12th September 2022 at 1:44 PM | |
ਮਜ਼ਦੂਰ ਨੌਜਵਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਇਹ ਖਾਸ ਮੀਟਿੰਗ
ਲੁਧਿਆਣਾ: 12 ਸਤੰਬਰ 2022: (ਪੰਜਾਬ ਸਕਰੀਨ ਬਿਊਰੋ)::
ਲੁਧਿਆਣੇ ਦੀਆਂ ਮਜ਼ਦੂਰ-ਨੌਜਵਾਨ ਜਥੇਬੰਦੀਆਂ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ 115ਵੇਂ ਜਨਮਦਿਨ ਸਬੰਧੀ ਮੀਟਿੰਗ ਕੀਤੀ ਗਈ ਅਤੇ ਸ਼ਹੀਦਾਂ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਲਈ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ ਜਿਸ ਦੇ ਤਹਿਤ ਲੁਧਿਆਣੇ ਦੇ ਨਾਲ ਲਗਦੇ ਪਿੰਡਾਂ ਅਤੇ ਸ਼ਹਿਰੀ ਮਜ਼ਦੂਰ ਆਬਾਦੀ ‘ਚ ਇਨਕਲਾਬੀ ਗੀਤਾਂ ਅਤੇ ਨਾਟਕਾਂ ਦੇ ਪ੍ਰੋਗਰਾਮ ਵੀ ਕੀਤੇ ਜਾਣਗੇ।
ਇਸ ਸੰਬੰਧੀ ਜਾਰੀ ਕੀਤੇ ਗਏ ਪ੍ਰੈਸਨੋਟ ਰਾਹੀਂ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਨੇ ਦੱਸਿਆ ਕਿ 28 ਸਤੰਬਰ ਸ਼ਹੀਦੇ ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਮਜ਼ਦੂਰ ਨੌਜਵਾਨ ਜਥੇਬੰਦੀਆਂ ਵੱਲੋਂ ਪ੍ਰਚਾਰ ਮੁਹਿੰਮ ਰਾਹੀਂ ਲੁਧਿਆਣੇ ਦੇ ਨਾਲ਼ ਲਗਦੇ ਪਿੰਡਾਂ ਅਤੇ ਵੱਖ-ਵੱਖ ਮਜ਼ਦੂਰ ਵਿਹੜਿਆਂ, ਕਲੋਨੀਆਂ ਅਤੇ ਫੈਕਟਰੀ ਇਲਾਕਿਆਂ ਵਿੱਚ ਵਿਆਪਕ ਪੱਧਰ ਉੱਤੇ ਪਰਚਾ ਵੰਡਿਆ ਜਾਵੇਗਾ।
ਉਹਨਾਂ ਕਿਹਾ ਕਿ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਲੋਕਾਂ ਨੂੰ ਇਨਕਲਾਬ ਦਾ ਸੁਨੇਹਾ ਨਾ ਦਿੱਤਾ ਗਿਆ ਤਾਂ ਗੋਰੇ ਅੰਗਰੇਜਾਂ ਦੇ ਜਾਣ ਤੋਂ ਬਾਅਦ ਇਹ ਦੇਸ਼ ਭਾਰਤੀ ਲੁਟੇਰਿਆਂ ਦੇ ਹੱਥ ਵਿੱਚ ਚਲਿਆ ਜਾਵੇਗਾ ਅਤੇ ਅਜਿਹਾ ਹੀ ਹੋਇਆ ਹੈ। ਅੱਜ ਵੀ ਲੋਕ ਵੋਟ-ਵਟੋਰੂ ਪਾਰਟੀਆਂ ਦੀ ਸਿਆਸਤ ਵਿੱਚ ਫਸੇ ਹੋਏ ਹਨ ਅਤੇ ਬਦਲਾਅ ਦੀ ਆਸ ਨਾਲ਼ ਲੀਡਰਾਂ ਦੇ ਮੂੰਹਾਂ ਵੱਲ ਤੱਕ ਰਹੇ ਹਨ। ਜਦਕਿ ਕੋਈ ਵੀ ਸਿਆਸੀ ਪਾਰਟੀ ਵੱਡੀ ਅਬਾਦੀ ਮਜ਼ਦੂਰਾਂ-ਕਿਰਤੀਆਂ ਦੇ ਮਸਲੇ ਨਹੀਂ ਚੁੱਕ ਰਹੀ।
ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਲਗਾਤਾਰ ਮਜ਼ਦੂਰਾਂ-ਮਿਹਨਤਕਸ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਹੱਕਾਂ ਅਧਿਕਾਰਾਂ ਤੇ ਕੱਟ ਲਗਾ ਰਹੀ ਹੈ। ਨਵੀਂ ਉਭਰੀ ਆਮ ਆਦਮੀ ਪਾਰਟੀ ਨੇ ਵੀ ਅਜੇ ਤੱਕ ਮਹਿੰਗਾਈ ਨੂੰ ਨੱਥ ਪਾਉਣ, ਮਜ਼ਦੂਰਾਂ ਦੇ ਤਨਖਾਹ ਵਾਧੇ, ਕਿਰਤ ਕਨੂੰਨਾਂ ਚ ਮਜ਼ਦੂਰਾਂ ਪੱਖੀ ਸੁਧਾਰ ਅਤੇ ਸਖ਼ਤੀ ਨਾਲ਼ ਲਾਗੂ ਕਰਵਾਉਣ ਅਤੇ ਬੇਰੋਜਗਾਰਾਂ ਲਈ ਰੋਜ਼ਗਾਰ ਸਬੰਧੀ ਕੋਈ ਠੋਸ ਯੋਜਨਾ ਲੋਕਾਂ ਸਾਹਮਣੇ ਨਹੀਂ ਰੱਖੀ। ਬਾਕੀ ਪਾਰਟੀਆਂ ਵਾਂਗ ਇਹ ਵੀ ਸਰਮਾਏਦਾਰਾਂ ਦੀ ਚਾਕਰੀ ਕਰ ਰਹੀ ਹੈ ਅਤੇ ਇਸ ਸਬੰਧੀ ਲੋਕਾਂ ਦਾ ਭਰਮ ਜਲਦੀ ਦੂਰ ਹੋ ਜਾਵੇਗਾ।
ਉਹਨਾਂ ਕਿਹਾ ਕਿ ਬਦਲਾਅ ਦਾ ਇੱਕੋ ਇੱਕ ਰਾਹ ਸ਼ਹੀਦਾਂ ਦਾ ਦੱਸਿਆ ਇਨਕਲਾਬ ਦਾ ਰਾਹ ਹੈ। ਅੱਜ ਭਗਤ ਸਿੰਘ ਦੇ ਕਹੇ ਅਨੁਸਾਰ ਕਿਰਤੀਆਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਲਈ ਲੋਕਾਂ ਤੱਕ ਇਨਕਲਾਬ ਦਾ ਸੁਨੇਹਾ ਲੈਜਾਣ ਦੀ ਲੋੜ ਹੈ ਤਾਂ ਕਿ ਸਹੀ ਅਰਥਾਂ ਵਿੱਚ ਉਹਨਾਂ ਦੇ ਸੁਪਨਿਆਂ ਦਾ ਸੰਸਾਰ ਸਿਰਜਿਆ ਜਾ ਸਕੇ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment