Tuesday, July 02, 2024

ਗੁਰਮੁੱਖ ਸਿੰਘ ਭੁਮੱਦੀ ਸਹਾਇਕ ਲੋਕ ਸੰਪਰਕ ਅਫ਼ਸਰ ਵੱਜੋਂ ਪਦਉੱਨਤ

2nd July 2024 at 3:10 PM

ਪੰਜਾਬ ਸਰਕਾਰ ਨੇ ਕਾਰਗੁਜ਼ਾਰੀ ਅਤੇ ਇਮਾਨਦਾਰੀ ਦੇਖ ਕੇ ਦਿੱਤੀ ਤਰੱਕੀ 

ਖੰਨਾ: 2 ਜੁਲਾਈ 2024:  (ਪੰਜਾਬ ਸਕਰੀਨ ਡੈਸਕ)::

ਲੁਧਿਆਣਾ ਅਤੇ ਮਲੇਰਕੋਟਲਾ ਵਿੱਚ ਗੁਰਮੁੱਖ ਸਿੰਘ ਭੁਮੱਦੀ ਇੱਕ ਮਿਹਨਤੀ, ਇਮਾਨਦਾਰ ਅਤੇ ਮਿਲਣਸਾਰ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਹਨ। ਹਰ ਵੇਲੇ ਮੁਸਕਰਾਉਂਦੇ ਰਹਿਣਾ ਅਤੇ ਹਰ ਕਿਸੇ ਨੂੰ ਜੀ ਆਇਆਂ ਨੂੰ ਆਖਣਾ ਉਹਨਾਂ ਦੇ ਸੁਭਾਅ ਵਿੱਚ ਸ਼ਾਮਲ ਹੈ। ਪੱਤਰਕਾਰਾਂ ਦੀਆਂ ਲੋੜਾਂ, ਡਾਇਰੀਆਂ ਅਤੇ ਪੀਲੇ ਕਾਰਡਾਂ ਬਾਰੇ ਹਰ ਵੇਲੇ ਪੂਰੀ ਅਤੇ ਪ੍ਰਮਾਣਿਕ ਸੂਚਨਾ ਰੱਖਣਾ ਵੀ ਉਹਨਾਂ ਦੀਆਂ ਖੂਬੀਆਂ ਵਿੱਚ ਸ਼ਾਮਲ ਹੈ।  

ਹੁਣ ਸ਼੍ਰੀ ਗੁਰਮੁੱਖ ਸਿੰਘ ਭੁਮੱਦੀ ਨੂੰ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਤਰੱਕੀ ਦੇ ਕੇ ਸਹਾਇਕ ਲੋਕ ਸੰਪਰਕ ਅਫ਼ਸਰ (ਏ. ਪੀ. ਆਰ. ਓ) ਵਜੋਂ ਪਦਉੱਨਤ  ਕੀਤਾ ਗਿਆ ਹੈ।  ਇਸ ਤੋਂ ਪਹਿਲਾਂ ਸ਼੍ਰੀ ਗੁਰਮੁੱਖ ਸਿੰਘ ਭੁਮੱਦੀ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਅਤੇ ਮਲੇਰਕੋਟਲਾ ਵਿਖੇ ਬਤੌਰ ਸੀਨੀਅਰ ਸਹਾਇਕ (ਲੇਖਾ)  ਦੀ ਆਸਾਮੀ 'ਤੇ ਸੇਵਾਵਾਂ ਨਿਭਾ ਰਹੇ ਸਨ। ਉਹ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸਾਲ 2001 ਵਿੱਚ ਭਰਤੀ ਹੋਏ ਸਨ। ਉਹਨਾਂ ਨੇ ਬਤੌਰ ਸੀਨੀਅਰ ਸਹਾਇਕ (ਲੇਖਾ) ਦੇ ਪਦ 'ਤੇ ਲਗਭਗ 9 ਸਾਲ  ਸ਼ਾਨਦਾਰ ਸੇਵਾਵਾਂ ਨਿਭਾਈਆਂ। ਇਸ ਸਮੇਂ ਦੌਰਾਨ ਉਹ ਲੁਧਿਆਣਾ, ਜਲੰਧਰ, ਨਵਾਂ ਸ਼ਹਿਰ, ਮੋਗਾ ਅਤੇ ਮਲੇਰਕੋਟਲਾ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ  ਨਿਭਾ ਚੁੱਕੇ ਹਨ। 

ਪੰਜਾਬ ਸਰਕਾਰ ਦੇ ਸੂਚਨਾ  ਤੇ ਲੋਕ ਸੰਪਰਕ ਵਿਭਾਗ ਵੱਲੋਂ ਉਹਨਾਂ ਦੀ ਸਮੁੱਚੀ ਕਾਰਗੁਜ਼ਾਰੀ ਅਤੇ ਇਮਾਨਦਾਰੀ ਦੇ ਆਧਾਰ ਤੇ ਉਹਨਾਂ ਨੂੰ ਸਹਾਇਕ ਲੋਕ ਸੰਪਰਕ ਅਫ਼ਸਰ ਦੀ ਉਚੇਰੀ ਆਸਾਮੀ ਤੇ ਤਰੱਕੀ ਦਿੱਤੀ ਗਈ ਹੈ। 

ਸ਼੍ਰੀ ਗੁਰਮੁੱਖ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਵਿਭਾਗ ਵੱਲੋਂ ਜੋ ਉਹਨਾਂ ਨੂੰ ਸਹਾਇਕ ਲੋਕ ਸੰਪਰਕ ਅਫ਼ਸਰ ਵਜੋਂ ਤਰੱਕੀ ਦੇ ਕੇ ਪਦਉੱਨਤ ਕੀਤਾ ਗਿਆ ਹੈ, ਉਹ ਇਸ ਆਸਾਮੀ ਉੱਤੇ ਪੂਰੀ ਤਨਦੇਹੀ, ਲਗਨ ਅਤੇ ਇਮਾਨਦਾਰੀ ਨਾਲ਼ ਆਪਣੀਆਂ ਸੇਵਾਵਾਂ ਨਿਭਾਉਣਗੇ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ, ਪ੍ਰੋਗਰਾਮਾਂ, ਪ੍ਰਾਪਤੀਆਂ ਦਾ ਪ੍ਰਚਾਰ ਪ੍ਰਿੰਟ, ਇਲੈਕਟਰਾਨਿਕ, ਸ਼ੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਕਰਵਾਉਣਾ ਯਕੀਨੀ ਬਣਾਉਣਗੇ ਤਾਂ ਜੋ ਲੋਕ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਕੰਮਾਂ ਤੋਂ  ਜਾਣੂ ਹੋ ਕੇ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਤੋਂ ਲਾਭ ਲੈ ਸਕਣ।  ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਤਹਿ  ਦਿਲੋਂ ਧੰਨਵਾਦ ਕੀਤਾ, ਜਿਹਨਾਂ ਨੇ ਉਹਨਾਂ ਨੂੰ ਸਹਾਇਕ ਲੋਕ ਸੰਪਰਕ ਅਫ਼ਸਰ ਦੀ ਆਸਾਮੀ ਉੱਤੇ ਕੰਮ ਕਰਨ ਦੇ ਯੋਗ ਸਮਝਿਆ। ਉਹਨਾਂ ਦੁਹਰਾਇਆ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਪ੍ਰਚਾਰ ਵੱਖ-ਵੱਖ ਮਾਧਿਅਮਾਂ ਰਾਹੀਂ ਕਰਨ ਨੂੰ ਪੂਰੀ ਤਰ੍ਹਾਂ ਤਰਜੀਹ ਦਿੱਤੀ ਜਾਵੇਗੀ।  

ਸ਼੍ਰੀ ਗੁਰਮੁੱਖ  ਸਿੰਘ  ਭੁਮੱਦੀ  ਦੀ ਬਤੌਰ ਸਹਾਇਕ ਲੋਕ ਸੰਪਰਕ ਅਫ਼ਸਰ ਪਦਉੱਨਤੀ ਤੇ ਉਹਨਾਂ ਨਾਲ਼ ਕੰਮ ਕਰਨ ਵਾਲ਼ੇ ਮੁਲਾਜ਼ਮਾਂ ਅਤੇ ਲੁਧਿਆਣਾ ਜ਼ਿਲ੍ਹੇ ਦੇ ਪੱਤਰਕਾਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਹੈ। 
 
ਉਹਨਾਂ ਕਿਹਾ ਕਿ ਸ਼੍ਰੀ ਗੁਰਮੁੱਖ ਸਿੰਘ ਮਿਹਨਤੀ, ਇਮਾਨਦਾਰ ਅਤੇ ਮਿਲਣਸਾਰ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਹਨ l ਉਹਨਾਂ ਨੂੰ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਜੋ ਤਰੱਕੀ ਦਿੱਤੀ ਗਈ ਹੈ, ਉਸਦੇ ਉਹ ਯੋਗ ਹਨ।   

No comments: