Saturday, December 28, 2024

ਡੱਲੇਵਾਲ ਦਾ ਮਰਨ ਵਰਤ ਤੇ ਇਤਿਹਾਸਕ ਨਜ਼ਰੀਆ//ਡਾ. ਗੁਰਤੇਜ ਸਿੰਘ ਖੀਵਾ

From Gurtej Singh Khiva Mansa 28th December 2024 on 12:11 on Jagjit Singh Dallewal and History

ਜੇ ਸਾਰੇ ਕਿਸਾਨ ਲੀਡਰ ਇਸੇ ਰਾਹ ਪੈ ਕੇ ਖ਼ਤਮ ਹੋ ਜਾਣ ਤਾਂ ਵੀ ਕੀ ਬਣੂਗਾ...?


ਮਾਨਸਾ: 28 ਦਸੰਬਰ 2024: (ਡਾ.ਗੁਰਤੇਜ ਸਿੰਘ ਖੀਵਾ//ਪੰਜਾਬ ਸਕਰੀਨ ਡੈਸਕ)::

....... ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ ਇੱਕ ਮਹੀਨਾ ਹੋ ਗਿਆ ਹੈ। ਉਹ ਐਮ ਐਸ ਪੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਹਨ।  ਉਹਨਾਂ ਦੀ ਜੋ ਭਾਵਨਾ ਹੈ ਉਸਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਪਰ ਅਸਲ ਹਾਲਾਤ ਕੀ ਹਨ? ਇਸ ਸਬੰਧੀ ਥੋੜੀ ਚਰਚਾ ਜਰੂਰ ਕਰ ਲੈਣੀ ਚਾਹੀਦੀ ਹੈ। 

ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਸੰਘਰਸ਼ ਦਾ ਅਜਿਹਾ ਰੂਪ ਅਪਣਾਇਆ ਗਿਆ ਹੈ, ਪਹਿਲੀ ਉਦਾਹਰਣ,ਬਹੁਤ ਸਾਰੇ ਲੋਕਾਂ ਨੂੰ ਯਾਦ ਹੋਵੇਗਾ ਕਿ ਸੰਨ 1970 ਦੇ ਵਿੱਚ ਪੰਜਾਬ ਦੀਆਂ ਮੰਗਾਂ, ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬੀ ਬੋਲਦੇ ਇਲਾਕੇ ਅਤੇ ਪੰਜਾਬ ਦੀਆਂ ਹੋਰ ਹੱਕੀ ਜਮਹੂਰੀ ਮੰਗਾਂ ਨੂੰ ਲੈ ਕੇ ਦਰਸ਼ਨ ਸਿੰਘ ਫੇਰੂਮਾਨ ਮਰਨ ਵਰਤ ਤੇ ਬੈਠੇ ਸਨ ਤੇ 74 ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ। ਪਰ ਕੇਂਦਰ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ ਸਨ ਜੋ ਅੱਜ ਤੱਕ ਵੀ ਵੱਟੇ ਖਾਤੇ ਪਾ ਰੱਖੀਆਂ ਹਨ। ਜੇ ਸਮਝੀਏ ਤਾਂ ਉਹ ਲੜ੍ਹਾਈ ਅਸਲ ਵਿੱਚ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਲੜ੍ਹਾਈ ਸੀ। 

ਦੂਜੀ ਉਦਾਹਰਣ, ਇਰੋਮ ਸਰਮੀਲਾ ਦੀ ਹੈ ਜਦੋਂ ਸੰਨ 2000 ਵਿੱਚ ਸੁਰੱਖਿਆ ਬਲਾਂ ਨੇ ਮਣੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਇੱਕ ਬੱਸ ਅੱਡੇ ਤੇ 10 ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ ਸੀ ਤਾਂ ਇਰੋਮ ਸ਼ਰਮੀਲਾ ਜਾਬਰ ਕਨੂੰਨ "ਅਫਸਪਾ" ਹਟਾਉਣ ਤੇ ਸੁਰੱਖਿਆ ਬਲਾਂ ਨੂੰ ਸੂਬੇ ਚੋਂ ਬਾਹਰ ਕੱਢਣ ਦੇ ਖਿਲਾਫ ਕਰੀਬ 16 ਸਾਲ ਭੁੱਖ ਹੜਤਾਲ ਤੇ ਬੈਠੀ ਰਹੀ ਸੀ।  ਉਸਨੂੰ ਚੁੱਕ ਕੇ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਤੇ ਧੱਕੇ ਨਾਲ ਉਸਦੇ ਨੱਕ ਵਿੱਚ ਪਾਈਪਾਂ ਲਾਕੇ ਖਾਣ ਨੂੰ ਦਿੱਤਾ ਜਾਂਦਾ ਰਿਹਾ ਸੀ, ਉਸਦੀ ਭੁੱਖ ਹੜਤਾਲ ਦੇ ਸਮੇਂ ਦੁਰਾਨ ਵੀ ਸੈਂਕੜੇ ਘਟਨਾਵਾਂ ਵਾਪਰੀਆਂ ਨਿਰਦੋਸ਼ ਲੋਕ ਮਾਰੇ ਜਾਂਦੇ ਰਹੇ। ਦੁਨੀਆ ਭਰ ਦੇ ਵਿੱਚ ਚਰਚਾ ਹੋਣ ਦੇ ਬਾਵਜੂਦ ਅੱਜ ਤੱਕ ਉਹ ਜਾਬਰ "ਅਫਸਪਾ" ਕਾਨੂੰਨ ਨਾ ਵਾਪਿਸ ਲਿਆ ਗਿਆ ਅਤੇ ਨਾ ਹੀ ਸੁਰੱਖਿਆ ਫੋਰਸਾਂ ਨੂੰ ਅੱਜ ਤੱਕ ਵੀ ਵਾਪਿਸ ਬੁਲਾਇਆ ਗਿਆ ਹੈ। 

ਤੀਜੀ ਉਦਾਹਰਣ ਜੰਮੂ ਕਸ਼ਮੀਰ ਦੀ ਹੈ ਉਹ ਲੋਕ ਪਿਛਲੇ 77 ਸਾਲ ਤੋਂ ਲੜ ਰਹੇ ਹਨ, ਹਰ ਤਰੀਕਾ ਉਹਨਾਂ ਅਜ਼ਮਾ ਕੇ ਦੇਖ ਲਿਆ। ਉਹ ਸਾਂਤਮਈ ਤਰੀਕੇ ਨਾਲ ਵੀ ਲੜੇ। ਉਹ ਹਥਿਆਰ ਚੁੱਕ ਕੇ ਵੀ ਲੜੇ, ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਅਣਗਿਣਤ  ਘਰ ਬਾਰ ਤਬਾਹ ਹੋ ਗਏ ਹਨ। ਉਹਨਾਂ ਨੇ ਚੋਣਾਂ ਲੜ ਕੇ ਸਰਕਾਰਾਂ ਵੀ ਬਣਾਕੇ ਦੇਖ ਲਈਆਂ। ਕੀ ਉਹਨਾਂ ਦਾ ਮਸਲਾ ਹੱਲ ਹੋ ਗਿਆ? ਜਦੋਂ ਯੂ ਐਨ ਓ ਨੇ ਵੀ ਕਹਿ ਰੱਖਿਆ ਹੈ ਕਿ ਕਸ਼ਮੀਰ ਦੇ ਮਸਲੇ ਦਾ ਹੱਲ ਰਾਇਸ਼ੁਮਾਰੀ ਰਾਹੀਂ ਕਰੋ ਜੋ ਉਥੋਂ ਦੇ ਲੋਕ ਜਿਵੇਂ ਚਾਹੁੰਦੇ ਹਨ ਉਹਨਾਂ ਨੂੰ ਓਵੇਂ ਜਿਉਣ ਦਿਉ? 

ਇਹ ਉਦਾਹਰਨਾਂ ਸਿਰਫ ਚੰਦ ਕੁ ਘਟਨਾਵਾਂ ਦੀਆਂ ਹਨ ਹੁਣ ਗੱਲ ਕਰਦੇ ਹਾਂ ਕਿਸਾਨੀ ਮਸਲੇ ਦੀ ਜਿਸਨੂੰ ਲੈਕੇ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਹਨ। ਇੱਕ ਗੱਲ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਕੱਲੇ ਡੱਲੇਵਾਲ ਦੀ ਗੱਲ ਤਾਂ ਛੱਡੋ ਜੇ ਸਾਰੇ ਕਿਸਾਨ ਲੀਡਰ ਇਸੇ ਰਾਹ ਪੈ ਕੇ ਖ਼ਤਮ ਹੋ ਜਾਣ ਤਾਂ ਵੀ ਸੈਂਟਰ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੇਗੀ, ਇਹ ਮੈਂ ਕਿਉਂ ਕਹਿੰਦਾ ਹਾਂ? ਕਿਉਕਿ ਇਹ ਸਰਕਾਰ ਮੋਦੀ ਦੀ ਨਹੀਂ ਇਹ ਉਹਨਾਂ ਸਮਰਾਜੀਆਂ, ਸਰਮਾਏਦਾਰਾਂ ਤੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। 

