Friday, July 11, 2025

ਸ੍ਰੀ ਗੁਰੂ ਰਵਿਦਾਸ ਭਵਨ ਦੀ ਚਾਰ ਦੀਵਾਰੀ ਜਲਦੀ ਕਰਾਓ

Received From H S Dalla on 11th July 2025 at 14:57 Regarding  Ravidas Bhawan

ਸ੍ਰੀ ਗੁਰੂ ਰਵਿਦਾਸ ਸਭਾ ਵਲੋਂ ਈ ਓ ਨਗਰ ਕੌਂਸਿਲ ਨੂੰ ਮਿਲਿਆ ਵਫਦ 

ਖਰੜ: 11 ਜੁਲਾਈ 2025: (ਹਰਨਾਮ ਸਿੰਘ ਡੱਲਾ//ਪੰਜਾਬ ਸਕਰੀਨ ਡੈਸਕ)::


ਖਰੜ ਤੋਂ ਕੁਰਾਲੀ ਵੱਲ ਜਾਈਏ ਤਾਂ ਰਸਤੇ ਵਿੱਚ ਖੱਬੇ ਪਾਸੇ ਇੱਕ ਬਹੁਤ ਚੰਗੀ ਇਮਾਰਤ ਬਣੀ ਹੋਈ ਹੈ। ਇਸ ਇਅਮ੍ਰਤ ਦੇ ਆਲੇ ਦੁਆਲੇ ਬਣੀਆਂ ਉਸਾਰੀਆਂ ਨੇ ਇਸ ਦੇ ਰਸਤੇ ਅਤੇ ਇਸ ਇਮਾਰਤ ਨੂੰ ਇੱਕ ਤਰ੍ਹਾਂ ਨਾਲ ਲੁਕਾਇਆ ਹੀ ਹੋਇਆ ਹੈ। ਰਵਿਦਾਸ ਭਵਨ ਨਾਮ ਦੀ ਇਸ ਇਮਾਰਤ ਵਿੱਚ ਆਮ ਤੌਰ 'ਤੇ ਸੈਮੀਨਾਰ, ਵਿਚਾਰ ਗੋਸ਼ਟੀਆਂ, ਕਵੀ ਦਰਬਾਰ ਅਤੇ  ਕਈ ਹੋਰ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਇਹ ਆਯੋਜਨ ਲੋਕਾਂ ਦੀ ਚੇਤਨਾ ਵਧਾਉਣ ਦਾ ਕੰਮ ਕਰਦੇ ਹਨ ਤਾਂਕਿ ਇੱਕ ਨਵਾਂ ਨਰੋਆ ਸਿਹਤਮੰਦ ਸਮਾਜ ਸਿਰਜਿਆ ਜਾ ਸਕੇ। ਇਹਨਾਂ ਆਯੋਜਨਾਂ ਮੌਕੇ ਮਹੱਤਵਪੂਰਨ ਸ਼ਖਸੀਅਤਾਂ ਵੀ ਪੁੱਜਦੀਆਂ ਰਹੀਆਂ ਹਨ। ਆਏ ਹੋਏ ਸਰੋਤਿਆਂ ਦੀ ਆਓ ਭਗਤ ਲਈ ਚਾਅ ਪਾਣੀ ਅਤੇ ਦਾਲ ਰੋਟੀ ਦਾ ਅਤੁੱਟ ਲੰਗਰ ਵੀ ਪ੍ਰਬੰਧਕਾਂ ਵੱਲੋਂ ਆਪਣੇ ਫੰਡਾਂ ਰਾਹੀਂ ਕੀਤਾ ਜਾਂਦਾ ਹੈ। ਇਹਨਾਂ ਬਹੁਤ ਸਾਰੇ ਸੁਚੱਜੇ ਕੰਮਾਂ ਦੇ ਬਾਵਜੂਦ ਇਸਦੀ ਚਾਰ ਦੀਵਾਰੀ ਦੀ ਉਸਾਰੀ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਨਜਾਇਜ਼ ਕਬਜ਼ਿਆਂ ਨਾਲ ਇਸਦਾ ਆਲਾ ਦੁਆਲਾ ਵਲ ਲਿਆ ਹੈ। ਇਸ ਇਮਾਰਤ ਨੂੰ ਜਾਂਦਾ ਮੁਖ ਰਸਤਾ ਵੀ ਹੁਣ ਲੱਭਣਾ ਪੈਂਦਾ ਹੈ। 

ਸਥਾਨਕ ਨਗਰ ਕੌਂਸਲ ਦਫ਼ਤਰ ਦੇ ਅਧਿਕਾਰੀਆਂ ਤੇ ਸਬੰਧਤ ਅਮਲੇ ਵਲੋਂ ਸ੍ਰੀ ਗੁਰੂ ਰਵਿਦਾਸ ਭਵਨ ਖਰੜ ਦੀ ਨਿਸ਼ਾਨਦੇਹੀ ਤੋਂ ਬਾਅਦ ਰੈਵੀਨਿਊ ਰਿਕਾਰਡ ਅਨੁਸਾਰ ਚਾਰ ਦੀਵਾਰੀ ਕਰਨ ਵਿੱਚ ਦੇਰੀ ਨੂੰ ਲੈ ਕੇ ਸਭਾ ਦੇ ਮੈਂਬਰਾਂ ਵੱਲੋਂ ਜਬਰਦਸਤ ਰੋਸ ਪ੍ਰਗਟ ਕੀਤਾ ਗਿਆ। ਮੈਂਬਰਾਂ ਵਿੱਚ ਉਦਾਸੀ ਹੈ ਕਿ ਜੇਕਰ ਅਸੀਂ ਯੁਗ ਪਲਟਾਊ ਗੁਰੂਆਂ ਪੀਰਾਂ ਦੀ ਯਾਦ ਵਿੱਚ ਬਣੀਆਂ ਥਾਂਵਾਂ ਪ੍ਰਤੀ ਵੀ ਏਨੀ ਉਦਾਸੀਨਤਾ ਵਾਲਾ ਰਵਈਆ ਰੱਖਾਂਗੇ ਤਾਂ ਇਹ ਬੇਹੱਦ ਅਫਸੋਸਨਾਕ ਹੀ ਹੋਵੇਗਾ। 

ਚੇਤੇ ਰਹੇ ਕਿ ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਤੱਕ ਨਜਾਇਜ਼ ਕਬਜ਼ੇ ਚੁਕਵਾਉਣ ਨੂੰ ਲੈ ਕੇ ਦਰਖ਼ਾਸਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਪ੍ਰਿੰਟ ਮੀਡੀਏ ਰਾਹੀਂ ਵੀ ਮੰਗ ਕੀਤੀ ਜਾਂਦੀ ਰਹੀ ਹੈ। ਪਰ ਨਗਰ ਕੌਂਸਲ ਖਰੜ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੰਨ ਉੱਤੇ ਜੂੰ ਤੱਕ ਨਹੀਂ ਸਰਕ ਰਹੀ ਸੀ। 

ਇਸ ਮੁੱਦੇ ਨੂੰ ਲੈ ਕੇ ਸਭਾ ਵੱਲੋਂ ਇਹ ਸਾਰੀ ਸਥਿਤੀ ਬਾਰੇ ਮਾਨਯੋਗ ਮੁੱਖ ਮੰਤਰੀ ਪੰਜਾਬ,ਸਕੱਤਰ ਤੇ ਡਾਇਰੈਕਟਰ ਸਥਾਨਕ ਸਰਕਾਰਾਂ, ਡਿਪਟੀ ਕਮਿਸ਼ਨਰ ਮੋਹਾਲੀ ਅਤੇ ਐੱਸ ਡੀ ਐੱਮ ਖਰੜ ਦੇ ਧਿਆਨ ਵਿੱਚ ਵੀ ਲਿਆਂਦੀ ਜਾਂਦੀ ਰਹੀ ਹੈ। ਡਿਪਟੀ ਕਮਿਸ਼ਨਰ ਦਫ਼ਤਰ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਵੇਂ ਈ ਓ ਨਗਰ ਕੌਂਸਲ ਖਰੜ ਨੇ ਸਭਾ ਦੇ ਵਫ਼ਦ ਨੂੰ ਗੱਲਬਾਤ ਲਈ ਬੁਲਾ ਵੀ ਲਿਆ ਸੀ, ਪਰ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਸਭਾ ਦੇ ਮੈਂਬਰਾਂ, ਸਭਾ ਦੇ ਪ੍ਰਧਾਨ ਮਦਨ ਲਾਲ ਜਨਾਗਲ ਤੇ ਜਨਰਲ ਸਕੱਤਰ ਹਰਨਾਮ ਸਿੰਘ ਡੱਲਾ,ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਲਾਂਡਰਾਂ ਰੋਡ ਖਰੜ ਦੇ ਪ੍ਰਧਾਨ ਹਰਨੇਕ ਸਿੰਘ ਦੇਵਪੁਰੀ, ਗੁਰਮੇਲ ਸਿੰਘ ਧਾਲੀਵਾਲ,ਜੰਗ ਸਿੰਘ,ਜਸਪਾਲ ਸਿੰਘ,ਬਲਬੀਰ ਚੰਦ,ਅਮਨਦੀਪ ਸਿੰਘ ਨੋਨਾ,ਐੱਸ ਆਰ ਮੱਲ,ਬਲਵਿੰਦਰ ਸਿੰਘ ਮਹਿਤੋਤ,ਸੁਖਵਿੰਦਰ ਸਿੰਘ ਦੁੱਮਣਾ,ਬਲਬੀਰ ਸਿੰਘ,ਮੋਹਨ ਲਾਲ ਰਾਹੀ,ਰਾਜਿੰਦਰ ਸਿੰਘ ਹਵਾਰਾ,ਹਾਕਮ ਸਿੰਘ,ਪਾਲ ਸਿੰਘ ਘੇੜਾ,ਸੱਜਣ ਸਿੰਘ,ਪ੍ਰਿੰਸੀਪਲ ਹਰਚਰਨ ਸਿੰਘ,ਸਵਰਨ ਸਿੰਘ ਸ਼ਾਨ,ਧਨਵੰਤ ਸਿੰਘ ਸੰਧੂਆਂ,ਸੁਖਤੇਜ ਸਿੰਘ,ਜਸਵੰਤ ਸਿੰਘ ਸ਼ਿਵਜੋਤ ਇਨਕਲੇਵ,ਸੋਢੀ ਰਾਮ ਅਤੇ ਅਵਤਾਰ ਸਿੰਘ ਚੱਕਲਾਂ ਨੇ ਸਮੂਹਿਕ ਤੌਰ ‘ਤੇ ਈ ਓ ਨਗਰ ਕੌਂਸਲ ਖਰੜ ਦੇ ਰਵੱਈਏ ਨੂੰ ਲੈ ਕੇ ਸਖ਼ਤ ਇਤਰਾਜ਼ ਉਠਾਇਆ। 

ਈ ਓ ਨਗਰ ਕੌਂਸਲ ਵੱਲੋਂ ਲੋਕ ਰੋਹ ਨੂੰ ਦੇਖਦੇ ਹੋਇਆਂ ਵਫ਼ਦ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਕਬਜ਼ਾ ਕਰਨ ਵਾਲੇ ਲੋਕਾਂ ਖ਼ਿਲਾਫ਼ ਨਗਰ ਕੌਂਸਲ ਵੱਲੋਂ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਜਲਦੀ ਹੀ ਚਾਰ ਦੀਵਾਰੀ ਦਾ ਕੰਮ ਨੇਪਰੇ ਚਾੜ੍ਹੇਗੀ। ਹੁਣ ਦੇਖਦੇ ਹਾਂ ਕਿ ਰਵਿਦਾਸ ਭਵਨ ਦੀ ਚਾਰ ਦੀਵਾਰੀ ਅਤੇ ਕਬਜ਼ੇ ਹਟਾਉਣ ਵਾਲਾ ਇਸ ਮਸਲਾ ਕਦੋਂ ਹੱਲ ਹੁੰਦਾ ਹੈ?

No comments: