵ ਪਵੇਗਾ।
ਇਸ ਮੌਕੇ ਇਹਨਾਂ ਦੋਹਾਂ ਲੀਡਰਾਂ ਨੇ ਕਿਹਾ ਕਿ ਅਮਰੀਕਾ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਭਾਰਤੀ ਉਦਯੋਗ ਵਿੱਚ ਕਰੋੜਾਂ ਰੁਪਏ ਦੇ ਸਾਮਾਨ ਤਿਆਰ ਪਏ ਹਨ ਜਿਸ ਲਈ ਅਮਰੀਕੀ ਵਪਾਰੀਆਂ ਨੇ ਐਡਵਾਂਸ ਵੀ ਦੇ ਦਿੱਤਾ ਹੈ ਪਰ ਟੈਰਿਫ ਲਗਾਉਣ ਕਾਰਨ ਉਹ ਸਾਮਾਨ ਨਹੀਂ ਲੈ ਪਾ ਰਹੇ ਹਨ। ਇਸ ਦਾ ਉਦਯੋਗ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਅਤੇ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ।
ਪੰਮਾ ਅਤੇ ਯਾਦਵ ਨੇ ਕਿਹਾ ਕਿ ਟੈਰਿਫ ਭਾਰਤੀ ਉਦਯੋਗਾਂ ਨੂੰ ਨੁਕਸਾਨ ਪਹੁੰਚਾਉਣਗੇ ਅਤੇ ਉਨ੍ਹਾਂ ਦੀ ਮੁਕਾਬਲੇਬਾਜ਼ੀ ਨੂੰ ਘਟਾ ਦੇਣਗੇ। ਇਸ ਤਰ੍ਹਾਂ ਅਮਰੀਕਾ ਦੀ ਟੈਰਿਫ ਨੀਤੀ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਨੂੰ ਪ੍ਰਭਾਵਤ ਕਰੇਗੀ। ਇਹ ਨੀਤੀ ਵਪਾਰ ਵਿੱਚ ਗਿਰਾਵਟ ਦਾ ਕਾਰਨ ਬਣ ਸਕਦੀ ਹੈ।
ਇਹਨਾਂ ਵਪਾਰੀ ਲੀਡਰਾਂ ਨੇ ਅਪੀਲ ਕੀਤੀ ਕਿ ਅਮਰੀਕਾ ਨੂੰ ਆਪਣੇ ਕਦਮ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਅਤੇ ਸਮਝੌਤੇ ਰਾਹੀਂ ਹੀ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ।
ਕਾਰੋਬਾਰੀਆਂ ਦੇ ਇਹਨਾਂ ਦੋਹਾਂ ਲੀਡਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀਐਸਟੀ ਵਿੱਚ ਵਪਾਰੀਆਂ ਨੂੰ ਵੱਧ ਤੋਂ ਵੱਧ ਰਾਹਤ ਦੇਣ ਦੇ ਨਾਲ-ਨਾਲ ਸਸਤੀਆਂ ਦਰਾਂ 'ਤੇ ਕਰਜ਼ਾ ਸਹੂਲਤ ਪ੍ਰਦਾਨ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਸਵਦੇਸ਼ੀ ਸਾਮਾਨ ਕੌਮਾਂਤਰੀ ਮੁੱਦਿਆਂ ਅਤੇ ਚੁਣੌਤੀਆਂ ਦਾ ਮੁਕਾਬਲਾ ਕਰ ਸਕਣ। ਇਸ ਨਾਲ ਹੀ ਸਾਡੇ ਦੇਸ਼ ਵਿੱਚ ਸਸਤੇ ਸਾਮਾਨ ਪ੍ਰਦਾਨ ਕਰ ਸਕਣਾ ਸੰਭਵ ਹੋ ਸਕੇਗਾ।
ਇਸ ਮੌਕੇ ਵਪਾਰ ਆਗੂ ਕਮਲ ਕੁਮਾਰ, ਦੀਪਕ ਮਿੱਤਲ, ਵਰਿੰਦਰ ਸਿੰਘ, ਚੌਧਰੀ ਯੋਗੇਂਦਰ ਸਿੰਘ, ਹਰਜੀਤ ਸਿੰਘ ਛਾਬੜਾ, ਰਜਨੀਸ਼ ਭਯਾਨਾ, ਸੁਰੇਸ਼ ਜੈਨ ਅਤੇ ਹੋਰ ਬਹੁਤ ਸਾਰੇ ਵਪਾਰੀਆਂ ਨੇ ਵੀ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਦੀ ਨਿੰਦਾ ਕੀਤੀ।
No comments:
Post a Comment