ਇਹ ਉਸ ਜਮਾਤ ਦੀ ਸਰਕਾਰ ਹੈ ਜਿਹਨਾਂ ਦੇ "ਦਿਲ ਨਹੀਂ ਦਿਮਾਗ ਹੁੰਦਾ ਹੈ" ਉਹ ਫੈਸਲੇ ਜਜ਼ਬਾਤ ਨਾਲ ਨਹੀਂ ਹਿੱਤਾਂ ਅਨੁਸਾਰ ਕਰਦੇ ਹਨ। ਇਹ ਕੋਈ ਕਿਸੇ "ਸੋਸ਼ਲਿਸਟ ਜਾਂ ਕਮਿਊਨਿਸਟ ਪਾਰਟੀ" ਦੀ ਸਰਕਾਰ ਨਹੀਂ ਜੋ ਮਜ਼ਦੂਰਾਂ ਕਿਸਾਨਾਂ ਦੀ ਫਿਕਰ ਕਰੇ ਜਾਂ ਉਹਨਾਂ ਦੀਆਂ ਮੰਗਾਂ ਮੰਨਦੀ ਫਿਰੇ। 

ਇੱਕ ਗੱਲ ਹੋਰ ਜੋ ਇਸ ਮਸਲੇ ਨਾਲ ਤਾਂ ਸਬੰਧਤ ਨਹੀਂ, ਪਰ ਕਿਸਾਨੀ ਮਸਲੇ ਨਾਲ ਜ਼ਰੂਰ ਸਬੰਧ ਰੱਖਦੀ ਹੈ। ਇਹਨਾਂ ਸਾਥੀਆਂ ਸੁਰਜੀਤ ਫੂਲ, ਜਗਜੀਤ ਸਿੰਘ ਡੱਲੇਵਾਲ ਤੇ ਹੋਰਾਂ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਅਲੱਗ ਹੋਕੇ ਜੋ ਮੋਰਚਾ ਬਣਾਇਆ ਉਸਦਾ ਨਾਮ ਰੱਖਿਆ "ਗੈਰ ਰਾਜਨੀਤਕ ਮੋਰਚਾ"। 

ਕਾਮਰੇਡ ਲੈਨਿਨ ਨੇ ਕਿਹਾ ਹੈ "ਗੈਰ ਰਾਜਨੀਤਕ ਸਿਰਫ ਦੋ ਹੀ ਵਿਅਕਤੀ ਹੁੰਦੇ ਹਨ ਇੱਕ ਜਿਹੜਾ ਅਜੇ ਪੈਦਾ ਨਹੀਂ ਹੋਇਆ; ਮਾਂ ਦੇ ਪੇਟ ਚ ਹੈ ਦੂਜਾ ਜਿਹੜਾ ਕਬਰ ਦੇ ਵਿੱਚ ਚਲਾ ਗਿਆ ਮਤਲਬ ਮਰ ਗਿਆ ਹੈ" ਬਾਕੀ ਹਰ ਬੰਦਾ ਰਾਜਨੀਤਕ ਹੁੰਦਾ ਹੈ। 

ਜੋ ਮੈਂ ਸਮਝਦਾ ਹਾਂ ਸਾਡੀ ਇੱਕ ਰਾਜਨੀਤੀ ਹੈ ਜੋ ਮਜ਼ਦੂਰਾਂ ਕਿਸਾਨਾਂ ਦੀ ਰਾਜਨੀਤੀ ਹੈ ਜੋ ਦੱਬੇ ਕੁਚਲੇ ਲੋਕਾਂ ਦੀ ਰਾਜਨੀਤੀ ਹੈ ਇੱਕ ਜਮਾਤ ਦੀ ਰਾਜਨੀਤੀ ਹੈ ਜੋ ਹਾਕਮ ਜਮਾਤਾਂ ਦੀ ਰਾਜਨੀਤੀ ਹੈ ਉਹ ਲੁਟੇਰਿਆਂ ਦੀ ਰਾਜਨੀਤੀ ਹੈ ਹਾਲੇ ਐਨਾ ਹੀ!!                        

ਤੁਹਾਡਾ ਸਾਥੀ 

ਡਾ. ਗੁਰਤੇਜ ਸਿੰਘ ਖੀਵਾ  

ਮੋਬਾਈਲ ਨੰਬਰ-+91 79018 86210

No comments: