Thursday, July 14, 2022

ਬੈਂਕ ਨਾਲ ਫਰਾਡ ਕਰਨ ਵਾਲਿਆਂ ਦੀ ਤਲਾਸ਼ ਵਿਚ ਹੈ ਪੁਲਿਸ

ਨਕਲੀ ਸੋਨਾ ਦੇ ਕੇ ਲੈ ਗਏ ਸਨ ਇੱਕ ਕਰੋੜ 15 ਲੱਖ ਰੁਪਏ ਦਾ ਕਰਜ਼ਾ 

ਲੁਧਿਆਣਾ: 14 ਜੁਲਾਈ 2022: (ਪੰਜਾਬ ਸਕਰੀਨ ਡੈਸਕ):: 

ਲਗਾਤਾਰ ਵਿਕਾਸ ਦੇ ਨਾਲ ਨਾਲ ਲੋਕਾਂ ਦੀ ਅਕਲ ਠੱਗੀਆਂ ਠੋਰੀਆਂ ਵਾਲੇ ਪਾਸੇ ਵੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਨਿੱਤ ਨਵੇਂ ਦਿਨ ਨਵੀਂ ਠੱਗਗਿ ਜਾਂ ਨਵੇਂ ਫਰਾਡ ਦਾ ਤਰੀਕਾ ਲੱਭ ਲਿਆ ਜਾਂਦਾ ਹੈ। ਇਸੇ ਸਿਲਸਿਲੇ ਅਧੀਨ ਲੁਧਿਆਣਾ ਦੇ ਕੁਝ ਲੋਕਾਂ ਨੇ ਬੈਂਕ ਨਾਲ ਹੀ ਠੱਗੀ ਮਾਰਨ ਵਿੱਚ ਇੱਕ ਵਾਰ ਤਾਂ ਸਫਲਤਾ ਹਾਸਲ ਕਰ ਹੀ ਲਈ। ਇਹਨਾਂ ਪੜ੍ਹੇਲਿਖੇ ਅਤੇ ਸ਼ਰੀਫ ਸੱਭਿਅਕ ਨਜ਼ਰ ਆਉਂਦੇ ਲੋਕਾਂ ਦੇ ਇਸ ਗਿਰੋਹ ਨੇ ਯੋਜਨਾ ਵੀ ਬੜੀ ਕਾਰਗਾਰ ਬਣਾਈ ਸੀ ਪਰ ਫਿਰ ਵੀ ਭੇਦ ਖੁੱਲ੍ਹ ਹੀ ਗਿਆ। ਹੋਇਆ ਇੰਝ ਕਿ ਇੱਥੇ ਕੁੱਝ ਵਿਅਕਤੀਆਂ ਨੇ ਨਕਲੀ ਸੋਨਾ ਬੈਂਕ ਵਿੱਚ ਗਿਰਵੀ ਰੱਖ ਕੇ ਇੱਕ ਕਰੋੜ 15 ਲੱਖ ਰੁਪਏ ਦਾ ਕਰਜ਼ਾ ਲੈ ਲਿਆ। ਇਹ ਲੋਕ ਏਨੇ ਸ਼ਾਤਰ ਨਿਕਲੇ ਕਿ ਸੋਨੇ ਦੀ ਜਾਂਚ ਕਰਨ ਲਈ ਬੈਂਕ ਨੇ ਜਿਹੜੇ ਸੁਨਿਆਰੇ ਨੂੰ ਤੈਅ ਕੀਤਾ ਹੋਇਆ ਸੀ, ਮੁਲਜ਼ਮ ਉਸ ਦੇ ਨਾਲ ਮਿਲ ਕੇ ਹੀ ਬੈਂਕ ਨੂੰ ਠੱਗੀ ਮਾਰ ਗਏ। ਸਕੀਮ ਤੇਜ਼ ਤਰਾਰੀ ਵਾਲੀ ਸੀ ਪਰ ਆਖਿਰ ਇਹ ਚਲਾਕੀ ਫੜੀ ਹੀ ਗਈ। ਹੁਣ ਪੁਲਿਸ ਲਗਾਤਾਰ ਇਹਨਾਂ ਦੀ ਭਾਲ ਵਿਚ ਛਾਪੇ ਮਾਰ ਰਹੀ ਹੈ।  

ਫਰਾਡ ਕਰਨ ਵਾਲਿਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਉਣ ਲਈ ਹੁਣ ਬੈਂਕ ਪ੍ਰਸ਼ਾਸਨ ਅਤੇ ਪੁਲਿਸ ਰਲ ਕੇ ਕੰਮ ਕਰ ਰਹੇ ਹਨ। ਇਸ ਸਬੰਧੀ ਪਿੰਡ ਝਾਂਡੇ ਦੇ ਕੈਨਰਾ ਬੈਂਕ ਦੀ ਮੈਨੇਜਰ ਕਮਲਜੀਤ ਕੌਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਦੀ ਪੁਲੀਸ ਨੇ ਅਗਰ ਨਗਰ ਵਾਸੀ ਰਾਜ ਕੁਮਾਰ ਗੋਇਲ, ਹੈਬੋਵਾਲ ਦੀ ਹਰਮੀਤ ਕਲੋਨੀ ਵਾਸੀ ਆਸ਼ੀਸ਼ ਸੂਦ, ਉਸ ਦੀ ਪਤਨੀ ਰਜਨੀ ਸੂਦ, ਮਾਂ ਚਿੰਤਪੁਰਨੀ ਡਾਇਮੈਂਡ ਦੇ ਆਸ਼ੀਸ਼ ਗੋਇਲ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਜਾਂਚ ਪੜਤਾਲ ਅਤੇ ਪੁਲਿਸ ਦੀ ਕਾਰਵਾਈ ਤੇਜ਼ੀ ਨਾਲ ਸ਼ੁਰੂ ਹੈ। ਮਾਮਲਾ ਛੇਤੀ ਹੀ ਹੱਲ ਵੀ ਕਰ ਲਿਆ ਜਾਏਗਾ। 

ਪੁਲੀਸ ਨੇ ਹੁਣ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬੈਂਕ ਮੈਨੇਜਰ ਕਮਲਜੀਤ ਕੌਰ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਮੁਲਜ਼ਮਾਂ ਨੇ ਬੈਂਕ ਨਾਲ ਸੋਨਾ ਗਿਰਵੀ ਰੱਖ ਕੇ ਕਰਜ਼ ਲੈਣ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਬੈਂਕ ਨੂੰ ਢਾਈ ਕਿੱਲੋਂ ਸੋਨਾ ਵੀ ਲਿਆ ਕੇ ਦਿੱਤਾ। ਇਸ ਸੋਨੇ ਦੀ ਜਾਂਚ ਲਈ ਇਹ ਸਾਰੇ ਗਹਿਣੇ ਆਸ਼ੀਸ਼ ਗੋਇਲ ਨਾਮਿ ਮਾਹਰ ਸੁਨਿਆਰੇ ਕੋਲ ਭੇਜ ਦਿੱਤੇ ਗਏ ਜਿਹੜਾ ਕਿ ਬੈਂਕ ਦਾ ਵਿਸ਼ਵਾਸ ਪਾਤਰ ਵੀ ਸੀ। 

ਪਰ ਇਹਨਾਂ ਲੋਕਾਂ ਨੇ ਸੋਨੇ ਦੀ ਜਾਂਚ ਕਰਨ ਵਾਲੇ ਅਸ਼ੀਸ਼ ਨੂੰ ਹੀ ਆਪਣੇ ਨਾਲ ਮਿਲਾ ਲਿਆ। ਮੁਲਜ਼ਮਾਂ ਨੇ ਆਸ਼ੀਸ਼ ਨਾਲ ਮਿਲ ਕੇ ਠੱਗੀ ਦੀ ਅਗਲੀ ਯੋਜਨਾ 'ਤੇ ਕੰਮ ਸ਼ੁਰੂ ਕੀਤਾ। ਅਖੀਰ ਇਹਨਾਂ ਲੋਕਾਂ ਨੇ ਮਿਲ ਮਿਲਾ ਕੇ ਇੱਕ ਕਰੋੜ 15 ਲੱਖ ਰੁਪਏ ਦਾ ਕਰਜ਼ਾ ਨਕਲੀ ਸਮੋਏ ਦੇ ਗਹਿਣੇ ਬੈਂਕ ਨੂੰ ਦੇ ਕੇ ਲੈ ਹੀ ਲਿਆ। 

ਇਹਨਾਂ ਦੀ ਹੀ ਕਿਸੇ ਹਰਕਤ 'ਤੇ ਰੀਵਿਊ ਕਰਦਿਆਂ ਜਦੋਂ ਬੈਂਕ ਦੇ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਅਧਿਕਾਰੀਆਂ ਨੇ ਦੁਬਾਰਾ ਸੋਨਾ ਚੈੱਕ ਕਰਵਾਇਆ। ਮਗਰੋਂ ਸਾਰੇ ਹੀ ਗਹਿਣੇ ਨਕਲੀ ਨਿਕਲੇ।

ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਉਚ ਅਧਿਕਾਰੀਆਂ ਨੂੰ ਕੀਤੀ ਗਈ। ਬਾਅਦ ਵਿੱਚ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਗਈ। ਇਸ ਘਟਨਾ ਨਾਲ ਬੈਂਕ ਨੇ ਇਹ ਸਬਕ ਜ਼ਰੂਰ ਸਿੱਖ ਲਿਆ ਹੋਣਾ ਹੈ ਕਿ ਗਹਿਣਿਆਂ ਦੀ ਜਾਂਚ ਗੁਪਤ ਰਹਿ ਕੇ ਗੁਪਤ ਢੰਗ ਨਾਲ ਹੀ ਕਾਰਵਾਈ ਜਾਣੀ ਚਾਹੀਦੀ ਹੈ। ਇਸਦਾ ਪਤਾ ਸੋਨਾ ਗਿਰਵੀ ਰੱਖਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਲੱਗਣਾ ਚਾਹੀਦਾ। ਉਂਝ ਵੀ ਸ਼ਾਇਦ ਇਸਦੀ ਕੋਈ ਨਵੀਂ ਤਕਨੀਕ ਬੈਂਕ ਵਿੱਚ ਹੀ ਇੰਸਟਾਲ ਕਰਵਾ ਲਈ ਜਾਵੇ। 

No comments: