Saturday, January 20, 2024

ਗਦਰ ਲਹਿਰ: ਮੌਜੂਦਾ ਚੁਣੌਤੀਆਂ ਨੂੰ ਯਾਦ ਕਰਾਇਆ ਖਰੜ ਵਾਲੇ ਸੈਮੀਨਾਰ ਨੇ

ਡਾ. ਦੀਪ, ਅਮੋਲਕ ਸਿੰਘ ਅਤੇ ਮਾੜੀਮੇਘਾ ਨੇ ਦਿੱਤਾ ਹਲੂਣਾ 


ਖਰੜ
(ਮੋਹਾਲੀ): 20 ਜਨਵਰੀ 2024: (*ਪੰਜਾਬ ਸਕਰੀਨ ਟੀਮ)::

ਆਜ਼ਾਦੀ ਅਤੇ ਰਾਂਗਲੇ ਪੰਜਾਬ ਦੀ ਚੜ੍ਹਦੀਕਲਾ ਲਈ ਜਿਹਨਾਂ ਗਦਰੀ ਬਾਬਿਆਂ ਨੇ ਆਪਣੀਆਂ ਜਿੰਦੜੀਆਂ ਵਾਰ ਦਿੱਤੀਆਂ ਉਹਨਾਂ ਸੂਰਮਿਆਂ ਨੂੰ ਸਾਡੇ ਵਿੱਚੋਂ ਬਹੁਤਿਆਂ ਨੇ ਅਕ੍ਰਿਤਘਣਾਂ ਵਾਂਗ ਭੁਲਾ ਦਿੱਤਾ। ਕੌਣ ਸਨ ਗਦਰੀ ਬਾਬੇ? ਇਸ ਸੁਆਲ ਦਾ ਜੁਆਬ ਸ਼ਾਇਦ ਅੱਜ ਦੀ ਨਵੀਂ ਪੀੜ੍ਹੀ ਵਿੱਚੋਂ ਬਹੁਤ ਘੱਟ ਲੋਕ ਜਾਣਦੇ ਹੋਣ। ਇਹਨਾਂ ਇਤਿਹਾਸਿਕ ਕੁਰਬਾਨੀਆਂ ਬਾਰੇ ਕਾਮਰੇਡ ਰਾਜਬੰਸ ਖੰਨਾ ਨੇ ਇੱਕ ਫਿਲਮ ਬਣਾਈ ਸੀ ਜੀਵਨ ਸੰਗਰਾਮ। ਇਸ ਦਾ ਨਾਇਕ ਸ਼ਸ਼ੀ ਕਪੂਰ ਸੀ। ਫਿਲਮ  ਦਾ ਸੁਨੇਹਾ ਸੀ ਕਿ ਸੰਗਰਾਮਾਂ ਦੀ ਸਫਲਤਾ ਲਈ ਆਮ ਜਨਤਾ ਨੂੰ ਸੰਗਰਾਮ ਨਾਲ ਜਿਦਣ ਜ਼ਰੂਰੀ ਹੁੰਦਾ ਹੈ ਹੈ ਅਤੇ ਇਸ ਮਕਸਦ ਲਈ ਲੋਕਾਂ ਦੇ ਮਨਾਂ ਵਿਚਲਾ ਡਰ ਕੱਢਣਾ ਪੈਂਦਾ ਹੈ। ਇਸ ਡਰ ਨੂੰ ਕੱਢਣ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ਫਿਲਮ ਗਜ਼ਬ ਦੀ ਸੀ। ਗੀਤ ਸੰਗੀਤ ਵੀ ਬਹੁਤ ਹੀ ਕਮਾਲ ਦਾ ਸੀ। ਫਿਲਮ ਚੱਲੀ ਵੀ ਬਹੁਤ ਸੀ ਪਰ ਅਸੀਂ ਲੋਕ ਇਸ ਫਿਲਮ ਨੂੰ ਵੀ ਸੰਭਾਲ ਕੇ ਨਾ ਰੱਖ ਸਕੇ। ਕੋਸ਼ਿਸ਼ ਹੈ ਕਿ ਇਸ ਫਿਲਮ ਦਾ ਕੋਈ ਪ੍ਰਿੰਟ ਲੱਭ ਜਾਵੇ। 

ਇਸ ਫਿਲਮ ਵਾਂਗ ਹੀ ਅਸੀਂ ਗਦਰੀ ਬਾਬਿਆਂ ਦੇ ਪਰਿਵਾਰਿਕ ਵਾਰਸਾਂ ਦੀ ਵੀ ਬਹੁਤੀ ਸੰਭਾਲ ਨਾ ਕਰ ਸਕੇ। ਹਾਲਾਂਕਿ ਅੱਜ ਵਾਲੇ ਇਸ ਸੈਮੀਨਾਰ ਵਿੱਚ ਗਦਰੀ ਬਾਬਿਆਂ ਦੇ ਦੋ ਪਰਿਵਾਰਿਕ ਮੈਂਬਰ ਵੀ ਸ਼ਾਮਲ ਹੋਏ। ਗਦਰੀ ਬਾਬਿਆਂ ਦੇ ਵਿਰਸੇ ਦੀ ਸਾਂਭ ਸੰਭਾਲ ਲਈ ਦੇਸ਼ ਭਗਤ ਯਾਦਗਾਰ ਹਾਲ ਵਾਲੀ ਕਮੇਟੀ ਅਤੇ ਕੁਝ ਹੋਰ ਲੋਕ ਵੀ ਅੱਗੇ ਆਏ ਹੋਏ ਪਰ ਇਹ ਸਾਰੇ ਉਪਰਾਲੇ ਬਹੁਤ ਘੱਟ ਸਨ। ਇਹਨਾਂ ਦੀਆਂ ਆਪਣੀਆਂ ਮਜਬੂਰੀਆਂ ਅਤੇ ਸੀਮਤਾਈਆਂ ਵੀ ਹਨ।  ਅਤੀਤ ਤੋਂ ਲੈ ਕੇ ਹੁਣ ਦੇ ਮੌਜੂਦਾ ਦੌਰ ਤੱਕ ਦੀ ਸਾਰੀ ਕਹਾਣੀ ਤੱਥਾਂ ਅਤੇ ਅੰਕੜਿਆਂ ਸਮੇਤ ਅੱਜ ਸਾਹਮਣੇ ਰੱਖੀ ਗਈ।  ਇਸ ਤਰ੍ਹਾਂ ਅੱਜ ਖਰੜ ਵਿਚਲੇ ਸਤਿਗੁਰੂ ਰਵਿਦਾਸ ਭਵਨ ਵਿੱਚ ਇੱਕ ਬਹੁਤ ਹੀ ਗੰਭੀਰ ਮਾਹੌਲ ਵਿਚ ਦੇਸ਼ ਅਤੇ ਦੇਸ਼ ਦੀ ਜਨਤਾ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਹੋਈ।  

ਪ੍ਰਗਤੀਸ਼ੀਲ ਲੇਖਕ ਅਤੇ ਚਿੰਤਕ ਡਾਕਟਰ ਕੁਲਦੀਪ ਸਿੰਘ ਦੀਪ ਨੇ ਆਪਣੇ ਸ਼ਬਦਾਂ ਨਾਲ ਜਿਥੇ ਗਦਰ ਲਹਿਰ ਦੇ ਜਨਮ ਵਾਲੇ ਸਮਿਆਂ ਦੀ ਤਸਵੀਰ ਸਰੋਤਿਆਂ ਅਤੇ ਦਰਸ਼ਕਾਂ ਦੇ ਸਾਹਮਣੇ ਰੱਖੀ ਉੱਥੇ ਇਹ ਵੀ ਚੇਤੇ ਕਰਾਇਆ ਕਿ ਗਦਰ ਲਹਿਰ ਤੋਂ ਸਾਡੀ ਉਦਾਸੀਨਤਾ ਨੇ ਸਾਡੀਆਂ ਯੂਨੀਵਰਸਿਟੀਆਂ ਅਤੇ ਵਿਦਿਅਕ ਅਦਾਰੇ ਕਿਹੜੇ ਅਨਸਰਾਂ ਦੇ ਹਵਾਲੇ ਕਰ ਦਿੱਤੇ ਹਨ। ਅੱਜ ਯੂਨੀਵਰਸਿਟੀਆਂ ਦੇ ਅੰਦਰ ਵੀ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਜ਼ਤੇ ਬਾਹਰ ਵੀ। ਅੱਜ ਪ੍ਰਗਤੀਸ਼ੀਲ ਸਮਾਜ ਲਈ ਹਰ ਪਾਸੇ ਧਮਕੀਆਂ ਵਾਲਾ ਮਾਹੌਲ ਹੈ। ਅਸਲ ਯਿਨਦਗੀ ਵਿਚ ਵੀ ਅਤੇ ਅਤੇ ਫੇਸਬੁੱਕ ਵਾਲੇ ਸੋਸ਼ਲ ਮੀਡੀਆ 'ਤੇ ਵੀ। ਧਮਕੀਆਂ ਦੇਣ ਵਾਲੇ ਹੁਣ ਵੀ ਸੰਵਾਦ ਲਈ ਤਿਆਰ ਨਹੀਂ ਹਨ ਇਸਦਾ ਮਤਲਬ ਸਭ ਨੂੰ ਸਮਝਣਾ ਚਾਹੀਦਾ ਹੈ। ਡਾਕਟਰ ਦੀਪ ਨੇ ਆਪਣੇ ਜਾਣੇ ਪਛਾਣੇ ਅੰਦਾਜ਼ ਨਾਲ ਗਦਰ ਲਹਿਰ ਨਾਲ ਜੁੜੇ ਵੇਰਵੇ ਕਿਸੇ ਫਿਲਮ ਵਾਂਗ ਸਾਹਮਣੇ ਰੱਖੇ। ਉਹਨਾਂ ਯਾਦ ਕਰਾਇਆ ਕਿ ਗਦਰੀ ਬਾਬਿਆਂ ਦੇ ਸੁਪਨੇ ਅਜੇ ਵੀ ਅਧੂਰੇ ਹਨ। ਜਿਸ ਮਕਸਦ ਲਈ ਗਦਰੀ ਬਾਬਿਆਂ ਨੇ ਅਪਣੀਆਂ ਕੁਰਬਾਨੀਆਂ ਦਿੱਤੀਆਂ ਉਹ ਸੁਪਨੇ ਅੱਜ ਵੀ ਅਧੂਰੇ ਹਨ। 

ਇਸ ਚਿੰਤਾਜਨਕ ਸਥਿਤੀ ਦੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਹੋਰ ਨੂੰ ਅੱਗੇ ਤੋਰਦਿਆਂ ਕਾਵਿਕ ਬੋਲਾਂ ਵਿਚ ਗੱਲਾਂ ਕਰਨ ਵਾਲੇ ਕਵਿਤਾ ਵਰਗੇ ਲੋਕ ਆਗੂ ਅਮੋਲਕ ਸਿੰਘ ਅਮੋਲਕ ਸਿੰਘ ਨੇ ਯਾਦ ਕਰਾਈਆਂ ਪਾਸ਼ ਦੀਆਂ ਸਤਰਾਂ:

ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ। 

ਕਾਮਰੇਡ ਅਮੋਲਕ ਸਿੰਘ ਨੇ ਦੱਸਿਆ ਕਿ ਸਾਡੇ ਸੁਪਨਿਆਂ ਦੀ ਸੰਘੀ ਲਗਾਤਾਰ ਆਏ ਦਿਨ ਘੁੱਟੀ ਜਾ ਰਹੀ ਹੈ। ਉਹਨਾਂ ਦਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ਦਿਆਂਅਪਣੀਆਂ ਮਜਬੂਰੀਆਂ ਹਨ। ਸਾਡੇ ਸਾਧਨ ਬੇਹੱਦ ਸੀਮਿਤ ਹਨ। ਅਸੀਂ ਕਿਸੇ ਸਰਮਾਏਦਾਰ ਕੋਲੋਂ ਫ਼ੰਡ ਨਹੀਂ ਮੰਗਦੇ। ਅਸੀਂ ਕਿਸੇ ਸਿਆਸੀ ਪਾਰਟੀ ਦੇ ਆਗੂ ਕੋਲੋਂ ਕਦੇ ਉਦਘਾਟਨ ਵਰਗੀਆਂ ਰਸਮਾਂ ਕਰਾ  ਕੇ ਵੀ ਕੋਈ ਮਾਇਕ ਲਾਹਾ ਨਹੀਂ ਲੈਂਦੇ। ਅਸੀਂ ਕਿਸੇ ਵੀ ਵਿਚਾਰਧਾਰਕ ਵਿਰੋਧੀ ਨਾਲ ਕਦੇ ਵੀ ਕਿਸੇ ਫਾਇਦੇ ਲਈ ਕੋਈ ਸਮਝੌਤਾ ਨਹੀਂ ਕੀਤਾ। ਇਸਦੇ ਬਾਵਜੂਦ ਅਸੀਂ ਇੱਕ ਵਾਰ ਫੇਰ ਰਾਡਾਰ ਹੇਠ ਆ ਗਏ ਹਾਂ। ਇਸ ਇਤਿਹਾਸਿਕ ਹਾਲ ਦਾ ਕੰਮਕਾਜ ਚਲਾ ਰਹੇ ਸਟਾਫ ਦੀ ਜਾਂਚ ਪੜਤਾਲ ਲਈ ਕੁਝ ਸਰਕਾਰੀ ਬੰਦੇ ਆਏ ਅਤੇ ਨਾਮ, ਪਤੇ ਵਰਗੇ ਪੂਰੇ ਵੇਰਵੇ ਦਸਤਾਵੇਜ਼ਾਂ ਸਮੇਤ ਲੈ ਕੇ ਚਲੇ  ਗਏ। ਇਸਦੇ ਨਾਲ ਹੀ ਸਾਡੀ ਨਿਗਰਾਨੀ ਲਈ ਚਾਰ ਵੱਡੇ ਸ਼ਕਤੀਸ਼ਾਲੀ ਕੈਮਰੇ ਵੀ ਲਗਾ ਦਿੱਤੇ ਗਏ ਹਨ ਜਿਹੜੇ ਹਰ ਪਲ ਨਿਗਰਾਨੀ ਨੂੰ ਜਾਰੀ ਰੱਖਦੇ ਹਨ। ਉਹਨਾਂ ਹਲੂਣਾ ਦੇਂਦਿਆਂ ਕਿਹਾ ਕਿ ਤੁਹਾਨੂੰ ਸਭ ਨੂੰ ਜਾਗਣਾ ਚਾਹੀਦਾ ਹੈ। 

ਉਹਨਾਂ ਬਹੁਤ ਹੀ ਜਜ਼ਬਾਤੀ ਰਉਂ ਵਿੱਚ ਆਖਿਆ ਕਿ ਮਨੀਪੁਰ ਵਿਚ ਹੋਈਆਂ ਜਬਰਜਨਾਹ ਦੀਆਂ ਘਟਨਾਵਾਂ ਦੇਖ ਕੇ ਵੀ ਜਿਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਕੀ? ਫਲਸਤੀਨ ਵਿਚ ਔਰਤਾਂ ਨਾਲ ਹੋਏ ਜ਼ੁਲਮਾਂ ਨੰ ਦੇਖ ਕੇ ਜਿਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਕੀ ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਹੁਤ ਜਲਦ ਇਹੀ ਕੁਝ ਤੁਹਾਡੇ ਨਾਲ ਵੀ ਹੋਣ ਵਾਲਾ ਹੈ। ਤੁਹਾਡੀਆਂ ਅੱਖਾਂ ਸਾਹਮਣੇ ਹੋਣ ਵਾਲਾ ਹੈ। ਇਸਦੇ ਨਾਲ ਹੀ ਉਹਨਾਂ ਚੇਤੇ ਕਰਾਇਆ ਕਿ ਕਿਸਾਨ ਮੋਰਚੇ ਵੇਲੇ ਦਿੱਲੀ ਵਿੱਚ ਇੱਕੋ ਵੇਲੇ, ਇੱਕੋ ਪੰਡਾਲ ਵਿੱਚ 70 ਹਜ਼ਾਰ ਤੋਂ ਵੱਧ ਔਰਤਾਂ ਦਾ ਬੈਠਣਾ ਇੱਕ ਅਜਿਹੀ ਮਿਸਾਲ ਸੀ ਜਿਹੜੀ ਸਾਰੀਆਂ ਹੋਣੀਆਂ ਨੂੰ ਬਦਲ ਸੁੱਟਣ ਦੀ ਹਿੰਮਤ ਅਤੇ ਤਾਕਤ ਰੱਖਦੀ ਹੈ। 

ਇਸ ਸੈਮੀਨਾਰ ਵਿੱਚ ਪਹੁੰਚੇ ਹੋਏ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਵੀ ਇਸ ਸੈਮੀਨਾਰ ਰਾਹੀਂ ਆਮ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਉਂਦਿਆਂ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਅਤੇ ਵਿਰਸੇ ਦਾ ਪਤਾ ਹੋਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਉਹ ਖੁਦ ਵੀ ਵੱਧ ਤੋਂ ਵੱਧ ਸਮਾਂ ਲਾਇਬ੍ਰੇਰੀ ਵਿਚ ਲਗਾਉਂਦੇ ਹਨ। ਇਹ ਗਿਆਨ ਹੀ ਸਾਨੂੰ ਸ਼ਕਤੀ ਦੇਂਦਾਂ ਹੈ। ਉਹਨਾਂ ਗਦਰ ਲਹਿਰ ਸਮੇਤ ਪੰਜਾਬ ਦੀਆਂ ਹੋਰ ਲਹਿਰਾਂ ਦਾ ਵੀ ਉਚੇਚ ਨਾਲ ਜ਼ਿਕਰ ਕੀਤਾ। ਉਹਨਾਂ ਕਿਸਾਨ ਮੋਰਚੇ ਦਾ ਜ਼ਿਕਰ ਵੀ ਕੀਤਾ ਅਤੇ ਅੱਜ ਦੇ ਦੌਰ ਦੀਆਂ ਮੌਜੂਦਾ ਸਥਿਆਤਾਂ ਅਤੇ ਚੁਣੌਤੀਆਂ ਨਾਲ ਸਬੰਧਤ ਬਹੁਤ ਕੁਝ ਚੇਤੇ ਕਰਾਇਆ।  

ਪ੍ਰੋਗਰਾਮ ਦੇ ਆਰੰਭ ਤੋਂ ਅਖੀਰ ਤੱਕ ਮੌਜੂਦ ਰਹੇ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਨੇ ਸਾਰੇ ਪ੍ਰੋਗਰਾਮ ਦਾ ਜਾਇਜ਼ਾ ਵੀ ਆਪਣੇ ਨਜ਼ਰੀਏ ਨਾਲ ਸਾਹਮਣੇ ਰੱਖਿਆ ਅਤੇ ਮੀਡੀਆ ਦੀ ਮੌਜੂਦਾ ਸਥਿਤੀ ਦੀ ਵੀ ਚਰਚਾ ਕੀਤੀ। ਉਹਨਾਂ ਕਿਸਾਨ ਮੋਰਚੇ ਦੌਰਾਨ ਪੰਜਾਬੀ ਟ੍ਰਿਬਿਊਨ ਵੱਲੋਂ ਨਿਭਾਈ ਪ੍ਰਸੰਸਾਯੋਗ ਭੂਮਿਕਾ ਦਾ ਚੇਤਾ ਕਰਾਉਂਦਿਆਂ ਸਵਰਾਜਬੀਰ ਦੇ ਅਸਤੀਫੇ ਦਾ ਵੀ ਉਦਾਸੀ ਨਾਲ ਜ਼ਿਕਰ ਕੀਤਾ। ਉਹਨਾਂ ਇਹ ਦੱਸਦਿਆਂ ਯਾਦ ਕਰਾਇਆ ਕਿ ਮੀਡੀਆ ਪਹਿਲਾਂ ਹੀ ਕਾਰਪੋਰੇਟ ਲੰਬੀ ਦੇ ਪ੍ਰਭਾਵ ਹੇਠਾਂ ਜਾ ਚੁੱਕਿਆ ਹੈ। ਸਿਰਫ ਐਨ ਡੀ ਟੀ ਵੀ ਬਚਿਆ ਸੀ ਉਹ ਵੀ ਹੁਣ ਲੋਕਾਂ ਦਾ ਨਹੀਂ ਰਿਹਾ। ਪ੍ਰੋਗਰਾਮ ਦੀ ਉਸਾਰੂ ਆਲੋਚਨਾ ਕਰਦਿਆਂ ਉਹਨਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਇੱਕ ਇੱਕ ਬੁਲਾਰੇ ਦਾ ਭਾਸ਼ਣ ਖਤਮ ਹੁੰਦਿਆਂ ਹੀ ਉਸ ਨਾਲ ਸਬੰਧਤ ਸੁਆਲ ਜੁਆਬ ਦਾ ਸਿਲਸਿਲਾ ਵੀ ਨਾਲੋਂ ਨਾਲੋਂ ਕਰਾਇਆ ਜਾਂਦਾ ਤਾਂਕਿ ਅਜਿਹੇ ਆਯੋਜਨਾਂ ਦਾ ਮਕਸਦ ਵਧੇਰੇ ਸਫਲ ਹੋ ਸਕੇ।  

ਇਸ ਪ੍ਰੋਗਰਾਮ ਦੇ ਆਯੋਜਨ ਦੀ ਸਫਲਤਾ ਲਈ ਪੱਤਰਕਾਰ ਹਰਨਾਮ ਸਿੰਘ ਡੱਲਾ, ਪੱਤਰਕਾਰ ਸਵਰਨ ਸਿੰਘ ਭੰਗੂ, ਪੱਤਰਕਾਰ ਸਰਬਜੀਤ ਸਿੰਘ ਭੱਟੀ, ਲੇਖਕ ਸੰਤ ਵੀਰ, ਫ਼ਿਲਮਸਾਜ਼ ਤਰਸੇਮ ਬਸ਼ਰ ਅਤੇ ਕੁਝ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਸਗਰਮ ਨਜ਼ਰ ਆਏ। 

*ਪੰਜਾਬ ਸਕਰੀਨ ਟੀਮ ਵਿੱਚ ਰੈਕਟਰ ਕਥੂਰੀਆ//ਕਾਰਤਿਕਾ ਕਲਿਆਣੀ ਸਿੰਘ ਅਤੇ ਮੀਡੀਆ ਲਿੰਕ ਰਵਿੰਦਰ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: