Saturday, August 30, 2025

ਪੰਜਾਬ ਅੰਦਰ ਭਿਆਨਕ ਹੜ੍ਹਾਂ ’ਚ ਫਸੇ ਪੰਜਾਬੀਆਂ ਦੀ ਮਦਦ

Received From MPS Khalsa on Saturday 30th August 2025 at 18:25 Regarding Flood Relief  

ਦਿੱਲੀ ਕਮੇਟੀ ਨੇ ਲਗਾਇਆ ਵਿਸ਼ੇਸ਼ ਸਹਾਇਤਾ ਕੈਂਪ: ਕਾਲਕਾ//ਕਾਹਲੋਂ 

ਨਵੀਂ ਦਿੱਲੀ: 30 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::

ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਹਰ  ਇਲਾਕੇ ਵਿੱਚ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਹੈ। ਪੰਜਾਬ ਦੇ ਹੜ੍ਹਾਂ ਦੌਰਾਨ ਮੁਸੀਬਤਾਂ ਵਿੱਚ ਫਸੇ ਪੰਜਾਬੀਆਂ ਲਈ ਦਿੱਲੀ ਦੇ ਸਿੱਖ ਵੀ ਸਰਗਰਮ ਹੋਏ ਹਨ। ਦਿੱਲੀ ਦੇ ਇਹਨਾਂ ਸਿੱਖਾਂ ਨੇ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਹੈ। 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਭਿਆਨਕ ਹੜ੍ਹਾਂ ਵਿਚ ਫਸੇ ਪੰਜਾਬੀਆਂ ਦੀ ਮਦਦ ਕਰਨਾ ਸਾਡਾ ਮੁੱਢਲਾ ਫਰਜ਼ ਹੈ ਤੇ ਇਸ ਮਾਮਲੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਕਦੇ ਵੀ ਪਿੱਛੇ ਨਹੀਂ ਹਟੇਗੀ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜਿਵੇਂ ਹੀ ਸਾਡੇ ਕੋਲ ਸੂਚਨਾ ਪਹੁੰਚੀ ਕਿ ਪੰਜਾਬ ਨੂੰ ਭਿਆਨਕ ਹੜ੍ਹਾਂ ਨੇ ਘੇਰ ਲਿਆ ਹੈ ਤਾਂ ਅਸੀਂ ਤੁਰੰਤ ਪੰਜਾਬ ਵਿਚ ਆਪਣੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ ਦੀ ਡਿਊਟੀ ਹਾਲਾਤਾਂ ਦੇ ਜਾਇਜ਼ੇ ਵਾਸਤੇ ਲਗਾਈ। 

ਉਹਨਾਂ ਦੱਸਿਆ ਕਿ ਰਿਪੋਰਟ ਮਿਲਦੇ ਸਾਰੇ ਹੀ ਅਸੀਂ ਰਾਸ਼ਨ ਤੇ ਜ਼ਰੂਰੀ ਸਮਾਨ ਵਾਲੀਆਂ ਟੀਮਾਂ ਪੰਜਾਬ ਲਈ ਰਵਾਨਾ ਕੀਤੀਆਂ। ਉਹਨਾਂ ਦੱਸਿਆ ਕਿ ਸਾਡੇ ਵੱਲੋਂ ਇਸ ਵੇਲੇ ਗੁਰਦਾਸਪੁਰ ਦੇ ਪਿੰਡ  ਡੇਰਾ ਪਠਾਣਾ ਵਿਚ ਮੁੱਖ ਸੜਕ ’ਤੇ ਮੁੱਖ ਕੈਂਪ ਲਗਾਇਆ ਹੋਇਆ ਹੈ ਜਿਸ ਰਾਹੀਂ ਅਸੀਂ ਨੇੜਲੇ ਪਿੰਡਾਂ ਰੱਤਾ ਹਵੇਲੀਆਂ, ਤਲਵੰਡੀ ਰਸੀਂਕੇ, ਜੋੜਾ ਬਹਿਲੋਰਪੁਰ ਘੁੰਮਣ, ਟਾਹਲੀ ਸਾਹਿਬ ਅਬਦਾਲ, ਮੂਲੋਂਵਾਲੀ ਆਦਿ ਵਿਚ ਹੜ੍ਹਾਂ ਵਿਚ ਘਿਰੇ ਲੋਕਾਂ ਵਾਸਤੇ ਪੀਣ ਵਾਲਾ ਪਾਣੀ, ਸੁੱਕਾ ਦੁੱਧ, ਰਾਸ਼ਨ ਤੇ ਹੋਰ ਲੋੜੀਂਦਾ ਸਮਾਨ ਉਪਲਬਧ ਕਰਵਾ ਰਹੇ ਹਾਂ। 

ਰਾਹਤ ਨਾਲ ਸਬੰਧਤ ਉਪਰਾਲਿਆਂ ਬਾਰੇ ਉਹਨਾਂ ਦੱਸਿਆ ਕਿ ਰਮਦਾਸ ਇਲਾਕੇ ਨੂੰ ਵੀ ਹੜ੍ਹਾਂ ਦੀ ਵੱਡੀ ਮਾਰ ਪਈ ਹੈ ਤੇ ਸਾਡੀਆਂ ਟੀਮਾਂ ਜਲਦੀ ਹੀ ਇਸ ਇਲਾਕੇ ਵਿਚ ਵੀ ਸੇਵਾ ਵਾਸਤੇ ਪਹੁੰਚ ਜਾਣਗੀਆਂ। ਉਹਨਾਂ ਦੱਸਿਆ ਕਿ ਸਾਡੀਆਂ ਟੀਮਾਂ ਵਿਚ ਪੰਜਾਬ ਵਿਚ ਤਾਇਨਾਤ ਸਾਡੇ ਮੁਲਾਜ਼ਮਾਂ ਤੋਂ ਇਲਾਵਾ ਦਿੱਲੀ ਤੋਂ ਵੀ ਸੰਗਤ ਪੰਜਾਬੀਆਂ ਦੀ ਸੇਵਾ ਵਾਸਤੇ ਪਹੁੰਚੀ ਹੈ। ਕਿਓਂਕਿ ਪੰਜਾਬ ਸਾਡਾ ਪੇਕਾ ਘਰ ਹੈ ਤੇ ਪੰਜਾਬੀਆਂ ਦੀ ਸੇਵਾ ਕਰਨਾ ਸਾਡਾ ਮੁੱਢਲਾ ਫਰਜ਼ ਹੈ। 

ਆਪਣੇ ਫਰਜ਼ਾਂ ਬਾਰੇ ਗੱਲ ਕਰਦਿਆਂ ਉਹਨਾਂ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਦੇਸ਼ ਤੇ ਦੁਨੀਆਂ ਵਿਚ ਜਿਥੇ ਕਿਤੇ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਪੰਜਾਬੀ ਮੋਹਰੀ ਹੋ ਕੇ ਸੇਵਾ ਦੀ ਜ਼ਿੰਮੇਵਾਰੀ ਸੰਭਾਲਦੇ ਹਨ ਤੇ ਹੁਣ ਜਦੋਂ ਪੰਜਾਬੀਆਂ ਨੂੰ ਭਿਆਨਕ ਹੜ੍ਹਾਂ ਦੀ ਮਾਰ ਪਈ ਹੈ  ਤਾਂ ਅਸੀਂ ਵੀ ਸੇਵਾ ਕਰਨ ਤੋਂ ਪਿੱਛੇ ਨਹੀਂ ਰਹਾਂਗੇ। ਉਹਨਾਂ ਦੱਸਿਆ ਕਿ ਅਸੀਂ 2023 ਵਿਚ ਵੀ ਹੜ੍ਹਾਂ ਦੌਰਾਨ ਸਮਾਣਾ ਇਲਾਕੇ ਵਿਚ ਸਹਾਇਤਾ ਤੇ ਸੇਵਾ ਕੈਂਪ ਲਗਾਏ ਸਨ ਤੇ ਇਸ ਵਾਰ ਸਾਡੇ ਵੱਲੋਂ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਰਹੇਗੀ।ਇਸ ਸੰਬੰਧੀ ਅਸੀਂ ਬੜੇ ਦ੍ਰਿੜ ਸੰਕਲਪ ਹਾਂ। 

