Thursday, January 18, 2024

ਕੌਮੀ ਇਨਸਾਫ਼ ਮੋਰਚੇ ਨੇ ਕੀਤਾ 13 ਟੋਲ ਪਲਾਜ਼ੇ ਫ੍ਰੀ ਕਰਾਉਣ ਦਾ ਐਲਾਨ

ਭਾਈ ਗਰਜਾ ਸਿੰਘ ਅਤੇ ਭਾਈ ਬੋਤਾ ਸਿੰਘ ਦੇ ਵਾਰਸ ਬਣਨ ਦਾ ਵੀ ਐਲਾਨ 


ਸਾਹਿਬਜ਼ਾਦਾ ਅਜੀਤ ਸਿੰਘ ਨਗਰ: 18 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਬੰਦੀ ਸਿੰਘਾਂ ਦੀ ਰਿਹਾਈ ਵਾਲਾ ਕੌਮੀ ਇਨਸਾਫ਼ ਮੋਰਚਾ ਮੋਹਾਲੀ ਦੇ ਵਾਈ ਪੀ ਐਸ ਚੌਂਕ ਵਿੱਚ ਇੱਕ ਸਾਲ ਤੋਂ ਵੀ ਵਧੇਰੇ ਸਮੇਂ ਤੋਂ  ਲਗਾਤਾਰ ਜਾਰੀ ਹੈ।  ਜਾਪਦਾ ਸੀ ਉਮਰ ਕੈਦ ਨਾਲੋਂ ਵੀ ਵਧੇਰੇ ਸਜ਼ਾਵਾਂ ਕੱਟ ਚੁੱਕੇ ਸਿੱਖ  ਬੰਦੀਆਂ ਨੂੰ ਛੇਤੀ ਹੀ ਰਿਹਾ ਕਰ ਦਿੱਤਾ ਜਾਵੇਗਾ ਕਿਓਂਕਿ ਅਜਿਹਾ ਕਰਨਾ ਇਨਸਾਫ ਵਾਲੀ ਗੱਲ ਵੀ ਹੋਣੀ ਸੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਲੀ ਸੁਚੱਜੀ ਗੱਲ ਵੀ ਇਹੀ ਹੋਣੀ ਸੀ। ਇਸ ਨਾਲ ਸਿੱਖ ਪੰਥ ਅਤੇ ਸਰਕਾਰਾਂ ਦੇ ਆਪਸੀ ਸੰਬੰਧ ਵੀ ਸੁਧਰਨੇ ਸਨ ਅਤੇ ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਇਸਦੀ ਸਰਾਹਨਾ ਹੀ ਹੋਣੀ ਸੀ। ਪਤਾ ਨਹੀਂ ਕਿਹੜੀਆਂ ਮੁਸ਼ਕਲਾਂ ਕਰਨ ਇਹ ਰਿਹੈਂ ਲਗਾਤਾਰ ਰੁਕੀਆਂ ਹੀ ਆ ਰਹੀਆਂ ਹਨ। 

ਬੰਦੀ ਸਿੰਘਾਂ ਦੇ ਪਰਿਵਾਰਾਂ, ਹੋਰ ਸ਼ੁਭਚਿੰਤਕਾਂ ਅਤੇ ਮੋਰਚੇ ਦੇ ਜਮਹੂਰੀ ਅਤੇ ਸ਼ਾਂਤਮਈ ਰਸਤੇ 'ਤੇ ਚੱਲਦਿਆਂ ਮੋਰਚੇ ਦੇ ਪ੍ਰਬੰਧਕਾਂ ਨੇ 48 ਘੰਟਿਆਂ ਦੀ ਭੁੱਖ ਹੜਤਾਲ ਦੇ ਰੂਪ ਵਿੱਚ ਮਹਾਤਮਾ ਗਾਂਧੀ ਵਾਲਾ ਰਸਤਾ ਵੀ ਆਪਣਾ ਕੇ ਦੇਖਿਆ ਪਰ ਮਾਮਲਾ ਸੁਲਝਦਾ ਨਜ਼ਰ ਨਹੀਂ ਆਇਆ। ਲਗਾਤਾਰ ਸ਼ਾਂਤਮਈ ਮਾਰਚ ਵੀ ਹਰ ਰੋਜ਼ ਹੁੰਦਾ ਹੈ। ਘਟੋਘੱਟ 31 ਸਿੰਘਾਂ-ਸਿੰਘਣੀਆਂ ਦਾ ਜੱਥਾ ਹਰ ਰੋਜ਼ ਮੁੱਖ ਮੰਤਰੀ ਦੀ ਕੋਠੀ 'ਤੇ ਜਾ ਕੇ ਵੀ ਬੈਠਦਾ ਹੈ। 

ਹੁਣ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਜਿਥੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਹੋਰ ਮੁੱਦੇ ਉਠਾਉਣ ਦਾ ਵੀ ਮਨ ਬਣਾਇਆ ਹੈ ਉੱਥੇ ਸਿੱਖ ਪੰਥ ਦੇ ਜੁਝਾਰੂ ਰਸਤਿਆਂ ਵੱਲ ਪਰਤਣ ਦਾ ਵੀ ਮੰਨ ਬਣਾਇਆ ਲੱਗਦਾ ਹੈ। ਸ਼ਾਇਦ ਇਸੇ ਸੋਚ ਅਧੀਨ ਭਾਈ ਗਰਜਾ ਸਿੰਘ ਅਤੇ ਭਾਈ ਬੋਤਾ ਸਿੰਘ ਵਾਲਾ ਰਾਹ ਅਪਨਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਉਂਝ ਇਸ ਐਲਾਨ ਨਾਲ ਨਵੀਂ ਉਮਰ ਦੀ ਸੰਗਤ ਨੂੰ ਵੀ ਸਹਿਜੇ ਹੀ ਮੋਰਚੇ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ। 

ਚੇਤੇ ਰਹੇ ਕਿ ਬਾਬਾ ਗਰਜਾ ਸਿੰਘ ਅਤੇ ਬਾਬਾ ਬੋਤਾ ਸਿੰਘ ਜੀ ਨੇ ਮੁਗਲ ਰਾਜ ਨੂੰ ਸਿੱਖ ਰਾਜ ਦੀ ਹੋਂਦ ਦਾ ਅਹਿਸਾਸ ਇਸ ਰਸਤੇ ਤੋਂ ਲੰਘਦੇ ਹਰ ਗੱਡੇ, ਰਿਹੜੇ ਆਦਿ ਉੱਪਰ ਸਿੱਖ ਪੰਥ ਦੀ ਚੂੰਗੀ ਵਾਲਾ ਟੈਕਸ ਲਗਾ ਕੇ ਦਿਵਾਇਆ ਸੀ। ਇਸ ਅਸਥਾਨ ਉੱਪਰ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਮੁਗਲਾਂ ਦੀਆਂ ਫੌਜਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਦੋਹਾਂ ਨੇ ਗੁਰੂ ਪਾਤਿਸ਼ਾਹ ਦਾ ਓਟ ਆਸਰਾ ਲੈ ਕੇ ਤਰਨਤਾਰਨ ਸਾਹਿਬ ਦੇ ਨਜ਼ਦੀਕ ਸ਼ਾਹੀ ਸੜਕ ’ਤੇ ਨੂਰਦੀਨ ਦੀ ਚੁੰਗੀ ’ਤੇ ਕਬਜ਼ਾ ਕਰ ਲਿਆ ਅਤੇ ਇਸ ਸੜਕ ਤੋਂ ਲੰਘਣ ਵਾਲੇ ਗੱਡੇ ਪਾਸੋਂ ਇੱਕ ਆਨਾ ਅਤੇ ਖੋਤੇ ਪਾਸੋਂ ਇੱਕ ਪੈਸਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ। ਇਹ ਟੈਕਸ ਨਾਕਾ ਲਗਾ ਕੇ ਦੋਨਾਂ ਸਿੰਘਾਂ ਨੇ ਇਹ ਆਵਾਜ਼ ਫੈਲਾਅ ਦਿੱਤੀ ਕਿ ਇਥੇ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਹੈ। ਜਦ ਉਨ੍ਹਾਂ ਕੋਲ ਕੋਈ ਮੁਗਲਾਂ ਦੀ ਟੋਲੀ ਨਾ ਪਹੁੰਚੀ ਤਾਂ ਉਨ੍ਹਾਂ ਨੇ ਇੱਕ ਮੁਸਾਫਿਰ ਹੱਥ ਲਾਹੌਰ ਦੇ ਸੂਬੇ ਨੂੰ ਬਾਕਾਇਦਾ ਇੱਕ ਚਿੱਠੀ ਵੀ ਲਿਖ ਭੇਜੀ। ਇਸ ਚਿਠੀ ਦੀ ਸ਼ਬਦਾਵਲੀ ਬਹੁਤ ਪ੍ਰਸਿੱਧ ਹੋਈ ਰਹੀ। 

ਚਿੱਠੀ ਲਿਖੇ ਸਿੰਘ ਬੋਤਾ,
ਹੱਥ ਹੈ ਸੋਟਾ, ਵਿਚ ਰਾਹ ਖੜੋਤਾ।
ਆਨਾ ਲਾਯਾ ਗੱਡੇ ਨੂੰ,
ਪੈਸਾ ਲਾਯਾ ਖੋਤਾ,
ਆਖੋ ਭਾਬੀ ਖਾਨੋ ਨੂੰ,
ਯੋ ਆਖੇ ਸਿੰਘ ਬੋਤਾ।”

ਜਦ ਜ਼ਕਰੀਆਂ ਖਾਂ ਨੂੰ ਇਹ ਸੂਚਨਾ ਪਹੁੰਚੀ ਤਾਂ ਉਸ ਨੇ 200 ਸੈਨਿਕਾਂ ਦਾ ਇਕ ਦਸਤਾ ਭੇਜਿਆ ਤੇ ਇਨ੍ਹਾਂ ਸੈਨਿਕਾਂ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਘੇਰਾ ਪਾ ਲਿਆ। ਇਸ ਘੇਰੇ ਦੌਰਾਨ ਬਹੁਤ ਸਾਰੇ ਮੁਗਲਾਂ ਨੰ ਮਾਰ ਮੁਕਾਉਣ ਪਿੱਛੋਂ ਦੋਵੇਂ ਸਿੰਘ ਖੁਦ ਵੀ ਸ਼ਹੀਦ ਹੋ ਗਏ। ਇਸ ਲਈ ਮੋਰਚੇ ਵੱਲੋਂ ਇਹਨਾਂ ਦੋਹਾਂ ਸ਼ਹੀਦ ਸਿੰਘਾਂ ਦਾ ਨਾਂ ਲੈ ਕੇ ਨਵਾਂ ਐਕਸ਼ਨ 20 ਜਨਵਰੀ ਨੂੰ ਕੀਤਾ ਜਾਣਾ ਹੈ। ਟੋਲ ਪਲਾਜ਼ੇ ਰੋਕਣ ਵਾਲੇ ਇਸ ਖਾੜਕੂ ਕਿਸਮ ਵਾਲੇ ਐਕਸ਼ਨ ਦੇ ਅਰਥ ਬਹੁਤ ਡੂੰਘੇ ਨਿਕਲਦੇ ਹਨ। 

ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਵੀ ਇਸ ਨਵੇਂ ਐਕਸ਼ਨ ਦਾ ਬਾਕਾਇਦਾ ਮੀਡੀਆ ਸਾਹਮਣੇ ਵੀ ਐਲਾਨ ਕੀਤਾ ਗਿਆ। ਅੱਜ ਇਹਨਾਂ ਆਗੂਆਂ ਨੇ ਦੱਸਿਆ ਕਿ 20 ਜਨਵਰੀ ਨੂੰ ਸਿੱਖ ਸੰਗਤਾਂ ਵਿੱਚ ਲੋਕਾਂ ਨੂੰ ਟੋਲ ਟੈਕਸ ਦੇ ਬੋਝ ਤੋਂ ਮੁਕਤ ਕਰਵਾਉਣਗੀਆਂ। ਇਸ ਤਰ੍ਹਾਂ ਇਹ ਐਕਸ਼ਨ ਕੌਮੀ ਇਨਸਾਫ਼ ਮੋਰਚੇ ਦੀ ਇਸ ਸਿਆਸੀ ਅਤੇ ਧਾਰਮਿਕ ਜੰਗ ਵਿੱਚ ਇੱਕ ਨਵਾਂ ਇਤਿਹਾਸ ਰਚੇਗਾ। ਯਾਦ ਰਹੇ ਕਿ ਦਿੱਲੀ ਦੇ ਬਾਰਡਰਾਂ ਵਾਲੇ ਕਿਸਾਨ ਮੋਰਚੇ ਵੱਲੋਂ ਵੀ ਇਹ ਐਕਸ਼ਨ ਪੂਰੇ ਜ਼ੋਰਸ਼ੋਰ ਨਾਲ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਉਹਨਾਂ ਆਪਣੀ ਜੰਗ ਜਿੱਤੀ ਸੀ। 

ਅੱਜ ਕੌਮੀ ਇਨਸਾਫ਼ ਮੋਰਚੇ ਵੱਲੋਂ ਮੋਰਚੇ ਵਿੱਖੇ ਜਿਹੜੀ ਪ੍ਰੈੱਸ ਕਾਨਫਰੰਸ ਕੀਤੀ ਗਈ ਉਸ ਵਿੱਚ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਵਕੀਲ ਗੁਰਸ਼ਰਨ ਸਿੰਘ ਧਾਲੀਵਾਲ, ਭਾਈ ਰਵਿੰਦਰ ਸਿੰਘ ਵਜੀਦਪੁਰ, ਭਾਈ ਬਲਵਿੰਦਰ ਸਿੰਘ ਕਾਲਾ, ਭਾਈ ਬਲਬੀਰ ਸਿੰਘ ਸਿੰਘ ਬੈਰੋਂਪੁਰ ਅਤੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਵੀ ਮੌਜੂਦ ਰਹੇ।  

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਬੀਤੇ ਦਿਨੀਂ ਸਾਡੀ ਕੌਮੀ ਇਨਸਾਫ਼ ਮੋਰਚੇ ਦੀ ਵੱਡੀ ਮੀਟਿੰਗ ਹੋਈ, ਜਿਸ ਵਿੱਚ 20 ਤਰੀਕ ਨੂੰ 11 ਤੋਂ 2 ਵਜੇ ਤਕ ਟੋਲ ਪਲਾਜੇ ਟੋਲ ਮੁਕਤ ਕਰਨ ਦਾ ਫੈਸਲਾ ਲਿਆ ਗਿਆ।  ਇਸਦੇ ਨਾਲ ਹੀ ਸਿੱਖ ਨੌਜਵਾਨਾਂ, ਸਿੱਖ ਜਥੇਬੰਦੀਆਂ ਅਤੇ ਸਮੂੰਹ ਕਿਸਾਨ ਜਥੇਬਦੀਆਂ ਨੂੰ ਅਪੀਲ ਕੀਤੀ ਗਈ 20 ਤਰੀਕ ਨੂੰ ਉਕਤ 13 ਟੋਲ ਪਲਾਜੇ ਟੋਲ ਮੁਕਤ ਕਰਵਾਏ ਜਾਣ। ਪੰਜਾਬ ਦੇ ਇਹਨਾਂ ਮਹੱਤਵਪੂਰਨ ਟੋਲ ਪਲਾਜ਼ਿਆਂ ਵਿਖੇ ਤੋਲ ਦੀ ਅਦਾਇਗੀ ਬੰਦ ਕਰਾਉਣ ਦੇ ਨਾਲ ਨਾਲ ਇਸ ਤੋਲ  ਅਦਾਲਤਾਂ ਵਿਚ ਚੁਣੌਤੀ ਦੇਣ ਦਾ ਵੀ ਵਿਚਾਰ ਬਣਾਇਆ ਗਿਆ ਹੈ ਕਿ ਜਦ ਵਾਹਨ ਦੀ ਖਰੀਦ ਵੇਲੇ ਹੀ ਰੋਡ ਟੈਕਸ ਲੈ ਲਿਆ ਜਾਂਦਾ ਹੈ ਤਾਂ ਫਿਰ ਟੋਲ ਟੈਕਸ ਦੀ ਵਸੂਲੀ ਕਿਓਂ? ਜਿਹਨਾਂ 13 ਟੋਲ ਪਲਾਜ਼ਿਆਂ 'ਤੇ ਇਹ ਐਕਸ਼ਨ ਕੀਤਾ ਜਾਣਾ ਹੈ ਉਹਨਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ। 

ਫ਼ਿਰੋਜ਼ਪੁਰ ਵਿੱਚ ਹਨ ਇੱਕ ਤਾਂ ਫਿਰੋਜ਼ਸ਼ਾਹ ਟੋਲ ਪਲਾਜ਼ਾ ਅਤੇ ਦੂਜਾ ਹੈ ਤਾਰਾਪੁਰਾ ਟੋਲ ਪਲਾਜ਼ਾ! ਇਸੇ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿੱਚ ਇੱਕ ਹੈ- ਅਜੀਜਪੁਰ  ਟੋਲ ਪਲਾਜ਼ਾ (ਬਨੂੰੜ - ਜ਼ੀਰਕਪੁਰ ਰੋੜ) ਦੂਜਾ ਹੈ-ਭਾਗੋਮਾਜਰਾ ਟੋਲ ਪਲਾਜ਼ਾ (ਖਰੜ ਤੋਂ ਲੁਧਿਆਣਾ ਰੋਡ), ਤੀਜਾ ਹੈ-ਸੋਲਖੀਆਂ ਟੋਲ ਪਲਾਜ਼ਾ (ਖਰੜ ਤੋਂ ਰੋਪੜ ਰੋੜ) ਅਤੇ ਚੌਥਾ ਹੈ-ਬੜੋਦੀ ਟੋਲ ਪਲਾਜ਼ਾ (ਮੁੱਲਾਂਪੁਰ ਤੋਂ ਕੁਰਾਲੀ) ਵਾਲਾ। ਇਸ ਤਰ੍ਹਾਂ ਮੋਹਾਲੀ ਵਿੱਚ ਅਜਿਹੇ ਚਾਰ ਟੋਲ ਪਲਾਜ਼ਾ ਹਨ ਜਿਥੇ ਸੰਗਤ ਐਕਸ਼ਨ ਕਰੇਗੀ। 

ਪਟਿਆਲਾ ਵਿੱਚ ਧਰੇੜੀ ਜੱਟਾਂ ਟੋਲ ਪਲਾਜ਼ਾ 'ਤੇ ਵੀ ਕੌਮੀ ਇਨਸਾਫ ਮੋਰਚਾ ਦੀ ਅਗਵਾਈ ਹੇਠ ਸੰਗਤਾਂ ਟੋਲ ਟੈਕਸ ਦੀ ਅਦਾਇਗੀ ਰੁਕਵਾਉਣਗੀਆਂ। 

ਜਲੰਧਰ ਵਿੱਚ ਬਾਮਨੀਵਾਲਾ ਟੋਲ ਪਲਾਜ਼ਾ (ਸ਼ਾਹਕੋਟ ਤੋਂ ਮੋਗਾ ਰੋਡ)

ਲੁਧਿਆਣਾ ਵਿੱਚ ਵੱਕਾਰੀ ਅਤੇ ਵੱਡਾ ਟੋਲ ਪਲਾਜ਼ਾ ਨਿਸ਼ਾਨੇ 'ਤੇ ਹੋਵੇਗਾ ਲਾਡੋਵਾਲ ਵਾਲਾ ਟੋਲ ਪਲਾਜ਼ਾ ਅਤੇ ਲੁਧਿਆਣਾ ਵਿੱਚ ਹੀ ਸਮਰਾਲਾ ਨੇੜੇ ਪੈਂਦਾ ਘਲਾਲ ਟੋਲ ਪਲਾਜ਼ਾ। 

ਬਠਿੰਡਾ ਵਿੱਚ ਜੀਦਾ ਟੋਲ ਪਲਾਜ਼ਾ ਜਿਹੜਾ ਬਠਿੰਡਾ  ਤੋਂ ਕੋਟਕਪੁਰਾ ਰੋਡ 'ਤੇ ਪੈਂਦਾ ਹੈ। 

ਫਰੀਦਕੋਟ ਵਿੱਚ ਤਲਵੰਡੀ ਭਾਈ ਟੋਲ ਪਲਾਜ਼ਾ ਵੀ ਬੰਦ ਕਰਾਇਆ ਜਾਏਗਾ। ਇਹ ਟੋਲ ਤਲਵੰਡੀ ਭਾਈ ਤੋਂ ਫਰੀਦਕੋਟ ਰੋਡ ਤੇ ਸਥਿਤ ਹੈ। 

ਨਵਾਂਸ਼ਹਿਰ ਵਿੱਚ ਕਾਠਗੜ੍ਹ-ਬਛੂਆ ਟੋਲ ਪਲਾਜ਼ਾ ਵੀ ਬੰਦ ਕਰਾਇਆ ਜਾਏਗਾ ਜਿਹੜਾ ਬਲਾਚੌਰ ਵਿੱਚ ਪੈਂਦਾ ਹੈ। 

ਇਸ ਸਬੰਧੀ  ਮੋਰਚੇ ਵੱਲੋਂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਅਸੀ ਉਕਤ ਟੋਲ ਪਲਾਜ਼ੇ ਹਰ ਹਾਲ ਵਿੱਚ ਟੋਲ ਮੁਕਤ ਕਰਵਾਵਾਂਗੇ ਤਾਂ ਕਿ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਸਰਕਾਰ ਕੋਲੋਂ ਮਨਵਾਇਆ ਜਾ ਸਕੇ। ਉਹਨਾਂ ਕਿਹਾ ਕਿ ਟੋਲ ਟੈਕਸ ਅਤੇ ਰੋਡ ਟੈਕਸ--ਦੋਹਾਂ ਦੀ ਵਸੂਲੀ ਨੂੰ ਅਸੀਂ ਕਾਨੂਨ ਤੌਰ ਤੇ ਵੀ ਚੁਨੌਤੀ ਦਿਆਂਗੇ-ਇਸ ਸੰਬੰਧੀ ਕਾਨੂੰਨੀ  ਮਾਹਰਾਂ ਨਾਲ ਵੀ ਗੱਲ ਕੀਤੀ ਜਾ ਰਹੀ ਹੈ। 

No comments: