Saturday 26th August 2022 at 05:19
ਮਾਮਲਾ ਜੱਥੇ. ਰਣਜੀਤ ਸਿੰਘ ਗਹੌਰ ਤੇ ਡਾ.ਗੁਰਵਿੰਦਰ ਸਿੰਘ ਸਮਰਾ ਦਰਮਿਆਨ ਚੱਲ ਰਹੇ ਵਿਵਾਦ ਦਾ
ਜਾਂਚ ਕਮੇਟੀ 'ਚ ਬਤੌਰ ਮੈਂਬਰ ਵੱਜੋਂ ਸ਼ਾਮਲ ਕਰਨ ਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇ. ਰਘਬੀਰ ਸਿੰਘ ਨੇ ਆਪਣੀ ਅਗਿਆਨਤਾ ਪ੍ਰਗਟਾਈ
ਅਵਤਾਰ ਸਿੰਘ ਹਿੱਤ ਨੇ ਤਖ਼ਤ ਸਾਹਿਬਾਨ ਦੀ ਸਰਬ ਉੱਚਤਾ,ਧਾਰਮਿਕ ਪ੍ਰਤੀਸ਼ਠਾ ਅਤੇ ਮਾਣ ਮਰਿਆਦਾ ਨੂੰ ਢਾਹ ਲਾਈ - ਗਿਆਨੀ ਰਘਬੀਰ ਸਿੰਘ
ਲੁਧਿਆਣਾ: 27 ਅਗਸਤ 2022: (ਆਰ.ਐਸ.ਖਾਲਸਾ//ਪੰਜਾਬ ਸਕਰੀਨ)::
ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਗਹੌਰ ਤੇ ਡਾ.ਗੁਰਵਿੰਦਰ ਸਿੰਘ ਸਮਰਾ ਦਰਮਿਆਨ ਤਖ਼ਤ ਸਾਹਿਬ ਨੂੰ ਭੇਟ ਕੀਤੀਆਂ ਗਈਆਂ ਬੇਸ਼ਕੀਮਤੀ ਵਸਤਾਂ ਦੇ ਮਾਮਲੇ ਵਿੱਚ ਹੋਈ ਵੱਡੀ ਧਾਂਦਲੀ ਨੂੰ ਲੈ ਕੇ ਦੋਹਾਂ ਦਰਮਿਆਨ ਚੱਲ ਰਹੇ ਆਪਸੀ ਵਾਦ ਵਿਵਾਦ ਨੂੰ ਹੱਲ ਕਰਵਾਉਣ ਅਤੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਵਾਉਣ ਲਈ ਪ੍ਰਬੰਧਕ ਕਮੇਟੀ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋ ਗਠਿਤ ਕੀਤੀ ਗਈ ਹਾਈ ਪਾਵਰ ਕਮੇਟੀ ਵਿੱਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਬਤੌਰ ਮੈਬਰ ਨਿਯੁਕਤ ਕਰਨ ਦੇ ਫੈਸਲੇ ਨੇ ਇੱਕ ਵਾਰ ਮੁੜ ਸਿੱਖ ਸਿਆਸਤ ਨੂੰ ਗਰਮਾ ਦਿੱਤਾ ਹੈ ਅਤੇ ਉਕਤ ਜਾਂਚ ਪੜਤਾਲ ਕਮੇਟੀ ਵਿੱਚ ਸ਼ਾਮਲ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਧੇ ਰੂਪ ਵਿੱਚ ਪ੍ਰਬੰਧਕ ਕਮੇਟੀ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੇ ਫੈਸਲੇ ਨੂੰ ਹਾਸੋਹੀਣਾ ਕਰਾਰ ਦਿੱਤਾ।ਅੱਜ ਉਕਤ ਮੁੱਦੇ ਸਬੰਧੀ ਲੁਧਿਆਣਾ ਵਿਖੇ ਕੁੱਝ ਚੌਣਵੇ ਪੱਤਰਕਾਰਾਂ ਦੇ ਸਾਹਮਣੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਜੱਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ,ਕਿਉ ਕਿ ਨਾਂਹ ਤਾਂ ਉਨ੍ਹਾਂ ਨੂੰ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਕੋਈ ਲਿਖਤੀ ਪੱਤਰ ਮਿਲਿਆ ਹੈ ਅਤੇ ਨਾਂਹ ਹੀ ਕੋਈ ਸ਼ੰਦੇਸ਼(ਫੋਨ ਰਾਹੀਂ) ਪ੍ਰਾਪਤ ਹੋਇਆ ਹੈ। ਜਦੋ ਪੱਤਰਕਾਰਾਂ ਵੱਲੋ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪ੍ਰਬੰਧਕ ਕਮੇਟੀ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋ ਮਿਤੀ 18/8/2022 ਨੂੰ ਆਪਣੇ ਦਸਤਖਤ ਹੇਠ ਜਾਰੀ ਕੀਤੇ ਪੱਤਰ ਦੀ ਕਾਪੀ ਨੂੰ ਦਿਖਾਈ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕੀ ਅਵਤਾਰ ਸਿੰਘ ਹਿੱਤ ਵੱਲੋ ਬਣਾਈ ਗਈ ਉਕਤ ਪੰਜ ਮੈਬਰੀ ਜਾਂਚ ਪੜਤਾਲ ਕਮੇਟੀ ਅੰਦਰ ਆਪ ਜੀ ਨੂੰ ਬਤੌਰ ਕਮੇਟੀ ਚੇਅਰਮੈਨ, ਕਨਵੀਨਰ ਬਣਾਉਣ ਦੀ ਥਾਂ ਇੱਕ ਆਮ ਮੈਬਰ ਦੇ ਰੂਪ ਵੱਜੋਂ ਨਿਯੁਕਤ ਕੀਤਾ ਗਿਆ ਹੈ ਤਾਂ ਇਸ ਸਬੰਧੀ ਉਨ੍ਹਾਂ ਨੇ ਆਪਣੀ ਹੈਰਾਨਗੀ ਪ੍ਰਗਟ ਕਰਦਿਆਂ ਸ਼ਪੱਸ਼ਟ ਰੂਪ ਵਿੱਚ ਕਿਹਾ ਕਿ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਸ ਆਧਾਰ ਤੇ ਪੰਥ ਦੇ ਪ੍ਰਮੁੱਖ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਸਭ ਕਮੇਟੀ (ਜਾਂਚ ਪੜਤਾਲ) ਦਾ ਮੈਂਬਰ ਨਿਯੁਕਤ ਕਰ ਸਕਦਾ ਹੈ ? ਜੋ ਕੀ ਸਿੱਧੇ ਰੂਪ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਮੇਤ ਬਾਕੀ ਦੇ ਸਮੂਹ ਤਖ਼ਤ ਸਾਹਿਬਾਨ ਦੀ ਸਰਬ ਉੱਚਤਾ ,ਧਾਰਮਿਕ ਪ੍ਰਤੀਸ਼ਠਾ ਅਤੇ ਮਾਣ ਮਰਿਆਦਾ ਨੂੰ ਢਾਹ ਲਗਾਉਣ ਵਾਲਾ ਫੈਸਲਾ ਹੈ। ਜਿਸ ਨੂੰ ਅਸੀਂ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਾਂਗੇ ਅਤੇ ਇਸ ਸਬੰਧੀ ਜਲਦੀ ਦੂਜੇ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਨਾਲ ਵਿਚਾਰਾਂ ਵਟਾਂਦਰਾ ਕੀਤਾ ਜਾਵੇਗਾ। ਹੁਣ ਦੇਖਣ ਵਾਲੀ ਗੱਲ ਹੈ ਕਿ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਉਕਤ ਮਾਮਲੇ ਪ੍ਰਤੀ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਪ੍ਰਤੀ ਕੀ ਦਲੇਰਾਨਾ ਫੈਸਲਾ ਲੈਦੇ ਹਨ?

No comments:
Post a Comment