Saturday 21st January 2023 at 4:14 PM
ਬਾਪੂ ਗੁਰਚਰਨ ਸਿੰਘ ਵਲੋਂ ਇਨਕਮ ਟੈਕਸ ਛਾਪੇ ਦੀ ਨਿਖੇਧੀ
ਐੱਸ. ਏ. ਐੱਸ. ਨਗਰ: 21 ਜਨਵਰੀ 2023:(ਪੰਜਾਬ ਸਕਰੀਨ ਬਿਊਰੋ)::
ਈਸਾਈਆਂ ਅਤੇ ਸਿੱਖ ਸੰਗਠਨਾਂ ਵਿੱਚ ਦੂਰੀ ਲਗਾਤਾਰ ਵੱਧ ਰਹੀ ਹੈ। ਹੁਣ ਮਾਮਲਾ ਸਾਹਮਣੇ ਆਇਆ ਬ੍ਰਿਟਿਸ਼ ਸਿੱਖ ਸਕੂਲ ਦਾ। ਇਸ ਸੂਲ ਦੇ ਟ੍ਰਸਟੀ ਬਾਪੂ ਗੁਰਚਰਨ ਸਿੰਘ ਨੇ ਜਿੱਥੇ ਇਸ ਸਕੂਲ ' ਮਾਰੇ ਗਏ ਇਨਕਮ ਟੈਕਸ ਵਿਭਾਗ ਦੇ ਛਾਪੇ ਦੀ ਨਿਖੇਧੀ ਕੀਤੀ ਹੈ ਉੱਥੇ ਈਸਾਈਆਂ ਨੂੰ ਵੀ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਹੈ।
ਬ੍ਰਿਟਿਸ਼ ਸਿੱਖ ਸਕੂਲ 'ਤੇ ਇਨਕਮ ਟੈਕਸ ਦੇ ਕਰੀਬ ਇੱਕ ਸੌ ਅਧਿਕਾਰੀਆਂ ਵਲੋਂ ਸੀ. ਆਰ. ਪੀ. ਐੱਫ਼ ਨੂੰ ਨਾਲ ਲੈ ਕੇ ਕੀਤੀ ਰੇਡ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕੌਮੀ ਇਨਸਾਫ਼ ਮੋਰਚੇ ਦੇ ਸੀਨੀਅਰ ਆਗੂ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ 20 ਜਨਵਰੀ ਨੂੰ ਕੀਤੀ ਜਦੋਂ ਰੇਡ ਕੀਤੀ ਗਈ ਉਸ ਮੌਕੇ ਸਕੂਲ ਵਿਚ ਛੋਟੇ ਛੋਟੇ ਬੱਚੇ ਮੌਜੂਦ ਸਨ।
ਉਹਨਾਂ ਕਿਹਾ ਕਿ ਫੋਰਸ ਦੇ ਨਾਲ ਆਏ ਅਧਿਕਾਰੀਆਂ ਨੂੰ ਦੇਖ ਕੇ ਬੱਚੇ ਘਬਰਾ ਗਏ, ਜੇਕਰ ਕੋਈ ਕਾਰਵਾਈ ਕਰਨੀ ਹੈ ਤਾਂ ਬੱਚਿਆਂ ਦੇ ਜਾਣ ਬਾਅਦ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਇਸ ਸਕੂਲ ਨੂੰ ਚਲਦੇ ਨੂੰ ਅਜੇ 3 ਸਾਲ ਵੀ ਨਹੀਂ ਹੋਏ, ਅਜੇ ਤਾਂ ਸਕੂਲ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਸਕੂਲ ਅਧਿਆਪਕਾਂ ਤੇ ਨਾਨ ਟੀਚਿੰਗ ਦੀ ਤਨਖ਼ਾਹ ਆਦਿ ਲਈ ਵਿਦਿਆਰਥੀਆਂ ਦੀਆਂ ਫ਼ੀਸਾਂ ਤੋਂ ਇਲਾਵਾ ਦਾਨੀਆਂ/ ਨਜ਼ਦੀਕੀਆਂ ਤੋਂ ਮਦਦ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ।
ਇਸ ਸਕੂਲ ਨੂੰ ਬਣਾਉਣ ਵਾਲੀ ਬ੍ਰਿਟਿਸ਼ ਸਿੱਖ ਕਾਉਂਸਿਲ ਬਾਰੇ ਉਨ੍ਹਾਂ ਕਿਹਾ ਕਿ ਸਕੂਲ ਬਣਾ ਰਹੀ ਸੰਸਥਾ ਬ੍ਰਿਟਿਸ਼ ਸਿੱਖ ਕੌਂਸਲ ਯੂ ਕੇ ਭਾਰਤ ਵਿਚ ਪਿਛਲੇ 20 ਸਾਲ ਤੋਂ ਸੇਵਾਵਾਂ ਦੇ ਰਹੀ ਹੈ। ਇਸ ਸੰਸਥਾ ਵਲੋਂ ਮੱਧ ਪ੍ਰਦੇਸ਼, ਮਹਾਰਾਸ਼ਟਰ ਆਦਿ ਰਾਜਾਂ ਵਿਚ 28 ਗੁਰਦੁਆਰਾ ਸਾਹਿਬ ਵਣਜਾਰੇ/ਸਿਕਲੀਗਰ/ ਰਵਿਦਾਸੀਆਂ ਸਿੱਖਾਂ ਵਾਸਤੇ ਬਣਾਏ ਗਏ ਹਨ।
ਇਸੇ ਹੀ ਸੰਸਥਾ ਵਲੋਂ ਪੰਜਾਬ ਵਿਚ ਇਹ ਪਹਿਲਾ ਸਕੂਲ ਸ਼ੁਰੂ ਕੀਤਾ ਗਿਆ ਹੈ। ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸੰਸਥਾ ਦੇ ਸੰਚਾਲਕ ਤਰਸੇਮ ਸਿੰਘ ਦਿਉਲ ਨੂੰ ਪਹਿਲੇ ਦਿਨ ਤੋਂ ਹੀ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ, ਕਦੇ ਵੀਜ਼ਾ ਨਾ ਦੇਣਾ, ਏਅਰਪੋਰਟ 'ਤੇ 3-3 ਘੰਟੇ ਬਿਠਾਈ ਰੱਖਣਾ, ਭਾਰਤ ਤੋਂ ਡਿਪੋਰਟ ਕਰਨ ਦੀਆਂ ਧਮਕੀਆਂ ਦੇਣਾ ਆਦਿ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਵਿਚ ਬ੍ਰਿਟਿਸ਼ ਸਿੱਖ ਕੌਂਸਲ ਨੇ ਲੰਗਰਾਂ ਦੀ ਸੇਵਾ ਕੀਤੀ ਸੀ। ਉਸ ਦਿਨ ਤੋਂ ਸਰਕਾਰ ਨੇ ਸੰਸਥਾ ਦੀਆਂ ਸੇਵਾਵਾਂ ਵਿਚ ਰੁਕਾਵਟਾਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸੰਸਥਾ ਦੇ ਟਰੱਸਟੀ ਹਨ। ਆਮਦਨ ਕਰ ਵਿਭਾਗ ਵਾਲੇ ਉਨ੍ਹਾਂ ਨੂੰ ਜਦੋਂ ਵੀ ਬੁਲਾਉਂਦੇ ਹਨ ਉਹ ਖ਼ੁਦ ਦਿੱਲੀ ਜਾ ਕੇ ਸੰਸਥਾ ਦਾ ਹਿਸਾਬ ਦਿੰਦੇ ਰਹੇ ਹਨ। ਸੰਸਥਾ ਵੱਲੋਂ ਅਕਾਊਂਟੈਂਟ, ਸੀ. ਏ. , ਐਡਵਾਈਜ਼ਰੀ ਟੀਮ ਸਮੇਤ ਸਾਰੇ ਅਕਾਊਂਟ ਰੱਖੇ ਜਾਂਦੇ ਹਨ ਜੇਕਰ ਉਨ੍ਹਾਂ ਨੂੰ ਹੁਣ ਵੀ ਕੋਈ ਚਿੱਠੀ ਆਈ ਹੁੰਦੀ ਤਾਂ ਉਹ ਕਿਉਂ ਨਾ ਚਿੱਠੀ ਦਾ ਜਵਾਬ ਦਿੰਦੇ।
ਇਸ ਸਬੰਧੀ ਹੋਰ ਵੇਰਵਾ ਦੇਂਦਿਆਂ ਉਹਨਾਂ ਈਮੇਲ ਰਾਹੀਂ ਭੇਜੇ ਆਪਣੇ ਇੱਕ ਪ੍ਰੈਸਨੋਟ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ੀ ਸਿੱਖ ਪੰਜਾਬ ਤੇ ਸਿੱਖੀ ਦੀ ਗੱਲ ਕਰਦੇ ਹਨ ਤਾਂ ਆਖਿਰ ਕਿਓਂ ਉਨ੍ਹਾਂ ਨੂੰ ਇਸੇ ਤਰਾ ਜ਼ਲੀਲ ਕੀਤਾ ਜਾਂਦਾ ਹੈ ਜਦੋਂ ਕਿ ਵਿਦੇਸ਼ੀ ਸਿੱਖ ਪੰਜਾਬ ਦੇ ਭਲੇ ਵਾਸਤੇ ਹੀ ਇਹ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਈ ਤਰਸੇਮ ਸਿੰਘ ਨੇ ਆਪਣਾ ਪੰਜਾਬ ਵਾਲਾ ਘਰ ਵੀ ਵੇਚ ਦਿੱਤਾ, ਆਪਣੀ ਜ਼ਮੀਨ ਵੀ ਸਕੂਲ ਨੂੰ ਦੇ ਦਿੱਤੀ, ਬਾਕੀ ਜ਼ਮੀਨ ਤੇ ਲਿਮਟ ਲੈ ਕੇ ਵੀ ਸਕੂਲ ਤੇ ਲਗਾ ਦਿੱਤੀ ਹੈ ਤੇ ਭਾਈ ਤਰਸੇਮ ਸਿੰਘ ਵਲੋਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਸੰਗਤਾਂ ਦੇ ਪੁਰਾਣੇ ਕੱਪੜੇ ਆਦਿ ਇਕੱਠੇ ਕਰਕੇ ਜੋ ਮਾਇਆ ਇਕੱਤਰ ਹੁੰਦੀ ਹੈ ਉਹ ਇਨ੍ਹਾਂ ਸੇਵਾਵਾਂ ਵਾਸਤੇ ਲਗਾਉਂਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਸੂਰ ਇਹੀ ਹੈ ਕਿ ਉਹ ਸਿੱਖੀ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਏਰੀਏ ਵਿਚ ਅਖੌਤੀ ਈਸਾਈਆਂ ਪ੍ਰਚਾਰਕਾ ਵਲੋਂ ਆਪਣਾ ਗੜ ਬਣਾ ਰੱਖਿਆ ਸੀ ਜੇਕਰ ਉੱਥੇ ਸਿੱਖੀ ਦੀ ਗੱਲ ਹੋਣ ਲੱਗ ਪਈ ਹੈ ਤਾਂ ਇਸ ਵਿਚ ਸਰਕਾਰ ਦਾ ਕੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਵੀ ਸਿੱਖੀ ਦੇ ਪ੍ਰਚਾਰ ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਕਿ ਜੇ ਵਿਦੇਸ਼ੀ ਸਿੱਖਾਂ ਦਾ ਮੂੰਹ ਤੁਸੀਂ ਪੰਜਾਬ ਤੋ ਮੋੜ ਰਹੇ ਹੋ। ਇਸ ਨਾਲ ਪੰਜਾਬ ਹੋਰ ਬਰਬਾਦ ਹੋ ਜਾਵੇਗਾ। ਉਨ੍ਹਾਂ ਪੰਜਾਬੀਆਂ ਨੂੰ ਬ੍ਰਿਟਿਸ਼ ਸਿੱਖ ਕੌਂਸਲ ਯੂ ਕੇ , ਖ਼ਾਲਸਾ ਏਡ ਅਤੇ ਯੂਨਾਈਟਿਡ ਸਿੱਖ ਵਰਗੀਆਂ ਸੰਸਥਾਵਾਂ ਨਾਲ ਖੜੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਖ਼ਰ ਵਿਦੇਸ਼ੀ ਸਿੱਖ ਕਦੋਂ ਤੱਕ ਇਸੇ ਤਰਾ ਜ਼ਲੀਲ ਜ਼ਲੀਲ ਹੁੰਦੇ ਰਹਿਣਗੇ।
ਹੁਣ ਦੇਖਣਾ ਹੈ ਕਿ ਬ੍ਰਿਟਿਸ਼ ਸਿੱਖ ਕਾਉਂਸਿਲ ਅਤੇ ਉਹਨਾਂ ਦੇ ਹੋਰ ਸਮਰਥਕ ਈਸਾਈਆਂ ਅਤੇ ਭਾਰਤ ਸਰਕਾਰ ਦੀਆਂ ਕਾਰਵਾਈਆਂ ਨਾਲ ਨਜਿੱਠਣ ਲਈ ਇਸ ਮੁੱਦੇ 'ਤੇ ਕੀ ਰੁੱਖ ਅਪਣਾਉਂਦੇ ਹਨ?
No comments:
Post a Comment