7th July 2022 at 3:17 PM
ਵਾਤਾਵਰਨ ਪ੍ਰੇਮੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ
ਲੁਧਿਆਣਾ: 7 ਜੁਲਾਈ 2022: (ਪੰਜਾਬ ਸਕਰੀਨ ਡੈਸਕ)::
ਬੁੱਢੇ ਦਰਿਆ ਤੋਂ ਬੁੱਢਾ ਨਾਲ ਬਣ ਚੁੱਕੇ ਮੁਦੇ ਦਾ ਅਜੇ ਤੱਕ ਹੱਲ ਨਹੀਂ ਹੋਇਆ ਕਿਓਂਕਿ ਉਸ ਵਿਚ ਪ੍ਰਦੂਸ਼ਿਤ ਸਮਗਰੀ ਅਤੇ ਪਾਣੀ ਸੁੱਟਣ ਵਾਲੇ ਸਰਕਾਰਾਂ ਨੂੰ ਟਿੱਚ ਸਮਝਦੇ ਹਨ। ਅਜਿਹੇ ਮਾਹੌਲ ਦੇ ਬਾਵਜੂਦ ਹੁਣ ਸਤਲੁਜ ਦਰਿਆ ਨੂੰ ਨਵਾਂ ਬੁੱਢਾ ਨਾਲ ਬਣਾਉਣ ਦੀ ਸਾਜ਼ਿਸ਼ ਤੇਜ਼ੀ ਨਾਲ ਅੱਗੇ ਵਧਾਈ ਜਾ ਰਹੀ ਹੈ ਜਿਸਦੇ ਖਿਲਾਫ ਲੋਕ ਰੋਹ ਦਿਨੋਂਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਇਸ ਸਬੰਧੀ ਅਣਗਿਣਤ ਵਾਰ ਐਲਾਨ ਹੋਏ, ਦਾਅਵੇ ਹੋਏ, ਸੰਮੇਲਨ ਹੋਏ, ਫ਼ੰਡ ਇਕੱਤਰ ਹੋਏ ਪਰ ਪ੍ਰਦੂਸ਼ਣ ਨਹੀਂ ਹਟ ਸਕਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਹ ਬੁੱਢਾ ਡਾਰੀਆ ਅਜੇ ਵੀ ਪ੍ਰਦੂਸ਼ਿਤ ਹੈ ਪਾਰ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਜਿਹੜਾ ਨਤੀਜੇ ਦੇਵੇ।
ਇਸ ਸਬੰਧੀ ਭਗਵਾਨ ਮਾਨ ਸਰਕਾਰ ਦਾ ਰਵਈਆ ਵੀ ਸੁਆਲਾਂ ਦੇ ਘੇਰੇ ਵਿਚ ਆ ਗਿਆ ਹੈ। ਸੀਪੀਆਈ ਨੇ ਡਟ ਕੇ ਉਹਨਾਂ ਲੋਕਾਂ ਦੇ ਨਾਲ ਸਟੈਂਡ ਲਿਆ ਹੈ ਜਿਹੜੇ ਮੱਤੇਵਾੜਾ ਦੀ ਕੁਦਰਤੀ ਖੂਬਸੂਰਤੀ ਨੂੰ ਬਚਾਈ ਰੱਖਣਾ ਚਾਹੁੰਦੇ ਹਨ। ਸੀਪੀਆਈ ਦੇ ਆਗੂਆਂ ਨੇ ਇਸ ਸਬੰਧੀ ਸੰਘਰਸ਼ਸ਼ੀਲ ਲੋਕਾਂ ਨਾਲ ਆਪਣੀ ਇੱਕਜੁੱਟਤਾ ਪ੍ਰਗਟਾਈ ਹੈ।
ਮੱਤੇਵਾੜਾ ਦੇ ਜੰਗਲ ਵਿਚ ਟੈਕਸਟਾਈਲ ਹੱਬ ਬਨਾਉਣ ਦੀ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇੱਥੇ ਜਾਰੀ ਇਕ ਬਿਆਨ ਵਿਚ ਪਾਰਟੀ ਆਗੂਆਂ ਨੇ ਕਿਹਾ ਹੈ ਕਿ ਇਸ ਇਲਾਕੇ ਵਿਚ ਹੜ੍ਹ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ ।
ਇਸ ਲਈ ਇਥੇ ਇਹ ਪ੍ਰੋਜੈਕਟ ਬਹੁਤ ਹੀ ਘਾਤਕ ਸਿੱਧ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਵਾਤਾਵਰਨ ਦਾ ਨੁਕਸਾਨ ਹੋਵੇਗਾ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਆਗੂ ਇਸ ਪ੍ਰੋਜੈਕਟ ਦਾ ਵਿਰੋਧ ਕਰਦੇ ਰਹੇ ਹਨ ਅਤੇ ਲੋਕਾਂ ਤੋਂ ਵੋਟਾਂ ਇਸ ਵਿਸ਼ਵਾਸ ਨਾਲ ਲਈਆਂ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਉਹ ਇਸ ਪ੍ਰੋਜੈਕਟ ਨੂੰ ਨਹੀਂ ਲੱਗਣ ਦੇਣਗੇ।
ਇਸ ਇਲਾਕੇ ਦੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ । ਸਰਕਾਰ ਨੂੰ ਚਾਹੀਦਾ ਹੈ ਕਿ ਜੋ ਥਾਵਾਂ ਪਹਿਲਾਂ ਹੀ ਫੋਕਲ ਪੁਆਇੰਟ ਬਣਾਉਣ ਲਈ ਐਕਵਾਇਰ ਕੀਤੀਆਂ ਹੋਈਆਂ ਹਨ, ਉਥੇ ਇਹੋ ਜਿਹੇ ਪ੍ਰਾਜੈਕਟ ਲਾਏ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਹਿਲਾਂ ਜੰਗਲਾਂ ਹੇਠਲਾ ਰਕਬਾ ਪਹਿਲਾਂ ਹੀ ਬਹੁਤ ਘੱਟ ਹੈ।
ਵਾਤਾਵਰਣ ਦੇ ਸੰਤੁਲਨ ਲਈ 33% ਰਕਬਾ ਚਾਹੀਦਾ ਹੈ ਜਦੋਂ ਕਿ ਪੰਜਾਬ ਵਿੱਚ ਇਹ ਸਿਰਫ਼ ਚਾਰ ਪ੍ਰਤੀਸ਼ਤ ਤੋਂ ਵੀ ਘੱਟ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਵਿੱਚ ਇੰਡਸਟਰੀ ਲਗਾਉਣ ਦੇ ਹੱਕ ਵਿੱਚ ਹਨ ਪਰ ਇਹੋ ਜਿਹੀ ਇੰਡਸਟਰੀ ਜਿਸ ਨੇ ਪਾਣੀ ਨੂੰ ਪਲੀਤ ਕਰਨਾ ਹੈ ਅਤੇ ਵਾਤਾਵਰਨ ਦਾ ਘਾਣ ਕਰਨਾ ਹੈ, ਉਸਦੇ ਖਿਲਾਫ ਹਨ।
ਬੁੱਢੇ ਦਰਿਆ ਵਿਚ ਇੰਡਸਟਰੀ ਦੀ ਰਹਿੰਦ ਖੂੰਹਦ ਕਾਰਨ ਬਣੇ ਬੁੱਢੇ ਨਾਲੇ ਦਾ ਨਤੀਜਾ ਸਾਡੇ ਸਭ ਦੇ ਸਾਹਮਣੇ ਹੈ। ਇਹ ਨਾ ਸਿਰਫ ਲੁਧਿਆਣਾ ਅਤੇ ਇਸ ਦੇ ਨੇੜੇ ਦੇ ਇਲਾਕਿਆਂ ਵਿਚ ਕੈਂਸਰ ਫੈਲਾਅ ਰਿਹਾ ਹੈ ਸਗੋਂ ਇਹ ਪਾਣੀ ਜਾ ਕੇ ਸਤਲੁਜ ਵਿਚ ਮਿਲਦਾ ਹੈ ਤੇ ਬੜੀ ਦੂਰ ਤਕ ਘਾਤਕ ਬਿਮਾਰੀਆਂ ਲਿਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਤਲੁਜ ਦੇ ਨੇੜੇ ਹੋਣ ਕਰਕੇ ਇਸ ਇਲਾਕੇ ਵਿੱਚ ਸੈਰ ਸਪਾਟਾ ਇੰਡਸਟਰੀ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ। ਪਿੰਡਾਂ ਦੇ ਲੋਕਾਂ ਨੂੰ ਮਿਲਣ ਤੇ ਪਤਾ ਲੱਗਿਆ ਕਿ ਉਨ੍ਹਾਂ ਤੋਂ ਧੋਖੇ ਨਾਲ ਮਤੇ ਪਵਾਏ ਗਏ ਸਨ। ਬਾਅਦ ਵਿੱਚ ਪਿੰਡ ਵਾਲਿਆਂ ਨੇ ਗ੍ਰਾਮ ਸਭਾ ਬੁਲਾ ਕੇ ਉਸ ਮਤੇ ਨੂੰ ਰੱਦ ਕਰ ਦਿੱਤਾ ਹੈ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਪਾਰਟੀ ਆਗੂ ਡੀ ਪੀ ਮੌੜ, ਡਾ ਅਰੁਣ ਮਿੱਤਰਾ, ਗੁਲਜਾਰ ਗੋਰੀਆ,ਰਮੇਸ਼ ਰਤਨ, ਚਮਕੌਰ ਸਿੰਘ ,ਐਮ ਐੱਸ ਭਾਟੀਆ ਅਤੇ ਵਿਜੇ ਕੁਮਾਰ ਸ਼ਾਮਿਲ ਹਨ।
No comments:
Post a Comment