Friday 7th April 2023 at 3:29 PM
ਰਮਜ਼ਾਨ ਮੁਹਬੱਤ ਦਾ ਪੈਗਾਮ ਦਿੰਦਾ ਹੈ:ਸ਼ਾਹੀ ਇਮਾਮ ਮੌਲਾਨਾ ਉਸਮਾਨ
ਪਵਿੱਤਰ ਰਮਜਾਨ ਸ਼ਰੀਫ ਦੇ ਤੀਸਰੇ ਜੁੰਮੇ ਦੀ ਨਮਾਜ ਅਦਾ ਕਰਨ ਤੋਂ ਪਹਿਲਾਂ ਮੁਸਲਮਾਨਾਂ ਨੂੰ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਸ਼ਰੀਫ ਬੰਦੇ ਦਾ ਆਪਣੇ ਰੱਬ ਨਾਲ ਇਜਹਾਰ- ਏ-ਇਸ਼ਕ ਦਾ ਮਹੀਨਾ ਹੈ । ਬੰਦਾ ਆਪਣੇ ਰੱਬ ਨੂੰ ਰਾਜੀ ਕਰਨ ਲਈ ਉਸਦੇ ਹੁਕਮ ਦੇ ਮੁਤਾਬਕ ਆਪਣਾ ਵਕਤ ਗੁਜਾਰਦਾ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਅੱਲਾਹ ਤਾਆਲਾ ਸਾਡੀ ਨੀਅਤ ਨੂੰ ਜਾਣਦਾ ਹੈ । ਉਸਨੂੰ ਪਤਾ ਹੈ ਕਿ ਕੌਣ ਦਿਖਾਵੇ ਦਾ ਭੁੱਖਾ ਪਿਆਸਾ ਹੈ ਅਤੇ ਕੌਣ ਸੱਚਾ ਰੋਜੇਦਾਰ ਹੈ। ਮੌਲਾਨਾ ਨੇ ਕਿਹਾ ਕਿ ਅੱਲਾਹ ਦੇ ਪਿਆਰੇ ਨਬੀ ਹਜਰਤ ਮੁਹੰਮਦ ਸਲੱਲਲਾਹੂ ਅਲੈਹੀਵਸੱਲਮ ਰਮਜਾਨ ਸ਼ਰੀਫ ਦੇ ਪਵਿੱਤਰ ਮਹੀਨੇ ਵਿੱਚ ਤੇਜ ਚੱਲਣ ਵਾਲੀ ਹਵਾ ਨਾਲੋਂ ਵੀ ਜ਼ਿਆਦਾ ਦਾਨੀ ਸਨ। ਸ਼ਾਹੀ ਇਮਾਮ ਨੇ ਕਿਹਾ ਕਿ ਰਮਜਾਨ ਸ਼ਰੀਫ ਵਿੱਚ ਸਾਨੂੰ ਚਾਹੀਦਾ ਹੈ ਕਿ ਧਾਰਮਿਕ ਕੰਮਾਂ ਤੋਂ ਵੀ ਪਹਿਲਾਂ ਮਾਲੀ ਰੂਪ ਵਿੱਚ ਕਮਜੋਰ ਆਪਣੇ ਗੁਆਢੀਆਂ ਅਤੇ ਰਿਸ਼ਤੇਦਾਰਾਂ ਦੀ ਮਦਦ ਕਰੀਏ । ਉਨਾਂ ਨੇ ਕਿਹਾ ਕਿ ਗੁਆਂਢੀ ਚਾਹੇ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ, ਜੇਕਰ ਉਹ ਭੁੱਖਾ ਹੈ ਤਾਂ ਮੁਸਲਮਾਨ ਉੱਤੇ ਉਸਦੀ ਮਦਦ ਕਰਨਾ ਫਰਜ ਹੈ । ਉਨਾਂ ਨੇ ਕਿਹਾ ਕਿ ਅੱਲਾਹ ਤਾਆਲਾ ਆਪਣੇ ਉਨਾਂ ਬੰਦੇਆਂ ਨਾਲ ਬਹੁਤ ਪਿਆਰ ਕਰਦਾ ਹੈ ਜੋ ਕਿ ਉਸਦੇ ਬੰਦੇਆਂ ਦੀ ਮਦਦ ਕਰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਬਾਦਤ ਨਾਲ ਜੰਨਤ ਮਿਲਦੀ ਹੈ ਲੇਕਿਨ ਖਿਦਮਤ ਨਾਲ ਖੁਦਾ ਮਿਲਦਾ ਹੈ । ਇਸ ਲਈ ਜੇਕਰ ਅਸੀ ਚਾਹੁੰਦੇ ਹਾਂ ਕਿ ਖੁਦਾ ਸਾਡਾ ਦੋਸਤ ਬਣ ਜਾਵੇ ਤਾਂ ਬਿਨਾਂ ਭੇਦ-ਭਾਵ ਦੇ ਕਮਜੋਰ ਇਨਸਾਨਾਂ ਦੀ ਮਦਦ ਕਰੋ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਰਮਜਾਨ ਦਾ ਇਹ ਪਵਿੱਤਰ ਮਹੀਨਾ ਸਾਨੂੰ ਇਸੇ ਤਰਾਂ ਪਿਆਰ , ਮੁਹੱਬਤ ਅਤੇ ਆਪਸੀ ਭਾਈਚਾਰੇ ਨੂੰ ਵਧਾਉਣ ਦੀ ਪ੍ਰੇਰਨਾ ਦਿੰਦਾ ਹੈ ।
ਤਸਵੀਰਾਂ ਵਿਚ ਦੇਖ ਸਕਦੇ ਹੋ ਜਾਮਾ ਮਸਜਿਦ 'ਚ ਜੁੰਮੇਂ ਦੀ ਨਮਾਜ ਮੌਕੇ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ। ਜਿਹੜੇ ਤੇਜ਼ੀ ਨਾਲ ਹਰਮਨ ਪਿਆਰੇ ਹੋ ਰਹੇ ਹਨ। ਇਸਦੇ ਨਾਲ ਹੀ ਰਮਜ਼ਾਨ ਉਲ ਮੁਬਾਰਕ ਦੇ ਤੀਜੇ ਜੁੰਮੇ ਦੇ ਮੌਕੇ 'ਤੇ ਜਾਮਾ ਮਸਜਿਦ ਦੇ ਬਾਹਰ ਸ਼ਾਹਪੁਰ ਰੋਡ ਵਿਖੇ ਜੁੰਮੇ ਦੀ ਨਮਾਜ ਅਦਾ ਕਰਦੇ ਹੋਏ ਮੁਸਲਮਾਨ ਭਾਈਚਾਰੇ ਦੇ ਲੋਕ। ਅੱਜ ਨਮਾਜ਼ ਦਾ ਇਹ ਦ੍ਰਿਸ਼ ਵੀ ਬੜਾ ਅਲੌਕਿਕ ਬਣਿਆ ਹੋਇਆ ਸੀ।
No comments:
Post a Comment