ਜ਼ਿਕਰਯੋਗ ਹੈ ਕਿ ਹੜ੍ਹਾਂ ਨਾਲ ਸਬੰਧਤ ਮੁਸ਼ਕਲਾਂ ਪਾਣੀ ਉਤਰਨ ਮਗਰੋਂ ਹੋਰ ਵੱਧ ਜਾਣੀਆਂ  ਹਨ। ਉਹਨਾਂ ਦੱਸਿਆ ਕਿ ਹੜ੍ਹਾਂ ਦਾ ਪਾਣੀ ਉਤਰਣ ਮਗਰੋਂ ਪ੍ਰਭਾਵਤ ਇਲਾਕਿਆਂ ਵਿਚ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਹੈ ਜਿਸ ਵਾਸਤੇ ਅਸੀਂ ਮੈਡੀਕਲ ਟੀਮਾਂ ਵੀ ਤਾਇਨਾਤ ਕਰਾਂਗੇ ਤੇ ਦਵਾਈਆਂ ਵੀ ਮੁਹਈਆ ਕਰਾਵਾਂਗੇ। ਉਹਨਾਂ ਕਿਹਾ ਕਿ ਹੜ੍ਹਾਂ ਨਾਲ ਨਜਿੱਠਣ ਵਿਚ ਸੂਬਾ ਸਰਕਾਰ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। 

ਉਹਨਾਂ ਕਿਹਾ ਕਿ ਸਰਕਾਰ ਨੇ ਨਾ ਕੋਈ ਰਿਹਰਸਲ ਕੀਤੀ ਤੇ ਨਾ ਕੋਈ ਅਗਾਊਂ ਪ੍ਰਬੰਧ ਕੀਤੇ। ਉਹਨਾਂ ਕਿਹਾ ਕਿ ਮਾਧੋਪੁਰ ਡੈਮ ਦੀ ਡੇਢ ਸਾਲ ਤੋਂ ਰਿਪੋਰਟ ਤਿਆਰ ਸੀ ਕਿ ਰਿਪੇਅਰ ਦੀ ਜ਼ਰੂਰਤ ਹੈ ਪਰ ਉਸਦੀ ਕੋਈ ਪਰਵਾਹ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕੇਵਲ ਮੀਡੀਆ ਵਿਚ ਇਸ਼ਤਿਹਾਰ ਦੇ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। 

ਪੰਜਾਬ ਵਿੱਚ ਸਿੱਖਿਆ ਅਤੇ ਆਰਥਿਕ ਖੁਸ਼ਹਾਲੀ ਲਈ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਇਹ ਵੀ ਦੱਸਿਆ ਕਿ ਹੜ੍ਹਾਂ ਵਿਚ ਮਦਦ ਤੋਂ ਇਲਾਵਾ ਅਸੀਂ ਪੰਜਾਬ ਵਿਚ ਸਕਿੱਲ ਡਵੈਲਪਮੈਂਟ ਸੈਂਟਰ ਖੋਲ੍ਹ ਰਹੇ ਹਾਂ ਤਾਂ ਜੋ ਨੌਜਵਾਨਾਂ ਨੂੰ ਹੁਨਰ ਸਿੱਖਲਾਈ ਦਿੱਤੀ ਜਾ ਸਕੇ। ਸਾਡਾ ਭਾਰਤ ਸਰਕਾਰ ਨਾਲ ਸਮਝੌਤਾ ਹੋਇਆ ਹੈ ਜਿਸ ਤਹਿਤ ਇਹ ਕੈਂਪ ਲਗਾਏ ਜਾਣਗੇ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਦੀ ਸੇਵਾ ਵਾਸਤੇ ਹਰ ਵੇਲੇ ਹਾਜ਼ਰ ਹਾਂ ਤੇ ਕਦੇ ਵੀ ਇਸ ਤੋਂ ਪਿੱਛੇ ਨਹੀਂ ਹਟਾਂਗੇ।

ਜ਼ਾਹਿਰ ਹੈ ਕਿ ਹੜ੍ਹਾਂ ਦੀ ਇਸ ਆਫ਼ਤ ਨਾਲ ਜਿੱਥੇ ਪੰਜਾਬੀ ਇੱਕ ਨਵੀਂ ਸ਼ਕਤੀ ਬਣ ਕੇ ਭਰਨਗੇ ਉੱਥੇ ਪੰਜਾਬ ਦੇ ਸਮਾਜਿਕ ਅਤੇ ਅਤੇ ਸਿਆਸੀ ਸਮੀਕਰਣ ਵੀ ਬਦਲਣਗੇ। 

No comments: