Friday, September 16, 2022

ਅਰਬ ਦੇ ਮਾਰੂਥਲ ਦਾ ਸ਼ੇਰ ਓਮਰ-ਮੁਖ਼ਤਾਰ- ਜਿਹੜਾ ਅੱਜ ਵੀ ਦੇਦਾ ਹੈ ਪ੍ਰੇਰਣਾ

 ਪੱਤਰਕਾਰ ਐਮ ਐਸ ਭਾਟੀਆ ਸਾਹਮਣੇ ਲਿਆਏ ਹਨ ਜਿਹੇ ਸ਼ਬਦਾਂ ਵਿੱਚ ਇੱਕ ਲੰਮੀ ਕਹਾਣੀ ਦਾ ਸਾਰ 

ਅਸੀਂ ਸਾਰੇ ਹੀ ਇਸ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਥਾਂਵਾਂ ਘੁੰਮਦੇ ਹਾਂ ਅਤੇ ਬਹੁਤ ਸਾਰੀਆਂ ਫ਼ਿਲਮਾਂ ਵਗੈਰਾ ਵੀ ਦੇਖਦੇ ਹਾਂ ਪਾਰ ਸ਼ਾਇਦ ਇਹਨਾਂ  ਹੀ ਭੁੱਲ ਜਾਂਦੇ ਹਾਂ। ਸਾਥੀ ਐਮ ਐਸ ਭਾਟੀਆ ਦੀ ਦੋ ਕੁ ਮਹੀਨੇ ਪਹਿਲਾਂ ਬਾਈਪਾਸ ਸਰਜਰੀ ਹੋਈ ਹੈ। ਡਾਕਟਰਾਂ ਨੇ ਖੇਚਲ ਤੋਂ ਸਖਤੀ ਨਾਲ ਮਨਾ ਕੀਤਾ ਹੈ। ਇਸ ਦੌਰਾਨ ਸਾਥੀ ਭਾਟੀਆ ਹੁਰਾਂ ਨੇ ਕੁਝ ਖਬਰਾਂ ਵੀ ਦੇਖੀਆਂ ਅਤੇ ਕੁਝ ਕੁ ਫ਼ਿਲਮਾਂ ਵੀ। ਇਹਨਾਂ ਵਿੱਚੋਂ ਇੱਕ ਫਿਲਮ ਉਮਰ ਮੁਖਤਾਰ ਬਾਰੇ ਵੀ ਸੀ ਜੋ ਅੱਜ ਵੀ ਦੁਨੀਆ ਭਰ ਦੇ ਲੋਕ ਇਨਕਲਾਬੀਆਂ ਦਾ ਪ੍ਰੇਰਨਾ ਸਰੋਤ ਹੈ।  ਫਿਲਮ ਨੂੰ ਆਪਣੇ ਸ਼ਬਦਾਂ ਵਿਚ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਭਾਟੀਆ ਜੀ ਨੇ ਇਕੱਕ ਲਿਖਤ ਵੀ ਲਿਖੀ। ਉਮਰ ਮੁਖਤਾਰ ਬਾਰੇ ਸਾਥੀ ਭਾਟੀਆ ਦਾ ਇਹ ਲੇਖ ਪੜ੍ਹ ਕੇ ਦੇਖੋ। ਜ਼ਿਕਰਯੋਗ ਹੈ ਕਿ 16 ਸਤੰਬਰ ਨੂੰ  ਲਿਬੀਆ ਦੇ ਇਸ ਮਹਾਨ ਹੀਰੋ ਦਾ  ਸ਼ਹੀਦੀ ਦਿਨ ਵੀ ਹੈ। ਉਹ ਸ਼ਹੀਦੀ ਜਿਸ ਨੂੰ ਦੁਸ਼ਮਣ ਫੌਜਾਂ ਦੇ ਜਰਨੈਲ ਨੇ ਵੀ ਸਲਾਮ ਕੀਤਾ ਸੀ। -ਰੈਕਟਰ ਕਥੂਰੀਆ 

ਇਟਲੀ ਦੇ ਫਾਸ਼ੀਵਾਦ ਵਿਰੁੱਧ  ਆਪਣੇ ਦੇਸ਼ ਲਈ 20 ਸਾਲ  ਤੱਕ ਲੜਨ ਵਾਲੇ ਜੁਝਾਰੂ ਦੇ ਆਖ਼ਰੀ ਲਫ਼ਜ਼ ਸਨ।"ਮੇਰੀ ਉਮਰ ਮੈਨੂੰ ਫਾਂਸੀ ਦੇਣ ਵਾਲੇ ਤੋਂ ਲੰਬੀ ਹੋਵੇਗੀ। ਮੇਰੇ ਤੋਂ ਅਗਲੀ ਪੀੜ੍ਹੀ ਅਤੇ ਉਸ ਤੋਂ ਅਗਲੀਆਂ ਪੀੜ੍ਹੀਆਂ ਇਸ ਸੰਘਰਸ਼ ਨੂੰ ਜਾਰੀ ਰੱਖਣਗੀਆਂ"। ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ     

ਓਮਰ ਅਲ-ਮੁਖਤਾਰ ਮੁਹੰਮਦ ਬਿਨ ਫਰਹਾਤ ਅਲ-ਮਨੀਫੀ ਨੇ ਇਹ ਸ਼ਬਦ ਕਹੇ ਜਿਸ ਨੂੰ ਮਾਰੂਥਲ ਦਾ ਸ਼ੇਰ ਕਿਹਾ ਜਾਂਦਾ ਹੈ। ਉਹ ਲੀਬੀਆ ਤੇ ਇਤਾਲਵੀ ਬਸਤੀਵਾਦ ਦੇ ਵਿਰੁੱਧ, ਸੇਨੁਸਿਸਟ ਦੇ ਵਿਰੁੱਧ ਲੜ ਰਹੇ ਸਾਈਰੇਨਿਕਾ  ਦਾ ਆਗੂ ਸੀ।
ਓਮਰ- ਮੁਖਤਾਰ ਦਾ ਜਨਮ 20 ਅਗਸਤ 1858, ਨੂੰ  ਹੋਇਆ। ਓਮਰ ਅਲ-ਮੁਖਤਾਰ  ਨੇ ਸੀਰੀਨੇਕਾ ਵਿੱਚ ਬਸਤੀਵਾਦੀ ਵਿਰੋਧੀ ਜੰਗ ਦੀ 1911 ਤੋਂ 1931 ਤੱਕ ਅਗਵਾਈ ਕੀਤੀ। ਉਹ  ਲੀਬੀਆ ਦਾ ਰਾਸ਼ਟਰੀ ਨਾਇਕ ਅਤੇ ਪ੍ਰਬੰਧਕੀ ਅਤੇ ਫੌਜੀ ਕਾਰਜਾਂ ਵਾਲੀ ਇੱਕ ਧਾਰਮਿਕ ਸੰਸਥਾ ਸੇਨੁਸੀ ਦਾ ਮੈਂਬਰ ਸੀ। 
ਓਮਰ ਅਲ-ਮੁਖਤਾਰ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ। ਜੀਵਨ ਦੇ ਆਖਰੀ ਦਹਾਕੇ ਤੱਕ ਉਹ ਸੀਰੀਨੇਕਾ ਵਿੱਚ ਸੇਨੁਸਿਸਟ ਵਿਰੋਧ ਦਾ ਨਿਰਵਿਵਾਦ ਨੇਤਾ ਬਣ ਗਿਆ ਸੀ।  ਉਸਨੇ ਇੱਕ ਸੇਨੁਸਿਸਟ ਜ਼ਾਵੀਆ ਵਿੱਚ ਪੜ੍ਹਾਇਆ । ਪਰ ਪਹਿਲੇ ਵਿਸ਼ਵ ਯੁੱਧ ਦੌਰਾਨ ਇਟਾਲੀਅਨਾਂ ਅਤੇ ਸਹਿਯੋਗੀਆਂ ਦੇ ਵਿਰੁੱਧ ਫੌਜੀ ਕਾਰਵਾਈਆਂ ਵਿੱਚ ਵੀ ਹਿੱਸਾ ਲਿਆ।
ਜਦੋਂ 1923 ਦੀ ਬਸੰਤ ਵਿੱਚ ਇਟਾਲੀਅਨਾਂ ਨੇ ਖੁੱਲ੍ਹੇਆਮ ਸੇਨੁਸੀ ਉੱਤੇ ਹਮਲਾ ਕੀਤਾ (ਅਪਰੈਲ ਦੇ ਅੰਤ ਵਿੱਚ ਮੌਜੂਦਾ ਸਮਝੌਤਿਆਂ ਦੀ ਉਲੰਘਣਾ ਕਰਦੇ ਹੋਏ ) ਓਮਰ ਵਿਰੋਧ ਨੂੰ ਸੰਗਠਿਤ ਕਰਨ ਅਤੇ ਤਾਲਮੇਲ ਕਰਨ ਵਿੱਚ ਸਭ ਤੋਂ ਯੋਗ ਅਤੇ ਸਰਗਰਮ ਸ਼ਖਸੀਅਤਾਂ ਵਿੱਚੋਂ ਇੱਕ ਸੀ। ਸੇਨੁਸੀ ਦੇ ਨੁਮਾਇੰਦੇ ਵਜੋਂ ਆਪਣੀ ਹੈਸੀਅਤ ਵਿੱਚ ਉਸਨੇ ਗੁਰੀਲਾ ਫੌਜਾਂ ਦੀ ਕਮਾਨ ਸੰਭਾਲ ਲਈ ਸੀ ਜੋ ਅਕਸਰ ਨਿਯਮਤ ਇਤਾਲਵੀ ਫੌਜਾਂ ਨੂੰ ਹੈਰਾਨ ਕਰਦੇ ਅਤੇ ਉਲਝਾ ਦਿੰਦੇ ਸਨ।

ਇਤਾਲਵੀ ਗਵਰਨਰ ਮੋਮਬੇਲੀ 1924 ਵਿੱਚ ਗੇਬਲ ਅਖਦਰ ਦੇ ਪਹਾੜੀ ਖੇਤਰ ਵਿੱਚ ਇੱਕ ਗੁਰੀਲਾ ਵਿਰੋਧੀ  ਫੋਰਸ ਨੂੰ ਸਰਗਰਮ ਕਰਨ ਵਿੱਚ ਸਫਲ ਹੋ ਗਿਆ ਜਿਸਨੇ ਅਪ੍ਰੈਲ 1925 ਵਿੱਚ ਬਾਗੀਆਂ ਨੂੰ ਸਖ਼ਤ ਹਾਰ ਦਿੱਤੀ। ਓਮਰ ਨੇ ਆਪਣੇ ਦਾਅ ਪੇਚ ਬਦਲੇ ਅਤੇ  ਮਿਸਰ ਤੋਂ ਲਗਾਤਾਰ ਮਦਦ ਲਈ।

ਮਾਰਚ 1927 ਵਿੱਚ  ਤਤਕਾਲੀ ਗਵਰਨਰ ਤੇਰੁਜ਼ੀ ਦੇ ਅਧੀਨ ਮੁੜ ਜ਼ੁਲਮ  ਹੋਣ ਦੇ ਬਾਵਜੂਦ, ਓਮਰ ਨੇ ਰਹੀਬਾ ਵਿਖੇ ਇੱਕ ਇਤਾਲਵੀ ਫੌਜੀ ਬਲ ਨੂੰ ਸ਼ਿਕਸ਼ਤ ਦੇ ਕੇ ਹੈਰਾਨ ਕਰ ਦਿੱਤਾ। ਗੇਬਲ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਾਤਾਰ ਝੜਪਾਂ ਤੋਂ ਬਾਅਦ, ਓਮਰ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਗਿਆ। 1927 ਅਤੇ 1928 ਦੇ ਵਿਚਕਾਰ ਓਮਰ ਨੇ ਸੇਨੁਸਾਈਟ ਫੌਜਾਂ ਨੂੰ ਪੂਰੀ ਤਰ੍ਹਾਂ ਪੁਨਰਗਠਿਤ ਕੀਤਾ, ਜਿਨ੍ਹਾਂ ਦਾ ਇਟਾਲੀਅਨਾਂ ਦੁਆਰਾ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਸੀ। ਇੱਥੋਂ ਤੱਕ ਕਿ ਜਨਰਲ ਤੇਰੂਜ਼ੀ ਨੇ ਓਮਰ ਦੇ "ਬੇਮਿਸਾਲ ਲਗਨ ਅਤੇ ਮਜ਼ਬੂਤ ​​ਇੱਛਾ ਸ਼ਕਤੀ" ਦੇ ਗੁਣਾਂ ਨੂੰ ਮਾਨਤਾ ਦਿੱਤੀ।

ਲੀਬੀਆ ਦਾ ਨਵਾਂ ਗਵਰਨਰ ਪੀਟਰੋ ਬਡੋਗਲਿਓ (ਜਨਵਰੀ 1929), ਵਿਆਪਕ ਗੱਲਬਾਤ ਤੋਂ ਬਾਅਦ ਓਮਰ ਨਾਲ ਪਿਛਲੇ ਇਟਾਲੋ-ਸੇਨੁਸਾਈਟ ਸਮਝੌਤੇ ਵਾਂਗ ਸਮਝੌਤਾ ਕਰਨ ਵਿੱਚ ਸਫਲ ਹੋ ਗਿਆ। 
ਅਕਤੂਬਰ 1929 ਦੇ ਅੰਤ ਵਿੱਚ ਓਮਰ ਨੇ ਸਮਝੌਤਾ ਤੋੜ ਦਿੱਤਾ  ਅਤੇ ਮਾਰਚ 1930 ਤੋਂ ਫੌਜੀ ਕਮਾਂਡਰ ਜਨਰਲ ਰੋਡੋਲਫੋ ਗ੍ਰਾਜ਼ੀਆਨੀ ਦੇ ਨਾਲ ਅੰਤਮ ਟਕਰਾਅ ਲਈ ਆਪਣੇ ਆਪ ਨੂੰ ਤਿਆਰ ਕਰਦੇ ਹੋਏ, ਲੀਬੀਆ ਦੀਆਂ ਫੌਜਾਂ ਵਿੱਚ ਜੰਗ ਦੀ ਤਿਆਰੀ ਲਈ ਏਕਤਾ ਨੂੰ ਮੁੜ ਸਥਾਪਿਤ ਕੀਤਾ। ਜੂਨ ਵਿਚ ਓਮਰ ਦੇ ਖ਼ਿਲਾਫ਼ ਅਸਫ਼ਲ ਰਹਿਣ ਤੋਂ ਬਾਅਦ  ਗ੍ਰੇਜ਼ੀਆਨੀ ਨੇ ਇੱਕ ਮਜ਼ਬੂਤ ​​ਯੋਜਨਾ ਬਣਾ ਕੇ ਸ਼ੁਰੂ ਕੀਤੀ। ਯੋਜਨਾ ਗੇਬਲ ਦੀ ਆਬਾਦੀ ( ਜੋ ਲਗਭਗ 100,000 ਸੀ) ਨੂੰ ਤੱਟ 'ਤੇ ਨਜ਼ਰਬੰਦੀ ਕੈਂਪਾਂ ਵਿੱਚ ਤਬਦੀਲ ਕਰਨ ਅਤੇ  ਤੱਟ ਤੋਂ ਮਿਸਰ ਦੀ ਸਰਹੱਦ ਨੂੰ ਬੰਦ ਕਰਨ ਦੀ ਸੀ, ਇਸ ਤਰ੍ਹਾਂ ਲੜਾਕਿਆਂ ਨੂੰ ਕਿਸੇ ਵੀ ਵਿਦੇਸ਼ੀ ਮਦਦ ਨੂੰ ਰੋਕਣਾ ਅਤੇ ਆਬਾਦੀ ਦੀ ਏਕਤਾ ਨੂੰ ਤੋੜਨਾ ਸੀ।
1931 ਦੇ ਸ਼ੁਰੂਆਤ ਤੋਂ ਗ੍ਰਾਜ਼ੀਆਨੀ ਦੁਆਰਾ ਚੁੱਕੇ ਗਏ ਕਦਮਾਂ ਨੇ ਸੇਨੁਸਿਸਟ ਦੇ  ਵਿਰੁੱਧ  ਆਪਣਾ ਪ੍ਰਭਾਵ ਪਾਇਆ। ਬਾਗੀਆਂ ਨੂੰ ਮਦਦ ਅਤੇ ਮਜ਼ਬੂਤੀ ਤੋਂ ਵਾਂਝੇ ਰੱਖਿਆ ਗਿਆ ਸੀ, ਜਾਸੂਸੀ ਕੀਤੀ ਗਈ ਸੀ, ਇਤਾਲਵੀ ਹਵਾਈ  ਜਹਾਜ਼ਾਂ ਦੁਆਰਾ ਮਾਰਿਆ ਗਿਆ ਸੀ ਅਤੇ ਸਥਾਨਕ ਮੁਖਬਰਾਂ ਦੁਆਰਾ ਸਹਾਇਤਾ ਪ੍ਰਾਪਤ ਇਤਾਲਵੀ ਫੌਜਾਂ ਦੁਆਰਾ ਪਿੱਛਾ ਕੀਤਾ ਗਿਆ ਸੀ। ਔਕੜਾਂ ਅਤੇ ਵਧਦੇ ਜੋਖਮਾਂ ਦੇ ਬਾਵਜੂਦ, ਓਮਰ ਨੇ ਹਿੰਮਤ ਨਾਲ ਲੜਾਈ ਜਾਰੀ ਰੱਖੀ, ਪਰ 11 ਸਤੰਬਰ, 1931 ਨੂੰ ਜ਼ੋਂਟਾ ਦੇ ਨੇੜੇ ਉਸ 'ਤੇ ਹਮਲਾ ਕੀਤਾ ਅਤੇ ਬੰਦੀ ਬਣਾ ਲਿਆ ਗਿਆ। ਮਾਣ ਅਤੇ ਸ਼ਾਂਤੀ ਨਾਲ ਉਸਨੇ ਤੁਰੰਤ ਸਥਿਤੀ ਦਾ ਸਾਮ੍ਹਣਾ ਕੀਤਾ ਅਤੇ ਆਪਣੀ ਮੌਤ ਦੀ ਸਜ਼ਾ ਨੂੰ ਇਹਨਾਂ ਸ਼ਬਦਾਂ ਨਾਲ ਸਵੀਕਾਰ ਕੀਤਾ: "ਅਸੀਂ ਪਰਮੇਸ਼ੁਰ ਤੋਂ ਆਏ ਹਾਂ ਅਤੇ ਸਾਨੂੰ ਪਰਮੇਸ਼ੁਰ ਵੱਲ ਵਾਪਸ ਜਾਣਾ ਚਾਹੀਦਾ ਹੈ।" 16 ਸਤੰਬਰ ਨੂੰ ਸੋਲੂਕ ਦੇ ਤਸ਼ੱਦਦ ਕੈਂਪ ਵਿਚ ਇਸ ਲੜਾਕੂ ਦੀ ਫਾਂਸੀ- ਨੇ ਅਰਬ ਸੰਸਾਰ ਵਿਚ ਬਹੁਤ ਗੁੱਸਾ ਪੈਦਾ ਕੀਤਾ।

ਓਮਰ ਦੇ  ਵਿਰੋਧੀ ਜਨਰਲ ਗ੍ਰਾਜ਼ੀਆਨੀ ਨੇ ਉਸ ਬਾਰੇ ਕਿਹਾ ਸੀ: "ਮੱਧਮ ਕੱਦ ਵਾਲਾ, ਪਤਲਾ, ਚਿੱਟੇ ਵਾਲ, ਦਾੜ੍ਹੀ ਅਤੇ ਮੁੱਛਾਂ ਵਾਲਾ  ਉਮਰ ਇੱਕ ਤੇਜ਼ ਅਤੇ ਜੀਵੰਤ ਬੁੱਧੀ ਨਾਲ ਨਿਵਾਜਿਆ, ਗਿਆਨਵਾਨ , ਧਾਰਮਿਕ ਮਾਮਲਿਆਂ ਵਿੱਚ,  ਇੱਕ ਊਰਜਾਵਾਨ ਅਤੇ ਉਤਸ਼ਾਹੀ ਚਰਿੱਤਰ ਵਾਲਾ , ਨਿਰਸੁਆਰਥ, ਸਮਝੌਤਾਹੀਨ ਅਤੇ ਮਹੱਤਵਪੂਰਨ ਸੇਨੁਸਿਸਟ ਸ਼ਖਸੀਅਤ ਸੀ।" 
ਲੇਖਕ ਏ. ਡੇਲ ਬੋਕਾ ਨੇ ਉਸ ਬਾਰੇ ਕਿਹਾ ਹੈ "ਓਮਰ ਨਾ ਸਿਰਫ ਧਾਰਮਿਕ ਵਿਸ਼ਵਾਸ ਦੀ ਇੱਕ ਉਦਾਹਰਣ ਹੈ, ਇੱਕ ਹੰਢਿਆ ਹੋਇਆ ਲੜਾਕੂ ਹੈ, ਬਲਕਿ ਉਸ ਸੰਪੂਰਣ ਫੌਜੀ-ਰਾਜਨੀਤਿਕ ਸੰਗਠਨ ਦਾ ਨਿਰਮਾਤਾ ਵੀ ਹੈ, ਜਿਸ ਨੇ ਦਸ ਸਾਲਾਂ ਤੱਕ ਚਾਰ ਗਵਰਨਰਾਂ  ਦੀ ਅਗਵਾਈ ਵਿੱਚ ਕੰਮ ਕਰ ਰਹੀਆਂ  ਫੌਜਾਂ ਦਾ ਮੁਕਾਬਲਾ ਕੀਤਾ ।" ਇਹ ਮੁਕਾਬਲਾ ਹਰ ਵਾਰ ਬਹਾਦਰੀ ਅਤੇ ਹਿੰਮਤ ਦੇ ਨਵੇਂ ਇਤਿਹਾਸ ਸਿਰਜਦਾ ਰਿਹਾ। ਇਹਨਾਂ ਮੁਕਾਬਲਿਆਂ ਨੇ ਅਸੂਲੀ ਜੰਗ ਦੇ ਮਾਮਲਿਆਂ ਵਿਚ ਇੱਕ ਨਵਾਂ ਇਤਿਹਾਸ ਰਚਿਆ। ਇਹ ਸ਼ਾਇਦ ਅਸਲੀ ਜੇਹਾਦ ਹੀ ਸੀ। ਇੱਕ ਪਾਸੇ ਆਧੁਨਿਕ ਹਥਿਆਰ, ਵੱਡੇ ਵੱਡੇ ਟੈਂਕ, ਵੱਡੀਆਂ ਵੱਡੀਆਂ ਬਖਤਰਬੰਦ ਗੱਡੀਆਂ, ਸੈਂਕੜੇ ਗੋਲੀਆਂ ਉਗਲਦੀਆਂ ਮਸ਼ੀਨ ਗੰਨਾਂ, ਟਿੱਡੀ ਦਲ ਵਾਂਗ ਛਾਈ ਹੋਈ ਦੁਸ਼ਮਣ ਦੀ ਫੌਜ ਅਤੇ ਦੂਜੇ ਪਾਸੇ ਸਿਰਫ ਲੋਕਾਂ ਦੇ ਲਈ ਲੜਨ ਦਾ ਪਾਕ ਪਵਿੱਤਰ ਜਜ਼ਬਾ, ਲੜੋ ਜਾਂ ਮਰੋ ਦਾ ਜਨੂੰਨ, ਗਿਣਤੀ ਦੇ ਜਾਂਬਾਜ਼ ਸਿਪਾਹੀ ਅਤੇ ਗਿਣਿਆ ਚੁਣਿਆ ਗੋਲੀ ਸਿੱਕਾ। ਇਸਦੇ ਬਾਵਜੂਦ ਬਹਾਦਰ ਵਿਚ ਕੋਈ ਕਸਰ ਨਹੀਂ। ਏਨੀ ਜ਼ਬਰਦਸਤ ਟੱਕਰ ਕਿ ਦੁਨੀਆ ਹੈਰਾਨ ਰਹਿ ਗਈ। 
ਲੇਖਕ ਐਮ ਐਸ ਭਾਟੀਆ 
ਉਮਰ ਮੁਖਤਾਰ ਬਾਰੇ ਬਣੀ ਫਿਲਮ ਵਿੱਚ ਜਦੋਂ ਅਖੀਰ ਵਿਚ ਉਮਰ ਮੁਖਤਾਰ ਨੂੰ ਫਾਂਸੀ ਦਿੱਤੀ ਜਾਣ ਲੱਗਦੀ ਹੈ ਤਾਂ ਉਹ ਬਹਾਦਰ ਯੋਧਾ ਉਮਰ ਮੁਖਤਾਰ ਫਾਂਸੀ ਦੇ ਤਖਤੇ ਤੇ ਖੜੋ ਕੇ ਵੀ ਆਬ-ਏ-ਹੈਯਾਤ ਦਾ ਪਿਆਲਾ ਪੀਂਦਾ ਮਹਿਸੂਸ ਹੁੰਦਾ ਹੈ ,ਚਿਹਰੇ 'ਤੇ ਕੋਈ ਸ਼ਿਕਨ ਤੱਕ ਵੀ ਨਹੀਂ। ਸਿਰਫ ਆਪਣੀ ਐਨਕ ਲਾਹ ਕਾ ਆਪਣੇ ਹੱਥਾਂ ਵਿੱਚ ਫੜ ਲੈਂਦਾ ਹੈ। ਉਹ ਹੱਥ ਛੇਤੀ ਹੀ ਪਿਛੇ ਬੰਨ ਹਨ। ਫਾਂਸੀ ਵਾਲਾ ਤਖਤ ਡਿੱਗਦਿਆਂ ਹੀ ਸ਼ਹਾਦਤ ਦਾ ਜਾਮ ਗਟਾਗਟ ਪੀ ਲਿਆ ਜਾਂਦਾ ਹੈ। ਉਹ ਐਨਕ ਹੇਠਾਂ ਡਿੱਗ ਪੈਂਦੀ ਹੈ ਫਾਂਸੀ ਵਾਲੇ ਪਲੇਟਫਾਰਮ 'ਤੇ। ਜਦੋਂ ਸੋਗਵਾਰ ਭੀੜ ਉਸ ਮ੍ਰਿਤਕ ਦੇਹ ਨੂੰ ਲਿਜਾ ਰਹੀ ਗੱਡੀ ਦੇ ਮਗਰ ਮਗਰ ਤੁਰਦੀ ਹੈ ਤਾਂ ਉਸ ਵਿਚ ਔਰਤਾਂ ਵੀ ਹਨ ਅਤੇ ਬੱਚੇ ਵੀ। ਇੱਕ ਬੱਚ ਫਟਾਫਟ ਫਾਂਸੀ ਵਾਲੇ ਪਲੇਟਫਾਰਮ 'ਤੇ ਜਾ ਕੇ ਉਹ ਐਨਕ ਚੁੱਕ ਲੈਂਦਾ ਹੈ ਅਤੇ ਵਾਪਿਸ ਦੌੜਾ ਪੈਂਦਾ ਹੈ। ਇਹ ਦੇਖ ਕੇ ਉਸ ਬਹਾਦਰ ਬੱਚੇ ਦੀ ਮਾਂ ਉਸ ਬੱਚੇ ਨੂੰ ਕੱਸ ਕੇ ਗੱਲ ਨਾਲ ਲੈ ਲੈਂਦੀ ਹੈ। ਮਹਿਸੂਸ ਹੁੰਦਾ ਹੈ ਉਮਰ ਮੁਖਤਾਰ ਇਸ ਨਵੀਂ ਜਨਰੇਸ਼ਨ ਵਿੱਚ ਆ ਕੇ ਫਿਰ ਜ਼ਿੰਦਾ ਹੋ ਗਿਆ ਹੈ। ਯਾਦ ਆਉਂਦੀਆਂ ਹਨ ਉਹ ਸਤਰਾਂ 
ਸ਼ਹੀਦ ਕੀ ਜੋ ਮੌਤ ਹੈ--ਵੋਹ ਕੌਮ ਕੀ ਹਯਾਤ ਹੈ
ਪੀੜ੍ਹੀ ਦਰ ਪੀੜ੍ਹੀ ਜਨਮ ਲੈਂਦਾ ਆ ਰਿਹਾ ਉਮਰ ਮੁਖਤਾਰ ਅੱਜ ਵੀ ਸਾਡੇ ਦਰਮਿਆਨ ਮੌਜੂਦ ਹੈ। ਸਾਡੇ ਆਲੇ ਦੁਆਲੇ ਹੈ। ਸਾਡੇ ਨੇੜੇ ਤੇੜੇ ਹੈ। ਫਿਰ ਵੀ ਪਛਾਣ ਤਾਂ ਆਪਾਂ ਹੀ ਕਰਨੀ ਹੈ ਕੌਣ ਹੈ ਅੱਜ ਦਾ ਉਮਰ ਮੁਖਤਾਰ? ਕਿਸ ਕਿਸ ਰੂਪ ਵਿੱਚ ਹੈ? ਕਿੱਥੇ ਕਿੱਥੇ ਲੜ ਰਿਹਾ ਹੈ ਜੰਗ? ਫਾਸ਼ੀਵਾਦ ਦੇ ਖਿਲਾਫ ਜੰਗ ਅੱਜ ਵੀ ਜਾਰੀ ਹੈ। ਅੰਤਿਮ ਜਿੱਤ ਤੱਕ ਜਾਰੀ ਵੀ ਰਹਿਣੀ ਹੈ। 
ਓਮਰ ਦੀ ਯਾਦ ਹਮੇਸ਼ਾਂ ਹੱਕ ਹਲਾਲ ਦੀ ਗੱਲ ਕਰਨ ਵਾਲਿਆਂ ਦੇ ਦਿਲਾਂ ਵਿਚ ਵਿੱਚ ਨਾਇਕ ਬਣ ਕੇ ਜ਼ਿੰਦਾ ਰਹੇਗੀ। ਲੋਕਾਂ ਅਤੇ ਖਾਸ ਕਰ ਕੇ ਕਿਰਤੀਆਂ ਦੇ ਖਿਲਾਫ ਦਮਨ ਚੱਕਰ ਚਲਾਉਣ ਵਾਲਿਆਂ ਦੇ ਦਿਲਾਂ ਵਿਚ ਖੌਫ ਬਣ ਕੇ ਛਾਈ ਰਹੇਗੀ। ਉਹ ਭਾਵੇਂ ਅਰਬ ਅਤੇ ਇਸਲਾਮਿਕ ਸੰਸਾਰ ਵਿੱਚ ਉਹ ਜਾਂਬਾਜੀ ਦਾ ਪ੍ਰਤੀਕ ਹੈ ਤਾਂ ਇਹ ਪ੍ਰਤੀਕ ਅੱਜ ਸਾਰੀ ਦੁਨੀਆ ਵਿੱਚ ਹਰਮਨ ਪਿਆਰਾ ਹੈ। ਸੁਤੰਤਰ ਅਤੇ ਕ੍ਰਾਂਤੀਕਾਰੀ ਲੀਬੀਆ ਨੇ ਉਸਨੂੰ ਆਪਣਾ ਰਾਸ਼ਟਰੀ ਨਾਇਕ ਐਲਾਨਿਆ ਅਸਲ ਵਿੱਚ ਉਹ ਉਹਨਾਂ ਸਾਰਿਆਂ ਦੇ ਨਾਇਕ ਹੈ ਜਿਹੜੇ ਹੁਣ ਵੀ ਕਹਿੰਦੇ ਹਨ-ਅਸੀਂ ਲੜਾਂਗੇ ਸਾਥੀ।ਆਓ ਚੇਤੇ ਕਰੀਏ ਪਾਸ਼ ਦੀਆਂ ਉਹੀ ਸਤਰਾਂ---ਅੱਜ ਵੀ ਉਹ ਸਤਰਾਂ ਪ੍ਰਸੰਗਿਕ ਹਨ ਅਤੇ ਉਮਰ ਮੁਖਤਾਰ ਦੀ ਯਾਦ ਦੁਆਉਂਦੀਆਂ ਹਨ।  ਸਾਨੂੰ ਸਭਨਾਂ ਨੂੰ ਲੋੜ ਹੈ ਅੱਜ ਵੀ ਉਮਰ ਮੁਖਤਾਰ ਵਰਗੇ ਲੀਡਰਾਂ ਦੀ। ਉਹੋ ਜਿਹੇ ਜਜ਼ਬੇ ਦੀ। ਉਹੋ ਜਿਹੀ ਹਿੰਮਤ ਦੀ। ਅੱਜ ਫਿਰ ਆਖਣਾ ਹੀ ਪਏਗਾ: ਅਸੀਂ ਲੜਾਂਗੇ ਸਾਥੀ!

ਅਸੀਂ ਲੜਾਂਗੇ ਜਦ ਤੱਕ
ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ....

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ

ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ....

ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲਦਾ

ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ

ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ

ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ.... 

ਮਨਿੰਦਰ ਭਾਟੀਆ  :9988491002


ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: