Friday, January 20, 2023

ਦਿੱਲੀ ਦੇ ਸਿੰਘੂ ਬਾਰਡਰ ਦੀ ਝਲਕ ਦਿਖਾਉਂਦਾ ਵਾਈਪੀਐਸ ਵਾਲਾ ਮੋਰਚਾ

 19th January 2023 at 06:09 PM

 ਦਿਨੋਂਦਿਨ ਵੱਧ ਰਿਹਾ ਹੈ ਕੌਮੀ ਇਨਸਾਫ ਮੋਰਚੇ ਵਿਚ ਸੰਗਤਾਂ ਦਾ ਇਕੱਠ  


ਵਾਈ ਪੀ ਐਸ ਚੌਂਕ//ਮੋਹਾਲੀ: 19 ਜਨਵਰੀ 2023 ਦੀ ਸ਼ਾਮ: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਦਿੱਲੀ ਦੇ ਬਾਰਡਰਾਂ ਵਾਲੇ ਕਿਸਾਨ ਮੋਰਚੇ ਦੇ ਇਤਿਹਾਸਕ ਇਕੱਠ ਜਿਹਨਾਂ ਨੇ ਵੀ ਦੇਖੇ ਹਨ ਉਹਨਾਂ ਦੇ ਚੇਤਿਆਂ ਵਿੱਚ ਇਸਦੇ ਦ੍ਰਿਸ਼ ਹਮੇਸ਼ਾਂ ਲਈ ਉਕਰੇ ਗਏ ਹਨ। ਤਿਕੜੀ ਅਤੇ ਸਿੰਘੂ ਬਾਰਡਰ ਦੀਆਂ ਸਟੇਜਾਂ ਅਤੇ ਸੜਕਾਂ 'ਤੇ ਡਟੇ ਇਨਸਾਫ ਪਸੰਦ ਲੋਕਾਂ ਨੇ ਇੱਕ ਅਜਿਹਾ ਸ਼ਾਂਤਮਈ ਮੋਰਚਿਆਂ ਦਾ ਇੱਕ ਨਵਾਂ ਇਤਿਹਾਸ ਸਿਰਜਿਆ ਹੈ ਜਿਹੜਾ ਭਵਿੱਖ ਵਿੱਚ ਵੀ ਲੋਕਾਂ ਨੂੰ ਮਾਰਗਦਰਸ਼ਨ ਦੇਂਦਾ ਰਹੇਗਾ। ਜਿਹੜੇ ਲੋਕ ਦਿੱਲੀ ਵਾਲੇ ਮੋਰਚੇ ਦੇਖਣ ਤੋਂ ਵਾਂਝੇ ਰਹਿ ਗਏ ਉਹਨਾਂ ਨੂੰ ਉਸ ਵੇਲੇ ਦੀ ਝਲਕ ਹੁਣ ਵਾਈ ਪੀ ਐਸ ਚੌਂਕ ਮੋਹਾਲੀ ਵਿੱਚ ਨਜ਼ਰ ਆ ਸਕਦੀ ਹੈ ਜਿੱਥੇ ਪੱਕੇ ਅਤੁੱਟ ਲੰਗਰ ਚੱਲ ਰਹੇ ਹਨ, ਕੱਪੜੇ ਧੋਣ ਵਾਲਿਆਂ ਮਸ਼ੀਨਾਂ ਵੀ ਸਰਗਰਮੀ ਨਾਲ ਚੱਲਦੀਆਂ ਹਨ ਅਤੇ ਪਾਣੀ ਦੀਆਂ ਟੂਟੀਆਂ ਵਾਲੀ ਕਤਾਰ ਵੀ ਕਿਸੇ ਧਾਰਮਿਕ ਥਾਂ ਲੱਗੀਆਂ  ਟੂਟੀਆਂ ਵਾਂਗ ਚੱਲ ਰਹੀ ਹੈ। 

ਵੱਡੇ ਪੰਡਾਲ ਵਿੱਚ ਚਲਦਾ ਗੁਰਬਾਣੀ ਦਾ ਪ੍ਰਵਾਹ, ਕੀਰਤਨ ਅਤੇ ਕਥਾ ਵਿਖਿਆਨ ਕਿਸੇ ਧਾਰਮਿਕ ਅਸਥਾਨ ਵਾਂਗ ਹੀ ਧਿਆਨ ਖਿੱਚਦਾ ਹੈ। ਜੇ ਕਿਸੇ ਨੂੰ ਪੁਛੋ ਕਿ ਏਨੀ ਠੰਡ ਵਿੱਚ ਤੁਸੀਂ ਏਨੇ ਉਤਸ਼ਾਹ ਵਿਚ ਕਿਵੇਂ ਹੋ ਟੀਨ ਜੁਆਬ ਮਿਲਦਾ ਹੈ ਅਸੀਂ ਜਾਗਦੀ ਜ਼ਮੀਰ ਵਾਲੇ ਲੋਕ ਆਪਣੇ ਪੁੱਤਾਂ, ਭਰਾਵਾਂ ਅਤੇ ਬਜ਼ੁਰਗਾਂ ਲਈ ਇਨਸਾਫ ਦੀ ਮੰਗ ਕਰਨ ਘਰੋਂ ਨਿਕਲੇ ਹਾਂ। ਉਹ ਸਾਡੇ ਸਿਆਸੀ ਕੈਦੀ ਹਨ ਜਿਹਨਾਂ ਦਾ ਸੰਘਰਸ਼ ਨਾ ਕਿਸੇ ਨਿਜੀ ਫਾਇਦੇ ਲਈ ਸੀ 'ਤੇ ਨਾ ਹੀ ਕਿਸੇ ਹੋਰ ਮਕਸਦ ਲਈ। ਉਹਨਾਂ ਪੰਥ ਅਤੇ ਪੰਜਾਬ ਲਈ ਹੀ ਸਾਰੇ ਸੰਘਰਸ਼ ਕੀਤੇ ਅਤੇ ਸਾਰੇ ਖਤਰੇ ਉਠਾਏ। ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਉਮਰ ਕੈਦ ਤੋਂ ਵੀ ਕਿਤੇ ਵੱਧ ਸਮਾਂ ਗੁਜ਼ਰ ਚੁੱਕਿਆ ਹੈ। ਸਦਾ ਇਹ ਮੋਰਚਾ ਉਹਨਾਂ ਦੀ ਰਿਹਾਈ ਲਈ ਹੈ ਅਤੇ ਅਸੀਂ ਆਰਪਾਰ ਵਾਲਾ ਫੈਸਲਾ ਹੋਣ ਤੀਕ ਇਥੇ ਡਟੇ ਰਹਾਂਗੇ।  

ਕੌਮੀ ਇਨਸਾਫ ਮੋਰਚੇ ਵਿੱਚ ਪੁੱਜੇ ਇਹਨਾਂ ਲੋਕਾਂ ਲਈ ਗੁਰੂ ਕੇ ਅਤੁੱਟ ਲੰਗਰ ਦੇ ਨਾਲ ਨਾਲ ਜਲੇਬੀਆਂ, ਲੱਡੂ, ਬਿਸਕੁਟ, ਰਸ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਵਰਤਾਈਆਂ ਜਾ ਰਹੀਆਂ ਹਨ। ਰਸਤੇ ਵਿੱਚ ਕਿਸੇ ਥਾਂ ਕੋਈ ਆਪਣਾ ਆਧੁਨਿਕ ਤੀਰ ਕਮਾਨ ਦਿਖਾ ਰਿਹਾ ਹੈ ਜਿਹੜਾ ਕਾਫੀ ਦੂਰੀ ਤੱਕ ਤੀਰ ਚਲਾ ਸਕਦਾ ਹੈ। ਇਹ ਕਮਾਨ ਟ੍ਰੇਟੀ ਹਜ਼ਾਰ ਰੁਪਏ ਅਤੇ ਤੀਰ ਛੇ ਸੋ ਰੁਪਏ ਦਾ ਖਰੀਦਿਆ ਗਿਆ ਹੈ। ਇਸੇ ਤਰ੍ਹਾਂ ਛੋਟੀਆਂ ਵੱਡੀਆਂ ਕਿਰਪਾਨਾਂ ਤਾਂ ਬਹੁਤ ਸਾਰੇ ਲੋਕਾਂ ਨੇ ਪਹਿਨੀਆਂ ਹੋਈਆਂ ਹਨ।

ਟਰੈਕਟਰਾਂ ਟਰਾਲੀਆਂ ਦੀ ਕਤਾਰ ਨੇ ਦਿੱਲੀ ਦੇ ਸਿੰਘੂ ਬਾਰਡਰ ਵਰਗਾ ਮਾਹੌਲ ਸਿਰਜਿਆ ਹੋਇਆ ਹੈ। ਇਥੇ ਆਈਆਂ ਸੰਗਤਾਂ ਦੀ ਰਿਹਾਇਸ਼ ਲਈ ਪੰਡਾਲਾਂ ਵਿਹਚ ਵੀ ਥਾਂ ਬਣਾਈ ਗਈ ਹੈ, ਟੂਰਿਸਟ ਕੈਂਪਾਂ ਵਰਗੇ ਛੋਟੇ ਛੋਟੇ ਤੰਬੂ ਵੀ ਕਗੇ ਗਏ ਹਨ ਅਤੇ ਨੇੜੇ ਤੇੜੇ ਕੁਝ ਲੋਕਾਂ ਨੇ ਕਿਰਾਏ 'ਤੇ ਮਕਾਨ ਵੀ ਲਏ ਹੋਏ ਹਨ।ਕਵਿੰਟਲਾਂ ਦੇ ਹਿਸਾਬ ਨਾਲ ਕੱਚੀਆਂ ਸਬਜ਼ੀਆਂ ਦੇ ਢੇਰ ਵੀ ਪੁੱਜੇ ਹੋਏ ਹਨ। ਕੁਲ ਮਿਲਾ ਕੇ ਲੰਮੇ ਸੰਘਰਸ਼ਾਂ ਦੀਆਂ ਪੂਰੀਆਂ ਤਿਆਰੀਆਂ ਹਨ। 

ਇਸ ਮੋਰਚੇ ਵਿੱਚ ਪੁੱਜੇ ਹੋਏ ਲੋਕ ਸੋਚ ਵਿਚਾਰ ਪੱਖੋਂ ਵੀ ਬੜੇ ਚੇਤਨ ਹਨ। ਕਿਸੇ ਨਾਲ ਵੀ ਕਿਸੇ ਵੀ ਮੁੱਦੇ 'ਤੇ ਕੋਈ ਗੱਲ ਛੇੜ ਲਓ ਤਾਂ ਉਸਨੂੰ ਪੂਰਾ ਮਾਮਲਾ ਪਤਾ ਹੁੰਦਾ ਹੈ। ਲੋਕਾਂ ਨੂੰ ਸਿਰਫ ਜੂਨ ਚੁਰਾਸੀ ਤੋਂ ਪਹਿਲਾਂ ਵਾਲਾ ਸਮਾਂ ਹੀ ਨਹੀਂ ਸੰਨ 47 ਤੋਂ ਪਹਿਲਾਂ ਵਾਲਾ ਸਮਾਂ ਵੀ ਚੇਤੇ ਹੈ। ਜਿਹੜੇ ਨਵੀਂ ਪੀੜ੍ਹੀ ਦੇ ਨੌਜਵਾਨ ਮੁੰਡੇ ਕੁੜੀਆਂ ਹਨ ਉਹਨਾਂ ਨੇ ਨੇ ਵੀ ਇਸਦਾ ਪੂਰਾ ਧਿਆਇਨਿ ਕੀਤਾ ਹੋਇਆ ਹੈ। ਇਹਨਾਂ ਨੂੰ ਸਿਆਸੀ ਲੀਡਰਾਂ ਵੱਲੋ ਕੇਤੇ ਗਏ ਝੂਠੇ ਵਾਅਦੇ ਵੀ ਯਾਦ ਹਨ ਅਤੇ ਆਪਣਿਆਂ ਵੱਲੋਂ ਕੀਤੀਆਂ ਗਈਆਂ ਗਦਾਰੀਆਂ ਵੀ ਚੇਤੇ ਹਨ। 

ਇਥੇ ਪੁੱਜੀਆਂ ਸੰਗਤਾਂ ਹੁਣ ਸਿੱਖ ਕੌਮ ਭਵਿੱਖ ਸੰਬੰਧੀ ਨਕਸ਼ਿਆਂ ਬਾਰੇ ਵੀ ਪੂਰੀ ਤਰ੍ਹਾਂ ਜਾਗਰੂਕ ਹੋ ਕੇ ਬਹਿਸ ਕਰਦੀਆਂ ਹਨ। ਖਾਲਿਸਤਾਨ ਦੀ ਮੰਗ ਅਤੇ ਹੋਰ ਮੁੱਦਿਆਂ ਬਾਰੇ ਵੀ ਇਹਨਾਂ ਦੀ ਰੁੱਖ ਬੜੇ ਸਪਸ਼ਟ ਹਨ ਪਰ ਖਾਲਿਸਤਾਨ ਦੀ ਖੁੱਲ੍ਹੀ ਹਮਾਇਤ ਵਾਲੀ ਸੁਰ ਕਿਧਰੇ ਆਮ ਨਹੀਂ ਸੁਣੀ ਗਈ। ਹਾਂ ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵਾਲੇ ਵੱਡੇ ਪੋਸਟਰ ਜ਼ਰੂਰ ਲੱਗੇ ਹੋਏ ਹਨ ਜਿਹਨਾਂ ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਣ 'ਤੇ ਖਾਲਿਸਤਾਨ ਦੀ ਨੀਂਹ ਵਾਲਿਆਂ ਟੂਕਾਂ ਦਰਜ ਹਨ। ਜ਼ਮੀਰ ਦੀ ਮੌਤ ਵਾਲੀਆਂ ਗੱਲਾਂ ਦੇ ਪੋਸਟਰ ਵੀ ਲੱਗੇ ਹੋਏ ਹਨ।  ਕੁਲ ਮਿਲਾ ਕੇ ਮਾਹੌਲ ਹਲੂਣਾ ਦੇਂਦਾ ਹੈ ਅਤੇ ਸੋਚ ਵਾਲੇ ਬਹੁਤ ਸਾਰੇ ਸੁਆਲਾਂ ਨੂੰ  ਦਿਮਾਗ ਵਿਚ ਜਗਾਉਂਦਾ ਹੈ। 

ਹੁਣ ਦੇਖਣਾ ਹੈ ਕਿ ਸਿੱਖ ਬੰਦੀਆਂ ਦੀ ਰਿਹਾਈ ਲਈ ਲੱਗੇ ਇਸ ਮੋਰਚੇ ਵਿੱਚ ਹੋਰ ਕਿਹੜੀਆਂ ਸਿਆਸੀ ਪਾਰਟੀਆਂ ਸ਼ਾਮਿਲ ਹੋਣ ਲਈ ਅੱਗੇ ਆਉਂਦੀਆਂ ਹਨ ਜਾਂ ਦੂਰੀ ਬਣਾਈ ਰੱਖਦੀਆਂ ਹਨ। ਜ਼ਿਕਰਯੋਗ ਹੈ ਕਿ ਸੀਪੀਆਈ ਐਮ ਐਲ ਲਿਬਰੇਸ਼ਨ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉਠਾਉਂਦੀ ਰਹੀ ਹੈ। ਐਤਵਾਰ 22 ਜਨਵਰੀ ਨੂੰ ਪਾਰਟੀ ਦੇ ਜਨਰਲ ਸਕੱਤਰ ਦਿਪਾਂਕਾਰ ਭੱਟਾਚਾਰੀਆ ਇੱਕ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਆ ਰਹੇ ਹਨ। ਉਹ ਵਾਈ ਪੀ ਐਸ ਚੌਂਕ ਵਿੱਚ ਜਾਰੀ ਕੌਮੀ ਇਨਸਾਫ ਮੋਰਚੇ ਵਿਚ ਸ਼ਾਮਲ ਹੋਣ ਲਈ ਜਾਣਗੇ ਜਾਂ ਨਹੀਂ ਇਸਦਾ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ। 

No comments: