Tuesday, August 29, 2023

ਕੀ ਕੌਮੀ ਇਨਸਾਫ ਮੋਰਚਾ ਤਿਆਰ ਹੈ ਨਵੀਆਂ ਚੁਣੌਤੀਆਂ ਲਈ?

ਕੀ ਤਿੰਨ ਸਤੰਬਰ ਵਾਲਾ ਸਮਾਗਮ ਸੰਗਤਾਂ ਵਿੱਚ ਲਿਆਵੇਗਾ ਨਵਾਂ ਜੋਸ਼ੋ ਖਰੋਸ਼ 


ਮੋਹਾਲੀ
: 30 ਅਗਸਤ 2023: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਲਗਾਤਾਰ ਜਾਰੀ ਹੈ। ਇਸ ਨੂੰ ਜਾਰੀ ਰੱਖਣ ਵਾਲੀ ਟੀਮ ਇਸ ਦੇ ਨਿਸ਼ਾਨਿਆਂ 'ਤੇ ਲਗਾਤਾਰ ਪਹਿਰਾ ਵੀ ਦੇ ਰਹੀ ਹੈ। ਬਾਪੂ ਗੁਰਚਰਨ ਸਿੰਘ ਅਤੇ ਪਾਲ ਸਿੰਘ ਫਰਾਂਸ ਬਜ਼ੁਰਗ ਅਵਸਥਾ ਦੇ ਬਾਵਜੂਦ ਮੋਰਚੇ ਨਾਲ ਸਬੰਧਤ ਹਰ ਸਰਗਰਮੀ ਵਿਚ ਭਾਗ ਲੈ ਰਹੇ ਹਨ। ਨਿਹੰਗ ਸਿੰਘਾਂ ਦੇ ਆਗੂ ਬਾਬਾ ਰਾਜਾ ਰਾਜ ਸਿੰਘ ਵੀ ਲਗਾਤਾਰ ਆਪਣੇ ਸਾਥੀਆਂ ਸਮੇਤ ਡਟੇ ਹੋਏ ਹਨ।

ਚਿੰਤਾ ਵਾਲੀ ਗੱਲ ਹੈ ਕਿ ਹੁਣ ਪਹਿਲਾਂ ਵਾਂਗ ਪੰਥਕ ਅਤੇ ਗੈਰ ਪੰਥਕ ਸਿਆਸੀ ਪਾਰਟੀਆਂ ਦੇ ਆਗੂ ਇਸ ਮੋਰਚੇ ਦੀ ਸੰਗਤ ਸਾਹਮਣੇ ਨਹੀਂ ਆ ਰਹੇ। ਖਾੜਕੂ ਧਿਰਾਂ ਨਾਲ ਜੁੜੇ ਉਹ ਲੋਕ ਵੀ ਮੋਰਚੇ ਨਾਲ ਇਕਜੁਟਤਾ ਪ੍ਰਗਟ ਨਹੀਂ ਕਰ ਰਹੇ ਜਿਹੜੇ ਇਸ ਵੇਲੇ ਖੁੱਲ੍ਹ ਕੇ ਵਿਚਰ ਰਹੇ ਹਨ। ਕੁੱਕੀ ਗਿੱਲ, ਭਾਈ ਦਲਜੀਤ ਸਿੰਘ ਬਿੱਟੂ ਅਤੇ ਬਹੁਤ ਸਾਰੀਆਂ ਹੋਰਨਾਂ ਸ਼ਖਸੀਅਤਾਂ ਵੀ ਜੇਕਰ ਇਥੇ ਆਉਣ ਤਾਂ ਉਹਨਾਂ ਦੇ ਆਉਣ ਨਾਲ ਜਾਦੂ ਵਰਗਾ ਅਸਰ ਹੋਣਾ ਹੈ। ਉਹ ਕਿਓਂ ਇਥੇ ਨਹੀਂ ਆਉਂਦੇ ਇਹ ਸੱਚਮੁੱਚ ਸੋਚਣ ਵਾਲੀ ਗੰਭੀਰ ਗੱਲ ਹੈ। ਵਿਚਲੀ ਗੱਲ ਮੋਰਚੇ ਦੇ ਪ੍ਰਬੰਧਕਾਂ ਨੂੰ ਪਤਾ ਹੋਵੇਗੀ ਜਾਂ ਫਿਰ ਉਹਨਾਂ ਨੂੰ ਜਿਹੜੇ ਇਸ ਦੂਰੀ ਨੂੰ ਅਜੇ ਵੀ ਬਣਾਈ ਰੱਖਣਾ ਚਾਹੁੰਦੇ ਹਨ। 

ਬੰਦੀ ਸਿੰਘਾਂ ਦੇ ਪਰਿਵਾਰਾਂ ਦਾ ਜਜ਼ਬਾਤੀ ਪਖ ਸਾਹਮਣੇ ਲਿਆਉਣ ਵਿੱਚ ਮਹਿਲਾ ਆਗੂ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦੀਆਂ ਹਨ ਪਰ ਉਹਨਾਂ ਦੀ ਵੀ ਅਣਹੋਂਦ ਹੀ ਨਜ਼ਰ ਆਉਂਦੀ ਹੈ ਜਦਕਿ ਬੰਦੀ ਸਿੰਘਾਂ ਦੀ ਰਿਹੈ ਲਈ ਬਹੁਤ ਸਾਰੀਆਂ ਮਹਿਲਾ ਆਗੂ ਚੰਡੀਗੜ੍ਹ ਅਤੇ ਮੋਹਾਲੀ ਵਿਚ ਹੀ ਮੌਜੂਦ ਹੋਣਗੀਆਂ। 

ਇਸਦੇ ਨਾਲ ਹੀ ਕੁਝ ਹੋਰ ਧਿਰਾਂ ਹਨ ਜਿਹੜੀਆਂ ਹੁਣ ਤੱਕ ਸ਼ਾਂਤਮਈ ਹੀ ਵਿਚਰੀਆਂ ਹਨ ਪਰ ਜਦੋਂ ਐਸ ਜੀ ਪੀ ਸੀ ਦੀ ਸਿਆਸਤ ਗਰਮ ਹੋਵੇ ਤਾਂ ਉਹ ਵੀ ਸਰਗਰਮ ਹੋ ਜਾਂਦੀਆਂ ਹਨ।  ਉਹਨਾਂ ਧਿਰਾਂ ਲਈ ਬਾਦਲਾਂ ਦੇ ਸ਼ਿਕੰਜੇ ਵਿੱਚੋਂ ਪੰਥ ਨੂੰ ਮੁਕਤ ਕਰਾਉਣਾ ਹੀ ਇੱਕੋਇੱਕ ਜ਼ਰੂਰੀ ਮਸਲਾ ਹੈ। ਇਹਨਾਂ ਧਿਰਾਂ ਦਾ ਨਿਸ਼ਾਨਾ ਸ਼ਾਇਦ ਐਸਜੀਪੀਸੀ ਦੀ ਐਂਬਰੀ ਤੱਕ ਹੀ ਸੀਮਿਤ ਹੈ। ਪੰਥਕ ਹਲਕਿਆਂ ਵਿੱਚ ਐਸ ਜੀ ਪੀ ਸੀ ਦੀ ਮੈਂਬਰੀ ਸੱਤਾਧਾਰੀ ਮੈਂਬਰੀਆਂ ਨਾਲੋਂ ਘੱਟ ਨਹੀਂ ਸਮਝੀ ਜਾਂਦੀ। 

ਇਸ ਤਰ੍ਹਾਂ ਸਮੂਹ ਪੰਥਕ ਧਿਰਾਂ ਦੇ ਆਪੋ ਆਪਣੇ ਨਿਸ਼ਾਨੇ ਇਸ ਨਾਜ਼ੁਕ ਘੜੀ ਵਿੱਚ ਵੀ ਵੱਖੋ ਵੱਖ ਲੱਗ ਰਹੇ ਹਨ। ਅਜਿਹੇ ਹਾਲਾਤਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਣ ਕੌਣ ਸਰਗਰਮ ਹੈ ਇਸਦਾ ਪਤਾ ਸਭਨਾਂ ਨੂੰ ਲੱਗਣਾ ਹੀ ਚਾਹੀਦਾ ਹੈ। ਇਸ ਮਾਮਲੇ ਤੇ ਲਕੀਰ ਖਿੱਚੀ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ। ਤੁਮ੍ਹਾਰੀ ਭੀ ਜੈ ਜੈ--ਹਮਾਰੀ ਭੀ ਜੈ ਜੈ--ਵਾਲਾ ਮਾਹੌਲ ਤਾਂ ਸਿਰਫ ਭੰਬਲਭੂਸਾ ਹੀ ਪੈਦਾ ਕਰੇਗਾ। ਇਥੇ ਅਤੀਤ ਦੇ ਪੰਥਕ ਮੋਰਚਿਆਂ ਤੋਂ ਸਬਕ ਸਿੱਖਣਾ ਵੀ ਲਾਹੇਵੰਦ ਹੀ ਰਹੇਗਾ। 

ਚੇਤੇ ਰਹੇ ਕਿ ਪੰਜਾਬ ਜਾਂ ਪੰਜਾਬੀਆਂ ਨੇ ਕਦੇ ਕਿਸੇ ਦਾ ਪਹਿਲ ਕਰ ਕੇ ਨੁਕਸਾਨ ਨਹੀਂ ਕੀਤਾ। ਪੰਜਾਬੀਆਂ ਨੇ ਦੁਨੀਆ ਦੇ ਹਰ ਕੋਨੇ ਨੂੰ ਸੰਵਾਰਨ ਵਿਚ ਆਪਣੀ ਵਾਹ ਜ਼ਰੁਰ ਲਾਈ ਹੈ। ਜਿਵੇਂ ਆਲੂ ਹਰ ਸਬਜ਼ੀ ਵਿਚ ਫਿੱਟ ਹੋ ਜਾਂਦੇ ਹਨ ਉਵੇਂ ਹੀ ਪੰਜਾਬੀ ਵੀ ਆਪਣੇ ਵਿਲੱਖਣ ਅੰਦਾਜ਼ ਅਤੇ ਸ਼ਖ਼ਸੀਅਤ ਨੂੰ ਕਾਇਮ ਰੱਖਦਿਆਂ ਦੁਨੀਆ ਦੇ ਹਰ ਸੱਭਿਆਚਾਰ ਵਿਚ ਫਿੱਟ ਹੋ ਜਾਂਦੇ ਹਨ। ਖੇਤੀ ਦਾ ਕਾਰੋਬਾਰ ਹੋਵੇ, ਬਜਾਜੀ ਦਾ ਕਾਰੋਬਾਰ ਹੋਵੇ, ਉਤਪਾਦਨ ਵਧਾਉਣ ਵਾਲੀਆਂ ਫੈਕਟਰੀਆਂ ਲਾਉਣੀਆਂ ਹੋਣ, ਸਕੂਲ ਕਾਲਜ ਖੋਹਲਣੇ ਹੋਣ, ਅਖਬਾਰਾਂ ਚਲਾਉਣੀਆਂ ਹੋਣ ਜਾਂ ਫਿਰ ਭਾਵੇਂ ਕੋਈ ਵੀ ਹੋਰ ਖੇਤਰ ਹੋਵੇ; ਪੰਜਾਬੀਆਂ ਨੇ ਆਪਣੀ ਕਿਰਤ ਦਾ ਲੋਹਾ ਮਨਵਾਇਆ ਹੈ। ਇਸਦੇ ਬਾਵਜੂਦ ਪੰਜਾਬ ਅਕਸਰ ਨਿਸ਼ਾਨੇ ਤੇ ਕਿਓਂ ਰਹਿੰਦਾ ਹੈ? ਰੇਹੜੀ ਫੜ੍ਹੀ ਲਾਉਣ ਤੋਂ ਲੈ ਕੇ ਪੁਲਾੜ ਤੱਕ ਦੀਆਂ ਸਫਲਤਾਵਾਂ ਵਿਚ ਇਹਨਾਂ ਦਾ ਨਾਮ ਰਿਹਾ ਹੈ।  

ਪੰਜਾਬ ਦੀ ਸ਼ਾਂਤੀ, ਗੀਤ ਸੰਗੀਤ, ਮਿਹਨਤ, ਸਮਰਪਣ, ਸੇਵਾ, ਭਗਤੀ ਅਤੇ ਭੰਗੜਾ ਵਗੈਰਾ ਤਾਂ ਸਭ ਨੂੰ ਕਬੂਲ ਹੈ ਪਰ ਪੰਜਾਬ ਦੇ ਖੂਨ ਵਿੱਚ ਰਚੀ ਹੋਈ ਨਾਬਰੀ ਦੀ ਸੁਰ ਅਤੇ ਭਾਵਨਾ ਤੋਂ ਸਾਰੇ ਤ੍ਰਭੱਕਣ ਲੱਗ ਜਾਂਦੇ ਹਨ। ਭਾਵੇਂ ਪੰਜਾਬ ਦੀ ਜੁਆਨੀ 47 ਦੀ ਵੰਡ ਵੇਲੇ ਵੀ ਵੱਢੀ ਟੁੱਕੀ ਗਈ, ਜੂਨ-84 ਵੇਲੇ ਵੀ ਇਸਦਾ ਬੁਰੀ ਤਰ੍ਹਾਂ ਘਾਣ ਹੋਇਆ, ਨਵੰਬਰ-84 ਦੀ ਕਤਲਾਮ ਸਮੇਂ ਵੀ ਪੰਜਾਬ ਦੀ ਜੁਆਨੀ ਨੇ ਭਿਆਨਕ ਸਮਾਂ ਦੇਖਿਆ ਪਰ ਇਹ ਸਭ ਕੁਝ ਚਿਰਾਂ ਤੋਂ ਚਲਿਆ ਹੀ ਆ ਰਿਹਾ ਸੀ। ਸੰਨ 1984 ਮਗਰੋਂ ਕਰੀਬ ਡੇੜ ਦੋ ਦਹਾਕੇ ਵੀ ਪੰਜਾਬ ਦੀ ਜੁਆਨੀ ਲਈ ਮੁਸੀਬਤਾਂ ਮਾਰੇ ਰਹੇ। 

ਇਸ ਤੋਂ ਬਾਅਦ ਹੋਏ ਵਾਰ ਜ਼ਿਆਦਾ ਸੂਖਮ ਅਤੇ ਜ਼ਿਆਦਾ ਖਤਰਨਾਕ ਰਹੇ। ਨਸ਼ਿਆਂ ਦਾ ਵਾਰ ਬੇਹੱਦ ਖਤਰਨਾਕ ਸੀ। ਮਿਲਾਵਟੀ ਚੀਜ਼ਾਂ ਨਾਲ ਪੰਜਾਬ ਦੀ ਜਵਾਨੀ ਨੂੰਖੱਸੀ ਕਰਨ ਦੀਆਂ ਸਾਜ਼ਿਸ਼ਾਂ ਵੀ ਖਤਰਨਾਕ ਸਨ। ਹੁਣ IELTS ਦੇ ਚਿਹਰੇ ਨਾਲ ਦਿਖਾਈਆਂ ਗਈਆਂ ਖੁਸ਼ਹਾਲੀਆਂ ਦੇ ਬਹਾਨੇ ਪੰਜਾਬ ਦੀ ਤਕਰੀਬਨ ਸਾਰੀ ਜੁਆਨੀ ਵਿਦੇਸ਼ਾਂ ਵਿਚ ਪਹੁੰਚ ਗਈ। ਪੰਜਾਬ ਖਾਲੀ ਹੋਣ ਵਰਗੀਆਂ ਨੌਬਤਾਂ ਆਈਆਂ ਹੋਈਆਂ ਹਨ। ਬਜ਼ੁਰਗਾਂ ਨੇ ਕਦੋਂ ਤੀਕ ਬੈਠੇ ਰਹਿਣਾ ਕੌਣ ਜਾਣੇ! ਇਸਤੋਂ ਬਾਅਦ ਇਸ ਪੰਜਾਬ ਦਾ ਵਾਲੀ ਵਾਰਸ ਕੌਣ ਹੋਵੇਗਾ? ਅਫਸੋਸ ਇਹ ਚਿੰਤਾ ਕਿਸੇ ਸਿਆਸੀ, ਧਾਰਮਿਕ ਜਾਂ ਸਮਾਜਿਕ ਸੰਗਠਨ ਦੀਆਂ ਚਿੰਤਾਵਾਂ ਵਿੱਚ ਸ਼ਾਮਲ ਨਹੀਂ ਲੱਗਦੀ। ਦੁੱਖਾਂ ਅਤੇ ਭੁੱਖਾਂ ਮਾਰੇ ਲੋਕ ਬੜੇ ਬੇਬਸ ਜਿਹੇ ਹੋਏ ਪਏ ਹਨ। 

ਹੜ੍ਹਾਂ ਨੇ ਪੰਜਾਬ ਦੇ ਲੋਕਾਂ ਦੀਆਂ ਚਿੰਤਾਵਾਂ ਵਿੱਚ ਵੀ ਅਥਾਹ ਵਾਧਾ ਕੀਤਾ ਹੈ। ਜਿਹਨਾਂ ਟਰੈਕਟਰਾਂ ਟਰਾਲੀਆਂ ਆਸਰੇ  ਪੰਜਾਬ ਦਾ ਕਿਸਾਨ ਦਿੱਲੀ ਵਾਲੇ ਅੰਦੋਲਨ ਦਾ ਜੇਤੂ ਬਣ ਕੇ ਉਭਰਿਆ ਸੀ ਉਹੀ ਟਰੈਕਟਰ ਟਰਾਲੀਆਂ ਹੁਣ ਹੜ੍ਹਾਂ ਮਾਰੇ ਇਲਾਕਿਆਂ ਵਿੱਚੋਂ ਲੋਕਾਂ ਦੇ ਨਾਲ ਨਾਲ ਸਮਾਨ ਅਤੇ ਡੰਗਰ ਵੱਛਾ ਢੋਣ ਦੇ ਵੀ ਕੰਮ ਆਏ। ਪੰਜਾਬ ਦੇ ਕਹਿੰਦੇ ਕਹਾਂਉਂਦੇ ਸਿਆਸੀ ਲੀਡਰ ਆਪਣੇ ਵਰਕਰਾਂ ਸਮੇਤ ਇਸ ਨਾਜ਼ੁਕ ਮੌਕੇ ਵੀ ਤੀਜ ਦੇ ਭੰਗੜੇ ਪਾਉਣ ਅਤੇ ਦੇਖਣ ਵਿਚ ਰੁਝੇ ਰਹੇ। ਭਗਦੀਆਂ ਦੇ ਇਹਨਾਂ ਨਜ਼ਾਰਿਆਂ ਨੇ ਸਾਬਿਤ ਕੀਤਾ ਕਿ ਨੀਰੋ ਦੀ ਬੰਸਰੀ ਤਾਂ ਹੁਣ ਪੁਰਾਣੀ ਗੱਲ ਹੋ ਗਈ ਹੈ। ਏਨੇ ਭੈੜੇ ਅਤੇ ਨਾਜ਼ੁਕ ਹਾਲਾਤਾਂ ਦੇ ਬਾਵਜੂਦ ਪ੍ਰੋਫੈਸਰ ਪੂਰਨ ਸਿੰਘ ਦੀਆਂ ਸਤਰਾਂ ਅਜੇ ਵੀ ਦਮਦਾਰ ਹਨ ਕਿ ਪੰਜਾਬ ਵੱਸਦਾ ਗੁਰਾਂ ਦੇ ਨਾਂਅ 'ਤੇ...ਪਰ ਇਸ ਹਕੀਕਤ ਦੇ ਨਾਲ ਹੀ ਇਹ ਵੀ ਸੱਚਾਈ ਹੈ ਕਿ-

ਇਹ ਬੇਪ੍ਰਵਾਹ ਪੰਜਾਬ ਦੇ,

ਮੌਤ ਨੂੰ ਮਖੌਲਾਂ ਕਰਨ,

ਮਰਨ ਥੀਂ ਨਹੀਂ ਡਰਦੇ ।

ਪਿਆਰ ਨਾਲ ਇਹ ਕਰਨ ਗੁਲਾਮੀ,

ਜਾਨ ਕੋਹ ਆਪਣੀ ਵਾਰ ਦਿੰਦੇ,

ਪਰ ਟੈਂ ਨਾ ਮੰਨਣ ਕਿਸੇ ਦੀ,

ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰਦੇ ।

ਮੰਨਣ ਬੱਸ ਆਪਣੀ ਜਵਾਨੀ ਦੇ ਜੋਰ ਨੂੰ,

ਕੀ ਇਹਂਨਾਂ ਸਤਰਾਂ ਵਿਚ ਦਰਸਾਈ ਗਈ ਭਾਵਨਾ ਅਤੇ ਨਾਬਰੀ ਵਾਲੀ ਸੁਰ ਹੀ ਵਡਾ ਅਧਾਰ ਹੈ ਪੰਜਾਬ ਵਿੱਚਲੀ ਅਸ਼ਾਂਤੀ ਅਤੇ ਮੋਰਚਿਆਂ ਦਾ? ਦੇਸ਼ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਆਫ਼ਤ ਆਈ ਹੋਵੇ ਤਾਂ ਸਭ ਤੋਂ ਅੱਗੇ ਲੱਗ ਕੇ ਰਾਹਤ ਪਹੁੰਚਾਉਣ ਪ੍ਰਸਿੱਧ ਰਹਿਣ ਵਾਲੀ ਸਿੱਖ ਕੌਮ ਅੱਜ ਖੁਦ ਇਨਸਾਫ ਲੈਣ ਲਈ ਮੋਰਚਿਆਂ ਅਤੇ ਅੰਦੋਲਨਾਂ ਦੇ ਰਸਤਿਆਂ ਤੇ ਤੁਰਨ ਲਈ ਕਿਓਂ ਮਜਬੂਰ ਹੋਈ? ਕੀ ਬਣੇਗਾ ਸਿੱਖ ਕੌਮ ਦੇ ਨਿਸ਼ਾਨਿਆਂ ਦਾ? ਕੀ ਬਣੇਗਾ ਇਹਨਾਂ ਮੋਰਚਿਆਂ ਦਾ? ਇਹਨਾਂ ਦੀ ਨਾਬਰੀ ਨੂੰ ਉਕਸਾਉਂਦਾ ਕੌਣ ਹੈ? ਕੌਣ ਕਰਦਾ ਹੈ ਇਹਨਾਂ ਦੇ ਖਿਲਾਫ ਸਾਜ਼ਿਸ਼ਾਂ ਜਿਹਨਾਂ ਖਿਲਾਫ ਉੱਠਣਾ ਫਿਰ ਮਜਬੂਰੀ ਵੀ ਬਣ ਜਾਂਦੀ ਹੈ। ਕੀ ਇਹ ਹਕੀਕਤ ਨਹੀਂ ਕਿ ਜੇਕਰ ਪੰਜਾਬੀ ਸ਼ਾਂਤੀ ਨਾਲ ਰਹਿਣ ਦਿੱਤੇ ਜਾਂ ਤਾਂ ਇਹ ਦੇਸ਼ ਅਤੇ ਦੁਨੀਆ ਲਈ ਜ਼ਿਆਦਾ ਫਾਇਦੇਮੰਦ ਅਤੇ ਸਹਾਈ ਸਾਬਤ ਹੋ ਸਕਣਗੇ। ਪੰਜਾਬੀਆਂ ਦੀ ਨਾਰਾਜ਼ਗੀ ਦੂਰ ਕਰ ਕੇ ਇਹਨਾਂ ਨੂੰ ਮਨਾਉਣ ਅਤੇ ਆਪਣਾ ਬਣਾਉਣ ਵਿਚ ਹੀ ਫਾਇਦਾ ਹੈ। 

ਮੁੰਨੀ ਬੇਗਮ ਦੀ ਗਈ ਹੋਈ ਇੱਕ ਪ੍ਰਸਿੱਧ ਗ਼ਜ਼ਲ ਦੀਆਂ ਦੋ ਸਤਰਾਂ ਹਨ:

ਜਬ ਚਮਨ ਕੋ ਲਹੂ ਕਿ ਜ਼ਰੂਰਤ ਪੜੀ!

ਸਬਸੇ ਪਹਿਲੇ ਹੀ ਗਰਦਨ ਹਮਾਰੀ ਕਟੀ!

ਫਿਰ ਭੀ ਕਹਿਤੇ ਹੈਂ ਹਮਸੇ ਯੇਹ ਅਹਿਲੇ ਚਮਨ!

ਯੇਹ ਚਮਨ ਹੈ ਹਮਾਰਾ, ਤੁਮ੍ਹਾਰਾ ਨਹੀਂ!

ਪੰਜਾਬੀਆਂ ਨੇ ਕਦੇ ਨਾਬਰੀ ਦੀ ਪਹਿਲ ਨਹੀਂ ਕੀਤੀ। ਕਦੇ ਦੰਗੇ ਪੰਗੇ ਵਾਲਾ ਰਾਹ ਵੀ ਪਹਿਲਾਂ ਨਹੀਂ ਫੜ੍ਹਿਆ। ਕਦੇ ਅਸ਼ਾਂਤੀ ਭੰਗ ਕਰਨ ਵਾਲਾ ਮੋਰਚਾ ਵੀ ਪਹਿਲਾਂ ਸ਼ੁਰੂ ਨਹੀਂ ਕੀਤਾ। ਹਮੇਸ਼ਾਂ ਜੁਆਬੀ ਭਾਵਨਾ ਨਾਲ ਕਦਮ ਚੁੱਕੇ। ਪਹਿਲਾਂ ਦੇ ਮੋਰਚੇ ਵੀ ਅਜਿਹੇ ਹੀ ਸਨ ਅਤੇ ਹੁਣ ਦੇ ਮੋਰਚੇ ਵੀ ਅਜਿਹੇ ਹੀ ਹਨ। 

ਚੰਗਾ ਹੋਵੇ ਜੇ ਸਿੱਖ ਇਕੱਤਰਤਾਵਾਂ ਵਿੱਚ ਇੱਕ ਵਾਰ ਫੇਰ ਅਤੀਤ ਵੱਲ ਨਜ਼ਰ ਮਾਰਨੀ ਜ਼ਰੂਰੀ ਬਣਾਈ ਜਾਏ। ਸ਼ਬਦ ਕੀਰਤਨ ਦੇ ਨਾਲ ਨਾਲ ਤੱਥਾਂ ਅਤੇ ਅੰਕੜਿਆਂ ਦੇ ਲੇਖੇ ਜੋਖੇ ਵੀ ਕੀਤੇ ਜਾਣ। ਖਾਸ ਕਰ ਕੇ ਪੰਥ ਦੇ ਸੰਘਰਸ਼ਾਂ ਲਈ ਲੱਗੇ ਇਹਨਾਂ ਮੋਰਚਿਆਂ ਦੀ ਗੱਲ ਵਿਸਥਾਰ ਨਾਲ ਕੀਤੀ ਜਾਏ। ਇਹ ਗੱਲ ਸਭਹਦੇ ਹਸੰਨੇ ਆਏ ਕਿ ਆਖਿਰ ਕੀ ਕੀ ਬਣਿਆ ਸੀ ਅਤੀਤ ਵਿੱਚ ਲੱਗੇ ਮੋਰਚਿਆਂ ਦਾ? ਕੀ ਕੀ ਰਹੀਆਂ ਸਨ ਸਾਡੀਆਂ ਪ੍ਰਾਪਤੀਆਂ? ਜੈਤੋਂ ਦੇ ਮੋਰਚੇ ਵੱਲ ਵੀ ਨਜ਼ਰ ਮਾਰਨੀ ਚਾਹੀਦੀ ਹੈ, ਗੁਰੂ ਕੇ ਬਾਗ ਵਾਲੇ ਮੋਰਚੇ ਵੱਲ ਵੀ, ਪੰਜਾਬੀ ਸੂਬੇ ਦੇ ਮੋਰਚੇ ਵੱਲ ਵੀ, ਕਪੂਰੀ ਵਾਲੇ ਮੋਰਚੇ ਵੱਲ ਵੀ, ਧਰਮਯੁੱਧ ਮੋਰਚੇ ਵੱਲ ਵੀ, ਬਰਗਾੜੀ ਦੇ ਮੋਰਚੇ ਵੱਲ ਵੀ, ਹੋਰਨਾਂ ਮੋਰਚਿਆਂ ਵੱਲ ਵੀ ਅਤੇ ਹੁਣ ਚੰਡੀਗੜ੍ਹ-ਮੋਹਾਲੀ ਦੀ ਹੱਦ 'ਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਵੱਲ ਵੀ ਜਿਹੜਾ ਮੋਹਾਲੀ ਦੇ ਵਾਈ ਪੀ ਐਸ ਚੌਂਕ ਵਿੱਚ ਸੱਤ ਜਨਵਰੀ 2023 ਤੋਂ ਚੱਲ ਰਿਹਾ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੇ ਗਏ ਇਸ ਮੋਰਚੇ ਨੇ ਜਦੋਂ ਸੱਤ ਜਨਵਰੀ ਨੂੰ ਇਸ ਵਾਈ ਪੀ ਐਸ ਚੌਂਕ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਇਆ ਤਾਂ ਇਹ ਇੱਕ ਕੌਮਾਂਤਰੀ ਅਤੇ ਕੌਮਾਂਤਰੀ ਪੱਧਰ ਦੀ ਖਬਰ ਸੀ। ਲੋਕ ਦੂਰੋਂ ਦੂਰੋਂ ਵਹੀਰਾਂ ਘੱਤ  ਕੇ ਆਏ। ਪਕੌੜੇ, ਸਮੋਸੇ, ਬਰੈਡ ਟੋਸਟ, ਮੱਠੀਆਂ, ਬਿਸਕੁਟ, ਰਸ, ਕੇਕ, ਪੇਸਟਰੀਆਂ, ਚਾਹ, ਕਾਫੀ, ਦੁੱਧ, ਲੱਸੀ, ਮਹਿੰਗੀਆਂ ਦਵਾਈਆਂ ਅਤੇ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਸਟਾਲ ਲੱਗੇ। ਕਿਤਾਬਾਂ ਦੀ ਦੁਕਾਨਾਂ ਵੀ ਸਜਦੀਆਂ ਰਹੀਆਂ। ਬੀਰ ਰਸ ਵਾਲਾ ਜੋਸ਼ ਜਗਾਉਣ ਵਾਲੀਆਂ ਪੰਥਕ ਤਸਵੀਰਾਂ ਨੂੰ ਦਿਖਾਉਂਦੀਆਂ ਟੀ ਸ਼ਰਟਾਂ ਬਹੁਤ ਹਰਮਨ ਪਿਆਰੀਆਂ ਹੋਈਆਂ। ਜਿਵੇਂ ਖੱਬੀਆਂ ਧਿਰਾਂ ਦੇ ਅਜਲਾਸਾਂ ਅਤੇ ਰੈਲੀਆਂ ਵਿੱਚ ਆਮ ਤੌਰ ਤੇ ਚੀਗਵੇਰਾ ਅਤੇ ਹੋਰ ਯੋਧਿਆਂ ਦੀਆਂ ਤਸਵੀਰਾਂ ਵਾਲਿਆਂ ਸ਼ਰਟਾਂ, ਟੋਪੀਆਂ ਅਤੇ ਬਿੱਲੀਆਂ ਵਗੈਰਾ ਦੀ ਵਿਕਰੀ ਹੁੰਦੀ ਹੈ ਉਵੇਂ ਹੀ ਸਿੱਖ ਪੰਥ ਦੇ ਇਕੱਠਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਈ ਜਗਤਾਰ ਸਿੰਘ ਹਵਾਰਾ ਅਤੇ ਬਹੁਤ ਸਾਰੇ ਹੋਰਨਾਂ ਯੋਧਿਆਂ ਦਿਨ ਤਸਵੀਰਾਂ ਨੂੰ ਬੜੇ ਸਤਿਕਾਰ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸਦੇ ਨਾਲ ਨਾਲ ਸਿੱਖ ਪੰਥ ਨਾਲ ਜੁੜੇ ਰਵਾਇਤੀ ਹਥਿਆਰਾਂ ਅਤੇ ਕੱਕਾਰਾਂ ਦੀ ਵਿਕਰੀ ਵੀ ਹੁੰਦੀ ਹੈ। ਲੋੜਵੰਦਾਂ ਨੂੰ ਮੁਫ਼ਤ ਵੀ ਦਿੱਤੇ ਜਾਂਦੇ ਹਨ। 

ਇਹਨਾਂ ਰੌਣਕਾਂ ਅਤੇ ਜੋਸ਼ੋ ਖਰੋਸ਼ ਨੂੰ ਦਿਖਾਉਣ ਵਾਲਾ ਇਹ ਸਿਲਸਿਲਾ ਇਸ ਕੌਮੀ ਇਨਸਾਫ ਮੋਰਚੇ ਦੌਰਾਨ ਵੀ ਕੁਝ ਮਹੀਨੇ ਤੱਕ ਜਾਰੀ ਰਿਹਾ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜ੍ਹਨ ਲਈ ਨਿਕਲੀ  ਪੂਰੇ ਪੰਜਾਬ ਵਿੱਚ ਨਿਕਲੀ ਪੁਲਿਸ ਨੇ ਪੂਰੇ ਪੰਜਾਬ ਵਿੱਚ ਆਪਣੇ ਦਬਕੇ ਅਤੇ ਰੋਅਬਦਾਬ ਦਾ ਅਹਿਸਾਸ ਕਰਾਇਆ ਤਾਂ ਉਸਦਾ ਸਾਈਡ ਇਫੈਕਟ ਇਸ ਕੌਮੀ ਇਨਸਾਫ ਮੋਰਚੇ ਵਿੱਚ ਆਈਆਂ ਸੰਗਤਾਂ 'ਤੇ ਵੀ ਪਿਆ।

ਇਥੇ ਸੜਕਾਂ ਕਿਨਾਰੇ ਬਣੇ ਟੀਨ ਦੀਆਂ ਚਾਦਰਾਂ ਵਾਲੇ ਸਟਾਲ ਖਾਲੀ ਹੋਣੇ ਸ਼ੁਰੂ ਹੋਗੇ। ਮਹਿੰਗੀ ਸਜਾਵਟ ਵਾਲਿਆਂ ਟਰਾਲੀਆਂ ਵਿਚ ਬਣੇ ਅਰਜ਼ੀ ਘਰਾਂ ਨੂੰ ਵੀ ਤਾਲੇ ਲਗਾ ਕੇ ਸੰਗਤ ਦਾ ਵੱਡਾ ਹਿੱਸਾ ਜਾਂ  ਤਾਂ ਘਰੋਂ ਘਰੀਂ ਚਲਾ ਗਿਆ ਤੇ ਜਾਂ ਫਿਰ ਅੰਦਰ ਗਰਾਊਂਡ ਹੋ ਕੇ ਡੋਰੋਂ ਹੀ ਇਥੋਂ ਦੇ ਹਾਲਾਤਾਂ 'ਤੇ ਨਜ਼ਰ ਰੱਖਿਆ ਰਿਹਾ। 

ਨਿਹੰਗ ਸਿੰਘਾਂ ਦੀਆਂ ਫੌਜਾਂ ਆਪਣੇ ਘੋੜਿਆਂ ਅਤੇ ਸ਼ਸਤਰਾਂ ਸਮੇਤ ਬਾਬਾ ਰਾਜਾ ਰਾਜ ਸਿੰਘ ਹੁਰਾਂ ਦੀ ਅਗਵਾਈ ਹੇਠ ਦਿਤੀਆਂ ਰਹੀਆਂ। ਕੁਝ ਹੋਰ ਨਿਹੰਗ ਜੱਥੇ ਵੀ ਵੀ ਪੀ ਐਸ ਚੌਂਕ ਤੋਂ ਗੁਰਦੁਆਰਾ ਸ਼ਹੀਦਾਂ ਸੋਹਣਾ ਸਾਹਿਬ ਦੇ ਰਸਤੇ ਤੇ ਡਟੇ ਰਹੇ। ਹਨ ਗਿਣਤੀ ਇਹਨਾਂ ਦੀ ਵੀ ਘਟ ਗਈ ਸੀ। 

ਸੰਗਤਾਂ ਦੇ ਘਟਣ ਨਾਲ ਪੰਡਾਲ ਦੇ ਦੀਵਾਨਾਂ ਦਾ ਸਮਾਂ ਵੀ ਘਟ ਗਿਆ। ਜਿਥੇ 24 ਘੰਟੇ ਰੌਣਕਾਂ ਰਹਿੰਦੀਆਂ ਸਨ ਉੱਥੇ ਕਥਾ ਕੀਰਤਨ ਦਾ ਸਮਾਂ ਵੀ ਬਹੁਤ ਘਟ ਗਿਆ। ਜੇਕਰ ਕਥਾ ਕੀਰਤਨ ਅਤੇ ਵਾਰਾਂ ਦਾ ਸਿਲਸਿਲਾ ਚੱਲ ਵੀ ਰਿਹਾ ਹੁੰਦਾ ਤਾਂ ਸੰਗਤ ਨਾਮ ਮਾਤਰ ਹੀ ਹੁੰਦੀ। ਇਥੇ ਆਪੋ ਆਪਣੀ ਸ਼ਰਧਾ ਨਾਲ ਪੁੱਜਣ ਵਾਲੇ ਬੁਲਾਰਿਆਂ ਦੀ ਗਿਣਤੀ ਵੀ ਘਟਦੀ ਚਲੀ ਗਈ। 

ਸੰਗਤਾਂ ਦੇ ਇਕੱਠ ਨੂੰ ਵਧਾਉਣ ਲਈ ਪ੍ਰਬੰਧਕਾਂ ਨੇ ਬਥੇਰੇ ਹੀਲੇ ਵਸੀਲੇ ਕੀਤੇ ਪਰ ਗੱਲ ਨਹੀਂ ਬਣੀ। ਬਜ਼ਰੂਗ ਅਤੇ ਬਹੁਤ ਹੀ ਸਿਆਣੇ ਸੰਚਾਲਕਾਂ ਵਿੱਚ ਪਾਲ ਸਿੰਘ ਫਰਾਂਸ ਅਤੇ ਬਾਪੂ ਗੁਰਚਰਨ ਸਿੰਘ ਹੁਰਾਂ ਦੇ ਹੀ ਰੈਗੁਲਾਰ ਨਾਮ ਸ਼ਾਮਲ ਹਨ। ਦਿੱਲੀ ਤੋਂ ਇੰਦਰਵੀਰ ਸਿੰਘ ਅਤੇ ਕਚਹਿਰੀਆਂ ਤੋਂ ਐਡਵੋਕੇਟ ਗੁਰਸ਼ਨਰ ਸਿੰਘ ਧਾਲੀਵਾਲ ਅਤੇ ਐਡਵੋਕੇਟ ਦਿਲਸ਼ੇਰ ਸਿੰਘ ਵੀ ਅਕਸਰ ਮੌਜੂਦ ਹੀ ਮਿਲਦੇ ਹਨ। ਮੀਡੀਆ ਨਾਲ ਸਭ ਤੋਂ ਚੰਗੀ ਸੁਰ ਇਹਨਾਂ ਵਕੀਲਾਂ ਦੀ ਹੀ ਮਿਲਦੀ ਹੈ। 

26 ਜਨਵਰੀ 2023 ਤੋਂ ਬਾਅਦ ਵੀ ਸਮੇਂ ਸਮੇਂ ਸੰਗਤਾਂ ਦੀ ਭੀੜ ਵਧੀ ਸੀ। ਮਹੀਨੇ ਤੱਕ ਤਾਂ ਵਧੀ ਹੀ ਰਹੀ, ਫਿਰ 13 ਅਗਸਤ 2023 ਨੂੰ ਸੰਤ ਸਮਾਗਮ ਦੌਰਾਨ ਅਤੇ ਇਸ ਤੋਂ ਬਾਅਦ 15 ਅਗਸਤ ਵਾਲੇ ਮਾਰਚ ਮੌਕੇ। ਹੁਣ ਇੱਕ ਵੱਡਾ ਸਮਾਗਮ ਕੀਤਾ ਜਾਣਾ ਹੈ ਤਿੰਨ ਸਤੰਬਰ ਨੂੰ। ਪ੍ਰਬੰਧਕਾਂ ਮੁਤਾਬਕ ਇਹ ਸਮਾਗਮ ਸ਼ਹੀਦ ਭਾਈ ਅਨੋਖ ਸਿੰਘ ਬੱਬਰ, ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਯਾਦ ਵਿੱਚ। ਇਹਨਾਂ ਤਿੰਨ ਦਾ ਖਾੜਕੂ ਇਤਿਹਾਸ ਵਿਚ ਬਹੁਤ ਵੱਡਾ ਨਾਮ ਹੈ।  ਇਹਨਾਂ ਦੇ ਹੁੰਦੀਆਂ ਵੀ ਲਹਿਰ ਵਿਚ ਇਹਨਾਂ ਦਾ ਚੰਗਾ ਚੌਖਾ ਪ੍ਰਭਾਵ ਸੀ ਅਤੇ ਇਹਨਾਂ ਦੀ ਸ਼ਸ਼ੀਦੀ ਮਗਰੋਂ ਵੀ ਇਹ ਪਰਭਾਵ ਵਧੀਆ ਹੈ। ਕੀ ਇਹਨਾਂ ਤਿੰਨ ਦਾ ਦਿਨ ਇਕੱਠਿਆਂ ਮਨਾਉਣ ਖਾੜਕੂ ਲਹਿਰ ਅਤੇ ਪੰਥਕ ਧਿਰਾਂ ਵਿਚ ਇਕ ਹੋਰ ਮਜ਼ਬੂਤ ਹੋਏਗਾ? ਇਹਨਾਂ ਸੁਆਲ ਦਾ ਜੁਆਬ ਸਮੇਂ ਦੇ ਨਾਲ ਹੀ ਮਿਲੇਗਾ ਪਰ ਕੀ ਪੰਥ ਕੋਲ ਆਪਣੇ ਬਣਦੀ ਸਿੰਘਾਂ ਦੀ ਰਿਹੈ ਲਈ ਕੋਈ ਹੋਰ ਰਸਤਾ ਬਚਿਆ ਵੀ ਹੈ? ਜੇ ਇਹ ਮੋਰਚਾ ਸਫਲ ਨਾ ਹੋਇਆ ਤਾਂ ਸਮੁਚੇ ਪੰਥ ਲਈ ਨਮਸੋਧੀ ਵਾਲੀ ਗੱਲ ਹੋਵੇਗੀ। ਇਸ ਲਈ ਮੋਰਚੇ ਦੀ ਚੜ੍ਹਦੀ ਕਲਾ ਹੋਵੇ ਇਹ ਸਾਰੀਆਂ ਪੰਥਕ ਧਿਰਾਂ ਲਈ ਪਹਿਲ ਦੇ ਅਧਾਰ 'ਤੇ ਹੋਣਾ ਚਾਹੀਦਾ ਹੈ। 

No comments: