Friday, August 15, 2025

ਪੀਏਯੂ ਵਿਖੇ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆ

Received from PAU on 15th Aug 2025 at 10:29 AM Regarding 15th August 2025 Function 

ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ ਗਏ 

ਲੁਧਿਆਣਾ: 15 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਲੁਧਿਆਣਾ ਵਿਖੇ ਦੇਸ਼ ਦਾ 79ਵਾਂ ਸੁਤੰਤਰਤਾ ਦਿਵਸ ਪੂਰੇ ਜੋਸ਼ ਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।  ਇਸ ਮੌਕੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਤਿਰੰਗਾ ਝੰਡਾ ਲਹਿਰੋਣ ਅਤੇ ਐਨ ਐਸ ਐਸ ਕੈਡਟਾਂ ਕੋਲੋਂ ਸਲਾਮੀ ਲੈਣ ਦੀ ਰਸਮ ਅਦਾ ਕੀਤੀ। ਡਾ ਗੋਸਲ ਨਾਲ ਪੀਏਯੂ ਦੇ ਸਮੁੱਚੇ ਉੱਚ ਅਧਿਕਾਰੀ ਵੱਖ-ਵੱਖ ਵਿਭਾਗਾਂ ਦੇ ਮੁਖੀ ਅਧਿਆਪਕ ਅਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਮੌਜੂਦ ਰਹੇ।

ਤਿਰੰਗਾ ਲਹਿਰਾਉਣ ਤੋਂ ਬਾਅਦ ਵਾਈਸ ਚਾਂਸਲਰ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਆਜ਼ਾਦ ਭਾਰਤ ਦੀ ਖੇਤੀ ਖੋਜ, ਸਿੱਖਿਆ ਅਤੇ ਪਸਾਰ ਦੀ ਸਿਰਕੱਢ ਸੰਸਥਾ ਹੈ। ਯੂਨੀਵਰਸਿਟੀ ਆਪਣੀ ਸ਼ੁਰੂਆਤ ਤੋਂ ਹੀ ਖੇਤੀ ਖੇਤਰ ਵਿੱਚ ਬਿਹਤਰ ਕਾਰਗੁਜ਼ਾਰੀ ਲਈ ਜਾਣੀ ਜਾਂਦੀ ਹੈ। ਭਾਰਤ ਦੀ ਭੋਜਨ ਸੁਰੱਖਿਆ ਦੇ ਨਾਲ-ਨਾਲ ਨਵੀਆਂ ਕਿਸਮਾਂ ਅਤੇ ਤਕਨੀਕੀ ਹੱਲ ਲੱਭ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਯੂਨੀਵਰਸਿਟੀ ਨੇ ਆਪਣਾ ਯੋਗਦਾਨ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਬੀਤੇ ਸਾਲਾਂ ਵਿੱਚ ਕਿਸਾਨੀ ਸਮਾਜ ਦੀ ਭਲਾਈ ਲਈ ਬਿਹਤਰੀਨ ਕਾਰਜ ਨੂੰ ਅੰਜਾਮ ਦਿੱਤਾ ਹੈ। ਇਸਦਾ ਪ੍ਰਮਾਣ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਦਰਜਾਬੰਦੀ ਵਿਚ ਯੂਨੀਵਰਸਿਟੀ ਦੇ ਮੁਕਾਮ ਦੇ ਰੂਪ ਵਿਚ ਸਾਮ੍ਹਣੇ ਹੈ। ਪਿਛਲੇ ਸਾਲਾਂ ਤੋਂ ਪੀ ਏ ਯੂ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ ਹੋਈ ਹੈ। ਇਸ ਸਾਲ ਤਾਂ ਵਿਸ਼ਵ ਦੀਆਂ ਪਹਿਲੀਆਂ 100 ਖੇਤੀ ਸੰਸਥਾਵਾਂ ਦੀ ਰੈਂਕਿੰਗ ਵਿਚ ਸ਼ਾਮਿਲ ਹੋਣ ਦਾ ਮਾਣ ਪੀ ਏ ਯੂ ਨੂੰ ਮਿਲਿਆ ਹੈ। ਇਹ ਸਾਰਾ ਮੁਕਾਮ ਯੂਨੀਵਰਸਿਟੀ ਦੇ ਮਾਹਿਰਾਂ, ਵਿਦਿਆਰਥੀਆਂ ਅਤੇ ਸਮੁੱਚੇ ਅਮਲੇ ਦੇ ਅਣਥੱਕ ਯਤਨਾਂ ਸਦਕਾ ਹੀ ਸੰਭਵ ਹੋਇਆ।

ਡਾ. ਗੋਸਲ ਨੇ ਕਿਹਾ ਕਿ ਅੱਜ ਦੇ ਸਮੇਂ ਸਾਨੂੰ ਤਕਨਾਲੋਜੀ ਦੀ ਸਹਾਇਤਾ ਨਾਲ ਆਪਣੇ ਕੰਮ ਨੂੰ ਡਿਜ਼ੀਟਲ ਰੂਪ ਵਿੱਚ ਕਰਨ ਦਾ ਗੁਰ ਸਿੱਖਣਾ ਪਵੇਗਾ । ਪੀ ਏ ਯੂ ਇਸ ਦਿਸ਼ਾ ਵਿੱਚ ਆਪਣੀਆਂ ਪਸਾਰ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸੋਸ਼ਲ ਮੀਡਿਆ ਰਾਹੀਂ ਕਿਸਾਨਾਂ ਤਕ ਆਪਣੀ ਪਹੁੰਚ ਬਣਾ ਰਹੀ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਇੰਟਰਨੈਟ ਰਾਹੀਂ ਵੀ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਅਜੋਕੀਆਂ ਖੇਤੀ ਲੋੜਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੀ ਏ ਯੂ  ਨੇ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਖੇਤੀ ਕਾਰੋਬਾਰ ਬਾਰੇ ਸਿਖਲਾਈ ਅਤੇ ਮੁਹਾਰਤ ਪ੍ਰਦਾਨ ਕਰਨ ਲਈ ਪਹਿਲਕਦਮੀ ਕੀਤੀ ਹੈ । ਖੇਤੀ ਨੂੰ ਕਾਰੋਬਾਰੀ ਦਿਸ਼ਾ ਵਿਚ ਤੌਰ ਕੇ ਵੱਧ ਮੁਨਾਫ਼ੇ ਵਾਲਾ ਕਿੱਤਾ ਬਣਾਉਣ ਲਈ ਨਿਯਮਤ ਸਿਖਲਾਈ ਰਾਹੀਂ ਕਿਸਾਨਾਂ ਨੂੰ ਲਗਾਤਾਰ ਖੇਤੀ ਕਾਰੋਬਾਰੀ ਮੁਹਾਰਤ ਪ੍ਰਦਾਨ ਕੀਤੀ ਜਾ ਰਹੀ ਹੈ।

ਡਾ. ਸਤਿਬੀਰ ਸਿੰਘ ਗੋਸਲ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਜ਼ਾਦ ਭਾਰਤ ਦੀ ਤਾਕਤ ਅੱਜ ਦੇ ਨੌਜਵਾਨ ਹਨ । ਅੱਜ ਦੀਆਂ ਚੁਣੌਤੀਆਂ ਸਾਹਮਣੇ ਨੌਜਵਾਨਾਂ ਨੂੰ ਨਵੀਂ ਪ੍ਰਤਿਭਾ ਨਾਲ ਖੜਨ ਦੀ ਲੋੜ ਹੈ । ਸਾਡੇ ਦੇਸ਼ ਭਗਤਾਂ ਨੇ ਕੁਰਬਾਨੀਆਂ ਕਰਕੇ ਆਜ਼ਾਦ ਦੇਸ਼ ਦੀ ਸਥਾਪਨਾ ਕੀਤੀ ਅਤੇ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਦੇ ਸੁਪਨਿਆਂ ਦਾ ਭਾਰਤ ਸਿਰਜ ਕੇ ਇਸਦੀ ਖੁਸ਼ਹਾਲੀ ਲਈ ਲਗਾਤਾਰ ਯਤਨਸ਼ੀਲ ਰਹੀਏ ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਵਿਦਿਆਰਥੀ ਜੀਵਨ ਦੌਰਾਨ ਆਪਣੇ ਆਪ ਨੂੰ ਨਿਯਮਾਂ ਅਨੁਸਾਰ ਢਾਲ ਲੈਂਦੇ ਹਨ, ਉਹੀ ਵਿਦਿਆਰਥੀ ਭਵਿੱਖ ਵਿੱਚ ਯੋਗ, ਚਰਿੱਤਰਵਾਨ ਅਤੇ ਆਦਰਸ਼ ਨਾਗਰਿਕ ਬਣਦੇ ਹਨ।ਅੰਤ ਵਿਚ ਵਾਈਸ ਚਾਂਸਲਰ ਨੇ ਸਿੱਖਿਆ, ਖੇਤੀਬਾੜੀ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਹੋਰ ਅੱਗੇ ਵਧਣ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ।

ਇਸ ਮੌਕੇ ਸਵਾਗਤ ਦੇ ਸ਼ਬਦ ਬੋਲਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਪੀ ਏ ਯੂ ਦੇ ਵਿਦਿਆਰਥੀ ਵਰਗ ਵਲੋਂ ਪੜ੍ਹਾਈ ਦੇ ਨਾਲ ਨਾਲ ਸਹਿ ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਵਿਚ ਕੀਤੀਆਂ ਪ੍ਰਾਪਤੀਆਂ ਉੱਪਰ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹੋਸਟਲਾਂ ਅਤੇ ਕੈਂਪਸ ਵਿਚ ਬਿਹਤਰ ਸੁਵਿਧਾਵਾਂ ਮੁਹਈਆ ਕਰਨ ਲਈ ਯੂਨੀਵਰਸਿਟੀ ਵਚਨਵੱਧ ਹੈ ਅਤੇ ਇਸ ਦਿਸ਼ਾ ਵਿਚ ਸੰਭਵ ਯਤਨ ਕੀਤੇ ਜਾ ਰਹੇ ਹਨ। ਡਾ ਜੌੜਾ ਨੇ ਆਜ਼ਾਦੀ ਦਿਹਾੜੇ ਮੌਕੇ ਵਿਦਿਆਰਥੀਆਂ ਨੂੰ ਦੇਸ਼ ਦੀ ਇਕਜੁਟਤਾ, ਅਜ਼ਾਦੀ ਅਤੇ ਸਵੈਮਾਣ ਬਰਕਰਾਰ ਰੱਖਣ ਲਈ ਕੋਸ਼ਿਸ਼ਾਂ ਕਰਦੇ ਰਹਿਣ ਦਾ ਸੁਨੇਹਾ ਵੀ ਦਿੱਤਾ।

ਅੰਤ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਰਿਸ਼ੀ ਪਾਲ ਸਿੰਘ, ਆਈ ਏ ਐੱਸ ਨੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੁਤੰਤਰਤਾ ਦਿਵਸ ਸਾਨੂੰ ਆਪਣੇ ਬਲੀਦਾਨ ਭਰਪੂਰ ਵਿਰਸੇ ਬਾਰੇ ਜਾਣੂ ਹੋਣ ਤੇ ਇਸ ਉੱਪਰ ਮਾਣ ਕਰਨ ਦਾ ਮੌਕਾ ਦਿੰਦਾ ਹੈ। ਸਮੂਹ ਨਾਗਰਿਕਾਂ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਇਸ ਆਜ਼ਾਦੀ ਨੂੰ ਹਰ ਹਾਲ ਬਚਾਈ ਰੱਖਣਾ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਮੇਵਾਰੀ ਹੈ।

ਸਮਾਰੋਹ ਦਾ ਸੰਚਾਲਨ ਵਿੱਦਿਆਰਥੀ ਭਲਾਈ ਅਧਿਕਾਰੀ ਸ਼੍ਰੀ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ।

No comments: